
ਗੁਰਪ੍ਰੀਤ ਸਿੰਘ ਜਖਵਾਲੀ ਇੱਕ ਪੱਤਰਕਾਰ, ਬਾਲ ਕਵੀ ਤੇ ਮਿੰਨੀ ਕਹਾਣੀ ਲੇਖਕ ਹੈ। ਉਸਦੀਆਂ ਕਵਿਤਾਵਾਂ ਇੱਕ ਸਾਂਝੇ ਕਾਵਿ ਸੰਗ੍ਰਹਿ ‘ਕਲਮ ਕਾਫਲਾ’ ਵਿੱਚ ਪ੍ਰਕਾਸ਼ਤ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ ਅਖ਼ਬਾਰਾਂ ਅਤੇ ਬਾਲ ਰਸਾਲਿਆਂ ਵਿੱਚ ਵੀ ਪ੍ਰਕਾਸ਼ਤ ਹੁੰਦੀਆਂ ਰਹਿੰਦੀਆਂ ਹਨ। ਉਸਦਾ ‘ਪੰਛੀ ਤੇ ਕੁਦਰਤ’ ਪਲੇਠਾ ਕਾਵਿ ਸੰਗ੍ਰਹਿ ਹੈ। ਗੁਰਪ੍ਰੀਤ ਸਿੰਘ ਜਖਵਾਲੀ ਦਾ ਬਾਲ ਕਾਵਿ ਸੰਗ੍ਰਹਿ ‘ਪੰਛੀ ਤੇ ਕੁਦਰਤ’ ਬੱਚਿਆਂ ਲਈ ਮਾਰਗ ਦਰਸ਼ਕ ਸਾਬਤ ਹੋ ਸਕਦਾ ਹੈ। ਉਸਨੂੰ ਸਾਹਿਤਕ ਮਸ ਸਕੂਲ ਵਿੱਚ ਪੜ੍ਹਦਿਆਂ ਹੀ ਲੱਗ ਗਿਆ ਸੀ, ਪ੍ਰੰਤੂ ਅਮਲੀ ਰੂਪ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਹੀ ਦਿੱਤਾ ਗਿਆ। ਇਸ ਕਾਵਿ ਸੰਗ੍ਰਹਿ ਵਿੱਚ ਉਸਦੀਆਂ 61 ਕਵਿਤਾਵਾਂ ਅਤੇ 2 ਗੀਤ ਸ਼ਾਮਲ ਹਨ। ਬੱਚਿਆਂ ਨਾਲ ਸੰਬੰਧਤ ਰਚਨਾਵਾਂ ਲਿਖਣੀਆਂ ਮੁਸ਼ਕਲ ਹੁੰਦੀਆਂ ਹਨ, ਕਿਉਂਕਿ ਕਵੀ ਨੂੰ ਬਾਲਗ ਅਵਸਥਾ ‘ਚੋਂ ਨਿਕਲਕੇ ਬਾਲ ਅਵਸਥਾ ਵਿੱਚ ਪਹੁੰਚਣਾ ਪੈਂਦਾ ਹੈ। ਬਾਲ ਮਨ ਬਹੁਤ ਹੀ ਕੋਮਲ ਹੁੰਦੇ ਹਨ, ਉਨ੍ਹਾਂ ਨੂੰ ਜਿਸ ਪ੍ਰਕਾਰ ਢਾਲ ਲਿਆ ਜਾਵੇ ਬਿਲਕੁਲ ਉਸੇ ਤਰ੍ਹਾਂ ਹੋ ਜਾਂਦੇ ਹਨ। ਗੁਰਪ੍ਰੀਤ ਸਿੰਘ ਜਖਵਾਲੀ ਨੇ ਆਪਣੀਆਂ ਕਵਿਤਾਵਾਂ/ਗੀਤਾਂ ਦੇ ਵਿਸ਼ੇ ਬਾਕਮਾਲ ਚੁਣੇ ਹਨ। ਇਸ ਕਾਵਿ ਸੰਗ੍ਰਹਿ ਦੀਆਂ ਕਵਿਤਾਵਾਂ/ਗੀਤ ਬਾਲ ਮਨਾ ਤੇ ਗਹਿਰਾ ਪ੍ਰਭਾਵ ਪਾਉਣ ਵਾਲੇ ਹਨ। ਇਨ੍ਹਾਂ ਕਵਿਤਾਵਾਂ/ਗੀਤਾਂ ਦੇ ਵਿਸ਼ੇ ਇਨਸਾਨ ਦੇ ਰੋਜ਼ਾਨਾ ਜ਼ਿੰਦਗੀ ਵਿੱਚ ਕੰਮ ਆਉਣ ਵਾਲੇ ਹਨ। ਇਹ ਵਿਸ਼ੇ ਬਾਲਾਂ ਨੂੰ ਸਹੀ ਸੇਧ ਦੇਣ ਵਾਲੇ ਹਨ ਤਾਂ ਜੋ ਬੱਚੇ ਅਨੁਸਾਸ਼ਨ ਵਿੱਚ ਰਹਿੰਦੇ ਹੋਏ ਆਪਣੇ ਜੀਵਨ ਵਿੱਚ ਸਫ਼ਲ ਹੋ ਸਕਣ। ਵਿਸ਼ੇ ਵੀ ਵੰਨ-ਸਵੰਨੇ ਅਤੇ ਰੰਗ-ਬਿਰੰਗੇ ਹਨ, ਜਿਨ੍ਹਾਂ ਵਿੱਚ ਵਾਤਾਵਰਨ, ਪਾਣੀ, ਹਵਾ, ਰੁੱਖ, ਟ੍ਰੈਫਿਕ, ਕਾਨੂੰਨ, ਸਫਾਈ, ਸਿਹਤ, ਬਿਜਲੀ ਦੀ ਬਚਤ, ਪ੍ਰਕ੍ਰਿਤੀ, ਖੇਡਾਂ, ਸਭਿਆਚਾਰ, ਪੜ੍ਹਾਈ, ਅਧਿਆਪਕਾਂ ਦਾ ਸਤਿਕਾਰ, ਠੰਡ ਤੋਂ ਬਚਾਅ, ਮੋਬਾਈਲਾਂ ਦੀ ਦੁਰਵਰਤੋਂ ਆਦਿ ਸ਼ਾਮਲ ਹਨ। ਇਸ ਕਾਵਿ ਸੰਗ੍ਰਹਿ ਦੀ ਇੱਕ ਹੋਰ ਖ਼ੂਬੀ ਹੈ, ਕਵਿਤਾਵਾਂ/ਗੀਤਾਂ ਦੇ ਨਾਲ ਤਸਵੀਰਾਂ ਵੀ ਦਿੱਤੀਆਂ ਗਈਆਂ ਹਨ, ਕਿਉਂਕਿ ਬੱਚੇ ਤਸਵੀਰਾਂ ਤੋਂ ਜ਼ਿਆਦਾ ਪ੍ਰਭਾਵਤ ਹੁੰਦੇ ਹਨ।
