
ਗੁਰਪਿਆਰ ਹਰੀ ਨੌ ਦਾ ਪਲੇਠਾ ਕਾਵਿ ਸੰਗ੍ਰਹਿ ‘ਖ਼ਲਾਅ ਹੁਣ ਵੀ ਹੈ’ ਮੁੱਖ ਤੌਰ ‘ਤੇ ਸਮਾਜ ਦੇ ਦੱਬੇ ਕੁਚਲੇ ਗ਼ਰੀਬ ਲੋਕਾਂ ਦੀ ਆਵਾਜ਼ ਬਣਕੇ ਸਾਹਿਤਕ ਮਾਰਕੀਟ ਵਿੱਚ ਆਇਆ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਉਹ ਲੋਕਾਈ ਦੇ ਬਰਾਬਰਤਾ ਦੇ ਹਿੱਤਾਂ ‘ਤੇ ਪਹਿਰਾ ਦੇ ਕੇ ਉਨ੍ਹਾਂ ਦਾ ਪ੍ਰਤੀਨਿਧ ਸ਼ਾਇਰ ਬਣ ਗਿਆ ਹੈ। ਭਾਵੇਂ ਉਸਦੀਆਂ ਕੁਝ ਨਜ਼ਮਾ ਪਿਆਰ ਮੁਹੱਬਤ ਦਾ ਪ੍ਰਗਟਾਵਾ ਕਰਦੀਆਂ ਹੋਈਆਂ ਪਿਆਰਿਆਂ ਨੂੰ ਨਿਹੋਰੇ ਤੇ ਚੋਭਾਂ ਵੀ ਮਾਰਦੀਆਂ ਹਨ। ਪ੍ਰੰਤੂ ਉਨ੍ਹਾਂ ਨਜ਼ਮਾ ਵਿੱਚੋਂ ਵੀ ਸਮਾਜਿਕਤਾ ਦੀ ਖ਼ੁਸ਼ਬੂ ਆਉਂਦੀ ਹੈ। ਕਵੀ ਦਾ ਖ਼ਲਾਅ
ਤੋਂ ਭਾਵ ਸਮਾਜ ਵਿੱਚ ਗ਼ਰੀਬ ਤੇ ਅਮੀਰ ਵਿੱਚ ਆਰਥਿਕ ਪਾੜੇ ਤੋਂ ਲੱਗਦਾ ਹੈ। ਲਗਪਗ ਉਸਦੀ ਹਰ ਨਜ਼ਮ ਵਿੱਚ ਸਮਾਜਿਕ ਬੇਇਨਸਾਫ਼ੀ ‘ਤੇ ਕਿੰਤੂ-ਪ੍ਰੰਤੂ ਕੀਤਾ ਜਾਂਦਾ ਹੈ। ਗੁਰਪਿਆਰ ਹਰੀ ਨੌ ਨੇ ਇਹ ਨਜ਼ਮਾ ਭਾਵੇਂ ਆਪਣੇ ਨਿੱਜੀ ਤਰਜ਼ਬੇ ‘ਤੇ ਅਧਾਰਤ ਫਸਟ ਪਰਸਨ ਵਿੱਚ ਲਿਖੀਆਂ ਹਨ, ਪ੍ਰੰਤੂ ਇਨ੍ਹਾਂ ਵਿੱਚੋਂ ਲੋਕਾਈ ਦਾ ਦਰਦ ਨਿਖ਼ਰਕੇ ਸਾਹਮਣੇ ਆ ਰਿਹਾ ਹੈ, ਇਹੋ ਉਸਦੀ ਵੱਡੀ ਪ੍ਰਾਪਤੀ ਕਹੀ ਜਾ ਸਕਦੀ ਹੈ। ਕਵੀ ਦੀ ਇੱਕ ਹੋਰ ਖ਼ੂਬੀ ਹੈ ਕਿ ਉਹ ਆਪਣੀਆਂ ਕਵਿਤਾਵਾਂ ਵਿੱਚ ਸਮਾਜ ਨੂੰ ਤਿੱਖੇ ਵਿਅੰਗਾਂ ਦੇ ਤੀਰ ਮਾਰਕੇ ਲੋਕਾਈ ਦੇ ਹਿਤਾਂ ਦੀ ਪੂਰਤੀ ਲਈ ਉਸਨੂੰ ਕਟਹਿਰੇ ਵਿੱਚ ਖੜ੍ਹਾ ਕਰਦਾ ਹੈ। ਕਾਵਿ ਸੰਗ੍ਰਹਿ ਦੀਆਂ 52 ਨਿੱਕੀਆਂ/ਵੱਡੀਆਂ ਨਜ਼ਮਾ ਵਿੱਚੋਂ 44 ਨਜ਼ਮਾ ਸਮਾਜ ਵਿੱਚ ਲੋਕਾਈ ਨਾਲ ਹੋ ਰਹੀਆਂ ਸਮਾਜਿਕ ਤੇ ਆਰਥਿਕ ਬੇਇਨਸਾਫ਼ੀਆਂ ਨਾਲ ਸੰਬੰਧਤ ਹਨ, ਜਦੋਂ ਕਿ 8 ਨਜ਼ਮਾ ਪਿਆਰ ਮੁਹੱਬਤ ਦੀ ਬਾਤ ਪਾਉਂਦੀਆਂ ਹਨ। ਉਸ ਦੀਆਂ ਨਜ਼ਮਾ ਵਿੱਚੋਂ ਖੇਤਾਂ ਵਿੱਚ ਕੰਮ ਕਰਦੇ ਕਿਸਾਨ/ਮਜ਼ਦੂਰ, ਲੋੜਬੰਦਾਂ ਦੀ ਚੀਸ, ਜ਼ੋਰ ਜ਼ਬਰਦਸਤੀ, ਮਿਹਨਤ ਦਾ ਮੁੱਲ ਨਾ ਮਿਲਣਾ, ਭੁੱਖ ਨਾਲ ਵਿਲਕ ਰਹੇ ਲੋਕਾਂ ਅਤੇ ਦਾਜ਼ ਦੀਆਂ ਪੀੜਤ ਬੇਕਸੂਰ ਅਣਭੋਲ ਲੜਕੀਆਂ ਦੇ ਦਰਦਾਂ ਦੇ ਹਟਕੋਰਿਆਂ ਦੀਆਂ ਚੀਕਾਂ/ਆਵਾਜ਼ਾਂ ਸੁਣਾਈ ਦਿੰਦੀਆਂ ਹਨ, ਜਿਹੜੀਆਂ ਪਾਠਕਾਂ ਨੂੰ ਸੋਚਣ ਲਈ ਮਜ਼ਬੂਰ ਕਰਦੀਆਂ ਹਨ। ਇੱਕ ਕਿਸਮ ਨਾਲ ਕਵੀ ਆਪਣੀਆਂ ਨਜ਼ਮਾ ਵਿੱਚ ਸਮਾਜ ਵਿਰੋਧੀ ਅਨਸਰਾਂ ਨੂੰ ਚੇਤਾਵਨੀ ਦਿੰਦਾ ਲਗਦਾ ਹੈ ਕਿ ਸੁਧਰ ਜਾਓ ਨਹੀਂ ਤਾਂ ਤੁਹਾਨੂੰ ਗ਼ਰੀਬਾਂ ਦੀਆਂ ਦੁਰਅਸੀੋਸਾਂ ਅਤੇ ਰੋਹ ਦਾ ਸਹਮਣਾ ਕਰਨਾ ਪੈ ਸਕਦਾ ਹੈ। ‘ਕੈਂਡਲ ਲਾਈਟ ਡਿਨਰ’ ਨਜ਼ਮ ਵਿੱਚ ਉਹ ਕਹਿੰਦਾ
ਹੈ ਕਿ ਜਿਹੜੇ ਸ਼ੁਗਲ ਲਈ ਤੁਸੀਂ ਇਹ ਡਿਨਰ ਕਰਦੇ ਹੋ, ਜੇਕਰ ਗ਼ਰੀਬ ਆਪਣੀ ਆਈ ‘ਤੇ ਆ ਗਏ ਤਾਂ ਫਿਰ ਇਹ ਕੱਖ-ਕਾਨਿਆਂ ਦੀ
ਛੱਤ ਹੇਠ ਜੀਵਨ ਗੁਜ਼ਾਰਨ ਵਾਲੇ ਲੋਕਾਂ ਦੇ ਰੋਹ/ਦਰਦ ਅੱਗੇ ਤੁਸੀਂ ਟਿਕ ਨਹੀਂ ਸਕਣਾ। ਨਜ਼ਮ ਦੇ ਸ਼ਬਦ ਹਨ:
ਕੈਂਡਲ ਲਾਈਟ ਡਿਨਰ, ਸਿਰਫ਼ ਸ਼ੁਗਲ ਲਈ!
