Story

ਗਰੀਬ ਤੇ ਨੇਤਾ ਜੀ।

ਲੇਖਕ: ਬਲਰਾਜ ਸਿੰਘ ਸਿੱਧੂ ਕਮਾਂਡੈਂਟ, ਪੰਡੋਰੀ ਸਿੱਧਵਾਂ

ਭਾਰਤ ਵਿੱਚ ਜਦੋਂ ਵੀ ਕਿਸੇ ਸੂਬੇ ਜਾਂ ਪਾਰਲੀਮੈਂਟ ਦੀਆਂ ਚੋਣਾਂ ਆਉਂਦੀਆਂ ਹਨ ਤਾਂ ਲੀਡਰਾਂ ਨੂੰ ਗਰੀਬਾਂ ਦੀ ਯਾਦ ਸਤਾਉਣ ਲੱਗ ਜਾਂਦੀ ਹੈ। ਹੋਰ ਕਈ ਪਾਖੰਡਾਂ ਦੇ ਨਾਲ ਗਰੀਬਾਂ ਦੀਆਂ ਝੁੱਗੀਆਂ ਵਿੱਚ ਬੈਠ ਕੇ ਖਾਣਾ ਖਾ ਕੇ ਅਖਬਾਰਾਂ ਅਤੇ ਟੀ.ਵੀ. ਚੈਨਲਾਂ ‘ਤੇ ਖਬਰਾਂ ਲਗਵਾਈਆਂ ਜਾਂਦੀਆਂ ਹਨ। ਇਸੇ ਤਰਾਂ ਇੱਕ ਚੋਣਾਂ ਵਾਲੇ ਸੂਬੇ ਦੇ ਇੱਕ ਪਿੰਡ ਦੇ ਗਰੀਬ ਵਿਅਕਤੀ ਰਾਮੂ ਨੂੰ ਵੀ ਸੁਨੇਹਾ ਪਹੁੰਚ ਗਿਆ ਕਿ ਕਲ੍ਹ ਨੂੰ ਇੱਕ ਵੱਡਾ ਨੇਤਾ ਤੇਰੇ ਘਰ ਨੂੰ ਭਾਗ ਲਾਉਣ ਲਈ ਆ ਰਿਹਾ ਹੈ। ਘੰਟੇ ਡੇਢ ਘੰਟੇ ਬਾਅਦ ਹੀ ਉਸ ਦੇ ਘਰ ਦੀ ਪੁਲਿਸ ਨੇ ਘੇਰਾਬੰਦੀ ਕਰ ਲਈ ਤੇ ਘਰ ‘ਤੇ ਇੱਕ ਤਰਾਂ ਨਾਲ ਕਬਜ਼ਾ ਜਮਾ ਲਿਆ। ਸਿਹਤ ਵਿਭਾਗ ਵਾਲਿਆਂ ਨੇ ਰਾਮੂ ਤੇ ਉਸ ਦੇ ਬੱਚਿਆਂ ਸਮੇਤ ਸਾਰੇ ਘਰ ਨੂੰ ਸੈਨੀਟਾਈਜ਼ ਕਰ ਦਿੱਤਾ ਤੇ ਸਾਰੇ ਘਰ ਦੀ ਸਰਕਾਰੀ ਖਰਚੇ ‘ਤੇ ਝਾੜ ਪੂੰਝ ਕੀਤੀ ਗਈ। ਅਗਲੇ ਦਿਨ ਸ਼ਹਿਰ ਦੇ ਇੱਕ ਫਾਈਵ ਸਟਾਰ ਹੋਟਲ ਤੋਂ ਨੇਤਾ ਜੀ ਦਾ ਮਨਪਸੰਦ ਖਾਣਾ ਚੁਪਕੇ ਜਿਹੇ ਰਾਮੂ ਦੇ ਘਰ ਪਹੁੰਚਾ ਦਿੱਤਾ ਗਿਆ। ਰਾਮੂ ਅਤੇ ਉਸ ਦੇ ਪੰਜ ਸੱਤ ਬੱਚਿਆਂ ਲਈ ਨਵੇਂ ਕੱਪੜੇ ਵੀ ਪਹੁੰਚ ਗਏ ਕਿ ਕਿਤੇ ਦੇਸ਼ ਦੀ ਗਰੀਬੀ ਦੁਨੀਆਂ ਦੀ ਨਜ਼ਰ ਵਿੱਚ ਨਾ ਆ ਜਾਵੇ।