‘ਪੰਛੀ ਤੇ ਕੁਦਰਤ’ ਕਾਵਿ ਸੰਗ੍ਰਹਿ ਵਿੱਚ ਭਾਵੇਂ ਨਿੱਕੀਆਂ-ਨਿੱਕੀਆਂ ਗੱਲਾਂ ਸੰਬੰਧੀ ਕਵਿਤਾਵਾਂ/ਗੀਤ ਲਿਖੇ ਗਏ ਹਨ, ਪ੍ਰੰਤੂ ਇਹ ਬਹੁਤ ਹੀ ਕੀਮਤੀ ਗੱਲਾਂ ਹੁੰਦੀਆਂ ਹਨ, ਜਿਹੜੀਆਂ ਬੱਚਿਆਂ ਨੂੰ ਸਾਰੀ ਉਮਰ ਸਫਲ ਜੀਵਨ ਜਿਓਣ ਵਿੱਚ ਸਹਾਈ ਹੋਣਗੀਆਂ। ‘ਮੇਰਾ ਪਿੰਡ’ ਤੇ ‘ਇਨਸਾਨੀਅਤ ਦਾ ਪਾਠ’ ਕਵਿਤਾਵਾਂ ਵਿੱਚ ਧਾਰਮਿਕ ਸਦਭਾਵਨਾ ਬਾਰੇ ਜਾਣਕਾਰੀ ਦਿੱਤੀ ਗਈ ਹੈ ਕਿ ਪਿੰਡਾਂ ਵਿੱਚ ਸਾਰੇ ਧਰਮਾ ਦੇ ਧਾਰਮਿਕ ਸਥਾਨ ਹੁੰਦੇ ਹਨ ਤੇ ਉਨ੍ਹਾਂ ਤੋਂ ਆਪਸੀ ਪਿਆਰ-ਮੁਹੱਬਤ ਦਾ ਸੰਦੇਸ਼ ਮਿਲਦਾ ਹੈ। ‘ਪੱਗ’ ਵਿੱਚ ਦਸਤਾਰ ਦੀ ਅਹਿਮੀਅਤ ਅਤੇ ਸਤਿਕਾਰ ਬਾਰੇ ਵਰਣਨ ਕੀਤਾ ਗਿਆ ਹੈ। ਏਸੇ ਤਰ੍ਹਾਂ ‘ਸ਼ਰਾਬ’ ਸਿਰਲੇਖ ਵਾਲੀ ਕਵਿਤਾ ਵਿੱਚ ਨਸ਼ਿਆਂ ਦੇ ਨੁਕਸਾਨ ਬਾਰੇ ਚਾਨਣਾ ਪਾਇਆ ਗਿਆ ਹੈ। ‘ਟਾਈਮ ਪੀਸ’, ‘ਸਮੇਂ ਦੀਆਂ ਬਾਤਾਂ’, ‘ਇੱਕ ਮਿੰਟ’ ਤੇ ‘ਸਮਾਂ’ ਵਿੱਚ ਸਮੇਂ ਦੀ ਕਦਰ, ‘ਬਿਲੀ ਦਾ ਮੂੰਹ’ ਲਾਲਚ, ਧੋਖੇ ਤੋਂ ਬਚਣ, ‘ਚੂਹੇ ਤੇ ਬਿੱਲੀ ਦੀ ਕਲਾਸ’ ਲੜਾਈ ਦੇ ਨੁਕਸਾਨ, ‘ਚਾਚੂ ਸੁਪਰ ਸਟਾਰ’ ‘ਮੇਰੇ ਪਾਪਾ’ ਤੇ ‘ਮਿਹਨਤ’ ਵਿੱਚ ਮਿਹਨਤ ਦੇ ਲਾਭ, ‘ਇਸ਼ਨਾਨ’ ਤੰਦਰੁਸਤੀ ਤੇ ਫੁਰਤੀ, ‘ਪਿਆਰਾ ਕੁੱਤਾ’ ਵਫ਼ਾਦਾਰੀ, ‘ਸਾਈਕਲ’ ਤੇ ‘ਮੋਟਰ ਕਾਰ’ ਸਿਹਤਮੰਦ ਰਹਿਣ ਅਤੇ ਪੈਟਰੌਲ ਤੇ ਡੀਜ਼ਲ ਦੀ ਫ਼ਜ਼ੂਲ ਖ਼ਰਚੀ ਤੋਂ ਪ੍ਰਹੇਜ ਕਰਨ ਦੀ ਸਲਾਹ ਦਿੱਤੀ ਗਈ ਹੈ। ‘ਅਖ਼ਬਾਰ’ ਕਵਿਤਾ ਵਿੱਚ ਪੜ੍ਹਨ ਦੀ ਤਾਕੀਦ ਵੀ ਕੀਤੀ ਗਈ ਹੈ ਤਾਂ ਜੋ ਬੱਚੇ ਸਾਹਿਤ ਨਾਲ ਜੁੜ ਸਕਣ ਤੇ ਪੜ੍ਹਾਈ ਕਰਨ ਦੀ ਪ੍ਰਵਿਰਤੀ ਬਰਕਰਾਰ ਰਹੇ। ‘ਮਾਂ’ ਇਨਸਾਨੀ ਰਿਸ਼ਤਿਆਂ ਦੀ ਸਿੱਖਿਆ ਤੇ ਆਤਮ ਵਿਸ਼ਵਾਸ ਦਿੰਦੀ ਹੈ।‘ਸਿਲਾਈ ਮਸ਼ੀਨ’ ਹੱਥ ਨਾਲ ਘਰੇਲੂ ਕੰਮ ਕਰਨ ਦੀ ਪ੍ਰ੍ਰੇਰਨਾ ਦਿੰਦੀ ਹੈ। ਕਵਿਤਾਵਾਂ ਰਾਹੀਂ ਖ਼ੂਨ ਦਾਨ ਕਰਨ ਅਤੇ ਦੀਵਾਲੀ ਵਰਗੇ ਹੋਰ ਤਿਓਹਾਰਾਂ ‘ਤੇ ਵੀ ਪ੍ਰਦੂਸ਼ਣ ਤੋਂ ਬਚਣ ਲਈ ਪਟਾਕੇ ਨਾ ਚਲਾਉਣਾ ਆਦਿ ਦੀਆਂ ਵਧੀਆ ਨਸੀਹਤਾਂ ਬੱਚਿਆਂ ਨੂੰ ਦਿੱਤੀਆਂ ਗਈਆਂ ਹਨ। ਲਗਪਗ ਸਾਰੀਆਂ ਕਵਿਤਾਵਾਂ/ਗੀਤ ਹੀ ਬੱਚਿਆਂ ਲਈ ਸਿੱਖਿਆਦਾਇਕ ਹਨ। ‘ਪਾਣੀ’ ਕਵਿਤਾ ਵਿੱਚ ਕਵੀ ਲਿਖਦਾ ਹੈ:
ਜੋ ਪਾਣੀ ਦੀ ਕਦਰ ਨਾ ਕਰਦੇ, ਘਾਣ ਉਹ ਕੁਦਰਤ ਦਾ ਕਰਦੇ।
ਪਾਣੀ ਜੇ ਅਸੀਂ ਬਚਾਵਾਂਗੇ, ਲੰਮੀਆਂ ਉਮਰਾਂ ਪਾਵਾਂਗੇ।
ਆਓ ਸਾਰੇ ਸੌਂਹ ਇਹ ਖਾਈਏ, ਵੱਧ ਤੋਂ ਵੱਧ ਪਾਣੀ ਬਚਾਈਏ।
‘ਰੁੱਖ’ ਸਿਰਲੇਖ ਵਾਲੀ ਕਵਿਤਾ ਦੇ ਸ਼ਿਅਰ ਹਨ-
ਪੰਛੀਆਂ ਨੇ ਵੇਖੀਂ ਘਰ ਬਣਾਉਣੇ, ਗੀਤ ਖ਼ੁਸਹਾਲੀ ਦੇ ਰਲਕੇ ਗਾਉਣੇ।
ਧਰਤੀ ਪਾਣੀ ਦੇ ਇਹ ਰਾਖੇ, ਰੁੱਖ ਲਗਾਓ ਨੂਰ ਇਹ ਆਖੇ।
ਆਓ ਸਾਰੇ ਆਪਣਾ ਫ਼ਰਜ਼ ਨਿਭਾਈਏ, ਇੱਕ-ਇੱਕ ਰੁੱਖ ਜ਼ਰੂਰ ਲਗਾਈਏ।
