Literature Punjab

ਖ਼ਾਲਸਾ ਕਾਲਜ ਵਿਖੇ ਸਾਹਿਤ ਉਤਸਵ ਅਤੇ ਪੁਸਤਕ ਮੇਲੇ ਦਾ ਦੂਜਾ ਦਿਨ ਸੰਤਾਲੀ ਦੀ ਵੰਡ ਨੂੰ ਸਮਰਪਿਤ ਸੰਤਾਲੀ ਦੇ ਜ਼ਖ਼ਮ ਹਰੇ ਕਰ ਗਿਆ !

ਅੰਮ੍ਰਿਤਸਰ – ਖ਼ਾਲਸਾ ਕਾਲਜ ਵਿਖੇ 9ਵੇਂ ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ-ਮੇਲਾ ਦੇ ਦੂਜੇ ਦਿਨ ਦਾ ਆਗ਼ਾਜ਼ ਇੰਡੀਅਨ ਕੌਸਲ ਆਫ਼ ਸੋਸ਼ਲ ਸਾਇੰਸਜ਼ ਦੁਆਰਾ ਸਪੌਂਸਰਡ ਦੋ-ਰੋਜ਼ਾ ਰਾਸ਼ਟਰੀ ਸੈਮੀਨਾਰ ਦੇ ਉਦਘਾਟਨ ਸਮਾਰੋਹ ਨਾਲ ਹੋਇਆ। ਸਮਾਗਮ ਦੇ ਆਰੰਭ ਵਿਚ ਪੰਜਾਬੀ ਵਿਭਾਗ ਦੇ ਮੁਖੀ ਡਾ. ਆਤਮ ਸਿੰਘ ਰੰਧਾਵਾ ਨੇ ਸੈਮੀਨਾਰ ਦੇ ਵਿਸ਼ੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਦਾ ਇਹ ਸੈਮੀਨਾਰ ਸੰਤਾਲੀ ਦੀ ਪੰਜਾਬ ਵੰਡ ਨੂੰ ਮੁੜ ਵਿਚਾਰਨ ਨਾਲ ਸਬੰਧਿਤ ਹੈ। ਇਸ ਵੰਡ ਦੇ ਪਿਛੋਕੜ ਵਿਚ ਵਾਪਰੀਆਂ ਘਟਨਾਵਾਂ ਪਿੱਛੇ ਕਾਰਜਸ਼ੀਲ ਪੱਖਾਂ ਨੂੰ ਉਘਾੜਨਾ ਅਤੇ ਉਹਨਾਂ ਪ੍ਰਤੀ ਚਿੰਤਨ ਕਰਨਾ ਇਸ ਸੈਮੀਨਾਰ ਦਾ ਮੁੱਖ ਉਦੇਸ਼ ਹੈ। ਡਾ. ਤਮਿੰਦਰ ਸਿੰਘ ਭਾਟੀਆ, ਕਾਰਜਕਾਰੀ ਪ੍ਰਿੰਸੀਪਲ ਖ਼ਾਲਸਾ ਕਾਲਜ, ਅੰਮ੍ਰਿਤਸਰ ਨੇ ਵੰਡ ਸਬੰਧੀ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਇਹ ਇੱਕ ਨਾ ਭੁਲਣਯੋਗ ਵਰਤਾਰਾ ਹੈ। ਇਸ ਸੈਮੀਨਾਰ ਰਾਹੀਂ ਵੰਡ ਦੇ ਕਾਰਨਾਂ ਅਤੇ ਪ੍ਰਭਾਵਾਂ ਤੋਂ ਜਾਣੂ ਹੋਣਾ ਹੈ। ਉਹਨਾਂ ਨੇ ਆਏ ਹੋਏ ਪ੍ਰਮੁੱਖ ਚਿੰਤਕਾਂ ਅਤੇ ਵਿਦਵਾਨਾਂ ਨੂੰ ਜੀ-ਆਇਆ ਕਹਿੰਦਿਆਂ ਉਹਨਾਂ ਦਾ ਫੁੱਲਾਂ ਦੇ ਗੁਲਦਸਤਿਆਂ ਨਾਲ ਸੁਆਗਤ ਕੀਤਾ।

