ਅੰਮ੍ਰਿਤਸਰ – ਖ਼ਾਲਸਾ ਕਾਲਜ ਵਿਖੇ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਅਤੇ ਪੰਜਾਬੀ ਵਿਭਾਗ, ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਆਪਸੀ ਸਹਿਯੋਗ ਨਾਲ ਪ੍ਰਸਿੱਧ ਨਾਟਕਕਾਟ, ਨਿਰਦੇਸ਼ਕ ਅਤੇ ਨਾਟ-ਚਿੰਤਕ ਡਾ. ਸਾਹਿਬ ਸਿੰਘ ਦੀਆਂ ਪੁਸਤਕਾਂ ‘ਰੰਗ ਮੰਚ ਵੱਲ ਖੁੱਲਦੀ ਖਿੜਕੀ’ ਅਤੇ ‘ਹਾਸ ਰੰਗ’ ‘ਤੇ ਇੱਕ ਸੰਵਾਦ ਰਚਾਇਆ ਗਿਆ। ਸਮਾਗਮ ਦੇ ਆਰੰਭ ਵਿਚ ਕਾਲਜ ਦੇ ਪ੍ਰਿੰਸੀਪਲ ਡਾ. ਅਰਵਿੰਦਰ ਕੌਰ ਕਾਹਲੋਂ ਨੇ ਆਏ ਹੋਏ ਮਹਿਮਾਨਾਂ ਨੂੰ ਕਾਲਜ ਦੇ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕਰਦਿਆਂ ਜੀ ਆਇਆਂ ਕਿਹਾ।
ਇਸ ਉਪਰੰਤ ਪੰਜਾਬੀ ਵਿਭਾਗ ਦੇ ਮੁਖੀ ਡਾ. ਆਤਮ ਸਿੰਘ ਰੰਧਾਵਾ ਨੇ ਡਾ. ਸਾਹਿਬ ਸਿੰਘ ਦੀ ਪੰਜਾਬੀ ਨਾਟਕ ਅਤੇ ਸਾਹਿਤ ਨੂੰ ਦੇਣ ਅਤੇ ਉਹਨਾਂ ਦੇ ਨਾਟਕੀ ਵਿਸ਼ਿਆਂ ਦੀ ਸਾਰਥਿਕਤਾ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਕਿਹਾ ਕਿ ਪੰਜਾਬੀ ਨਾਟਕ ਦੇ ਇਤਿਹਾਸ ਵਿਚ ਡਾ. ਸਾਹਿਬ ਸਿੰਘ ਅਤੇ ਕੇਵਲ ਧਾਲੀਵਾਲ ਦਾ ਨਾਮ ਵਿਸ਼ੇਸ਼ ਉਲੇਖਣਯੋਗ ਹੈ। ਇਸ ਸਮੇਂ ਡਾ. ਸਾਹਿਬ ਸਿੰਘ ਦੀਆਂ ਪੁਸਤਕਾਂ ਦੀ ਵਿਚਾਰਧਾਰਾ ਅਤੇ ਉਹਨਾਂ ਦੀ ਪੇਸ਼ਕਾਰੀ ਨਾਲ ਸਬੰਧਿਤ ਖੋਜ ਭਰਭੂਰ ਪਰਚੇ ਪੜ੍ਹੇ ਗਏ। ਡਾ. ਦਵਿੰਦਰ ਕੁਮਾਰ ਨੇ ਆਪਣੇ ਖੋਜ ਪਰਚੇ ਵਿਚ ਡਾ. ਸਾਹਿਬ ਸਿੰਘ ਦੀ ਕਲਾਤਮਕ ਪ੍ਰਤਿਭਾ ਬਾਰੇ ਵਿਚਾਰ ਪੇਸ਼ ਕਰਦਿਆਂ ਉਹਨਾਂ ਦਾ ਵਿਚਾਰਧਾਰਕ ਦ੍ਰਿਸ਼ਟੀਕੋਣ ਅਤੇ ਰੰਗਮੰਚੀ ਕਲਾ ਸਬੰਧੀ ਤਕਨੀਕੀ ਸੂਝ ਦੇ ਪ੍ਰਮੁਖ ਪਹਿਲੂਆਂ ਨੂੰ ਵਿਚਾਰ ਚਰਚਾ ਦਾ ਵਿਸ਼ਾ ਬਣਾਉਂਦਿਆਂ ਸਰੋਤਿਆਂ ਨਾਲ ਸਾਂਝਿਆ ਕੀਤਾ।
