
ਸਾਹਿਤ ਸਿਰਫ਼ ਇੱਕ ਕਲਪਨਾ ਜਾਂ ਫੈਂਟੇਸੀ ਨਹੀਂ ਹੈ। ਸਾਹਿਤ ਜੀਵਨ ਦਾ ਯਥਾਰਥ ਹੈ ਅਤੇ ਹਰ ਸਾਹ ਵਿੱਚ ਰਚਿਆ-ਵੱਸਿਆ ਹੈ। ਕੰਨੜ ਲੇਖਕਾ ਅਤੇ ਸਮਾਜਿਕ ਕਾਰਕੁਨ, ਵਕੀਲ ਬਾਨੂ ਮੁਸ਼ਤਾਕ ਦੀ ਅੰਗਰੇਜ਼ੀ ਵਿੱਚ ਅਨੁਵਾਦਿਤ ਪੁਸਤਕ ‘ਹਾਰਟ ਲੈਂਪ’ ਨੂੰ ਬੁਕਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਭਾਰਤੀ ਭਾਸ਼ਾ ਤੇ ਸਾਹਿਤ ਲਈ ਬਹੁਤ ਮਾਣ ਅਤੇ ਸ਼ਾਨ ਦੀ ਗੱਲ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਲੇਖਨ ਕਿਸੇ ਧਰਮ, ਭਾਸ਼ਾ, ਜਾਤ ਜਾਂ ਸੀਮਾ ਨਾਲ ਬੱਝਿਆ ਨਹੀਂ ਹੁੰਦਾ। ਆਮ ਤੌਰ ‘ਤੇ ਪ੍ਰੋਲੋਤਾਰੀ ਵਰਗ ਦਾ ਦੁਖ ਇੱਕੋ ਜਿਹਾ ਹੁੰਦਾ ਹੈ, ਉਨ੍ਹਾਂ ਦੀ ਜਾਤ ਜਾਂ ਧਰਮ ਕੋਈ ਵੀ ਹੋਵੇ। ਇਹ ਪੁਰਸਕਾਰ ਭਾਰਤੀ ਭਾਸ਼ਾਵਾਂ ਲਈ ਇੱਕ ਸੰਜੀਵਨੀ ਹੈ। ਬੁਕਰ ਪੁਰਸਕਾਰ ਭਾਸ਼ਾ ਦੇ ਨਾਮ ‘ਤੇ ਲੜਨ ਵਾਲੇ ਇੱਕ ਸੱਭਿਅ ਸਮਾਜ ਲਈ ਇੱਕ ਸਪਸ਼ਟ ਸੰਦੇਸ਼ ਹੈ। ਜੇਕਰ ਭਾਸ਼ਾ ਦਾ ਮਸਲਾ ਹੁੰਦਾ ਤਾਂ ਦੀਪਾ ਭਸਥੀ ਦੁਆਰਾ ਕੰਨੜ ਤੋਂ ਅਨੁਵਾਦ ਕੀਤੇ ਗਏ ਬਾਨੂ ਮੁਸ਼ਤਾਕ ਦੀਆਂ ਸਿਰਫ਼ ਬਾਰਾਂ ਮਿੰਨੀ ਕਹਾਣੀਆਂ ਦੇ ਸੰਗ੍ਰਹਿ ‘ਹਾਰਟ ਲੈਂਪ’ ਨੂੰ ਬੁਕਰ ਪੁਰਸਕਾਰ ਨਾ ਮਿਲਦਾ। ਭਾਸ਼ਾ ਅਤੇ ਸਾਹਿਤ ਸੀਮਾਵਾਂ ਤੋਂ ਬਹੁਤ ਪਾਰ ਹਨ। ਹੁਣ ਤੱਕ, ਇਹ ਅੰਤਰਰਾਸ਼ਟਰੀ ਪੁਰਸਕਾਰ ਛੇ ਭਾਰਤੀ ਲੇਖਕਾਂ ਨੂੰ ਦਿੱਤਾ ਜਾ ਚੁੱਕਾ ਹੈ। ਇਹਦੇ ਲਈ ਬਾਨੂ ਮੁਸ਼ਤਾਕ ਦੇ ਨਾਲ ਨਾਲ ਦੀਪਾ ਵੀ ਵਧਾਈ ਦੀ ਹੱਕਦਾਰ ਹੈ। ਕਿਉਂਕਿ ਇਹ ਉਹਦੀ ਪਹਿਲੀ ਅਨੁਵਾਦਿਤ ਰਚਨਾ ਹੈ, ਜਿਸਨੂੰ ਇਹ ਸਨਮਾਨ ਮਿਲਿਆ ਹੈ।