ਡਾ. ਸੁਖਦੇਵ ਸਿੰਘ ਸੋਹਲ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਇਤਿਹਾਸ ਵਿਭਾਗ ਦੇ ਸਾਬਕਾ ਪ੍ਰੋਫ਼ੈਸਰ ਨੇ ਆਪਣਾ ਕੁੰਜੀਵਤ ਭਾਸ਼ਣ ਦਿੰਦਿਆਂ ਕਿਹਾ ਕਿ ਸੈਮੀਨਾਰ ਦਾ ਵਿਸ਼ਾ 77 ਸਾਲਾਂ ਬਾਅਦ ਸੰਤਾਲੀ ਦੀ ਵੰਡ ਦੀ ਹੋਣੀ ਨੂੰ ਵਿਚਾਰਦਿਆਂ ਇਸਦੇ ਕਾਰਨਾਂ  ਦੀ ਘੋਖ ਕਰਨਾ ਹੈ। ਅੰਗਰੇਜ਼ਾਂ ਦਾ ਭਾਰਤ ਉੱਤੇ ਕਬਜ਼ਾ ਕਰਨ ਤੋਂ ਬਾਅਦ ਮੁੱਖ ਉਦੇਸ਼ ਪੰਜਾਬ ਨੂੰ ਰੋਲ ਮਾਡਲ ਬਣਾਉਣਾ ਸੀ। ਇਸ ਉਦੇਸ਼ ਦੀ ਪੂਰਤੀ ਲਈ ਉਹਨਾਂ ਨੇ ਹਰ ਪੱਖ ਤੋਂ ਪੰਜਾਬ ਨੂੰ ਵਿਕਸਿਤ ਕਰਨ ਦਾ ਯਤਨ ਕੀਤਾ। 1947 ਦੀ ਵੰਡ ਇਤਿਹਾਸ ਵਿਚ ਇੱਕ ਬੇਹੱਦ ਦੁਖਦਾਇਕ ਘਟਨਾ ਸੀ। ਇਸ ਕਿਸਮ ਦੀ ਹੋਈ ਵੰਡ ਦਾ ਵੇਰਵਾ ਪਹਿਲਾਂ ਕਦੇ ਵੀ ਵੇਖਣ ਵਚ ਨਹੀਂ ਆਇਆ। ਆਜ਼ਾਦੀ ਦੀਆਂ ਖੁਸ਼ੀਆਂ ਸਮੇਂ ਪੰਜਾਬ-ਵੰਡ ਦੇ ਦੁਖਾਂਤ ਦੀ ਪੀੜਾ ਵੀ ਪੈਦਾ ਹੋ ਜਾਂਦੀ ਹੈ। ਮਾਝੇ ਦਾ ਇਲਾਕਾ ਇਸ ਵੰਡ ਦੀ ਮਾਰ ਤੋਂ ਵਧੇਰੇ ਪ੍ਰਭਾਵਿਤ ਹੋਇਆ। ਦੇਸ਼ ਦੇ ਬਟਵਾਰੇ ਵਿਚ ਜੋ ਕੁਝ ਵਾਪਰਿਆ ਉਸਦੀ ਪੂਰਤੀ ਅਸੰਭਵ ਹੈ। ਰੈਡਕਲਿਫ਼ ਕੋਲ ਵੰਡ ਦਾ ਕੋਈ ਨਿਸ਼ਚਿਤ ਆਧਾਰ ਨਾ ਹੋਣ ਕਾਰਨ ਕਈ ਤਰ੍ਹਾਂ ਦੀਆਂ ਅਣਸੁਖਾਵੀਂਆਂ ਘਟਨਾਵਾਂ ਵਾਪਰੀਆਂ। ਇਸ ਵੰਡ ਸਮੇਂ ਪੰਜ ਲੱਖ ਤੋਂ ਇੱਕ ਕਰੋੜ ਲੋਕ ਘਰੋਂ ਬੇਘਰ ਹੋ ਗਏ।ਇਸ ਵੰਡ ਵਿਚ ਹੋਈ ਕਤਲੋਗਾਰਤ ਵਿਚ ਅੰਮ੍ਰਿਤਸਰ ਅਤੇ ਲਾਹੌਰ ਜ਼ਿਲ੍ਹੇ ਸਭ ਤੋਂ ਵੱਧ ਪ੍ਰਭਾਵਿਤ ਹੋਏ। ਇਸ ਤਰ੍ਹਾਂ ਦੀ ਕਤਲੋਗਾਰਤ ਦੀਆਂ ਵਿਉਂਤਾਂ ਦਰਅਸਲ ਪਹਿਲਾਂ ਤੋਂ ਹੀ ਨਿਰਧਾਰਿਤ ਹੋ ਚੁੱਕੀਆਂ ਸਨ। ਵੰਡ ਸੰਬੰਧੀ ਨੀਤੀਆਂ ਦੇ ਨਿਰਮਾਣ ਵਿਚ ਭਾਰਤੀ ਰਾਜਨੀਤੀ ਦਾ ਕੋਈ ਵਿਸ਼ੇਸ਼ ਰੁਝਾਨ ਹੈ ਵੀ ਨਹੀਂ ਸੀ। ਇਸ ਮਾਰੂ ਪ੍ਰਭਾਵ ਅਧੀਨ ਦੋਵਾਂ ਪੰਜਾਬਾਂ ਵਿਚ ਰਹਿ ਰਹੇ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ। ਇਸ ਵੰਡ ਸਮੇਂ ਪਾਕਿਸਤਾਨ ਦੀ ਆਰਥਿਕ ਸਥਿਤੀ ਵਧੇਰੇ ਚੰਗੀ ਸੀ ਪਰੰਤੂ ਅੱਜ ਭਾਰਤ ਦੇ ਪੰਜਾਬ ਦੇ ਲੋਕਾਂ ਦੀ ਆਰਥਿਕ ਸਥਿਤੀ ਪਾਕਿਸਤਾਨ ਦੇ ਪੰਜਾਬ ਦੇ ਲੋਕਾਂ ਨਾਲੋਂ ਬੇਹਤਰ ਹੈ। ਵੰਡ ਦੇ ਪ੍ਰਭਾਵ ਨਾਲ ਭਾਰਤੀ ਪੰਜਾਬ ਦੀ ਕਿਸਾਨੀ ਵਿਵਸਥਾ ਨੂੰ ਭਾਰੀ ਢਾਹ ਲੱਗਦੀ ਹੈ ਕਿਉਂਕਿ ਵਧੇਰੇ ਉਪਜਾਊ ਭੂਮੀ ਵਾਲਾ ਇਲਾਕਾ ਪੱਛਮੀ ਪੰਜਾਬ ਵਿਚ ਚਲਾ ਗਿਆ। ਜਿਥੋਂ ਤੱਕ ਪੰਜਾਬ ਵਿਚ ਸਨਅਤ ਅਤੇ ਉਦਯੋਗੀਕਰਨ ਦੀ ਸਥਾਪਨਾ ਦੀ ਗੱਲ ਹੈ ਉਸ ਬਾਰੇ ਸਰਕਾਰ ਕੋਲ ਅੱਜ ਵੀ ਕੋਈ ਨੀਤੀ ਨਹੀਂ।

