Literature Punjab

ਖ਼ਾਲਸਾ ਕਾਲਜ ਦਾ ਚੌਥਾ ਚੰਨਾ ਰਾਣੀਵਾਲੀਆ ਯਾਦਗਾਰੀ ਕਵੀ ਦਰਬਾਰ ਅਮਿੱਟ ਯਾਦਾਂ ਛੱਡ ਗਿਆ

ਖ਼ਾਲਸਾ ਕਾਲਜ ਵਿਖੇ ਕਰਵਾਏ ਗਏ ਕਵੀ ਦਰਬਾਰ ਮੌਕੇ ਕਾਰਜਕਾਰੀ ਪ੍ਰਿੰਸੀਪਲ ਡਾ. ਏ. ਕੇ. ਕਾਹਲੋਂ ਆਏ ਮਹਿਮਾਨਾਂ ਨੂੰ ਸਨਮਾਨਿਤ ਕਰਦੇ ਹੋਏ ਨਾਲ ਡਾ. ਆਤਮ ਸਿੰਘ ਰੰਧਾਵਾ ਤੇ ਹੋਰ ਸਖ਼ਸ਼ੀਅਤਾਂ।

ਅੰਮ੍ਰਿਤਸਰ – ਖ਼ਾਲਸਾ ਕਾਲਜ ਦੇ ਪੰਜਾਬੀ ਵਿਭਾਗ ਵੱਲੋਂ ਚੌਥਾ ਚੰਨਾ ਰਾਣੀਵਾਲੀਆ ਯਾਦਗਾਰੀ ਕਵੀ ਦਰਬਾਰ ਕਰਵਾਇਆ ਗਿਆ। ਆਏ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਡਾ.ਸਤਨਾਮ ਸਿੰਘ ਦਿਓਲ, ਮੁਖੀ ਰਾਜਨੀਤੀ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਕਿਹਾ ਕਿ ਮੇਰੇ ਪਿਤਾ ਜੀ ਪੁਲਿਸ ਮਹਿਕਮੇ ਵਿਚ ਰਹਿ ਕੇ ਵੀ ਇਮਾਨਦਾਰੀ ਨਾਲ ਡਿਊਟੀ ਕਰਦੇ ਰਹੇ ਅਤੇ ਸਾਹਿਤਕਾਰਾਂ ਦੀ ਸੰਗਤ ਕਰਨ ਕਰਕੇ ਕਵਿਤਾ ਅਤੇ ਗੀਤ ਵੀ ਲਿਖਦੇ ਰਹੇ, ਉਹ ਕਵੀਆਂ ਦੀ ਕਦਰ ਕਰਦੇ ਸਨ ਇਸ ਲਈ ਉਹਨਾਂ ਦੀ ਯਾਦ ਵਿਚ ਕਵੀ ਦਰਬਾਰ ਕਰਵਾਉਣਾ ਉਹਨਾਂਨੂੰ ਸੱਚੀ ਸ਼ਰਧਾਜ਼ਲੀ ਸਮਾਨ ਕਾਰਜ ਹੈ।

ਇਸ ਕਵੀ ਦਰਬਾਰ ਦਾ ਸੰਚਾਲਨ ਉੱਘੇ ਕਵੀ ਅਤੇ ਹੁਣ ਰਸਾਲੇ ਦੇ ਸੰਪਾਦਕ ਸੁਸ਼ੀਲ ਦੁਸਾਂਝ ਨੇ ਬਾਖੂਬੀ ਕੀਤਾ ਉਹਨਾਂ ਨੇ ਵੱਖ-ਵੱਖ ਕਵੀਆਂ ਬਾਰੇ ਮੁੱਢਲੀ ਜਾਣਕਾਰੀ ਦੇ ਕੇ ਅਤੇ ਉਹਨਾਂ ਦੀ ਕਾਵਿਗਤ ਵਿਸ਼ੇਸ਼ਤਾ ਦੱਸ ਕੇ ਸਰੋਤਿਆਂ ਸਾਹਮਣੇ ਪੇਸ਼ ਕੀਤਾ। ਇਸ ਕਵੀ ਦਰਬਾਰ ਵਿਚ ਬਲਵਿੰਦਰ ਸੰਧੂ, ਰਮਨ ਸੰਧੂ, ਸਿਮਰਨ ਅਕਸ, ਗੁਰਜੰਟ ਰਾਜੇਆਣਾ, ਰੋਜ਼ੀ ਸਿੰਘ, ਹਰਮੀਤ ਆਰਟਿਸਟ ਅਤੇ ਐੱਸ. ਪ੍ਰਸ਼ੋਤਮ ਨੇ ਆਪਣੀਆਂ ਰਚਨਾਵਾਂ ਨਾਲ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ ਅਤੇ ਵਾਹ ਵਾਹ ਖੱਟੀ।

