
ਅਬਿਆਣਾਂ ਕਲਾਂ
ਜਦੋਂ ਵੀ ਕਿਸੇ ਕਲਾਸ ਦਾ ਰਿਜਲਟ ਆਉਂਦਾ ਹੈ ਤਾਂ ਆਮ ਖਬਰ ਹੁੰਦੀ ਹੈ ਕਿ ਕੁੜੀਆਂ ਨੇ ਬਾਜ਼ੀ ਮਾਰੀ। ਇਸ ਦੇ ਸਨਮੁੱਖ ਮੁੰਡਿਆਂ ਨੂੰ ਉੱਡਦਾ ਪੰਜਾਬ ਵੀ ਆਪਣੀ ਚਾਦਰ ਵਿੱਚ ਵਲੇਟਦਾ ਜਾ ਰਿਹਾ ਹੈ। ਧੀਆਂ ਪ੍ਰਤੀ ਉਹਨਾਂ ਦੇ ਮਾਪੇ ਵੀ ਪਹਿਲਾਂ ਨਾਲੋਂ ਜਾਗਰੂਕ ਹੋਏ ਹਨ। ਇਸ ਤੋਂ ਇਲਾਵਾ ਧੀਆਂ ਦਾਜ ਦੇ ਲੋਭੀਆਂ ਨੂੰ ਨਿਕਾਰ ਰਹੀਆਂ ਹਨ। ਆਪਣੇ ਬਰਾਬਰ ਦਾ ਵਰ ਨਾ ਹੋਣ ਕਰਕੇ ਮੁੰਡਿਆਂ ਨੂੰ ਨਕਾਰ ਰਹੀਆਂ ਹਨ। ਪਹਿਲਾਂ ਵਾਲਾ ਜ਼ਮਾਨਾ ਵੀ ਗਿਆ ਕਿ ਬਾਪੂ ਆਪਣੀ ਮਰਜ਼ੀ ਨਾਲ ਰੁਪਿਆ ਦੇ ਆਉਂਦਾ ਸੀ, ਬਾਅਦ ਵਿੱਚ ਦੇਖੀ ਜਾਊਂ। ਵੱਟੇ ਦੇ ਵਿਆਹ ਤਾਂ ਇਸ ਤੋਂ ਪਹਿਲਾਂ ਹੀ ਰੁਕ ਗਏ ਸਨ। ਹੁਣ ਕੁੜੀਆਂ ਸਮਰੱਥ ਹਨ। ਇਸ ਦਾ ਕਾਰਨ ਇਹ ਵੀ ਹੈ ਕਿ ਭਰੂਣ ਹੱਤਿਆ ਕਾਨੂੰਨ ਦੇ ਨਾਲ ਨਾਲ ਸਰਕਾਰਾਂ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਨੇ ਕੁੜੀਆਂ ਪ੍ਰਤੀ ਜਾਗਰੂਕਤਾ ਮੁਹਿੰਮ ਛੇੜੀ ਹੈ। ਇਸ ਦੇ ਰਿਜ਼ਲਟ ਆਉਣੇ ਸ਼ੁਰੂ ਹੋ ਗਏ ਹਨ। ਅੱਜ ਦਾ ਦੌਰ “ਧੀ ਜੰਮੀ ਵੰਡੋ ਮਠਿਆਈ ਇਹ ਸਾਕਾਰ ਲਕਸ਼ਮੀ ਆਈ” ਇੱਕ ਤਰ੍ਹਾਂ ਸਹੀ ਸਾਬਤ ਹੋ ਰਿਹਾ ਹੈ। ਧੀਆਂ ਪ੍ਰਤੀ ਪ੍ਰੀਵਾਰਾਂ ਵਿੱਚ ਸੋਚ ਸੁਧਰੀ ਜ਼ਰੂਰ ਹੈ। ਹੁਣ ਦੀਆਂ ਕੁੜੀਆਂ ਨੂੰ “ਸੱਸ ਚੰਦਰੀ ਦਾ ਡਰ ਵੀ ਵੱਢ-ਵੱਢ ਨਹੀਂ ਖਾਂਦਾ, ਬਲਕਿ ਸੱਸਾਂ ਦੇਵਣ ਮੱਤਾਂ ਉਮਰ ਸੰਵਾਰਨ ਲਈ” ਦਾ ਫ਼ਲਸਫ਼ਾ ਭਾਰੂ ਹੋ ਗਿਆ ਹੈ।