ਮੁੰਬਈ – ਅਦਾਕਾਰਾ ਤੇ ਸੰਸਦ ਮੈਂਬਰ ਕੰਗਨਾ ਰਣੌਤ ਨੇ ਗੀਤਕਾਰ ਜਾਵੇਦ ਅਖ਼ਤਰ ਵੱਲੋਂ ਉਸ ਖ਼ਿਲਾਫ਼ ਦਾਇਰ ਤਕਰੀਬਨ ਚਾਰ ਸਾਲ ਪੁਰਾਣੇ ਮਾਣਹਾਨੀ ਮਾਮਲੇ ਨੂੰ ਸਾਲਸੀ ਰਾਹੀਂ ਸੁਲਝਾ ਲਿਆ ਹੈ ਅਤੇ ਉਸ ਨੇ ਅਖ਼ਤਰ ਨੂੰ ਹੋਈ ‘ਪ੍ਰੇਸ਼ਾਨੀ’ ਲਈ ਮੁਆਫੀ ਵੀ ਮੰਗੀ ਹੈ। ਭਾਜਪਾ ਦੀ ਸੰਸਦ ਮੈਂਬਰ ਰਣੌਤ ਤੇ ਅਖ਼ਤਰ ਅੱਜ ਇੱਥੋਂ ਦੀ ਵਿਸ਼ੇਸ਼ ਅਦਾਲਤ ਸਾਹਮਣੇ ਪੇਸ਼ ਹੋਏ ਅਤੇ ਇੱਕ-ਦੂਜੇ ਖ਼ਿਲਾਫ਼ ਦਰਜ ਸ਼ਿਕਾਇਤਾਂ ਵਾਪਸ ਲੈਣ ਬਾਰੇ ਜਾਣਕਾਰੀ ਦਿੱਤੀ। ਬਾਅਦ ਵਿੱਚ ਅਦਾਕਾਰਾ ਨੇ ਸੋਸ਼ਲ ਮੀਡੀਆ ਮੰਚ ‘ਇੰਸਟਾਗ੍ਰਾਮ’ ’ਤੇ ਅਖ਼ਤਰ ਨਾਲ ਆਪਣੀ ਤਸਵੀਰ ਸਾਂਝੀ ਕਰਦਿਆਂ ਦੱਸਿਆ ਕਿ ਉਨ੍ਹਾਂ ਕਾਨੂੰਨੀ ਮਸਲਾ ਸੁਲਝਾ ਲਿਆ ਹੈ। ਅਦਾਕਾਰਾ ਨੇ ਕਿਹਾ ਕਿ ਉਨ੍ਹਾਂ ਗਲਤਫਹਿਮੀ ਕਾਰਨ ਅਖ਼ਤਰ ਖ਼ਿਲਾਫ਼ ਬਿਆਨ ਦਿੱਤਾ ਸੀ ਅਤੇ ਉਸ ਨੇ ਇਸ ਕਾਰਨ ਅਖ਼ਤਰ ਨੂੰ ਹੋਈ ਪ੍ਰੇਸ਼ਾਨੀ ਲਈ ਮੁਆਫੀ ਵੀ ਮੰਗੀ। ਅਖ਼ਤਰ ਨੇ 2020 ’ਚ ਰਣੌਤ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ। ਅਖ਼ਤਰ ਨੇ ਦੋਸ਼ ਲਾਇਆ ਸੀ ਕਿ ਜੁਲਾਈ 2020 ’ਚ ਟੈਲੀਵਿਜ਼ਨ ’ਤੇ ਪ੍ਰਸਾਰਿਤ ਇੱਕ ਇੰਟਰਵਿਊ ਦੌਰਾਨ ਰਣੌਤ ਨੇ ਉਨ੍ਹਾਂ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀ ਕੀਤੀ ਸੀ ਜਿਸ ਨਾਲ ਉਨ੍ਹਾਂ ਦੇ ਅਕਸ ਨੂੰ ਢਾਹ ਲੱਗੀ। ਅਖ਼ਤਰ ਨੇ ਆਪਣੀ ਸ਼ਿਕਾਇਤ ’ਚ ਦੋਸ਼ ਲਾਇਆ ਸੀ ਕਿ ਰਣੌਤ ਨੇ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਵੱਲੋਂ ਕਥਿਤ ਖੁਦਕੁਸ਼ੀ ਕੀਤੇ ਜਾਣ ਮਗਰੋਂ ਬੌਲੀਵੁੱਡ ’ਚ ਮੌਜੂਦ ਇੱਕ ‘ਧੜੇ’ ਦਾ ਜ਼ਿਕਰ ਕਰਦਿਆਂ ਇੰਟਰਵਿਊ ਦੌਰਾਨ ਉਨ੍ਹਾਂ ਦਾ ਨਾਂ ਘੜੀਸਿਆ ਸੀ।