Articles

ਖਤਰਨਾਕ ਮਹਾਂਮਾਰੀ ਬਣ ਚੁੱਕਾ ਹੈ ਮੈਡੀਕਲ ਮਾਫੀਆ !

ਲੇਖਕ: ਅਸ਼ੋਕ ਸੋਨੀ, ਹਿੰਦੀ ਟੀਚਰ
ਖੂਈ ਖੇੜਾ, ਫਾਜ਼ਿਲਕਾ

ਡਾਕਟਰ ਵਾਕਈ ਰੱਬ ਦਾ ਹੀ ਰੂਪ ਹੁੰਦੇ ਨੇ। ਇਕ ਬੇਹੱਦ ਹੋਣਹਾਰ ਵਿਦਿਆਰਥੀ ਬਹੁਤ ਔਖੇ ਕੰਪੀਟੀਸ਼ਨ ਟੇਸਟ ਪਾਸ ਕਰਨ ਤੋਂ ਬਾਅਦ ਸਾਲਾਂਬੱਧੀ ਦਿਨ-ਰਾਤ ਲਗਾਤਾਰ ਕੀਤੀ ਸਖਤ ਮਿਹਨਤ ਤੇ ਲੱਖਾਂ-ਕਰੋੜਾਂ ਰੁਪਏ ਖਰਚ ਕੇ ਈ ਡਾਕਟਰ ਬਣਦਾ ਏ। ਇੰਨੇ ਸਾਲਾਂ ਦੀ ਤਪੱਸਿਆ ਕਰਨ ਤੋਂ ਬਾਅਦ ਵੀ ਉਹ ਸਾਡੀ ਜਾਨ ਬਚਾਉਣ ਲਈ ਫੇਰ ਦਿਨ-ਰਾਤ ਸਾਡਾ ਇਲਾਜ ਕਰਦਾ ਹੈ, ਉਸ ਇਨਸਾਨ ਦਾ ਸਮਾਜ ਵਿੱਚ ਖਾਸ ਰੁੱਤਬਾ ਤੇ ਸਨਮਾਨ ਬੇਹੱਦ ਜਰੂਰੀ ਏ ਪਰ ਡਾਕਟਰਾਂ ਵਿੱਚੋਂ ਈ ਕੁੱਝ ਕੁ ਕਾਲੀਆਂ ਭੇਡਾਂ ਮੈਡੀਕਲ ਮਾਫੀਆ ਨਾਲ ਰੱਲ੍ਹ ਕੇ ਇਸ ਪਵਿੱਤਰ ਸੇਵਾ ਦੇ ਕੰਮ ਨੂੰ ਦਾਗਦਾਰ ਕਰਦੀਆਂ ਹਨ, ਜੋ ਬੇਹੱਦ ਹੀ ਸੋਚਣ ਦਾ ਵਿਸ਼ਾ ਹੈ। ਅੱਜ-ਕੱਲ੍ਹ ਦੇ ਆਧੁਨਿਕ ਯੁੱਗ ਵਿੱਚ ਇਲਾਜ਼ ਦੇ ਪਵਿੱਤਰ ਧੰਦੇ ਵਿੱਚ ਪਾਪ ਦਾ ਮਿਸ਼ਰਣ ਬਹੁਤ ਵੱਧ ਚੁੱਕਿਆ ਏ। ਹਾਲਾਂਕਿ ਬਹੁਤ ਸਾਰੇ ਸਰਕਾਰੀ, ਪ੍ਰਾਈਵੇਟ ਹਸਪਤਾਲ ਤੇ ਸਰਕਾਰੀ, ਪ੍ਰਾਈਵੇਟ ਡਾਕਟਰ ਨੈਤਿਕਤਾ ਨਾਲ ਇਸ ਪਵਿੱਤਰ ਧੰਦੇ ਨੂੰ ਸੇਵਾ-ਭਾਵਨਾ ਨਾਲ ਚਲਾ ਰਹੇ ਹਨ ਪਰ ਜਿਆਦਾਤਰ ਵੱਡੀਆਂ ਥਾਵਾਂ ਤੇ ਹਸਪਤਾਲ ਮੈਨੇਜਮੈਂਟ, ਡਾਕਟਰਾਂ, ਦਵਾਈ ਕੰਪਨੀਆਂ ਤੇ ਮੈਡੀਕਲ ਨਾਲ ਸੰਬੰਧਤ ਵੱਡੇ ਅਦਾਰਿਆਂ ਦਾ ਮਾਫੀਆ ਗਠਜੋੜ ਆਮ ਗਰੀਬ, ਮਜਬੂਰ ਤੇ ਬੀਮਾਰ ਲੋਕਾਂ ਦਾ ਇਸ ਤਰਾਂ ਨਾਲ ਖੂਨ ਪੀ ਰਿਹਾ ਏ ਕਿ ਅੱਜਕੱਲ੍ਹ ਲੋਕ ਬੀਮਾਰੀਆਂ ਨਾਲੋਂ ਜਿਆਦਾ ਡਾਕਟਰਾਂ ਤੋਂ ਡਰਨ ਲੱਗ ਪਏ ਹਨ। ਆਮ ਲੋਕਾਂ ਦੀ ਬੇਦਰਦੀ ਨਾਲ ਅੰਨ੍ਹੇਵਾਹ ਲੁੱਟ ਕਰਨ ਵਾਲਾ ਇਹ ਜਾਲਮ ਸਫੈਦਪੋਸ਼ ਮਾਫੀਆ ਪਿਡਾਂ, ਮੰਡੀਆਂ, ਛੋਟੇ  ਸ਼ਹਿਰਾਂ ਤੋਂ ਲੈ ਕੇ ਵੱਡੇ ਮਹਾਨਗਰਾਂ ਤੱਕ ਹਰੇਕ ਥਾਂ ਤੇ ਧੜੱਲੇ ਨਾਲ ਚੱਲ ਰਿਹਾ ਏ।

