
ਮਾਨਸਾ ਜ਼ਿਲ੍ਹੇ ਦੇ ਪਿੰਡ ਕੋਰ ਵਾਲਾ ਦਾ ਗੱਭਰੂ ਅੱਜ ਕੱਲ੍ਹ ਆਪਣੇ ਗੀਤਾਂ ਨਾਲ ਨੌਜਵਾਨ ਦਿਲਾਂ ਦੀ ਧੜਕਣ ਬਣਿਆ ਹੋਇਆ ਹੈ। ਜੋ ਕੁਲਵਿੰਦਰ ਬਿੱਲਾ, ਸਿੱਧੂ ਮੂਸੇ ਵਾਲਾ ਅਤੇ ਆਰ ਨੇਤ ਤੋਂ ਬਾਅਦ ਗਾਇਕੀ ਦੇ ਖੇਤਰ ਵਿੱਚ ਮਾਨਸਾ ਦਾ ਨਾਂ ਚਮਕਾ ਰਿਹਾ ਹੈ। ਪੰਜਾਬ ਪੁਲਿਸ ਵਿੱਚ ਤੈਨਾਤ ਏ ਐਸ ਆਈ ਸੁਰਜੀਤ ਸਿੰਘ ਅਤੇ ਚਰਨਜੀਤ ਕੌਰ ਦਾ ਇਕਲੌਤਾ ਪੁੱਤਰ ਕੋਰ ਆਲਾ ਮਾਨ ਬਚਪਨ ਤੋਂ ਹੀ ਲਿਖਣ ਅਤੇ ਗਾਉਣ ਦਾ ਸ਼ੌਕ ਰੱਖਦਾ ਹੈ। ਸ਼ੁਰੂਆਤ ਵਿਚ ਗਜ਼ਲਾਂ, ਕਵਿਤਾਵਾਂ ਅਤੇ ਗੀਤ ਲਿਖਕੇ ਅਕਸਰ ਸੋਸ਼ਲ ਮੀਡੀਆ ‘ਤੇ ਸੇਅਰ ਕਰਨ ਤੋਂ ਇਲਾਵਾ ਆਪਣੇ ਦੋਸਤਾਂ ਮਿੱਤਰਾਂ ਨੂੰ ਸੁਣਾਇਆ ਕਰਦਾ ਸੀ। ਮਾਨ ਨੂੰ ਆਪਣੀ ਮਾਂ ਦੀ ਫੁੱਲ ਸਪੋਰਟ ਸੀ ਪਰ ਪਿਤਾ ਜੀ ਪੜ੍ਹਾਈ ਤੇ ਧਿਆਨ ਦੇਣ ਤੇ ਜੋਰ ਦਿੰਦੇ ਸਨ ਤਾਂ ਕਿ ਉਹ ਪੜ੍ਹ ਲਿਖ ਕੇ ਚੰਗੀ ਨੌਕਰੀ ਕਰੇ। ਪਰ ਮਾਨ ਨੂੰ ਲਿਖਣ ਅਤੇ ਗਾਉਣ ਦਾ ਜਨੂੰਨ ਸੀ। ਮਾਂ ਦੀਆਂ ਦੁਆਵਾਂ ਅਤੇ ਆਪਣੇ ਅੰਦਰ ਪਾਲਿਆ ਜਨੂੰਨ ਅੱਜ ਉਸ ਨੂੰ ਬੁਲੰਦੀਆਂ ‘ਤੇ ਲੈ ਆਇਆ ਹੈ। ਹੁਣ ਪਿਤਾ ਜੀ ਵੀ ਪੂਰਾ ਸਹਿਯੋਗ ਕਰ ਰਹੇ ਹਨ।