ਇਸ ਕਵੀ ਦਰਬਾਰ ਵਿਚ ਵਿਸ਼ੇਸ਼ ਮਹਿਮਾਨ ਵਜੋਂ ਦਰਸ਼ਨ ਬੁੱਟਰ, ਪ੍ਰਧਾਨ ਕੇਂਦਰੀ ਪੰਜਾਬੀ ਲਖਕ ਸਭਾ ਨੇ ਹਾਜ਼ਰੀ ਲਗਵਾਈ ਅਤੇ ਆਪਣੀਆਂ ਕਵਿਤਾਵਾਂ ਵੀ ਸੁਣਾਈਆਂ ਜਦਕਿ ਮੁੱਖ ਮਹਿਮਾਨ ਵਜੋਂ ਹੰਸ ਰਾਜ ਹੰਸ ਦੇ ਗਾਏ ਮਸ਼ਹੂਰ ਗੀਤ ’ਆਪਾਂ ਦੋਵੇਂ ਰੁੱਸ ਬੈਠੇ ਤਾਂ ਮਨਾਊ ਕੌਣ ਵੇ’ ਦੇ ਲੇਖਕ ਅਤੇ ਪ੍ਰਵਾਸੀ ਪੰਜਾਬੀ ਕਵੀ ਰਹਜਿੰਦਰ ਕੰਗ ਅਮਰੀਕਾ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਸਨ ਉਹਨਾਂ ਨੇ ਆਪਣੀਆਂ ਰਚਨਾਵਾਂ ਨਾਲ ਸਰੋਤਿਆਂ ਤੋਂ ਵਾਹ ਵਾਹ ਖੱਟੀ ਅਤੇ ਦਿਲ ਦੀਆਂ ਡੂੰਘੀਆਂ ਪਰਤਾਂ ਵਿਚ ਬੈਠੇ ਪਰਵਾਸ ਦੇ ਦੁੱਖੜੇ ਵੀ ਬਿਆਨ ਕੀਤੇ।

ਇਸ ਕਵੀ ਦਰਬਾਰ ਦੀ ਪ੍ਰਧਾਨਗੀ ਜਸਵੰਤ ਜਫਰ, ਡਾਇਰੈਕਟਰ, ਭਾਸ਼ਾ ਵਿਭਾਗ ਪੰਜਾਬ ਨੇ ਕੀਤੀ। ਉਹਨਾਂ ਨੇ ਕਵੀਆ ਦੇ ਕਾਲਮ ਦੀ ਪ੍ਰਸੰਸਾ ਵੀ ਕੀਤੀ ਅਤੇ ਡਾ. ਦਿਓਲ ਨੂੰ ਆਪਣੇ ਬਾਪ ਦਾ ਮਾਣਯੋਗ ਪੁੱਤਰ ਵੀ ਕਿਹਾ। ਉਹਨਾਂ ਕਿਹਾ ਕਿ ਉਹ ਆਪਣੇ ਬਾਪ ਬਾਰੇ ਲਿਖਣ ਅਸੀਂ ਆਪਣੇ ਰਸਾਲਿਆਂ ਵਿਚ ਉਹਨਾਂ ਦੇ ਲੇਖ ਛਾਪਾਂਗੇ। ਜਸਵੰਤ ਜ਼ਫਰ ਨੇ ਆਪਣੀਆਂ ਕਵਿਤਾਵਾਂ ਵੀ ਸੁਣਾਈਆਂ ਅਤੇ ਸਰੋਤਿਆਂ ਤੋਂ ਭਰਪੂਰ ਦਾਦ ਲਈ। ਇਸ ਮੌਕੇ ਤੇ ਏਕਮ ਦੀ ਸੰਪਾਦਕ ਕਵਿਤਰੀ ਅਰਤਿੰਦਰ ਸੰਧੂ ਦੀ ਨਵੀਂ ਕਾਵਿ ਪੁਸਤਕ ਜ਼ਿੰਦਗੀ ਜ਼ਿੰਦਗੀ ਪ੍ਰਧਾਨਗੀ ਮੰਡਲ ਵੱਲੋਂ ਲੋਕ ਅਰਪਿਤ ਵੀ ਕੀਤੀ ਗਈ।