ਤੁਸੀਂ ਕੀ ਜਾਣਂੋ ਕਿ, ਕਿੰਨੀ ਭਿਆਨਕ ਹੁੰਦੀ ਹੈ।
ਮੋਮਬੱਤੀਆਂ ਵਾਲ਼ੀ ਜ਼ਿੰਦਗੀ, ਕੱਖ-.ਕਾਨਿਆਂ ਦੀ ਛੱਤ ਤੇ।
ਸੁਰਾਖ਼ਾਂ ਭਰੀ ਚਾਰਦੀਵਾਰੀ, ਵਾਲ਼ੇ ਘਰਾਂ ਵਿੱਚ
ਮੂੰਹ-ਜ਼ੋਰ ਹਵਾਵਾਂ ਅੱਗੇ!
ਕਵੀ ਲਿਖਦਾ ਹੈ ਕਿ ਮਿਹਨਤ ਨਾਲ ਕੋਈ ਅਜਿਹਾ ਕੰਮ ਨਹੀਂ ਜਿਸ ਨੂੰ ਸਰ ਨਹੀਂ ਕੀਤਾ ਜਾ ਸਕਦਾ। ਇਸ ਲਈ ਕਵੀ ਲੋਕਾਂ ਨੂੰ ਹਰ
ਮੁਸ਼ਕਲ ਦਾ ਮੁਕਾਬਲਾ ਕਰਨ ਲਈ ਆਪਣੇ ਆਪ ਨੂੰ ਤਿਆਰ-ਬਰ-ਤਿਆਰ ਰਹਿਣ ਲਈ ਕਹਿੰਦਾ ਹੈ। ਜਿਵੇਂ ਕਿਸਾਨ/ਮਜ਼ਦੂਰ ਖੇਤਾਂ
ਵਿੱਚ ਭੱਖੜੇ ਦੇ ਕੰਡਿਆਂ ਨੂੰ ਆਪਣੇ ਪੈਰਾਂ ਨਾਲ ਮਿੱਧ ਲੰਘ ਸਕਦੇ ਹਨ, ਤਾਂ ਹੋਰ ਇਸ ਤੋਂ ਕਿਹੜਾ ਔਖਾ ਕੰਮ ਹੋ ਸਕਦਾ ਹੈ, ਜਿਸ ਨੂੰ ਉਹ
ਕਰ ਨਹੀਂ ਸਕਦੇ। ਪ੍ਰੰਤੂ ਮਨੁੱਖ ਨੂੰ ਨਿਸ਼ਾਨਾ ਨਿਸਚਤ ਕਰਕੇ ਕਦਮ ਪੁੱਟਣੇ ਚਾਹੀਦੇ ਹਨ। ਭਾਵੇਂ ਮਿਥਿਹਾਸ ਮਿਹਨਤੀ ਲੋਕਾਂ ਨੂੰ ਸ਼ੂਦਰ
ਕਹਿੰਦਾ ਹੈ ਪ੍ਰੰਤੂ ਸਫ਼ਲਤਾ ਦੀਆਂ ਪੁਲਾਂਘਾਂ ਉਨ੍ਹਾਂ ਹੀ ਪੁੱਟੀਆਂ ਹਨ, ਕਿਉਂਕਿ ਮਿਹਨਤੀ ਲੋਕ ਹੀ ਅਮੀਰਾਂ/ਵਿਓਪਾਰੀਆਂ ਲਈ ਖ਼ੁਸ਼ਹਾਲੀ
