Articles Sport

ਖੇਡ ਮੁਕਾਬਲੇ 2022: ਇੱਕ ਪੰਛੀ ਝਾਤ

ਲੇਖਕ: ਡਾ. ਬਲਜਿੰਦਰ ਸਿੰਘ, ਸਹਾਇਕ ਪ੍ਰੋਫੈਸਰ, ਜੀ. ਐਚ. ਜੀ ਖਾਲਸਾ ਕਾਲਜ, ਗੁਰੂਸਰ ਸੁਧਾਰ

ਪਹਿਲਾਂ ਕੋਰੋਨਾ ਅਤੇ ਹੁਣ ਓਮੀਕਰੋਨ ਵਰਗੇ ਵਿਸ਼ਾਣੁਆਂ ਦੇ ਹਮਲੇ ਦੇ  ਵਿੱਚ ਵੀ ਖੇਡ ਜਗਤ ਦੇ ਜਾਂਬਾਜ਼ ਖ਼ਿਡਾਰੀਆਂ ਨੇ ਹਾਰ ਨਹੀਂ ਮੰਨੀ। ਕੋਰੋਨਾ ਦੇ ਸਾਏ ਹੇਠ ਬੀਤੇ ਵਰ੍ਹੇ 2021 ਵਿੱਚ ਖੇਡਾਂ ਦਾ ਸਭ ਤੋਂ ਵੱਡਾ ਮਹਾਕੁੰਭ ‘ਉਲੰਪਿਕ ਖੇਡਾਂ’ ਬੜੀ ਸ਼ਾਨੋ ਸ਼ੌਕਤ ਨਾਲ ਟੋਕੀਓ ਵਿਖ਼ੇ ਸੰਪਨ ਹੋਈਆਂ। ਬੇਸ਼ੱਕ ਨਵੇਂ ਵਰ੍ਹੇ 2022 ਵਿੱਚ ਓਮੀਕਰੋਨ ਦਾ ਖ਼ਤਰਾ ਮੰਡਰਾ ਰਿਹਾ ਹੈ ਪਰ ਫ਼ੇਰ ਵੀ ਜੇ ਉਸ ਅਕਾਲਪੁਰਖ ਨੇ ਚਾਹਿਆ ਤਾਂ ਇਸ ਵਰ੍ਹੇ ਵੀ ਕਈ ਵੱਡੇ ਖੇਡ ਟੂਰਨਾਮੈਂਟਾਂ ਜਿਨ੍ਹਾਂ ਵਿੱਚ ਪ੍ਰਮੁੱਖ ਰੂਪ ਨਾਲ ਵਿੰਟਰ ਓਲੰਪਿਕ੍ਸ, ਰਾਸ਼ਟਰਮੰਡਲ ਖੇਡਾਂ, ਏਸ਼ੀਆਈ ਖੇਡਾਂ, ਟੀ-20 ਕ੍ਰਿਕਟ ਵਿਸ਼ਵ ਕੱਪ ਅਤੇ ਦੁਨੀਆਂ ਵਿੱਚ ਸਭ ਤੋਂ ਵੱਧ ਦੇਖਿਆ ਜਾਣ ਵਾਲੇ ਫ਼ੀਫ਼ਾ ਫੁੱਟਬਾਲ ਵਿਸ਼ਵ ਕੱਪ ਆਦਿਕ ਵਿੱਚ ਖ਼ਿਡਾਰੀਆਂ ਦੇ ਜੌਹਰ ਦੇਖਣ ਨੂੰ ਮਿਲਣਗੇ।

ਆਓ 2022 ਦੀ ਬੁੱਕਲ ਵਿੱਚ ਹੋਣ ਵਾਲੇ ਪ੍ਰਮੁੱਖ ਖੇਡ ਮੁਕਾਬਲਿਆਂ ਤੇ ਇੱਕ ਪੰਛੀ ਝਾਤ ਮਾਰੀਏ…!