ਇਸ ਮੌਕੇ ਵਿਭਾਗ ਮੁਖੀ ਡਾ. ਆਤਮ ਸਿੰਘ ਰੰਧਾਵਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਸਾਂ ਡਾ. ਦਿਓਲ ਦੀ ਮਨਸ਼ਾ ਅਨੁਸਾਰ ਪ੍ਰੋਗਰਾਮ ਕੀਤਾ ਹੈ ਜੋ ਦਰਸਕਾਂ/ਸਰੋਤਿਆਂ ਦੀਆਂ ਤਾੜੀਆਂ ਨੇ ਦੱਸ ਦਿਤਾ ਕਿ ਬਹੁਤ ਸਫਲ ਰਿਹਾ ਹੈ। ਉਹਨਾਂ ਨੇ ਸ਼ਹਿਰ ਵਿਚੋਂ ਪਹੁੰਚੀਆਂ ਸ਼ਖਸੀਅਤਾਂ ਅਤੇ ਆਏ ਕਵੀਆਂ ਦਾ ਧੰਨਵਾਦ ਕੀਤਾ। ਪ੍ਰੋਗਰਾਮ ਦੇ ਅਖੀਰ ਕਾਰਜਕਾਰੀ ਪ੍ਰਿੰਸੀਪਲ ਡਾ. ਅਰਵਿੰਦਰ ਕੌਰ ਕਾਹਲੋਂ ਨੇ ਜਿੱਥੇ ਕਵੀਆਂ ਦੇ ਕਲਾਮ ਦੀ ਤਾਰੀਫ ਕੀਤੀ ਉਤੇ ਕਵੀ ਦਰਬਾਰ ਵਿਚ ਪਹੁੰਚੇ ਕਵੀਆਂ ਨੂੰ ਇਕ-ਇਕ ਯਾਦ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਦੀਪ ਦਵਿੰਦਰ ਸਿੰਘ, ਮਨਮੋਹਨ ਸਿੰਘ ਢਿੱਲੋਂ, ਡਾ. ਕੁਲਦੀਪ ਸਿੰਘ, ਡਾ. ਹੀਰਾ ਸਿੰਘ, ਡਾ. ਮਿੰਨੀ ਸਲਵਾਨ, ਡਾ. ਚਿਰਜੀਵਨ ਕੌਰ, ਡਾ. ਗੁਰਿੰਦਰ ਕੌਰ, ਡਾ. ਜਸਬੀਰ ਸਿੰਘ, ਡਾ. ਦਯਾ ਸਿੰਘ, ਪ੍ਰੋ. ਬਲਜਿੰਦਰ ਸਿੰਘ, ਡਾ. ਮਨੀਸ਼ ਕੁਮਾਰ, ਡਾ. ਯਾਦਵਿੰਦਰ ਕੌਰ, ਪ੍ਰੋ. ਮਨਪ੍ਰੀਤ ਸਿੰਘ, ਡਾ. ਅਮਾਨਤ ਮਸੀਹ ਵੀ ਹਾਜ਼ਰ ਸਨ।

Related posts

 ਕੁਲਬੀਰ ਸਿੰਘ ਸੂਰੀ ਦਾ ‘ਅੱਧੀ ਛੁੱਟੀ ਸਾਰੀ’ ਬੱਚਿਆਂ ਲਈ ਪੜ੍ਹਨਯੋਗ ਨਾਵਲ

admin

ਪੰਜਾਬ ਨੂੰ ਬਚਾਉਣ ਲਈ ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਅਪਣਾਉਣ ਬਾਰੇ ਸੇਧ ਦਿੱਤੀ ਜਾਵੇ: ਮੁੱਖ ਮੰਤਰੀ ਵੱਲੋਂ ਖੇਤੀ ਵਿਗਿਆਨੀਆਂ ਅਤੇ ਮਾਹਿਰਾਂ ਨੂੰ ਅਪੀਲ

editor

ਹਵਾਈ ਅੱਡਿਆਂ ਅੰਦਰ ਸਿੱਖਾਂ ’ਤੇ ਕਕਾਰਾਂ ਦੀ ਪਾਬੰਦੀ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਮਿਲੇਗਾ ਸ਼੍ਰੋਮਣੀ ਕਮੇਟੀ ਵਫ਼ਦ ਕੈਨੇਡਾ ਘਟਨਾ ਮਾਮਲੇ ’ਚ ਸਿੱਖਾਂ ਨੂੰ ਬਦਨਾਮ ਕਰਨਾ ਠੀਕ ਨਹੀਂ-ਐਡਵੋਕੇਟ ਧਾਮੀ

editor