ਲਿਆਉਣ ਦੇ ਸਮਰੱਥ ਹੁੰਦੇ ਹਨ। ਅਮੀਰ ਲੋਕ ਖਾਸ ਤੌਰ ‘ਤੇ ਵਿਓਪਾਰੀ ਸ਼ਰਾਰਤੀ ਦਿਮਾਗ਼ਾਂ ਦੀਆਂ ਚਾਲਾਂ ਨਾਲ ਗ਼ਰੀਬਾਂ ਦੇ ਖ਼ੂਨ
ਪਸੀਨੇ ਨਾਲ ਕੀਤੀ ਮਿਹਨਤ ਦਾ ਮੁੱਲ ਧੋਖ਼ੇ, ਫ਼ਰੇਬ ਅਤੇ ਝੂਠ ਦੀ ਪੰਡ ਨਾਲ ਹਜ਼ਮ ਕਰ ਜਾਂਦੇ ਹਨ। ‘ਆਪਣੀ ਧਰਤੀ’ ਨਜ਼ਮ ਬਹੁਤ ਹੀ
ਸੰਵੇਦਨਸ਼ੀਲ ਹੈ, ਜਿਸ ਵਿੱਚ ਕਵੀ ਗੱਲ ਫਸਟ ਪਰਸਨ ਵਿੱਚ ਕਰਦਾ ਹੈ ਪ੍ਰੰਤੂ ਇਹ ਸਮੁੱਚੇ ਸਮਾਜ ਲਈ ਹੈ। ਕਿਸਾਨ/ਮਜ਼ਦੂਰ ਗਰਮੀ
ਤੇ ਸਰਦੀ ਵਿੱਚ ਦ੍ਰਿੜ੍ਹਤਾ ਨਾਲ ਮਿਹਨਤ ਕਰਦਾ ਰਿਹਾ ਹੈ, ਭਾਵੇਂ ਉਸਦੇ ਪੈਰਾਂ ਵਿੱਚੋਂ ਖ਼ੂਨ ਰਿਸਦਾ ਰਿਹਾ, ਉਹ ਪਿੱਛੇ ਨਹੀਂ ਹੱਟਿਆ, ਹੋ
ਸਕਦਾ ਕਿ ਉਹ ਧੋਖੇਬਾਜ਼ਾਂ ਨੂੰ ਲਿਤਾੜ ਕੇ ਅੱਗੇ ਲੰਘ ਜਾਵੇ। ਉਨ੍ਹਾਂ ਨੂੰ ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਪੁੱਠੇ ਕੰਮ ਕਰਨ ਤੋਂ ਬਾਜ਼
ਆਉਣਾ ਹੀ ਬਿਹਤਰ ਹੋਵੇਗਾ। ‘ਆਪਣੀ ਧਰਤੀ’ ਨਜ਼ਮ ਵਿੱਚ ਕਵੀ ਲਿਖਦਾ ਹੈ:
ਮੈਨੂੰ ਆਪਣੀ ਧਰਤੀ ਚਾਹੀਦੀ ਸੀ, ਜ਼ਰਾ ਸੋਚ. . .
ਐ! ਮੁਨਸਿਫ਼ ਜੇ ਮੈਂ
ਅਸਮਾਨ ਵੱਲ ਨੂੰ, ਤੁਰ ਪਿਆ ਤਾਂ!
ਇਹੀ ਪੈਰ ਕਿਸ-ਕਿਸ ਦੇ ਸਿਰ ‘ਤੇ
ਰੱਖ ਕੇ ਜਾਵਾਂਗਾ ਤੂੰ, ਸੋਚ ਕੇ ਵੇਖੀਂ!