ਡਾ. ਕੁਲਵੀਰ ਗੋਜਰਾ, ਪ੍ਰੋਫ਼ੈਸਰ ਅਤੇ ਮੁਖੀ ਪੰਜਾਬੀ ਵਿਭਾਗ, ਦਿੱਲੀ ਯੂਨੀਵਰਸਿਟੀ, ਦਿੱਲੀ ਨੇ ਇਸ ਸੈਮੀਨਾਰ ਦੀ ਪੈਨਲ ਚਰਚਾ ਵਿਚ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸੰਤਾਲੀ ਦੀ ਵੰਡ ਦੇ ਪ੍ਰਭਾਵ ਤੋਂ ਅਸੀਂ ਅਜੇ ਤੱਕ ਮੁਕਤ ਨਹੀਂ ਹੋਏ। ਧਾਰਮਿਕ ਵੱਖਰਤਾ, ਜਾਤ-ਪਾਤ, ਊਚ-ਨੀਚ ਜੋ ਵੰਡ ਦੇ ਕਾਰਨਾਂ ਦੇ ਪ੍ਰਮੁੱਖ ਆਧਾਰ ਸਨ ਅਜੋਕੇ ਸਮਾਜ ਵਿਚ ਵੀ ਜਿਵੇਂ ਦੇ ਤਿਵੇਂ ਹਨ। ਅਜੋਕੀ ਪੀੜ੍ਹੀ ਦਾ ਆਪਣੇ ਪਿਛੋਕੜ ਦੇ ਅਸਲ ਕਾਰਨਾਂ ਤੋਂ ਜਾਣੂ ਹੋਣਾ ਜ਼ਰੂਰੀ ਹੈ। ਡਾ. ਰਜਿੰਦਰਪਾਲ ਸਿੰਘ ਬਰਾੜ, ਸਾਬਕਾ ਪ੍ਰੋਫ਼ੈਸਰ, ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਕਿਹਾ ਕਿ ਅੰਗਰੇਜ਼ਾਂ ਦੁਆਰਾ ਪੰਜਾਬ ਨੂੰ ਵਿਕਸਿਤ ਕਰਨ ਦੇ ਪਿਛੇ ਕਾਰਜਸ਼ੀਲ ਨੀਤੀਆਂ ਲਈ ਇੱਕ ਕਾਰਨ ਤਾਂ ਅਨਾਜ ਦਾ ਉਤਪਾਦਨ ਸੀ ਅਤੇ ਦੂਸਰਾ ਇਥੋਂ ਦੀ ਨੌਜੁਆਨੀ ਨੂੰ ਵਰਤਣਾ ਸੀ ਅਤੇ ਜੇਕਰ ਧਿਆਨ ਨਾਲ ਦੇਖਿਆ ਜਾਵੇ ਤਾਂ ਅੱਜ ਵੀ ਕੇਂਦਰੀ ਸਰਕਾਰ ਨੇ ਪੰਜਾਬ ਲਈ ਇਹੀ ਨੀਤੀ ਅਪਣਾਈ ਹੋਈ ਹੈ। ਵੰਡ ਦੇ ਪ੍ਰਭਾਵ ਤੋਂ ਅਸੀਂ ਅੱਜ ਤੱਕ ਵੀ ਬਚ ਨਹੀਂ ਸਕੇ। ਪਾਕਿਸਤਾਨ ਅਤੇ ਭਾਰਤੀ ਪੰਜਾਬ ਦੇ ਲੋਕਾਂ ਵਿਚ ਇਕੋ ਤਰ੍ਹਾਂ ਦੀ ਨਫ਼ਰਤ ਦੀ ਭਾਵਨਾ ਫੈਲੀ ਹੋਈ ਹੈ। ਪੱਛਮੀ ਅਤੇ ਭਾਰਤੀ ਪੰਜਾਬ ਵਿਚ ਜੋ ਕੁਝ ਵਾਪਰ ਰਿਹਾ ਹੈ ਉਸਨੂੰ ਮੁੜ ਵਿਚਾਰਨ ਦੀ ਲੋੜ ਹੈ। ਦੋਵਾਂ ਦੇਸਾਂ ਦੀਆਂ ਹਕੂਮਤਾਂ ਨੂੰ ਮਿਲ ਕੇ ਨਵੀਂ ਨੀਤੀ ਨਿਰਮਾਣ ਕਰਨ ਦੀ ਲੋੜ ਹੈ ਜਿਸ ਨਾਲ ਇਹ ਸਾਂਝ ਹੋਰ ਮਜ਼ਬੂਤ ਹੋ ਸਕੇ।