ਸੰਗੀਤ ਇੰਡਸਟਰੀ ਵਿੱਚ ਸਭ ਤੋਂ ਪਹਿਲਾਂ ਮਾਨ ਦਾ ਲਿਖਿਆ ਅਤੇ ਗਾਇਆ ਡਿਊਟ ਗੀਤ ਗੁਰਲੇਜ਼ ਅਖਤਰ ਦੇ ਨਾਲ “ਦਾਦਕੇ-ਨਾਨਕੇ” ਰਿਲੀਜ਼ ਹੋਇਆ। ਜਿਸ ਨੂੰ ਸੁਣਨ ਵਾਲਿਆਂ ਨੇ ਭਰਪੂਰ ਪਿਆਰ ਦਿੱਤਾ। ਯੂ-ਟਿਊਬ ਤੇ ਇਸ ਗਾਣੇ ਨੂੰ 37 ਮਿਲੀਅਨ ਲੋਕਾਂ ਨੇ ਵੇਖਿਆ ਹੈ। ਮਾਨ ਦਾ ਦੂਸਰਾ ਗੀਤ “ਫ਼ਿਲਮੀ ਸੀਨ” ਵੀ ਗੁਰਲੇਜ਼ ਅਖ਼ਤਰ ਨਾਲ ਆਇਆ। ਇਸ ਗੀਤ ਦਿਆਂ ਬੋਲਾਂ “ਚੜਗੀ ਨੀ ਜਦੋਂ ਤੈਨੂੰ ਲੋਰ ਜੱਟ ਦੀ” ਨੇ ਕੋਰ ਆਲਾ ਮਾਨ ਨੂੰ ਚੰਗੀ ਪਹਿਚਾਣ ਦਿੱਤੀ। ਇਸ ਗੀਤ ਨੂੰ ਵੇਖਣ ਵਾਲਿਆਂ ਦੀ ਗਿਣਤੀ 75 ਮਿਲੀਅਨ ਤੱਕ ਪਹੁੰਚ ਚੁੱਕੀ ਹੈ। ਅਗਲਾ ਗੀਤ “ਬਰੂਦ ਦਿਲ” ਤਾਂ ਨੌਜਵਾਨਾਂ ਦੀ ਜੁਬਾਨ ‘ਤੇ ਚੜ੍ਹ ਗਿਆ। ਕੀ ਵਿਆਹ, ਕੀ ਮੋਟਰ ਗੱਡੀਆਂ ਕੀ ਟਰੈਕਟਰ ਹਰ ਥਾਂ ਤੇ ਇਹੋ ਗੀਤ ਬਜਦਾ ਸੁਣਾਈ ਦਿੱਤਾ। ਯੂ-ਟਿਊਬ ਤੇ ਇਹ ਗਾਣਾ 100 ਮਿਲੀਅਨ ਦਾ ਅੰਕੜਾ ਪਾਰ ਕਰ ਗਿਆ ਹੈ। ਕੋਰ ਆਲਾ ਮਾਨ ਦੇ ਸਾਰੇ ਗੀਤ ਟੀਮ 7 ਪਿਕਚਰ ਦੁਆਰਾ ਅਤੇ ਦੇਸੀ ਕਰਿਊ ਦੇ ਮਿਊਜਿਕ ਵਿੱਚ ਰਿਕਾਰਡ ਹੋਏ ਹਨ। ਸਾਰੇ ਗੀਤ ਉਸਦੇ ਆਪਣੇ ਲਿਖੇ ਹਨ। ਹੈਰੀ ਅੌਲਖ ਅਤੇ ਸ਼ੇਰਾ ਬੇਗੂਵਾਲ ਦਾ ਸਹਿਯੋਗ ਵੀ ਹਮੇਸ਼ਾ ਨਾਲ ਰਿਹਾ ਹੈ।
ਕੋਰ ਆਲਾ ਮਾਨ ਦਾ ਹੁਣੇ ਰਿਲੀਜ਼ ਹੋਇਆ ਸੋਲੋ ਗੀਤ “ਡਿਸਮਿਸ 1 41” ਨਵੀਆਂ ਪੈੜਾਂ ਪਾ ਰਿਹਾ ਹੈ। ਇਸ ਗੀਤ ਦੇ ਬੋਲ ਹਨ