‘ਜਿਸ ਦੇਸ਼ ਲਈ’ ਸਿਰਲੇਖ ਵਾਲੀ ਕਵਿਤਾ ਵੀ ਸਿੰਬਾਲਿਕ ਹੈ, ਕਵੀ ਕਹਿੰਦਾ ਹੈ ਸਾਡੀ ਨਾਗਿਰਿਕਤਾ ‘ਤੇ ਸਵਾਲੀਆ ਨਿਸ਼ਾਨ
ਲਗਾਇਆ ਜਾ ਰਿਹਾ ਹੈ। ਜਿਸ ਦੇਸ਼ ਦੀ ਮਹਿਮਾ ਬਚਪਨ ਤੋਂ ਕਰਦੇ ਆ ਰਹੇ ਹਾਂ, ਦੇਸ਼ ਲਈ ਮਰ ਮਿਟਨ ਦੇ ਸੋਹਲੇ ਗਾਉਂਦੇ ਹੋਏ
ਦੁਸ਼ਮਣਾ ਨੂੰ ਚਨੇ ਚਬਾਉਣ ਦੀ ਗੱਲ ਕਰਦੇ ਸੀ, ਕੀ ਹੁਣ ਉਸ ਦੇਸ਼ ਦੀ ਨਾਗਰਿਕਤਾ ਦਾ ਸਬੂਤ ਦੇਣਾ ਪਵੇਗਾ? ਸਾਡੀ ਰਗ-ਰਗ ਵਿੱਚ
ਭਾਰਤੀ ਹੋਣ ਦਾ ਖ਼ੂਨ ਦੌੜ ਰਿਹਾ ਹੈ। ਸਰਕਾਰ ਨੂੰ ਅਜਿਹੀਆਂ ਹਰਕਤਾਂ ਤੋਂ ਬਾਜ਼ ਆਉਣਾ ਚਾਹੀਦਾ ਹੈ। ਕਵੀ, ਝੂਠ, ਦਾਜ਼ ਦਹੇਜ,
ਵਾਤਵਰਨ, ਬਲਾਤਕਾਰ, ਭਰੂਣ ਹੱਤਿਆ, ਭਾਈਚਾਰਕ ਸੰਬੰਧਾਂ ਅਤੇ ਭਰਿਸ਼ਟਾਚਾਰ ਵਰਗੇ ਮਹੱਤਵਪੂਰਨ ਸਮਾਜਿਕ ਸਰੋਕਾਰਾਂ ਵਾਲੇ
ਮੁੱਦਿਆਂ ਨੂੰ ਵੀ ਆਪਣੀਆਂ ਨਜ਼ਮਾ ਦਾ ਵਿਸ਼ਾ ਬਣਾਉਦਾ ਹੈ। ਸਰਕਾਰਾਂ ਅਖ਼ਬਾਰਾਂ ਵਿੱਚ ਇਸ਼ਤਿਹਾਰ ਦੇ ਕੇ ਵਿਕਾਸ ਦੀ ਡੌਂਡੀ ਪਿੱਟਦੀਆਂ
ਹਨ, ਪ੍ਰੰਤੂ ਅਖ਼ਬਾਰਾਂ ਦੇ ਇਸ਼ਤਿਹਾਰ ਗ਼ਰੀਬਾਂ ਨੂੰ ਖਾਣ ਲਈ ਰੋਟੀ ਨਹੀਂ ਦੇ ਸਕਦੇ। ਅਮਲੀ ਰੂਪ ਵਿੱਚ ਵਿਕਾਸ ਸਾਹਮਣੇ ਦਿਸਣਾ
ਚਾਹੀਦਾ ਹੈ। ਹਰ ਸਵਾਲ ਦਾ ਜਵਾਬ ਇੰਟਰਨੈਟ/ਗੂੂਗਲ/ਮੀਡੀਆ/ਸ਼ੋਸ਼ਲ ਮੀਡੀਆ ਰਾਹੀਂ ਦਿੱਤਾ ਜਾਂਦਾ ਹੈ। ਇਹ ਕੋਈ ਜਵਾਬ ਨਹੀਂ
ਬਣਦਾ। ਲੱਖਾਂ ਰੁਪਏ ਅਦਕਾਰਾਂ/ਖਿਡਾਰੀਆਂ/ਗਾਇਕਾਂ ਨੂੰ ਦਿੱਤੇ ਜਾ ਰਹੇ ਹਨ। ਜਦੋਂ ਵੋਟ ਸਾਰਿਆਂ ਤੋਂ ਲਈ ਜਾਂਦੀ ਹੈ ਤਾਂ ਬਾਕੀ ਸਾਰੇ
ਲੋਕਾਂ ਨੇ ਕੀ ਸਰਕਾਰ ਦੇ ਮਾਂਹ ਮਾਰੇ ਹਨ? ਸਰਕਾਰ ਵੱਲੋਂ ਸੁੱਟੀਆਂ ਇਨ੍ਹਾਂ ਰੋਟੀਆਂ ਲਈ ਲੋਕ ਕੁੱਤਿਆਂ ਦੀ ਤਰ੍ਹਾਂ ਨਹੀਂ ਲੜਨਗੇ, ਤਾਂ ਜੋ
ਤੁਸੀਂ ਬਾਂਦਰ ਦੀ ਤਰ੍ਹਾਂ ਸਾਰੀ ਰੋਟੀ ਹੀ ਵੰਡਦੇ ਖਾ ਜਾਵੋ। ਚੌਕੀਦਾਰ ਕਹਿਣਾ ਸੌਖਾ ਹੈ, ਤੁਸੀਂ ਚੌਕੀਦਾਰਾਂ ਦਾ ਬੰਗਲਿਆਂ ਵਿੱਚ ਰਹਿਕੇ
ਅਪਮਾਨ ਕਰ ਸਕਦੇ ਹੋ, ਪ੍ਰੰਤੂ ਚੌਕੀਦਾਰ ਬਣਨਾ ਬਹੁਤ ਔਖਾ ਹੈ। ਬਹੁਤ ਸਾਰੀਆਂ ਅਜਿਹੀਆਂ ਨਜ਼ਮਾ ਹਨ, ਜਿਹੜੀਆਂ ਪਾਠਕਾਂ ਨੂੰ
ਧੁਰ ਅੰਦਰ ਤੱਕ ਕੁਰੇਦਦੀਆਂ ਹਨ। ਇਸ਼ਕ-ਮੁਹੱਬਤ ਦੀਆਂ ਨਜ਼ਮਾ ਵਿੱਚ ‘ਪੁਲ ਤੇ ਦਰਿਆ’ ਸਿਰਲੇਖ ਵਾਲੀ ਨਜ਼ਮ ਬਹੁਤ ਭਾਵ ਪੂਰਤ
ਹੈ, ਜਿਸ ਵਿੱਚ ਜਦੋਂ ਮਹਿਬੂਬ ਆਪਣੇ ਪਿਆਰੇ ਨੂੰ ਕਹਿੰਦੀ ਹੈ ਕਿ ‘ਤੂੰ ਇੱਕ ਪੁਲ ਏ ਤੇ ਮੈਂ ਇੱਕ ਦਰਿਆ, ਤੇ ਤੇਰੇ ਪਿਆਰ ਨੇ ਮਾਂ ਬਾਪ ਤੋਂ
ਦੂਰ ਕਰਕੇ ਉਹ ਪੁਲ ਤੋੜ ਦਿੱਤਾ। ਕਹਿਣ ਤੋਂ ਭਾਵ ਕਵੀ ਨੇ ਇਸ ਕਵਿਤਾ ਵਿੱਚ ਵੀ ਦੱਸ ਦਿੱਤਾ ਕਿ ਪਿਆਰ ਦੇ ਨਾਮ ਤੇ ਮਾਪਿਆਂ ਅਤੇ
ਭਰਾਵਾਂ ਵਿੱਚ ਫ਼ਰਕ ਪਾ ਦਿੱਤਾ ਜਾਂਦਾ ਹੈ। ਪਿਆਰ ਇੱਕ ਛਲਾਵਾ ਹੈ। ਗੁਰਪਿਆਰ ਹਰੀ ਨੌ ਤੋਂ ਭਵਿਖ ਵਿੱਚ ਹੋਰ ਬਿਹਤਰੀਨ ਨਜ਼ਮਾ ਦੀ
ਉਮੀਦ ਕੀਤੀ ਜਾ ਸਕਦੀ ਹੈ।
80 ਪੰਨਿਆਂ, 150 ਰੁਪਏ ਕੀਮਤ ਵਾਲਾ ਇਹ ਕਾਵਿ ਸੰਗ੍ਰਹਿ ਪ੍ਰਿਥਮ ਪ੍ਰਕਾਸ਼ਨ ਪਟਿਆਲਾ ਨੇ ਪ੍ਰਕਾਸ਼ਤ ਕੀਤਾ ਹੈ।