ਕੋਵਿਡ-19 ਮਹਾਂਮਾਰੀ ਦੇ ਕਾਰਨ ਇੱਕ ਸਾਲ ਲਈ ਮੁਲਤਵੀ ਕੀਤੇ ਜਾਣ ਤੋਂ ਬਾਅਦ, ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਦੇ ਦੂਜੇ ਐਡੀਸ਼ਨ ਦੀ ਸ਼ੁਰੂਆਤ ਐਤਵਾਰ ਨੂੰ ਬੈਂਗਲੁਰੂ ਦੇ ਸ਼੍ਰੀ ਕਾਂਤੀਰਵਾ ਇਨਡੋਰ ਸਟੇਡੀਅਮ ਵਿੱਚ ਇੱਕ ਉਦਘਾਟਨੀ ਸਮਾਰੋਹ ਨਾਲ ਹੋਵੇਗੀ। ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ 24 ਅਪ੍ਰੈਲ ਤੋਂ 3 ਮਈ ਤੱਕ ਹੋਣਗੀਆਂ। ਉਦਘਾਟਨੀ ਸਮਾਰੋਹ ਵਿੱਚ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ, ਗ੍ਰਹਿ ਮੰਤਰੀ ਅਮਿਤ ਸ਼ਾਹ, ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਖੇਡ ਮੰਤਰੀ ਅਨੁਰਾਗ ਠਾਕੁਰ, ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਸਮੇਤ ਖੇਡ ਜਗਤ ਤੋਂ ਵੀ ਕਈ ਨਾਮਵਰ ਸਖਸ਼ੀਅਤਾਂ ਹਾਜ਼ਰ ਰਹਿਣਗੀਆਂ ।
ਭਾਰਤ ਦੇ ਚੋਟੀ ਦੇ ਤੈਰਾਕ ਅਤੇ ਟੋਕੀਓ ਓਲੰਪੀਅਨ ਸ਼੍ਰੀਹਰੀ ਨਟਰਾਜ ਸ਼੍ਰੀ ਕਾਂਤੀਰਵਾ ਇਨਡੋਰ ਸਟੇਡੀਅਮ ਵਿੱਚ ਪ੍ਰਤੀਯੋਗੀ ਐਥਲੀਟਾਂ ਦੀ ਤਰਫੋਂ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਦੀ ਸਹੁੰ ਚੁੱਕਣਗੇ। ਅੰਤਰਰਾਸ਼ਟਰੀ ਸਿਤਾਰੇ ਐਸ.ਵੀ. ਸੁਨੀਲ ਅਤੇ ਸੁਹਾਨਾ ਕੁਮਾਰ ਤਿਰੰਗੇ ਨੂੰ ਉੱਚਾ ਰੱਖਣ ਵਾਲੇ ਨੌਜਵਾਨ ਐਥਲੀਟਾਂ ਨੂੰ ਮਸ਼ਾਲ ਸੌਂਪਣਗੇ। ਇਸਦੀ ਸਮਾਪਤੀ ਏਸ਼ੀਅਨ ਯੂਥ ਬਾਕਸਿੰਗ ਚੈਂਪੀਅਨ ਵਿੰਕਾ ਅਤੇ ਜੈਨ ਯੂਨੀਵਰਸਿਟੀ ਦੀ ਟੈਨਿਸ ਸਟਾਰ ਲੋਕਿਤਕਸ਼ਾ ਬਦਰੀਨਾਥ ਦੁਆਰਾ ਡਿਜੀਟਲ ਜੋਤ ਜਗਾਉਣ ਨਾਲ ਹੋਵੇਗੀ।
ਇਸ ਸਾਲ ਦਾ ਖੇਲੋ ਇੰਡੀਆ ਯੂਨੀਵਰਸਿਟੀ ਗੇਮਜ ਬੈਂਗਲੁਰੂ ਵਿੱਚ ਹੋ ਰਹੀਆਂ ਹਨ। ਜੈਨ ਗਲੋਬਲ ਯੂਨੀਵਰਸਿਟੀ ਇਹਨਾਂ ਖੇਡਾਂ ਦੀ ਮੇਜ਼ਬਾਨ ਹੋਵੇਗੀ। ਇਵੈਂਟਸ ਪੰਜ ਸਥਾਨਾਂ ‘ਤੇ ਆਯੋਜਿਤ ਕੀਤੇ ਜਾਣਗੇ: ਜੈਨ ਗਲੋਬਲ ਯੂਨੀਵਰਸਿਟੀ ਕੈਂਪਸ, ਜੈਨ ਸਪੋਰਟਸ ਸਕੂਲ, ਕਾਂਤੀਰਾਵਾ ਸਟੇਡੀਅਮ, ਫੀਲਡ ਮਾਰਸ਼ਲ ਕਰਿਅੱਪਾ ਹਾਕੀ ਸਟੇਡੀਅਮ ਅਤੇ ਭਾਰਤੀ ਖੇਡ ਅਥਾਰਟੀ ਦੇ ਬੈਂਗਲੁਰੂ ਕੈਂਪਸ।