ਮਿਥੇ ਸਮੇਂ ‘ਤੇ ਮੋਟੇ ਢਿੱਡ ਵਾਲੇ ਨੇਤਾ ਜੀ ਦਲ ਬਲ ਅਤੇ ਪੱਤਰਕਾਰਾਂ ਸਮੇਤ ਉਸ ਦੇ ਘਰ ਪਹੁੰਚ ਗਏ। ਨੇਤਾ ਜੀ ਨੂੰ ਰਾਮੂ ਦੇ ਘਰ ਦੇ ਪੰਜ ਵਾਰ ਲਾਲ ਦਵਾਈ ਨਾਲ ਧੋਤੇ ਹੋਏ ਭਾਂਡਿਆਂ ਵਿੱਚ ਖਾਣਾ ਪਰੋਸਿਆ ਗਿਆ। ਜਦੋਂ ਰਾਮੂ ਨੇ ਵੀ ਨੇਤਾ ਜੀ ਨਾਲ ਬੈਠਣ ਦੀ ਕੋਸ਼ਿਸ਼ ਕੀਤੀ ਤਾਂ ਸਕਿਉਰਟੀ ਵਾਲਿਆਂ ਨੇ ਹੌਲੀ ਜਿਹੀ ਉਸ ਦੇ ਕੰਨ ਵਿੱਚ ਫੂਕ ਮਾਰ ਦਿੱਤੀ ਕਿ ਤੇਰਾ ਕੰਮ ਸਿਰਫ ਖਾਣਾ ਪਰੋਸਣਾ ਹੈ, ਖਾਣਾ ਨਹੀਂ। ਰਾਮੂ ਦਾ ਸਾਰਾ ਪਰਿਵਾਰ ਸ਼ਾਹੀ ਖਾਣੇ ਵਿੱਚੋਂ ਆਉਂਦੀਆਂ ਲਪਟਾਂ ਸੁੰਘ ਕੇ ਲਾਲਾਂ ਸੁੱਟਦਾ ਰਹਿ ਗਿਆ। ਜਦੋਂ ਨੇਤਾ ਜੀ ਰਾਸ਼ਨ ਛਕ ਕੇ ਵੱਡਾ ਸਾਰਾ ਡਕਾਰ ਮਾਰ ਕੇ ਉੱਠੇ ਤਾਂ ਉਨ੍ਹਾਂ ਨੇ ਰਾਮੂ ਨੂੰ ਪੱਤਰਕਾਰਾਂ ਦੇ ਸਾਹਮਣੇ ਵਿੰਗੀ ਜਿਹੀ ਜੱਫੀ ਪਾ ਕੇ ਪੁੱਛਿਆ, “ਹਾਂ ਭਾਈ ਰਾਮੂ, ਸਾਡੇ ਲਾਇਕ ਕੋਈ ਸੇਵਾ ਹੈ ਤਾਂ ਦੱਸ।” ਖਿਝ੍ਹੇ ਖਪੇ ਰਾਮੂ ਨੇ ਕਿਹਾ, “ਨੇਤਾ ਜੀ ਤੁਸੀਂ ਗਰੀਬਾਂ ਦੇ ਘਰ ਤਾਂ ਬਹੁਤ ਵਾਰ ਖਾਣਾ ਖਾਂਦੇ ਉ। ਕਦੀ ਸਾਨੂੰ ਗਰੀਬਾਂ ਨੂੰ ਵੀ ਆਪਣੇ ਘਰ ਬੁਲਾ ਕੇ ਖਾਣਾ ਖਵਾ ਦਿਉ।” ਨੇਤਾ ਜੀ ਨਿਰਉੱਤਰ ਹੋ ਗਏ, “ਕੋਈ ਗੱਲ ਨਹੀਂ, ਜਰੂਰ ਬੁਲਾਵਾਂਗੇ।” ਕਹਿ ਕੇ ਗੱਡੀ ਵਿੱਚ ਬੈਠ ਕੇ ਫੁੱਰਰ ਹੋ ਗਏ। ਜਦੋਂ ਰਾਮੂ ਤੇ ਉਸ ਦੇ ਬੱਚੇ ਬਚਿਆ ਹੋਇਆ ਖਾਣਾ ਖਾਣ ਲਈ ਪਤੀਲਿਆਂ ਵੱਲ ਵਧੇ ਤਾਂ ਸਾਰੇ ਖਾਲੀ ਸਨ। ਬਚਿਆ ਹੋਇਆ ਖਾਣਾ ਪੁਲਿਸ ਅਤੇ ਹੋਰ ਸਰਕਾਰੀ ਕਰਮਚਾਰੀ ਚਟਮ ਕਰ ਗਏ ਸਨ।

Related posts

ਜਿੰਦਗੀ ਬਣੀ ਹਨ੍ਹੇਰਾ (ਕਹਾਣੀ)

admin

ਸਰਾਪ (ਕਹਾਣੀ)

admin

ਸਮਾਂ ਬਦਲ ਗਿਆ !

admin