ਡਾ. ਕੁਲਦੀਪ ਸਿੰਘ ਦੀਪ ਨੇ ਆਪਣੇ ਖੋਜ ਪਰਚੇ ਵਿਚ ਡਾ. ਸਾਹਿਬ ਸਿੰਘ ਦੀ ਸਾਹਿਤਕ ਵਿਲੱਖਣਤਾ ਤੋਂ ਜਾਣੂੰ ਕਰਵਾਉਂਦਿਆਂ ਉਹਨਾਂ ਦੇ ਨਾਟਕਾਂ ਦੇ ਵਿਸ਼ਿਆਂ ਦੇ ਵਿਵਹਾਰਕ ਪੱਖ ਨੂੰ ਚਰਚਾ ਦਾ ਆਧਾਰ ਬਣਾਇਆ। ਉਹਨਾਂ ਕਿਹਾ ਕਿ ਪੰਜਾਬੀ ਸਾਹਿਤ ਦੇ ਖੇਤਰ ਵਿਚ ਇਹ ਪੁਸਤਕਾਂ ਵਿਸ਼ੇਸ਼ ਪਹਿਚਾਣ ਦੀਆਂ ਧਾਰਨੀ ਹਨ। ਹਰੇਕ ਪਾਠਕ ਨੂੰ ਇਸ ਕਿਸਮ ਦੀਆਂ ਮਿਆਰੀ ਪੁਸਤਕਾਂ ਨੂੰ ਪੜ੍ਹਨਾ ਚਾਹੀਦਾ ਹੈ। ਡਾ. ਸਾਹਿਬ ਸਿੰਘ ਨੇ ਸਰੋਤਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਨਾਟਕੀ ਵਿਧਾ ਦੀ ਆਪਣੀ ਇਕ ਵਿਸ਼ੇਸ਼ ਪਹਿਚਾਣ ਅਤੇ ਮੱਹਤਤਾ ਹੈ। ਨਾਟਕੀ ਵਿਸ਼ਿਆਂ ਨੂੰ ਅਜੋਕੇ ਸੰਦਰਭ ਵਿਚ ਲਿਖਣ ਅਤੇ ਪੜ੍ਹਣ ਦੀ ਜ਼ਰੂਰਤ ਹੈ। ਨਾਟਕ ਰਾਹੀਂ ਅਜੋਕੀ ਜ਼ਿੰਦਗੀ ਨਾਲ ਜੁੜੇ ਵਿਭਿੰਨ ਪਹਿਲੂਆਂ ਨੂੰ ਵਿਵਹਾਰਕ ਪੱਧਰ ‘ਤੇ ਪੇਸ਼ ਕੀਤਾ ਜਾ ਸਕਦਾ ਹੈ। ਵਿਦਿਆਰਥੀਆਂ ਨੂੰ ਸੰਦੇਸ਼ ਦਿੰਦਿਆਂ ਉਹਨਾਂ ਨੇ ਸਿਲੇਬਸ ਤੋਂ ਇਲਾਵਾ ਦੂਜੀਆਂ ਸਾਹਿਤਕ ਵਿਧਾਵਾਂ ਨਾਲ ਜੁੜੀਆਂ ਕਿਤਾਬਾਂ ਨੂੰ ਪੜ੍ਹਣ ਦਾ ਸੁਝਾਅ ਦਿੱਤਾ।
ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪੰਜਾਬੀ ਦੇ ਪ੍ਰਸਿੱਧ ਨਾਟਕਕਾਰ ਅਤੇ ਨਿਰਦੇਸ਼ਕ ਕੇਵਲ ਧਾਲੀਵਾਲ ਨੇ ਡਾ. ਸਾਹਿਬ ਸਿੰਘ ਦੀ ਸ਼ਖ਼ਸੀਅਤ ਨਾਲ ਜੁੜੇ ਨਾਟਕੀ ਪੇਸ਼ਕਾਰੀ ਦੇ ਵਿਲੱਖਣ ਪਹਿਲੂਆਂ ਨੂੰ ਸਰੋਤਿਆਂ ਨਾਲ ਸਾਂਝਿਆਂ ਕੀਤਾ। ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਆਈਆਂ ਹੋਈਆਂ ਵਿਸ਼ੇਸ਼ ਸ਼ਖ਼ਸੀਅਤਾਂ ਦਾ ਧੰਨਵਾਦ ਕਰਦਿਆਂ ਅਜਿਹੇ ਸਮਾਗਮਾਂ ਨੂੰ ਕਰਵਾਉਣ ਦੀ ਵਚਨਬੱਧਤਾ ਦਰਸਾਈ। ਸੈਮੀਨਾਰ ਦੇ ਕੋਆਰਡੀਨੇਟਰ ਡਾ. ਹੀਰਾ ਸਿੰਘ ਵੱਲੋਂ ਮੰਚ ਦਾ ਸੰਚਾਲਨ ਬਾਖੂਬੀ ਕੀਤਾ। ਇਸ ਮੌਕੇ ‘ਤੇ ਕਹਾਣੀਕਾਰ ਦੀਪ ਦਵਿੰਦਰ ਸਿੰਘ, ਸ਼ਾਇਰਾ ਅਰਤਿੰਦਰ ਸੰਧੂ, ਵਿਪਨ ਗਿੱਲ, ਧਰਵਿੰਦਰ ਸਿੰਘ ਔਲਖ ਅਤੇ ਪੰਜਾਬੀ ਵਿਭਾਗ ਦੇ ਸਮੂਹ ਅਧਿਆਪਕ ਹਾਜ਼ਰ ਸਨ।