ਇਸ ਸਾਲ ਦੇ ਐਡੀਸ਼ਨ ਵਿੱਚ 20 ਕਿਸਮ ਦੀਆਂ ਖੇਡਾਂ ਵਿੱਚ ਮੁਕਾਬਲੇ ਦੇਖਣ ਨੂੰ ਮਿਲਣਗੇ: ਤੀਰਅੰਦਾਜ਼ੀ, ਅਥਲੈਟਿਕਸ, ਬੈਡਮਿੰਟਨ, ਬਾਸਕਟਬਾਲ, ਮੁੱਕੇਬਾਜ਼ੀ, ਤਲਵਾਰਬਾਜ਼ੀ, ਫੁੱਟਬਾਲ, ਫੀਲਡ ਹਾਕੀ, ਜੂਡੋ, ਕਬੱਡੀ, ਸ਼ੂਟਿੰਗ, ਤੈਰਾਕੀ, ਟੈਨਿਸ, ਟੇਬਲ ਟੈਨਿਸ, ਵਾਲੀਬਾਲ, ਵੇਟਲਿਫਟਿੰਗ, ਕੁਸ਼ਤੀ ਅਤੇ ਕਰਾਟੇ। ਇਸ ਸਾਲ ਇਹਨਾਂ ਖੇਡਾਂ ਵਿੱਚ ਦੋ ਸਵਦੇਸ਼ੀ ਖੇਡਾਂ ਵੀ ਸ਼ਾਮਿਲ ਹਨ- ਮੱਲਖੰਬ ਅਤੇ ਯੋਗਾਸਨ। ਇਹਨਾ ਮੁਕਾਬਲਿਆਂ ਵਿੱਚ ਕੁੱਲ 257 ਸੋਨ ਤਗਮੇ ਸ਼ਾਮਿਲ ਕੀਤੇ ਗਏ ਹਨ।
ਭਾਰਤ ਦੇ ਕੁਝ ਚੋਟੀ ਦੇ ਅਥਲੀਟ ਜਿਵੇਂ ਕਿ ਏਸ਼ੀਆਈ ਖੇਡਾਂ ਦਾ ਤਗਮਾ ਜੇਤੂ ਦੌੜਾਕ ਦੁਤੀ ਚੰਦ, ਤੈਰਾਕ ਸ਼੍ਰੀਹਰੀ ਨਟਰਾਜ, ਨਿਸ਼ਾਨੇਬਾਜ਼ ਦਿਵਯਾਂਸ਼ ਸਿੰਘ ਪੰਵਾਰ, ਨਿਸ਼ਾਨੇਬਾਜ਼ ਐਸ਼ਵਰੀ ਪ੍ਰਤਾਪ ਸਿੰਘ ਤੋਮਰ ਅਤੇ ਲੰਬੀ ਛਾਲ ਮਾਰਨ ਵਾਲੇ ਜੇਸਵਿਨ ਐਲਡਰਿਨ ਇਸ ਮੁਕਾਬਲੇ ਵਿੱਚ ਹਿੱਸਾ ਲੈ ਰਹੇ ਹਨ। ਨਟਰਾਜ ਮੇਜ਼ਬਾਨ ਜੈਨ ਯੂਨੀਵਰਸਿਟੀ ਦੀ ਨੁਮਾਇੰਦਗੀ ਕਰੇਗਾ ਜਦਕਿ ਦੁਤੀ ਕੇ ਆਈ ਆਈ ਟੀ ਯੂਨੀਵਰਸਿਟੀ ਭੁਵਨੇਸ਼ਵਰ ਦੀ ਨੁਮਾਇੰਦਗੀ ਕਰੇਗੀ।
ਇਹਨਾਂ ਖੇਡਾਂ ਨੂੰ 26 ਜੂਨ ਤੋਂ ਚੀਨ ਦੇ ਚੇਂਗਦੂ ਵਿੱਚ ਹੋਣ ਵਾਲੀਆਂ ਵਿਸ਼ਵ ਯੂਨੀਵਰਸਿਟੀ ਖੇਡਾਂ ਲਈ ਕੁਆਲੀਫਾਇੰਗ ਈਵੈਂਟ ਵਜੋਂ ਮਨੋਨੀਤ ਕੀਤਾ ਗਿਆ ਹੈ।
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ 17 ਸੋਨ, 19 ਚਾਂਦੀ ਅਤੇ 10 ਕਾਂਸੀ ਦੇ 46 ਤਗਮੇ ਜਿੱਤ ਕੇ 2020 ਵਿੱਚ ਖੇਲੋ ਯੂਨੀਵਰਸਿਟੀ ਖੇਡਾਂ ਦਾ ਖਿਤਾਬ ਜਿੱਤਿਆ। ਸਾਵਿਤਰੀਬਾਈ ਫੂਲੇ ਪੁਣੇ ਯੂਨੀਵਰਸਿਟੀ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ‘ਤੇ ਰੱਖਿਆ ਗਿਆ ਹੈ।