ਪ੍ਰਸਿੱਧ ਪੰਜਾਬੀ ਚਿੰਤਕ ਸ. ਅਮਰਜੀਤ ਸਿੰਘ ਗਰੇਵਾਲ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸੰਤਾਲੀ, ਛਿਆਠ ਅਤੇ ਚੁਰਾਸੀ ਦੇ ਦੁਖਾਂਤ ਦੀਆਂ ਕੜੀਆਂ ਇੱਕ-ਦੂਜੇ ਨਾਲ ਜੁੜੀਆਂ ਹੋਈਆਂ ਹਨ। ਅਸੀਂ ਆਮ ਤੌਰ ‘ਤੇ ਸੰਤਾਲੀ ਦੀ ਵੰਡ ਦੇ ਕਾਰਨਾਂ ਨੂੰ ਮੁਸਲਿਮ ਲੀਗ ਨਾਲ ਜੋੜ ਕੇ ਹੀ ਵੇਖਦੇ ਹਾਂ ਜੋ ਕਿ ਬਿਲਕੁਲ ਵੀ ਸਹੀ ਨਹੀ ਹੈ। ਫ਼ਿਰਕੂ ਸਿਆਸਤ ਅਤੇ ਜ਼ਮਹੂਰੀਅਤ ਇਕ-ਦੂਜੇ ਨਾਲ ਜੁੜੇ ਹੋਏ ਅਜਿਹੇ ਪਹਿਲੂ ਹਨ ਜੋ ਵੰਡ ਦੇ ਕਾਰਨਾਂ ਦੇ ਆਧਾਰ ਹਨ। ਵੰਡ ਨਾਲ ਜੁੜੇ ਹੋਏ ਪ੍ਰਮੁੱਖ ਮੁੱਦੇ ਸਾਹਿਤ ਨਾਲ ਜੁੜੇ ਹੋਏ ਵਿਚਾਰਾਂ ਤੋਂ ਅੱਗੇ ਵੱਧ ਕੇ ਮੇਲ-ਮਿਲਾਪ ਤੱਕ ਹੋਣੇ ਚਾਹੀਦੇ ਹਨ। ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਵਸ ਰਹੇ ਪੰਜਾਬੀਆਂ ਨੂੰ ਗਲੋਬਲ ਪੱਧਰ ‘ਤੇ ਇੱਕ ਸਾਂਝ ਪੈਦਾ ਕਰਨ ਦੀ ਲੋੜ ਹੈ।