“ਉਂਗਲੀ ਉੱਤੇ ਦਾਗ ਤਾਂ ਅੱਲੜ੍ਹੇ ਸਾਡੇ ਛੱਲੇ ਦਾ, ਮੁੰਦਰੀ ਦਾ ਮੈਂ ਸੁਣਿਆ ਨਾਪ ਤੂੰ ਦੇ ਗਈ ਗੈਰਾਂ ਨੂੰ“। ਇਸ ਗੀਤ ਨੂੰ ਵੀ ਬਹੁਤ ਹੀ ਵਧੀਆ ਹੁੰਗਾਰਾ ਮਿਲ ਰਿਹਾ ਹੈ। ਹਾਲੇ ਇਸ ਗੀਤ ਦੀ ਵੀਡੀਓ ਆਉਣੀ ਬਾਕੀ ਹੈ ਫਿਰ ਵੀ ਯੂ-ਟਿਊਬ ‘ਤੇ ਇਸ ਗੀਤ ਨੂੰ ਵੇਖਣ ਵਾਲਿਆਂ ਦੀ ਗਿਣਤੀ 20 ਮਿਲੀਅਨ ਤੋਂ ਟੱਪ ਚੁੱਕੀ ਹੈ ਤੇ ਲਗਾਤਾਰ ਵੱਧ ਰਹੀ ਹੈ। ਇਸ ਤੋਂ ਇਲਾਵਾ ਟਿਕ-ਟਾਕ, ਫੇਸਬੁੱਕ ਆਦਿ ਸੋਸ਼ਲ ਪਲੇਟਫਾਰਮਾ ‘ਤੇ ਵੀ ਇਸ ਗੀਤ ਨੇ ਧੁਮ ਮਚਾਈ ਹੋਈ ਹੈ।

ਮਾਨ ਲਚਰਤਾ ਅਤੇ ਮਾਰ-ਧਾੜ ਵਾਲੇ ਗੀਤਾਂ ਦੀ ਬਜਾਏ ਰੋਮਾਂਟਿਕ ਅਤੇ ਨੌਜਵਾਨਾਂ ਨੂੰ ਸੇਧ ਦੇਣ ਵਾਲੇ ਗੀਤ ਗਾਉਣ ਨੂੰ ਤਰਜੀਹ ਦਿੰਦਾ ਹੈ। ਕੋਰ ਵਾਲੇ ਮਾਨ ਦਾ ਕਹਿਣਾ ਹੈ ਕਿ ਉਸ ਨੇ ਪ੍ਰਸਿੱਧੀ ਪਾਉਣ ਲਈ ਕਦੇ ਵੀ ਅਜਿਹੇ ਗੀਤ ਨਹੀਂ ਗਾਏ ਅਤੇ ਨਾ ਹੀ ਸਾਰੀ ਉਮਰ ਅਜਿਹੇ ਗੀਤਾਂ ਨੂੰ ਗਾਏਗਾ। ਉਹ ਭਾਵੇਂ ਗਾਇਕੀ ਦੇ ਸਿਖਰਲੇ ਪੜਾਅ ਉੱਤੇ ਪਹੁੰਚ ਜਾਵੇ ਪਰ ਆਪਣਾ ਪਿਛੋੜਕ ਅਤੇ ਆਪਣਾ ਸੱਭਿਆਚਾਰ ਕਦੇ ਨਹੀਂ ਭੁੱਲੇਗਾ। ਬੜੇ ਹੀ ਸਾਊ ਜਿਹੇ ਸੁਭਾਅ ਦਾ ਮਾਲਕ ਕੋਰ ਆਲਾ ਮਾਨ ਅੱਜ ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀਂ ਉਸ ਦੇ ਗੀਤਾਂ ਕਰਕੇ ਅੱਜ ਉਸ ਦਾ ਨਾਂ ਬੱਚੇ ਬੱਚੇ ਦੀ ਜੁਬਾਨ ‘ਤੇ ਹੈ। ਤਾਲਾਬੰਦੀ ਦੋਰਾਨ ਉਹ ਆਪਣੀ ਤਰਫੋਂ ਗੁਪਤ ਤੌਰ ‘ਤੇ ਸੰਭਵ ਸੇਵਾ ਕਰ ਰਿਹਾ ਹੈ। ਪ੍ਰਮਾਤਮਾ ਉਸ ਨੂੰ ਇਸ ਖੇਤਰ ਵਿੱਚ ਹੋਰ ਵੀ ਬੁਲੰਦੀਆਂ ਬਖਸ਼ੇ।