Literature Punjab

ਖ਼ਾਲਸਾ ਕਾਲਜ ਵਿਖੇ ਢਾਹਾਂ ਇਨਾਮ ਜੇਤੂ ਸਾਹਿਤਕਾਰਾਂ ਦਾ ਰੂ-ਬ-ਰੂ ਤੇ ਸਨਮਾਨ

ਅੰਮ੍ਰਿਤਸਰ – ਖ਼ਾਲਸਾ ਕਾਲਜ ਦੇ ਪੰਜਾਬੀ ਅਧਿਐਨ ਵਿਭਾਗ ਵੱਲੋਂ 2024 ਦੇ ਢਾਹਾਂ ਇਨਾਮ ਜੇਤੂ ਸਾਹਿਤਕਾਰਾਂ, ਕਹਾਣੀਕਾਰ ਜਿੰਦਰ ਅਤੇ ਜੰਮੂ ਕਸ਼ਮੀਰ ਦੀ ਕਹਾਣੀਕਾਰਾ ਸੁਰਿੰਦਰ ਨੀਰ ਦਾ ਸਨਮਾਨ ਸਮਾਰੋਹ ਕਰਵਾਇਆ ਗਿਆ। ਪੰਜਾਬੀ ਵਿਭਾਗ ਦੀ ਲਾਇਬ੍ਰੇਰੀ ਵਿਚ ਕਰਵਾਏ ਸਮਾਰੋਹ ਦੌਰਾਨ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਦੋਵੇਂ ਕਹਾਣੀਕਾਰ ਲੰਮੇ ਸਮੇਂ ਤੋਂ ਸਾਹਿਤ ਸਿਰਜਣਾ ਨਾਲ ਜੁੜੇ ਹੋਏ ਸੰਜੀਦਾ ਸੁਭਾਅ ਵਾਲੇ ਮਿਹਨਤੀ ਸਾਹਿਤਕਾਰ ਹਨ। ਢਾਹਾਂ ਇਨਾਮ ਜਿਥੇ ਜੇਤੂ ਸਾਹਿਤਕਾਰਾਂ ਨੂੰ ਪੰਜਾਬੀ ਪਾਠਕਾਂ ਵਿਚ ਹਰਮਨ ਪਿਆਰਾ ਬਣਾਉਂਦਾ ਹੈ ਅਤੇ ਉਹਨਾਂ ਦੇ ਪਹਿਲਾਂ ਰਚੇ ਸਾਹਿਤ ਨੂੰ ਮੁੜ ਵਿਚਾਰਨ ਦਾ ਮੌਕਾ ਪ੍ਰਦਾਨ ਕਰਦਾ ਹੈ ਉਥੇ ਸਾਹਿਤਕਾਰਾਂ ਦੇ ਸਿਰ ਜਿੰਮੇਵਾਰੀ ਵੀ ਵਧਾਉਂਦਾ ਹੈ ਕਿ ਉਹ ਸਮਾਜ ਨੂੰ ਸਹੀ ਸੇਧ ਦੇਣ।