ਆਓ ਸ਼ਰੇਆਮ ਕੀਤੀ ਜਾਂਦੀ ਲੁੱਟ ‘ਤੇ ਝਾਤੀ ਮਾਰੀਏ ! ਸਾਰੇ ਤਾਂ ਨਹੀਂ ਪਰ ਬਹੁਤ ਸਾਰੇ ਡਾਕਟਰਾਂ ਕੋਲ ਮੈਡੀਕਲ ਕੰਪਨੀਆਂ ਆਪਣੇ ਐਮ ਆਰ ਰਾਹੀਂ ਉਨਾਂ ਨੂੰ ਆਪਣੀ ਦਵਾਈ, ਇੰਜੈਕਸ਼ਨ ਤੇ ਹੋਰ ਪ੍ਰੋਡਕਟ ਆਪਣੇ ਮਰੀਜਾਂ ਰਾਹੀਂ ਪ੍ਰਮੋਟ ਕਰਨ ਲਈ ਵੱਡੇ-ਵੱਡੇ ਤੋਹਫੇ, ਵਿਦੇਸ਼ ਯਾਤਰਾਵਾਂ, ਮਹਿੰਗੀਆਂ ਕਾਰਾਂ ਆਦਿ ਦਿੰਦੀਆਂ ਨੇਂ ਤੇ ਉਸ ਸਾਰੇ ਖਰਚੇ ਦਾ ਮੁੱਲ ਆਮ ਲੋਕ ਦਵਾਈਆਂ ਦੇ ਪੱਤੇ ਤੇ ਪ੍ਰਿੰਟ ਕੀਤੇ ਦੱਸ-ਪੰਦਰਾ ਗੁਣਾ ਰੇਟ ਨਾਲ ਤਾਰਦੇ ਨੇ। ਜਿਆਦਾਤਰ ਡਾਕਟਰ ਜੈਨਰਿਕ ਦਵਾਈਆਂ ਦੀ ਥਾਂ ਤੇ ਮਜਬੂਰ,ਪ੍ਰੇਸ਼ਾਨ ਤੇ ਗਰੀਬ ਮਰੀਜਾਂ ਨੂੰ ਮਹਿੰਗੀਆਂ ਤੇ ਬੇਲੋੜੀਆਂ ਦਵਾਈਆਂ, ਇੰਜੈਕਸ਼ਨ ਆਦਿ ਲਿਖ ਦਿੰਦੇ ਨੇ। ਮੇਰੇ ਆਪਣੇ ਇਕ ਨਜਦੀਕੀ ਰਿਸ਼ਤੇਦਾਰ ਜੋ ਰਿਟਾਇਰਡ ਫਾਰਮਾਸਿਸਟ ਨੇ ਉਨਾਂ ਨੇ, ਆਪਣੇ ਹੀ ਕਿਸੇ ਹੋਰ ਰਿਟਾਇਰਡ ਸਾਥੀ ਨਾਲ ਅਬੋਹਰ ਦੇ ਇਕ ਆਮ ਛੋਟੇ ਜਿਹੇ ਪ੍ਰਾਈਵੇਟ ਹਸਪਤਾਲ ਵਿੱਚ ਮੈਡੀਕਲ ਸਾਂਝੇ ਤੌਰ ਤੇ ਠੇਕੇ ਲਿਆ, ਜਿੱਥੇ ਉਹ 95000 ਰੁਪਈਆ ਮਹੀਨੇ ਦਾ ਡਾਕਟਰ ਨੂੰ ਇਕਮੁਸ਼ਤ ਦਿੰਦੇ ਸਨ ਤੇ ਫੇਰ ਵੀ ਉਨਾਂ ਦੋਵਾਂ ਨੂੰ ਹੋਰ ਸਾਰਾ ਖਰਚਾ ਕੱਢ-ਕੱਢਾ ਕੇ ਮਰੀਜ਼ਾਂ ਨੂੰ ਡਾਕਟਰ ਦੀਆਂ ਕਹੀਆਂ ਮਹਿੰਗੀਆਂ ਦਵਾਈਆਂ ਵੇਚ ਕੇ  ਘੱਟੋ-ਘੱਟ 50-50 ਹਜ਼ਾਰ ਰੁਪਏ ਬਣਦਾ ਸੀ। ਸਾਲ ਕੁ ਬਾਅਦ ਡਾਕਟਰ ਸਾਬ੍ਹ ਨੇ ਉਨਾਂ ਨਾਲ ਵੀ ਮੈਡੀਕਲ ਦਾ ਠੇਕਾ ਬੰਦ ਕਰਦਿਆਂ ਮੈਡੀਕਲ ਤੇ ਆਪਣਾ ਆਪ ਦਾ ਈ ਬੰਦ ਰੱਖ ਲਿਆ ਪਰ ਡਾਕਟਰ ਸਾਬ੍ਹ ਦੇ ਲਾਲਚ ਕਾਰਨ ਮਰੀਜਾਂ ਤੇ ਮਹਿੰਗੀਆਂ ਦਵਾਈਆਂ ਦਾ ਭਾਰ ਘਟਣ ਦੀ ਥਾਂ ਪਹਿਲਾਂ ਤੋਂ ਵੀ ਜਿਆਦਾ ਪੈ ਰਿਹਾ ਏ। ਹੁਣ ਆਮ ਮਰੀਜਾਂ ਦੀ ਇਸ ਲੁੱਟ ਨੂੰ ਤੁਸੀਂ ਇਲਾਜ਼ ਕਹੋਗੇ, ਵਪਾਰ ਕਹੋਗੇ ਜਾਂ ਠੱਗੀ ?