ਇਸ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਡਾ. ਗੁਰਮੁਖ ਸਿੰਘ, ਪ੍ਰੋਫ਼ੈਸਰ ਅਤੇ ਮੁਖੀ ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਸਾਰੀ ਵਿਚਾਰ ਚਰਚਾ ਨੂੰ ਸਮੂਹਿਕ ਰੂਪ ਵਿਚ ਵਿਚਾਰਦਿਆਂ ਕਿਹਾ ਕਿ ਅੱਜ ਜ਼ਰੂਰਤ ਹੈ ਕਿ ਅਜੋਕੀ ਪੀੜ੍ਹੀ ਨੂੰ ਵੰਡ ਦੇ ਕਾਰਨਾਂ ਤੋਂ ਜਾਣੂ ਕਰਵਾਇਆ ਜਾਵੇ ਤਾਂ ਜੋ ਉਹ ਨਫ਼ਰਤ ਨੂੰ ਤਿਆਗ ਕੇ ਅਸਲੀਅਤ ਨਾਲ ਜੁੜ ਸਕਣ। 1947 ਦੀ ਵੰਡ ਬਾਰੇ ਫਿਰ ਤੋਂ ਵਿਚਾਰਨ ਵਾਲੇ ਕਈ ਮੁੱਦੇ ਅਜੇ ਬਾਕੀ ਹਨ। ਅਜੋਕੇ ਮੀਡੀਆ ਨੇ ਪਾਕਿਸਤਾਨ ਨੂੰ ਇਸ ਹੱਦ ਤੱਕ ਵਿਰੋਧੀ ਬਣਾ ਦਿੱਤਾ ਹੈ ਕਿ ਸਾਡੀ ਭਾਵਨਾ ਨਫ਼ਰਤ ਵਾਲੀ ਹੋ ਗਈ ਹੈ। ਜਿੰਨੀ ਦੇਰ ਤੱਕ ਨਫ਼ਰਤੀ ਫਿਤਰਤ ਭਾਵੇਂ ਉਹ ਧਰਮ, ਜਾਤ-ਪਾਤ ਜਾਂ ਨਸਲ ਨਾਲ ਜੁੜ ਹੋਈ ਹੈ ਖਤਮ ਨਹੀਂ ਹੁੰਦੀ ਇਹ ਵਿਰੋਧੀ ਭਾਵਨਾ ਬਣੀ ਰਹੇਗੀ।