ਡਾ. ਮਹਿਲ ਸਿੰਘ ਜੋ ਢਾਹਾਂ ਇਨਾਮ ਜਿਊਰੀ ਦੇ ਮੈਂਬਰ ਵੀ ਹਨ ਨੇ ਦੱਸਿਆ ਕਿ ਜੇ ਉਹਨਾਂ ਨੇ ਵੀ ਇਹ ਇਨਾਮ ਪ੍ਰਾਪਤ ਕਰਨਾ ਹੈ ਤਾਂ ਉਹ ਆਪਣੀ ਸੱਜਰੀ ਰਚਨਾ, ਜਿਸ ਦਾ ਵਿਸ਼ਾ ਮੌਲਿਕ ਹੋਵੇ, ਭਾਸ਼ਾ ਦੀ ਅਮੀਰੀ ਹੋਵੇ ਅਤੇ ਤਰਕ ਦਾ ਪੱਲਾ ਨਾ ਛੱਡਦੀ ਹੋਵੇ ਅਜਿਹੀ ਰਚਨਾ ਹੀ ਭੇਜਣ। ਜਿੰਦਰ ਨੇ ਕਿਹਾ ਕਿ ਉਹ ਸੋਸ਼ਲ ਮੀਡੀਆ ਤੇ ਸਮਾਂ ਬਿਤਾਉਣ ਦੀ ਥਾਂ ਨਵੀਆਂ ਪੁਸਤਕਾਂ ਪੜ੍ਹਨ ਨੂੰ ਪਹਿਲ ਦਿੰਦਾ ਹੈ। ਮਹਾਭਾਰਤ ਉਸਦੀ ਪਸੰਦੀਦਾ ਪੁਸਤਕ ਹੈ ਅਤੇ ਸ਼ਿਵ ਕੁਮਾਰ ਪਸੰਦੀਦਾ ਕਵੀ ਹੈ। ਉਸਨੇ ਇਹ ਵੀ ਕਿਹਾ ਕਿ ਉਸਦਾ ਅੰਗਰੇਜ਼ੀ ਸਾਹਿਤ ਅਤੇ ਮਨੋਵਿਗਿਆਨ ਦਾ ਅਧਿਐਨ ਉਸਦੀ ਸਾਹਿਤ ਸਿਰਜਨਾ ਵਿਚ ਸਹਾਈ ਹੁੰਦਾ ਹੈ ਅਤੇ ਉਹ ਆਪਣੇ ਦੋਸਤ ਆਲੋਚਕਾਂ ਦੀਆਂ ਰਾਵਾਂ ਦਾ ਵਿਸ਼ਲੇਸ਼ਣ ਕਰਕੇ ਆਪਣੀ ਸਾਹਿਤ ਸਿਰਜਣਾ ਨੂੰ ਸੁਧਾਰਦਾ ਰਹਿੰਦਾ ਹੈ।

ਜੰਮੂ ਕਸ਼ਮੀਰ ਦੀ ਮਸ਼ਹੂਰ ਪੰਜਾਬੀ ਗਲਪ ਲੇਖਿਕਾ ਸੁਰਿੰਦਰ ਨੀਰ ਨੇ ਕਿਹਾ ਕਿ ਵੱਖਰੇ ਖਿੱਤੇ ਵਿਚ ਰਹਿਣ ਕਰਕੇ ਉਸਨੂੰ ਪੰਜਾਬੀ ਸਾਹਿਤਕਾਰਾਂ ਅਤੇ ਸਾਹਿਤ ਸਭਾਵਾਂ ਦਾ ਵਿਗੋਚਾ ਰਹਿੰਦਾ ਹੈ ਜਿੱਥੇ ਉਹ ਆਪਣੀਆਂ ਰਚਨਾਵਾਂ ਨੂੰ ਸੁਣਾ ਕੇ ਸੁਧਾਰ ਸਕੇ ਪਰ ਸਾਹਿਤਕ ਰਸਾਲਿਆਂ ਦੀ ਮਦਦ ਨਾਲ ਉਹ ਪੰਜਾਬੀ ਸਾਹਿਤ ਅਤੇ ਸਾਹਿਤਕਾਰਾਂ ਨਾਲ ਹਮੇਸ਼ਾਂ ਜੁੜੀ ਰਹਿੰਦੀ ਹੈ। ਉਹਨਾਂ ਕਿਹਾ ਕਿ ਉਸਨੇ ਇਹ ਕਹਾਣੀਆਂ ਦੀ ਪੁਸਤਕ ਕਿਸੇ ਵਿਸ਼ੇਸ਼ ਇਨਾਮ ਲਈ ਨਹੀਂ ਸੀ ਲਿਖੀ ਗਈ ਸਗੋਂ ਅਚਨਚੇਤ ਹੀ ਉਸਨੂੰ ਇਹ ਇਨਾਮ ਮਿਲਿਆ ਹੈ। ਉਹ ਸਮਝਦੀ ਹੈ ਕਿ ਇਹ ਇਨਾਮ ਸੁਰਿੰਦਰ ਨੀਰ ਨੂੰ ਨਹੀਂ ਬਲਕਿ ਉਸਦੀਆਂ ਕਹਾਣੀਆਂ ਨੂੰ ਅਤੇ ਸਮੁੱਚੇ ਜੰਮੂ ਕਸ਼ਮੀਰ ਦੇ ਸਾਹਿਤ ਨੂੰ ਮਿਲਿਆ ਹੈ।