ਮਹਿਲਾ ਹਾਕੀ ਏਸ਼ੀਆ ਕੱਪ: ਜਨਵਰੀ

ਇਸ ਸਾਲ ਦਾ ਆਗਾਜ਼ ਓਮਾਨ ਵਿਖ਼ੇ ਹੋਣ ਵਾਲੇ ਮਹਿਲਾ ਹਾਕੀ ਏਸ਼ੀਆ ਕੱਪ ਤੋਂ ਹੋਵੇਗਾ। ਇਸ ਮੁਕਾਬਲੇ ਵਿੱਚ ਭਾਰਤੀ ਮਹਿਲਾਵਾਂ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕਰਨਗੀਆਂ ਕਿ ਟੋਕੀਓ ਓਲੰਪਿਕ ਵਿੱਚ ਉਨ੍ਹਾਂ ਦਾ ਚੌਥਾ ਸਥਾਨ ਕੋਈ ਤੁੱਕਾ ਨਹੀਂ ਸੀ। ਮਹਿਲਾ ਟੀਮ ਇਸ ਟੂਰਨਾਮੈਂਟ ਰਾਹੀਂ ਜੁਲਾਈ ਵਿੱਚ ਹੋਣ ਵਾਲੇ ਵਿਸ਼ਵ ਕੱਪ ਲਈ ਕੁਆਲੀਫਾਈ ਕਰੇਗੀ।

ਏ. ਐਫ. ਸੀ ਮਹਿਲਾ ਫੁੱਟਬਾਲ ਏਸ਼ੀਅਨ ਕੱਪ: ਜਨਵਰੀ

ਜਨਵਰੀ ਵਿੱਚ ਹੀ ਭਾਰਤ ਵਿੱਚ ਆਯੋਜਿਤ ਹੋਣ ਵਾਲਾ ਸਭ ਤੋਂ ਵੱਡਾ ਈਵੈਂਟ ਏਸ਼ੀਅਨ ਫੁੱਟਬਾਲ ਮਹਿਲਾ ਮੁਕਾਬਲਾ ਹੋਵੇਗਾ। ਭਾਰਤ 43 ਸਾਲਾਂ ਬਾਅਦ ਇਸ ਈਵੈਂਟ ਦੀ ਮੇਜ਼ਬਾਨੀ ਕਰੇਗਾ ਅਤੇ ਗਰੁੱਪ ਪੜਾਅ ਵਿੱਚ ਚੀਨ ਅਤੇ ਈਰਾਨ ਵਰਗੀਆਂ ਟੀਮਾਂ ਨਾਲ ਭਿੜੇਗਾ। ਇਹ ਟੂਰਨਾਮੈਂਟ 2023 ਫ਼ੀਫ਼ਾ ਮਹਿਲਾ ਵਿਸ਼ਵ ਕੱਪ ਲਈ ਏਸ਼ੀਆਈ ਕੁਆਲੀਫਾਇਰ ਦੇ ਅੰਤਿਮ ਪੜਾਅ ਵਜੋਂ ਵੀ ਕੰਮ ਕਰੇਗਾ।

ਬੀਜਿੰਗ ਵਿੰਟਰ ਓਲੰਪਿਕ੍ਸ : ਫਰਵਰੀ

ਇਸ ਸਾਲ ਫ਼ਰਵਰੀ ਵਿੱਚ ਬੀਜਿੰਗ ਵਿਖ਼ੇ ਵਿੰਟਰ ਓਲੰਪਿਕ੍ਸ ਅਤੇ ਪੈਰਾਲੰਪਿਕ ਖੇਡਾਂ ਕਰਵਾਈਆਂ ਜਾ ਰਹੀਆਂ ਹਨ। 14 ਸਾਲ ਪਹਿਲਾਂ ਬੀਜਿੰਗ ਨੇ ਸਮਰ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕੀਤੀ ਸੀ, ਚੀਨ ਦੀ ਰਾਜਧਾਨੀ ਬੀਜਿੰਗ ਵਿੰਟਰ ਅਤੇ ਸਮਰ ਓਲੰਪਿਕ੍ਸ ਮੁਕਾਬਲਿਆਂ ਦੀ ਮੇਜ਼ਬਾਨੀ ਕਰਨ ਵਾਲਾ ਪਹਿਲਾ ਸ਼ਹਿਰ ਬਣ ਗਿਆ ਹੈ। ਭਾਰਤ ਦੀ ਨੁਮਾਇੰਦਗੀ ਆਰਿਫ ਮੁਹੰਮਦ ਖਾਨ ਕਰਨਗੇ, ਜੋ ਦੋ ਵੱਖ-ਵੱਖ ਮੁਕਾਬਲਿਆਂ ਸਲੈਲੋਮ ਅਤੇ ਜਾਇੰਟ ਸਲੈਲੋਮ ਲਈ ਕੁਆਲੀਫਾਈ ਕਰਨ ਵਾਲੇ ਪਹਿਲੇ ਭਾਰਤੀ ਬਣ ਗਏ ਹਨ।