ਇਸ ਤੋਂ ਇਲਾਵਾ ਉਸ ਦੀਆਂ ਕਵਿਤਾਵਾਂ ਸਮਾਜਿਕ ਸਰੋਕਾਰਾਂ ਨਾਲ ਸੰਬੰਧਤ ਵਿਸ਼ਿਆਂ, ਜਿਨ੍ਹਾਂ ਵਿੱਚ ਭਰਿਸ਼ਟਾਚਾਰ, ਚੋਰੀ, ਠੱਗੀ, ਧੋਖਾ, ਫਰੇਬ, ਝੂਠ, ਫ਼ਰਜ਼ਾਂ, ਹੱਕਾਂ, ਮਨੁੱਖੀ ਅਧਿਕਾਰਾਂ ਅਤੇ ਇਨਸਾਫ਼ ਬਾਰੇ ਵੀ ਹਨ। ਗੁਰਪ੍ਰੀਤ ਸਿੰਘ ਜਖਵਾਲੀ ਦਾ ਸੰਬੰਧ ਪਿੰਡਾਂ ਨਾਲ ਹੋਣ ਕਰਕੇ ਉਹ ਦਿਹਾਤੀ ਬੱਚਿਆਂ ਦੀ ਮਾਨਸਿਕਤਾ ਨੂੰ ਪੂਰੀ ਤਰ੍ਹਾਂ ਸਮਝਦਾ ਹੈ। ਉਸਦਾ ਜਨਮ ਪਟਿਆਲਾ ਜ਼ਿਲ੍ਹੇ ਦੇ ਪਿੰਡ ਜਖਵਾਲੀ ਵਿਖੇ 27 ਫਰਵਰੀ 1981 ਨੂੰ ਪਿਤਾ ਸ਼ਾਦੀ ਰਾਮ ਮਾਤਾ ਸਰਦਾਰ ਕੌਰ ਦੇ ਘਰ ਹੋਇਆ। ਹੁਣ ਇਹ ਪਿੰਡ ਫ਼ਤਿਹਗੜ੍ਹ ਜ਼ਿਲ੍ਹੇ ਵਿੱਚ ਹੈ। ਉਸਦਾ ਵਿਆਹ ਮਨਦੀਪ ਕੌਰ ਢਿਲੋਂ ਨਾਲ ਹੋਇਆ, ਉਨ੍ਹਾਂ ਦੇ ਤਿੰਨ ਬੱਚੇ ਗੁਰਮਹਿਕ ਢਿਲੋਂ, ਹਰਨੂਰ ਸਿੰਘ ਅਤੇ ਅਵਲੀਨ ਢਿਲੋਂ ਹਨ। ਗੁਰਪ੍ਰੀਤ ਸਿੰਘ ਜਖਵਾਲੀ ਦੀਆਂ ਕਵਿਤਾਵਾਂ ਬੱਚਿਆਂ ਦੇ ਦਿਲਾਂ ਤੇ ਸਿੱਧਾ ਅਸਰ ਕਰਨ ਵਾਲੀਆਂ ਹਨ। ਭਵਿਖ ਵਿੱਚ ਵੀ ਗੁਰਪ੍ਰੀਤ ਸਿੰਘ ਜਖਵਾਲੀ ਕੋਲੋਂ ਚੰਗੀਆਂ ਬਾਲ ਕਵਿਤਾਵਾਂ ਲਿਖਣ ਦੀ ਆਸ ਕੀਤੀ ਜਾ ਸਕਦੀ ਹੈ। 72 ਪੰਨਿਆਂ, 150 ਰੁਪਏ ਕੀਮਤ ਵਾਲਾ ਇਹ ਕਾਵਿ ਸੰਗ੍ਰਹਿ ਜੇ.ਪੀ.ਪਬਲੀਕੇਸ਼ਨ ਪਟਿਆਲਾ ਨੇ ਪ੍ਰਕਾਸ਼ਤ ਕੀਤਾ ਹੈ।