ਇਸ ਉਪਰੰਤ ਮਨੁੱਖਤਾ ਦੀ ਸੇਵਾ ਅਧੀਨ ਮੇਲੇ ਵਿਚ ਡਾ. ਕੁਲਵੰਤ ਸਿੰਘ ਧਾਲੀਵਾਲ (ਯੂ.ਕੇ.) ਚੇਅਰਮੈਨ ਵਰਲਡ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਵੱਲੋਂ ਲਗਾਏ ਗਏ ਫ੍ਰੀ ਕੈਂਸਰ ਚੈੱਕਅਪ ਕੈਂਪ ਦੇ ਉਦਘਾਟਨ ਦੌਰਾਨ ਡਾ. ਧਾਲੀਵਾਲ ਨੇ ਕਿਹਾ ਕਿ ਵਾਤਾਵਰਨ ਬਾਰੇ ਗੁਰੂ ਸਾਹਿਬ ਦੇ ਦਿੱਤੇ ਵਿਚਾਰਾਂ ਨੂੰ ਕੇਵਲ ਯਾਦ ਕਰਨ ਨਾਲ ਹੀ ਸਾਡਾ ਭਲਾ ਨਹੀਂ ਹੋਣਾ ਬਲਕਿ ਇਸ ਨੂੰ ਅਮਲੀ ਜਾਮਾ ਪਹਿਨਾਉਣ ਦੀ ਵੀ ਜ਼ਰੂਰਤ ਹੈ। ਅਜੋਕਾ ਵਾਤਾਵਰਨ ਕਈ ਤਰ੍ਹਾਂ ਦੇ ਦੂਸ਼ਿਤ ਕੈਮੀਕਲਾਂ ਨਾਲ ਪ੍ਰਭਾਵਿਤ ਹੋ ਚੁੱਕਾ ਹੈ ਜਿਸ ਬਾਰੇ ਸਾਨੂੰ ਕਿਸੇ ਕਿਸਮ ਦੀ ਕੋਈ ਚਿੰਤਾ ਨਹੀਂ। ਅਜਿਹੇ ਅਵੇਸਲੇਪਣ ਨਾਲ ਪੰਜਾਬ ਕੈਂਸਰ ਪੀੜਤਾਂ ਦੀ ਧਰਤੀ ਬਣ ਰਹੀ ਹੈ। ਸਾਨੂੰ ਇਸ ਬੀਮਾਰੀ ਦੀਆਂ ਅਲਾਮਤਾਂ ਤੋਂ ਜਾਗਰੂਕ ਹੋ ਕੇ ਆਪਣੀ ਜੀਵਨ-ਸ਼ੈਲੀ ਨੂੰ ਨਿਖਾਰਨ ਦੀ ਜ਼ਰੂਰਤ ਹੈ। ਉਹਨਾਂ ਨੇ ਕਿਹਾ ਕਿ ਸਰੀਰਕ ਕੈਂਸਰ ਨਾਲੋਂ ਸਮਾਜਿਕ ਕੈਂਸਰ ਜਿਆਦਾ ਖਤਰਨਾਕ ਹੈ ਜੋ ਸਟਰੈੱਸ ਕਾਰਨ ਹੁੰਦੀ ਹੈ ਇਸ ਤੋਂ ਬਚਾਅ ਦਾ ਇਕ ਹੀ ਤਰੀਕਾ ਹੈ ਕਿ ਅਸੀਂ ਆਪਣੇ ਫ਼ਾਲਤੂ ਖਰਚੇ ਘੱਟ ਕਰੀਏ।

ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਰੈੱਡ ਰੀਬਨ ਅਤੇ ਜੈਂਡਰ ਚੈਪੀਅਨਜ਼ ਕਲੱਬਾਂ ਵੱਲੋਂ ਵਾਤਾਵਰਨ ਸੁਰੱਖਿਆ ਸਬੰਧੀ ਕਰਵਾਏ ਗਏ ਪੋਸਟਰ ਮੈਕਿੰਗ ਮੁਕਾਬਲੇ ਵਿਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ‘ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਰਟੀਫ਼ਿਕੇਟ ਅਤੇ ਮੈਡਲ ਦੇ ਕੇ ਡਾ. ਕਲਵੰਤ ਸਿੰਘ ਧਾਲੀਵਾਲ ਦੁਆਰਾ ਸਨਮਾਨਿਤ ਕੀਤਾ ਗਿਆ।