ਮਹਿਲਾ ਵਨਡੇ ਕ੍ਰਿਕਟ ਵਿਸ਼ਵ ਕੱਪ: ਮਾਰਚ

ਮਹਿਲਾ ਵਨਡੇ ਕ੍ਰਿਕਟ ਵਿਸ਼ਵ ਕੱਪ ਇਸ ਵਾਰ ਕੀਵੀਆਂ ਦੇ ਦੇਸ਼ ਨਿਊਜ਼ੀਲੈਂਡ ਵਿਖ਼ੇ ਹੋਵੇਗਾ। ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਪਿਛਲੇ ਦਹਾਕੇ ਵਿੱਚ ਵੱਡੀਆਂ ਤਰੱਕੀਆਂ ਕੀਤੀਆਂ ਹਨ, ਪਰ ਉਨ੍ਹਾਂ ਦੀ ਟਰਾਫੀ ਕੈਬਨਿਟ ਵਿੱਚ ਅਜੇ ਵੀ ਵਿਸ਼ਵ ਕੱਪ ਖਿਤਾਬ ਦੀ ਘਾਟ ਹੈ। ਗੌਰਤਲਬ ਹੈ ਭਾਰਤੀ ਮਹਿਲਾ ਕ੍ਰਿਕਟ ਟੀਮ 2017 ਵਿੱਚ ਹੋਏ ਵਨਡੇ ਵਿਸ਼ਵ ਕੱਪ ਅਤੇ 2020 ਵਿੱਚ ਹੋਏ ਟੀ-20 ਵਿਸ਼ਵ ਕੱਪ ਵਿੱਚ ਫਾਈਨਲਿਸਟ ਸੀ।

ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ: ਜੁਲਾਈ

ਇਸ ਸਾਲ ਅਮਰੀਕਾ ਦੇ ਓਰੇਗੋਨ ਵਿਖ਼ੇ ਨਾਮਚੀਨ ਅਥਲੀਟ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਭਾਗ ਲੈਣਗੇ। ਇਤਿਹਾਸ ਵਿੱਚ  ਭਾਰਤ ਦੇ ਨਾਮ ਇਸ ਚੈਂਪੀਅਨਸ਼ਿਪ ਵਿੱਚ ਸਿਰਫ਼ ਇੱਕ ਕਾਂਸੀ ਦਾ ਤਗਮਾ ਬੋਲਦਾ ਹੈ ਜੋ ਕਿ ਲਾਂਗ ਜੰਪਰ ਅੰਜੂ ਬੌਬੀ ਜਾਰਜ ਨੇ 2003 ਵਿੱਚ ਹਾਸਿਲ ਕੀਤਾ ਸੀ। ਹਾਲਾਂਕਿ, ਭਾਰਤੀ ਅਥਲੈਟਿਕਸ ਨੇ ਟੋਕੀਓ ਓਲੰਪਿਕ੍ਸ ਵਿਖ਼ੇ ਨੀਰਜ ਚੋਪੜੇ ਦੇ ਗੋਲਡ ਮੈਡਲ ਰਾਹੀਂ 2021 ਆਪਣਾ ਲੋਹਾ ਮਨਵਾਇਆ ਹੈ। ਨੀਰਜ ਚੋਪੜਾ ਨਾ ਸਿਰਫ ਭਾਰਤ ਦੇ ਪਹਿਲੇ ਸੰਭਾਵੀ ਐਥਲੈਟਿਕਸ ‘ਵਿਸ਼ਵ ਚੈਂਪੀਅਨ’ ਦੇ ਤੌਰ ‘ਤੇ ਲਾਈਮਲਾਈਟ ਵਿੱਚ ਹੋਣਗੇ ਪਰ ਇਸਦੇ ਨਾਲ ਬਹੁਤ ਸਾਰੀਆਂ ਨਜ਼ਰਾਂ ਲਾਂਗ ਜੰਪਰ ਸ਼ੈਲੀ ਸਿੰਘ ਤੇ ਵੀ ਹੋਣਗੀਆਂ, ਜੋ ਪਿਛਲੇ ਸਾਲ ਅੰਡਰ-20 ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜੇਤੂ ਸੀ।

ਮਹਿਲਾ ਹਾਕੀ ਵਿਸ਼ਵ ਕੱਪ – ਜੁਲਾਈ

ਮਹਿਲਾ ਹਾਕੀ ਟੀਮ ਇਸ ਵਾਰ ਭਾਰਤੀ ਹਾਕੀ ਲਈ ਸਾਲ ਦੇ ਸਭ ਤੋਂ ਵੱਡੇ ਟੂਰਨਾਮੈਂਟ ‘ਚ ਹਿੱਸਾ ਲਵੇਗੀ। ਇਸ ਟੂਰਨਾਮੈਂਟ ਵਿੱਚ ਭਾਰਤ ਦਾ  ਸੰਨ 1974 ਵਿੱਚ ਚੌਥਾ ਸਥਾਨ ਰਿਹਾ ਸੀ। ਰਾਣੀ ਰਾਮਪਾਲ ਅਤੇ ਉਸਦੀ ਟੀਮ ਇਸ ਸਾਲ ਸਪੇਨ ਅਤੇ ਨੀਦਰਲੈਂਡ ਵਿੱਚ ਆਪਣਾ ਦਮ ਖਮ ਦਿਖਾਉਣ ਦੀ ਤਾਕ ਵਿੱਚ ਰਹੇਗੀ।

ਰਾਸ਼ਟਰਮੰਡਲ ਖੇਡਾਂ – ਅਗਸਤ

ਅਗਸਤ ਵਿੱਚ ਬਿਰਮਿੰਘਮ ਵਿਖ਼ੇ ਰਾਸ਼ਟਰਮੰਡਲ ਖੇਡਾਂ ਆਯੋਜਿਤ ਕੀਤੀਆਂ ਜਾਣਗੀਆਂ। ਰਾਸ਼ਟਰਮੰਡਲ ਖੇਡਾਂ ਵਿੱਚ ਇਸ ਵਾਰ ਨਿਸ਼ਾਨੇਬਾਜ਼ੀ ਮੁਕਾਬਲੇ ਦਾ ਹਿੱਸਾ ਨਹੀਂ ਹੋਵੇਗੀ। ਭਾਰਤ 503 ਤਗਮਿਆਂ ਦੇ ਨਾਲ (181 ਸੋਨੇ, 173 ਚਾਂਦੀ, 149 ਕਾਂਸੀ) ਆਲ-ਟਾਈਮ ਰਾਸ਼ਟਰਮੰਡਲ ਖੇਡਾਂ ਦੀ ਮੈਡਲ ਸੂਚੀ ਵਿੱਚ ਚੌਥੇ ਸਥਾਨ ‘ਤੇ ਹੈ।

ਏਸ਼ੀਆਈ ਖੇਡਾਂ – ਸਤੰਬਰ

ਇਸ ਸਾਲ ਚੀਨ ਦਾ ਹੋਂਵਾਗਜ਼ੋ ਸ਼ਹਿਰ ਏਸ਼ੀਆਈ ਖੇਡਾਂ ਦੀ ਮੇਜ਼ਬਾਨੀ ਕਰ ਰਿਹਾ ਹੈ। ਭਾਰਤ ਨੇ 2018 ਵਿੱਚ ਆਪਣਾ ਸਰਵੋਤਮ  ਪ੍ਰਦਰਸ਼ਨ ਦਰਜ ਕੀਤਾ ਸੀ ਅਤੇ ਆਪਣੇ ਪਿਛਲੇ ਓਲੰਪਿਕ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਦੇਖਦਿਆਂ ਇਸ ਵਾਰ ਭਾਰਤ ਵੱਲੋਂ ਏਸ਼ੀਆਈ ਖੇਡਾਂ ਵਿੱਚ ਵੀ ਬਿਹਤਰ ਪ੍ਰਦਰਸ਼ਨ ਦੀ ਉਮੀਦ ਕੀਤੀ ਜਾਵੇਗੀ।

ਫ਼ੀਫ਼ਾ  ਅੰਡਰ-17 ਮਹਿਲਾ ਵਿਸ਼ਵ ਕੱਪ – ਅਕਤੂਬਰ

ਭਾਰਤ ਵਿੱਚ ਫ਼ੀਫ਼ਾ  ਅੰਡਰ-17 ਮਹਿਲਾ ਵਿਸ਼ਵ ਕੱਪ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ, ਅਸਲ ਵਿੱਚ ਇਹ ਟੂਰਨਾਮੈਂਟ 2021 ਵਿੱਚ ਕਰਵਾਉਣਾ ਸੀ ਪਰ ਕੋਵਿਡ-19 ਕਾਰਣ ਇਹ ਮੁਲਤਵੀ ਕਰਨਾ ਪਿਆ ਸੀ, ਹੁਣ ਇਹ ਟੂਰਨਾਮੈਂਟ ਅਕਤੂਬਰ ਵਿੱਚ ਹੋਵੇਗਾ। ਸਪੇਨ ਇਸ ਟੂਰਨਾਮੈਂਟ ਦਾ ਡਿਫੈਂਡਿੰਗ ਚੈਂਪੀਅਨ ਹੈ ਅਤੇ ਭਾਰਤੀਆਂ ਦੀ ਨਜ਼ਰ ਦੇਸ਼ ‘ਚ ਖੇਡ ਦੀ ਪ੍ਰੋਫਾਈਲ ਨੂੰ ਉੱਚਾ ਚੁੱਕਣ ਲਈ ਵਧੀਆ ਮੇਜ਼ਬਾਨੀ ਕਰਨ ‘ਤੇ ਹੋਵੇਗੀ।