ਵਿਭਾਗ ਮੁਖੀ ਡਾ. ਆਤਮ ਸਿੰਘ ਰੰਧਾਵਾ ਨੇ ਕਿਹਾ ਕਿ ਕਾਲਜ ਦਾ ਪੰਜਾਬੀ ਵਿਭਾਗ ਪੰਜਾਬੀ ਦੇ ਸਮੁੱਚੇ ਸਾਹਿਤ ਜਗਤ ਨਾਲ ਆਪਣੀਆਂ ਸਰਗਰਮੀਆਂ ਕਰਕੇ ਜੁੜਿਆ ਰਹਿੰਦਾ ਹੈ ਅਤੇ ਸਾਹਿਤਕਾਰ ਇਸ ਵਿਭਾਗ ਨਾਲ ਜੁੜੇ ਰਹਿੰਦੇ ਹਨ। ਸਾਡਾ ਆਲੋਚਨਾਤਮਕ ਰਸਾਲਾ ਸੰਵਾਦ ਅਤੇ ਕਾਲਜ ਵੱਲੋਂ ਹਰ ਸਾਲ ਕੀਤਾ ਜਾਂਦਾ ਅੰਮ੍ਰਿਤਸਰ ਸਹਿਤ ਉਤਸਵ ਅਤੇ ਪੁਸਤਕ ਮੇਲਾ ਸਮੁੱਚੇ ਪੰਜਾਬੀ ਜਗਤ ਨੂੰ ਇਕ ਲੜੀ ਵਿਚ ਪਰੋ ਦਿੰਦਾ ਹੈ। ਇਸ ਮੌਕੇ ਡਾ. ਹੀਰਾ ਸਿੰਘ ਨੇ ਪ੍ਰੋਗਰਾਮ ਦਾ ਮੰਚ ਸੰਚਾਲਨ ਬਾਖੂਬੀ ਨਿਭਾਇਆ। ਇਸ ਮੌਕੇ ਡਾ. ਪਰਮਿੰਦਰ ਸਿੰਘ ਡਾ. ਕੁਲਦੀਪ ਸਿੰਘ ਢਿਲੋਂ, ਡਾ. ਮਿੰਨੀ ਸਲਵਾਨ, ਡਾ. ਜਸਬੀਰ ਸਿੰਘ, ਡਾ. ਪਰਮਜੀਤ ਸਿੰਘ ਕੱਟੂ, ਡਾ. ਮਨੀਸ਼ ਕੁਮਾਰ, ਡਾ. ਚਿਰਜੀਵਨ ਕੌਰ, ਪ੍ਰੋ. ਅੰਮ੍ਰਿਤਪਾਲ ਕੌਰ, ਪ੍ਰੋ. ਹਰਵਿੰਦਰ ਕੌਰ, ਡਾ. ਨਵਜੋਤ ਕੌਰ, ਡਾ. ਅਮਨਦੀਪ ਕੌਰ, ਡਾ. ਗੁਰਿੰਦਰ ਕੌਰ, ਡਾ. ਦਯਾ ਸਿੰਘ, ਡਾ. ਪ੍ਰਭਜੀਤ ਸਿੰਘ, ਡਾ. ਮੇਜਰ ਸਿੰਘ ਵੀ ਹਾਜ਼ਰ ਸਨ।

Related posts

ਗੌਰਮਿੰਟ ਟੀਚਰਜ਼ ਯੂਨੀਅਨ ਵੱਲੋਂ ਜਿਲ੍ਹਾ ਸਿੱਖਿਆ ਅਫਸਰ ਰਾਹੀਂ ਸਿੱਖਿਆ ਮੰਤਰੀ ਨੂੰ ਭੇਜਿਆ ਮੰਗ ਪੱਤਰ

admin

ਕੰਪਿਊਟਰ ਅਧਿਆਪਕਾਂ ਵੱਲੋਂ ਵਿੱਤ ਮੰਤਰੀ ਹਰਪਾਲ ਚੀਮਾ ਦੀ ਰਿਹਾਇਸ਼ ਵੱਲ ਰੋਸ ਮਾਰਚ

admin

ਦਲਜੀਤ ਸਫ਼ੀਪੁਰ ਬਣੇ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਕਨਵੀਨਰ 

admin