
ਸਾਲ 2011 ਦੀ ਮਰਦਮ ਸ਼ੁਮਾਰੀ ਮੁਤਾਬਕ ਸ਼ਹਿਰ ਲੁਧਿਆਣਾ ਦੀ ਅਬਾਦੀ ਇੱਕ ਕਰੋੜ ਸੱਤ ਲੱਖ ਦੇ ਕਰੀਬ ਸੀ। 3800 ਸੁਕੇਅਰ ਕਿ.ਮੀ. ਵਿੱਚ ਫੈਲੇ ਹੋਏ ਇਸ ਸ਼ਹਿਰ ਦੀ ਵੱਖੀ ਨਾਲ ਤੇਰਾਂ ਕਿ.ਮੀ. ਲੰਬਾ ਸਤਲੁਜ ਦਰਿਆ ਵਹਿੰਦਾ ਹੈ। ਕਿਸੇ ਵਕਤ ਇਥੇ ਮੀਰਹੱਤਾ ਨਾਂ ਦਾ ਪਿੰਡ ਸੀ। ਇਸ ਸ਼ਹਿਰ ਦੀ ਨੀਂਹ 1480 ਵਿੱਚ ਲੋਧੀ ਵੰਸ ਵਿੱਚੋਂ ਸਿਕੰਦਰ ਲੋਧੀ ਨੇ ਰੱਖੀ ਸੀ। ਉਸ ਨੇ ਆਪਣੇ ਰਾਜ ਕਾਲ ਦੌਰਾਨ ਥਾਂ-ਥਾਂ ਤੇ ਛਾਉਣੀਆਂ ਬਣਾਈਆਂ ਸਨ। ਜਿਹਨਾਂ ਵਿੱਚ ਇਹ ਲੁਧਿਆਣਾ ਛਾਉਣੀ ਵੀ ਸ਼ਾਮਲ ਸੀ। ਸਿਕੰਦਰ ਲੋਧੀ ਦੇ ਨਾਂ ਤੋਂ ਹੀ ਇਸ ਦਾ ਨਾਂਮ ਲੁਧਿਆਣਾ ਪਿਆ ਹੈ। ਉਹ ਲੋਧੀ ਦਾ ਕਿਲ੍ਹਾ ਅੱਜ ਢਹਿੰਦੀ ਹਾਲਤ ਵਿੱਚ ਆਖਰੀ ਸਾਹ ਭਰ ਰਿਹਾ ਹੈ। ਮੈਨੂੰ ਪਿਛਲੇ ਦਿਨੀ ਇਸ ਕਿਲੇ੍ਹ ਨੂੰ ਵੇਖਣ ਦਾ ਮੌਕਾ ਮਿਲਿਆ। ਜਿਸ ਨੂੰ ਵੇਖ ਕੇ ਮਨ ਕਾਫੀ ਉਦਾਸ ਹੋਇਆ ਹੈ। ਪਹਿਲੀ ਨਜ਼ਰ ਵਿੱਚ ਉਥੇ ਕੋਈ ਵੀ ਇਤਿਹਾਸਕ ਬੋਰਡ ਨਹੀ ਲੱਗਿਆ ਹੋਇਆ ਸੀ। ਸੰਘਣੀ ਵਸੋਂ ਵਾਲੀ ਅਬਾਦੀ ਵਿੱਚ ਖੰਡਰ ਬਣਿਆ ਕਿਲ੍ਹਾ ਜੰਗਲ, ਕੰਡਿਆਲੀ ਝਾੜ੍ਹੀਆਂ, ਸਪੋਲੀਏ, ਮੱਕੜੇ, ਅਪਰਾਧੀ, ਨਸ਼ੇੜੀਏ ਅਤੇ ਅਵਾਰਾ ਜਾਨਵਰਾਂ ਦਾ ਰੈਣ ਵਸੇਰਾ ਬਣਿਆ ਹੋਇਆ ਹੈ। ਜਿਸ ਨੂੰ ਵੇਖ ਕੇ ਖੁਸ਼ੀ ਘੱਟ ਤੇ ਡਰ ਜਿਆਦਾ ਲੱਗਦਾ ਹੈ। ਉਸ ਦੇ ਮੇਨ ਦਰਵਾਜ਼ੇ ਦੀ ਹਾਲਤ ਕਿਸੇ ਭੂਤ ਬੰਗਲੇ ਤੋਂ ਘੱਟ ਨਹੀ ਸੀ। ਮੇਰੇ ਪਾਈ ਹੋਈ ਅਸਮਾਨੀ ਸ਼ਰਟ, ਨੀਲੀ ਪੈਂਟ ਤੇ ਚੋਪੜੇ ਹੋਏ ਵਾਲਾਂ ਨਾਲ ਸਰਕਾਰੀ ਬੰਦਾ ਸਮਝ ਕੇ ਗੰਦੇ ਜਿਹੇ ਕਮਰੇ ਵਿੱਚ ਸਿਰ ਜੋੜੀ ਬੈਠੇ ਨਸ਼ੇੜੀਆਂ ਦੀ ਢਾਣੀ ਇਧਰ ਉਧਰ ਹੋ ਗਈ। ਇੱਕ ਹੋਰ ਖਸਤੇ ਜਿਹੇ ਕਮਰੇ ਵਿੱਚ ਬੈਠਾ ਮੁੰਡਾ ਸਾਨੂੰ ਵੇਖਣ ਲਈ ਆਇਆਂ ਕਿ ਅਸੀ ਕਿਤੇ ਸਰਕਾਰੀ ਆਦਮੀ ਤਾਂ ਨਹੀ। ਛੋਟੇ-ਛੋਟੇ ਬੱਚੇ ਨੰਗੇ ਪੈਰੀਂ ਝਾੜ੍ਹੀਆਂ ਵਿੱਚ ਘੁੰਮ ਰਹੇ ਸਨ। ਦੋ ਤਿੰਨ ਬੱਕਰੀਆਂ ਦੇ ਚਰਵਾਹੇ ਵੀ ਮਿਲੇ। ਉਥੇ ਇੱਕ ਸਰੁੰਗ ਵੀ ਹੈ ਅਤੇ ਦੰਦ ਕਥਾ ਮੁਤਾਬਕ ਕਿਸੇ ਵਕਤ ਇਹ ਫਿਲੌਰ ਕੋਲ ਜਾ ਨਿਕਲਦੀ ਸੀ। ਯੌਰਪ ਵਿੱਚ ਚਾਰ ਦਹਾਕੇ ਰਹਿਣ ਕਰਕੇ ਮੇਰਾ ਮਨ ਸੋਚੀ ਪੈ ਗਿਆ ਕਿ ਅਗਰ ਇਹ ਹੀ ਕਿਲ੍ਹਾ ਕਿਤੇ ਯੌਰਪ ਵਿੱਚ ਹੁੰਦਾ ਮੌਕੇ ਦੀਆਂ ਸਰਕਾਰਾਂ ਨੇ ਸੰਭਾਲ ਸੁਆਰ ਕੇ ਟੂਰਿਸਟ ਲੋਕਾਂ ਲਈ ਖੋਲ ਦੇਣਾ ਸੀ ਜਿਸ ਦੇ ਅੰਦਰ ਜਾਣ ਲਈ ਟਿੱਕਟ ਲੱਗੀ ਹੋਣੀ ਸੀ। ਵੇਖਣ ਨੂੰ ਇੰਝ ਲੱਗਦਾ ਸੀ ਜਿਵੇਂ ਪ੍ਰਸ਼ਾਸ਼ਨ ਲਈ ਭੁੱਲੀ ਬਿਸਰੀ ਯਾਦ ਬਣੀ ਹੋਈ ਹੈ। ਸਿਆਣੇ ਕਹਿੰਦੇ ਨੇ ਜਿਸ ਨੂੰ ਇਹ ਨਹੀ ਪਤਾ ਹੁੰਦਾ ਉਹ ਕਿਥੋਂ ਆ ਰਿਹਾ ਹੈ। ਉਸ ਨੂੰ ਇਹ ਵੀ ਨਹੀ ਪਤਾ ਹੁੰਦਾ ਕਿਥੇ ਜਾ ਰਿਹਾ ਹੈ। ਪੁਰਾਤਨ ਵਿਭਾਗ ਨੂੰ ਇਸ ਇਤਿਹਾਸਕ ਕਿਲ੍ਹੇ ਦੀ ਸੇਵਾ ਸੰਭਾਲ ਲਈ ਧਿਆਨ ਦੇਣਾ ਚਾਹੀਦਾ ਹੈ। ਪਹਿਚਾਣ ਗਵਾ ਰਿਹਾ ਇਹ ਇਤਿਹਾਸਕ ਚਿੰਨ੍ਹ ਕਿਤੇ ਕਿਤਾਬਾਂ ਦੇ ਸਫੇ ਬਣ ਕੇ ਨਾ ਰਹਿ ਜਾਵੇ। ਸਰਕਾਰਾਂ ਦੇ ਚੰਗੇ ਕੀਤੇ ਕੰਮ ਹੀ ਪਛਾਣ ਬਣਦੇ ਨੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਅਮਾਨਤ ਹੁੰਦੇ ਨੇ!