ਮੇਲੇ ਵਿੱਚ ਜਸਬੀਰ ਮੰਡ ਦੁਆਰਾ ਰਚਿਤ ਨਾਵਲ ’84 ਲੱਖ ਯਾਦਾਂ’, ਡਾ. ਗੁਰਦੀਪ ਸਿੰਘ ਢਿੱਲੋਂ ਦੀ ਪੁਸਤਕ ‘ਇਹ ਦੇਸ਼ ਪੰਜਾਬ ਦੀ ਸਮਝ ਨਾਹੀਂ’, ਰਾਮਾਨੰਦ ਸਾਗਰ ਦੀ ਜਸਪਾਲ ਘਈ ਦੁਆਰਾ ਅਨੁਵਾਦਿਤ ਪੁਸਤਕ ‘…ਤੇ ਇਨਸਾਨ ਮਰ ਗਿਆ’ ਅਤੇ ਸ. ਅਮਰਜੀਤ ਸਿੰਘ ਗਰੇਵਾਲ ਦੀ ਪੁਸਤਕ ‘ਦ ਕ੍ਰੀਏਟਿਵ ਅਪ੍ਰਾਈਜਿੰਗ’ ਅਤੇ 2024 ਦੀ ਢਾਹਾਂ ਇਨਾਮ ਜੇਤੂ ਜਿੰਦਰ ਦੀ ਪੁਸਤਕ ‘ਸੇਫ਼ਟੀ ਕਿੱਟ’ ਨੂੰ ਰਿਲੀਜ਼ ਕੀਤਾ ਗਿਆ।

ਦੁਪਹਿਰ ਬਾਅਦ ਸੰਗੀਤ ਵਿਭਾਗ ਦੁਆਰਾ ਲੋਕ ਸਾਜਾਂ ਵਿਚ ਧੜਕਦਾ ਪੰਜਾਬ ਪ੍ਰੋਗਰਾਮ ਦੇ ਚਲਦਿਆਂ ਪੰਜਾਬ ਦੇ ਲੋਕ ਸਾਜਾਂ ਦੁਆਰਾ ਸੰਗੀਤ ਦੇ ਰੰਗ ਬਿਖੇਰੇ ਗਏ। ਸ਼ਾਮ ਦੇ ਸਮੇਂ ਲੋਕ ਅਤੇ ਸਾਹਿਤਕ ਗਾਇਕੀ ਦੇ ਨਾਮਵਰ ਗਾਇਕ ਦਵਿੰਦਰ ਪੰਡਿਤ ਦੁਆਰਾ ਆਪਣੇ ਫਨ ਦਾ ਮੁਜਾਹਰਾ ਕੀਤਾ ਗਿਆ। ਮੇਲੇ ਦੇ ਦੂਸਰੇ ਦਿਨ ਦਾ ਸਿਖਰ ਸ਼ੇਰ-ਏ-ਪੰਜਾਬ ਕਲਚਰਲ ਪ੍ਰਮੋਸ਼ਨ ਕੌਂਸਲ ਬਟਾਲਾ ਵੱਲੋਂ ਪ੍ਰੋ. ਬਲਬੀਰ ਸਿੰਘ ਕੋਹਲਾ ਅਤੇ ਉਹਨਾਂ ਦੇ ਸਾਥੀਆਂ ਦੁਆਰਾ ਬਾਬਿਆਂ ਦਾ ਭੰਗੜੇ ਨਾਲ ਹੋਇਆ।

Related posts

ਕਿਸਾਨ ਮੋਰਚਾ: ਦਿੱਲੀ ਕੂਚ ਪ੍ਰੋਗਰਾਮ 26 ਜਨਵਰੀ ਤੱਕ ਮੁਲਤਵੀ

admin

ਗੈਰ-ਕਾਨੂੰਨੀ ਤਰੀਕੇ ਨਾਲ ਵਿਦੇਸ਼ ਭੇਜਣ ਦੇ ਦੋਸ਼ ਹੇਠ ਕਬੱਡੀ ਖਿਡਾਰੀ ਗ੍ਰਿਫਤਾਰ !

admin

ਹਲਾਲ ਸਰਟੀਫਿਕੇਟ ਵਾਲੇ ਉਤਪਾਦਾਂ ਲਈ ਜ਼ਿਆਦਾ ਕੀਮਤ ਕਿਉਂ ਅਦਾ ਕਰਨੀ ਪੈਂਦੀ ਹੈ ?

admin