ਕਈ ਡਾਕਟਰ ਸਿਰਫ ਆਪਣੇ ਕਮਿਸ਼ਨ ਲਈ ਹੀ ਖੂਨ ਦੇ ਬੇਲੋੜੇ ਟੇਸਟ, ਐਕਸ ਰੇ, ਅਲਟਰਾਸਾਊਂਡ, ਸੀ ਟੀ ਸਕੈਨ, ਐਮ ਆਰ ਆਈ ਪਤਾ ਨਹੀਂ ਕਿਹੜੇ-ਕਿਹੜੇ ਮਹਿੰਗੇ ਸਕੈਨ ਕਰਵਾਉਂਦੇ ਨੇ। ਇਹ ਕਮਿਸ਼ਨ ਦਾ ਗੰਦਾ ਧੰਦਾ ਬਿਲਕੁਲ ਖੁੱਲਾ-ਭੇਦ ਏ, ਮੈਂ ਆਪ ਪਿਛਲੇ ਹਫਤੇ ਮੇਰੇ ਭਰਾ ਦੀ ਐਮ ਆਰ ਆਈ ਕਰਵਾਈ ਤਾਂ ਸ਼੍ਰੀਗੰਗਾਨਗਰ ਦੇ ਇਕ ਇਮਾਨਦਾਰ ਡਾਕਟਰ ਸ਼੍ਰੀ ਅਭਿਸ਼ੇਕ ਮਈਯਰ ਜੀ ਦੇ ਹਸਪਤਾਲ ਦੀ ਪਰਚੀ ਕਾਰਨ ਮੇਰੇ ਕੋਲੋਂ ਹੋਲੀ ਜਿਹੀ 3500 ਰੁਪਈਆ ਜਦਕਿ ਉੱਥੇ ਹੋਰ ਹਸਪਤਾਲਾਂ ਤੋਂ ਆਏ ਮਰੀਜਾਂ ਤੋਂ 4500 ਰੁਪਈਆ ਲਿਆ ਜਾ ਰਿਹਾ ਸੀ ਕਿਉਂਕਿ 1000 ਰੁਪਈਆ ਕਮਿਸ਼ਨ ਸਿੱਧਾ ਉਨਾਂ ਡਾਕਟਰਾਂ ਦਾ ਸੀ।  ਕਈ ਹਸਪਤਾਲਾਂ ਵਿੱਚ ਵੱਡੇ ਆਪ੍ਰੇਸ਼ਨ, ਗੋਡੇ ਬਦਲਵਾਉਣ, ਸਟੰਟ ਪਵਾਉਣ, ਬਾਈਪਾਸ ਸਰਜਰੀ ਆਦਿ ਕਰਵਾਉਣ ਦੇ ਮਰੀਜ ਲਿਜਾਉਣ ਲਈ ਦਲਾਲੀ ਦੇ ਸ਼ਰੇਆਮ ਪੈਕੇਜ ਹੁੰਦੇ ਨੇ। ਹੁਣ ਤਾਂ ਇਹ ਮੈਡੀਕਲ ਮਾਫੀਆ ਆਮ ਲੋਕਾਂ ਦੇ ਨਾਲ-ਨਾਲ ਸਰਕਾਰ ਨੂੰ ਵੀ ਪੂਰਾ ਰਗੜਾ ਲਾ ਰਿਹਾ ਏ। ਕਈ ਸਰਕਾਰੀ ਸਕੀਮਾਂ ਅਧੀਨ ਪ੍ਰਾਈਵੇਟ ਹਸਪਤਾਲਾਂ ਵਿੱਚ ਆਮ ਲੋਕਾਂ ਦਾ ਮੁਫਤ ਇਲਾਜ਼ ਹੁੰਦਾ ਏ ਪਰ ਉਸਦੇ ਪੈਸੇ ਸਰਕਾਰ ਭਰਦੀ ਏ। ਹੁਣ ਇਹ ਮਾਫੀਆ ਮਰੀਜ ਦਾ ਇਲਾਜ ਤਾਂ ਕਿਸੇ ਹੋਰ ਛੋਟੀ ਬੀਮਾਰੀ ਦਾ ਕਰਦੇ ਨੇ ਪਰ ਸਰਕਾਰੀ ਖਾਤਿਆਂ ‘ਚ ਲੱਖਾਂ ਰੁਪਏ ਦੇ ਫਰਜੀ ਬਿੱਲ ਪਾ ਕੇ ਸ਼ਰੇਆਮ ਸਰਕਾਰੀ ਪੈਸੇ ਦਾ ਗਬਨ ਕਰਦੇ ਨੇ। ਇੰਨਾਂ ਕਾਰਨਾਂ ਕਰਕੇ ਈ ਲੋਕਾਂ ਵਿੱਚ ਡਾਕਟਰਾਂ ਪ੍ਰਤਿ ਭਰੋਸਾ ਘੱਟਦਾ ਜਾ ਰਿਹਾ ਏ, ਅੱਜਕੱਲ੍ਹ ਜਿਆਦਾਤਰ ਬੱਚਿਆਂ ਦਾ ਜਨਮ ਨਾਰਮਲ ਡਿਲੀਵਰੀ ਦੀ ਥਾਂ ਤੇ ਸਿਜੇਰਿਅਨ ਨਾਲ ਹੋਣਾ ਵੀ ਇਸੇ ਲਈ ਵੱਡਾ ਸ਼ੱਕ ਪੈਦਾ ਕਰਦਾ ਏ।