ਆਈ.ਸੀ.ਸੀ ਟੀ-20 ਵਿਸ਼ਵ ਕੱਪ : ਅਕਤੂਬਰ

ਏਸੇ ਸਾਲ ਅਕਤੂਬਰ ਦੇ ਮਹੀਨੇ ਕ੍ਰਿਕਟ ਪ੍ਰੇਮੀਆਂ ਨੂੰ ਆਸਟ੍ਰੇਲੀਆ ਵਿੱਚ ਹੋਣ ਵਾਲੇ ਆਈ.ਸੀ.ਸੀ ਟੀ-20 ਵਿਸ਼ਵ ਕੱਪ ਵਿੱਚ ਇੱਕ ਵਾਰ ਫੇਰ ਤੋਂ ਚੌਕੇ ਛੱਕੇਆਂ ਦੀ ਝੜੀ ਦੇਖਣ ਨੂੰ ਮਿਲੇਗੀ। ਇਹ ਵੀ ਹੋ ਸਕਦਾ ਹੈ ਕੇ ਭਾਰਤ ਨੂੰ ਪਾਕਿਸਤਾਨੀਆਂ ਦੀ ਪਾਈ ਭਾਜੀ ਮੋੜਨ ਦਾ ਮੌਕਾ ਵੀ ਮਿਲ ਜਾਵੇ, ਪਰ ਭਵਿੱਖ ਦੀ ਬੁੱਕਲ ਵਿੱਚ ਕੀ ਛਿੱਪਿਆ ਹੈ ਇਹ ਤਾਂ ਆਉਣ ਵਾਲਾ ਵਕ਼ਤ ਹੀ ਦੱਸੇਗਾ।

ਫ਼ੀਫ਼ਾ ਫੁੱਟਬਾਲ ਵਿਸ਼ਵਕੱਪ : ਨਵੰਬਰ

ਇਸ ਸਾਲ ਕਤਰ ਵਿੱਚ ਹੋਣ ਵਾਲੇ 2022 ਫੀਫਾ ਵਿਸ਼ਵ ਕੱਪ ਦੀ ਉਡੀਕ ਸਾਰਾ ਸੰਸਾਰ ਕਰ ਰਿਹਾ ਹੈ, ਜੋ ਕਿ ਅਮੁਮਨ ਜੂਨ ਵਿੱਚ ਕਰਵਾਇਆ ਜਾਂਦਾ ਸੀ ਪਰ ਉਨ੍ਹੀ ਦਿਨੀਂ ਕਤਰ ਵਿੱਚ ਬਹੁਤ ਗ਼ਰਮੀ ਹੁੰਦੀ ਹੈ ਜਿਸ ਕਾਰਣ ਇਸ ਨੂੰ ਨਵੰਬਰ ਵਿੱਚ ਕਰਵਾਇਆ ਜਾ ਰਿਹਾ ਹੈ।

ਪ੍ਰਮਾਤਮਾਂ ਅੱਗੇ ਅਰਦਾਸ ਕਰਦੇ ਹਾਂ, ਇਹਨਾਂ ਨਾਮੁਰਾਦ ਵਿਸ਼ਾਣੁਆ ਦੇ ਪ੍ਰਕੋਪ ਤੋਂ ਖੇਡ ਜਗਤ ਅਛੂਤਾ ਰਹੇ ਅਤੇ ਇਸ ਸਾਲ ਵਿੱਚ ਮਿੱਥੇ ਖੇਡਾਂ ਦੇ ਸ਼ੈਡਿਊਲ ਅਨੁਸਾਰ ਹੀ ਇਹ ਆਲਮੀ ਖੇਡ ਮੁਕਾਬਲੇ ਨੇਪਰੇ ਚੜਨ।

Related posts

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin

Shepparton Paramedic Shares Sikh Spirit of Service This Diwali

admin

If Division Is What You’re About, Division Is What You’ll Get

admin