ਸਰਕਾਰੀ ਹਸਪਤਾਲਾਂ ਵਿੱਚ ਜੇਕਰ ਤੁਹਾਡਾ ਜਾਣਕਾਰ ਡਾਕਟਰ ਜਾਂ ਕੋਈ ਮੁਲਾਜ਼ਮ ਨਹੀਂ ਏ ਤਾਂ ਤੁਹਾਡਾ ਰੱਬ ਈ ਰਾਖਾ ਏ। ਮੈਂ ਪਿੱਛੇ ਜਿਹੇ ਸਰਕਾਰੀ ਮੈਡੀਕਲ ਕਾਲਜ ਫਰੀਦਕੋਟ ਵਿੱਚ ਭਰਤੀ ਸੀ। ਮੇਰੀ ਲੱਤ ਦੇ ਪਲੱਸਤਰ ਦੌਰਾਨ ਸਰਕਾਰੀ ਡਾਕਟਰ ਸਾਬ੍ਹ ਨੇ ਹੱਥ ਤੱਕ ਨਹੀਂ ਲਾਇਆ ਕਿਉੰਕਿ ਉੱਥੇ ਹੱਥ ਧੋਣ ਲਈ ਪਾਣੀ ਨੇੜੇ ਨਹੀਂ ਸੀ, ਡਾਕਟਰ ਸਾਹਬ ਕੋਲ ਖੜੇ ਰਹੇ ਤੇ ਮੇਰਾ ਪਲੱਸਤਰ ਮੇਰੇ ਨਾਲ ਗਏ ਮੇਰੇ ਭਰਾ ਤੇ ਭਤੀਜੇ ਨੇ ਕੀਤਾ, ਜੋ ਦੋਵੇਂ ਅਧਿਆਪਕ ਨੇ, ਜੋਕਿ ਗਲਤ ਹੋ ਗਿਆ ਤੇ ਮੈਨੂੰ ਇਹ ਪਲੱਸਤਰ ਪ੍ਰਾਈਵੇਟ ਡਾਕਟਰ ਤੋਂ ਦੁਬਾਰਾ ਕਰਵਾਉਣਾ ਪਿਆ। ਤੁਸੀਂ ਕਰੋਨਾ ਤੋਂ ਪਹਿਲਾਂ ਜਾਂ ਅੱਜ ਦੇ ਹਾਲਾਤ ਵੇਖੋ, ਹਰੇਕ ਡਾਕਟਰ ਦੇ ਕਲੀਨਿਕ ਵਿੱਚ ਭੀੜ ਇੰਨੀ ਏ ਕਿ ਪੈਰ ਰੱਖਣ ਨੂੰ ਥਾਂ ਹੈ ਨੀ ਪਰ ਕਰੋਨਾ ਕਾਰਨ ਲਗਭਗ ਡੂਢ ਸਾਲ ਤੱਕ ਇੰਨੇ ਸਾਰੇ ਬੀਮਾਰ ਲੋਕਾਂ ਦਾ ਇਲਾਜ਼ ਕਿੱਥੇ ਹੋਇਆ? ਸਰਕਾਰ ਨੂੰ ਇਸ ਮੈਡੀਕਲ ਮਾਫੀਆ ਤੇ ਜਲਦੀ ਤੋਂ ਪਹਿਲਾਂ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਲੋੜ ਏ ਤਾਂ ਜੋ ਆਮ ਗਰੀਬ, ਬੀਮਾਰ ਤੇ ਭੋਲੇ-ਭਾਲੇ ਲੋਕਾਂ ਦਾ ਸੋਸ਼ਣ ਰੋਕਿਆ ਜਾ ਸਕੇ ਤੇ ਨਾਲ ਹੀ ਸਮਾਜ ਵਿੱਚ ਡਾਕਟਰਾਂ ਦਾ ਸਨਮਾਨ ਕਾਇਮ ਰਹੇ।

Related posts

HAPPY DIWALI 2025 !

admin

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin

Shepparton Paramedic Shares Sikh Spirit of Service This Diwali

admin