ਜਦੋਂ ਗੱਲ ਗੁਰਬਾਣੀ ਦੀ ਕੀਤੀ ਜਾਂਦੀ ਹੈ ਤਾਂ ਇਸ ਦਾ ਭਾਵ ਹੁੰਦਾ ਹੈ: ਉਹ ਬਾਣੀ ਜੋ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਹੈ। ਇਸੇ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਜਦੋਂ ਗੁਰਬਾਣੀ ਦੀ ਵਿਆਖਿਆ ਕਰਨੀ ਹੋਵੇ ਤਾਂ ਗੁਰਬਾਣੀ ਦੀ ਰਚਣਾ, ਅਤੇ ਗੁਰੂ ਗ੍ਰੰਥ ਸਾਹਿਬ ਦੀ ਸਥਾਪਣਾ ਦੇ ਮਨੋਰਥ ਨੂੰ ਧਿਆਨ ਵਿਚ ਰੱਖਿਆ ਜਾਵੇ। ਫਿਰ ਇਹ ਵੀ ਜ਼ਰੂਰੀ ਹੈ ਕਿ ਗੁਰਬਾਣੀ ਦੀ ਵਿਆਖਿਆ ਉਸ ਮਨੋਰਥ ਦੇ ਅਨਕੂਲ ਹੋਵੇ ਜਿਸ ਕਾਰਨ ਇਸ ਗੁਰਬਾਣੀ ਦੀ ਰਚਣਾ ਕੀਤੀ ਗਈ ਹੈ। ਜੇਕਰ ਗੁਰਬਾਣੀ ਦੀ ਵਿਆਖਿਆ ਉਸ ਮਨੋਰਥ ਦੇ ਅਨਕੂਲ ਨਹੀਂ ਹੁੰਦੀ ਤਾਂ ਉਹ ਵਿਆਖਿਆ ਠੀਕ ਨਹੀਂ ਹੋ ਸਕਦੀ। ਇਸੇ ਲਈ ਗੁਰਬਾਣੀ ਦੇ ਮਨੋਰਥ ਨੂੰ ਸਮਝਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ।
ਜਦੋਂ ਗੁਰਬਾਣੀ ਦੇ ਉਦੇਸ਼ ਅਤੇ ਉਪਦੇਸ਼ ਦੀ ਪਰਖ ਕੀਤੀ ਜਾਂਦੀ ਹੈ ਤਾਂ ਇਹ ਪਰਤੱਖ ਹੁੰੰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਬਾਣੀ ਇਕ, ਪ੍ਰੈਕਟੀਕਲ, ਸਾਰਥਕ, ਸੁਚੱਜਾ ਜੀਵਨ ਜੀਊਣ ਲਈ ਅਨਮੋਲ ਫ਼ਲਸਫ਼ਾ ਪ੍ਰਦਾਨ ਕਰਦੀ ਹੈ। ਇਹ ਫ਼ਲਸਫ਼ਾ ਨੇਕੀ ਅਤੇ ਨੈਤਿਕਤਾ ਵਾਲਾ ਪਵਿੱਤਰ ਜੀਵਨ ਜੀਊਣ ਦਾ ਇਕ ਵਡਮੁੱਲਾ ਸਰੋਤ ਹੈ। ਇਹ ਇਕ ਐਸਾ ਫ਼ਲਸਫ਼ਾ ਹੈ ਜੋ ਸਾਰੀ ਮਨੁੱਖਤਾ ਦੇ ਕਲਿਆਨ ਵਾਸਤੇ ਗਿਆਨ ਪ੍ਰਦਾਨ ਕਰਦਾ ਹੈ।
ਗੁਰਬਾਣੀ ਦੇ ਮਨੋਰਥ ਨੂੰ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪੰਨੇ ਉਤੇ ਹੀ ਇਸ ਤਰ੍ਹਾਂ ਸਪਸ਼ਟ ਕੀਤਾ ਗਿਆ ਹੈ: ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥ ਭਾਵ ਗੁਰਬਾਣੀ ਦੀ ਵਿਆਖਿਆ ਕਰਨ ਸਮੇਂ ਵਿਚਾਰ ਇਹ ਕਰਨੀ ਹੈ ਕਿ ਸਚਿਆਰ ਕਿਵੇਂ ਹੋਇਆ ਜਾਵੇ? ਸਚਿਆਰ ਹੋਣ ਵਾਸਤੇ ਜੋ ਕੂੜ ਦੀ ਪਾਲਿ ਭਾਵ ਅੜਚਣਾਂ ਹਨ, ਜੋ ਰੁਕਾਵਟਾਂ ਹਨ ਉਨ੍ਹਾਂ ਨੂੰ ਦੂਰ ਕਿਸ ਤਰ੍ਹਾਂ ਕੀਤਾ ਜਾਵੇ? ਗੁਰਬਾਣੀ ਰਾਹੀਂ ਇਨ੍ਹਾਂ ਅੜਚਣਾਂ ਨੂੰ ਦੂਰ ਕਰਨ ਦਾ ਢੰਗ ਵੀ ਦੱਸਿਆ ਹੈ। ਇਸੇ ਢੰਗ ਨੂੰ ਵਿਚਾਰਣਾ ਹੈ।
ਅੜਚਣਾਂ ਦੀ ਭਾਲ ਕਰਦਿਆ ਸਮਝ ਇਹ ਆਉਂਦੀ ਹੈ ਕਿ ਕੁਝ ਚਤਰ, ਚਲਾਕ, ਮੱਕਾਰ, ਜਨੂੰਨੀ ਅਤੇ ਤਅੱਸਬੀ ਵਿਅਕਤੀਆਂ ਨੇ ਆਪਣੀ ਮਰਜ਼ੀ ਦੇ ਜੋ ਵਖੋ ਵੱਖਰੇ ਵਿਖਾਵੇ ਵਾਲੇ ਧਰਮ ਸਥਾਪਤ ਕਰ ਰੱਖੇ ਹਨ, ਇਹ ਵਖਾਵੇ ਵਾਲੇ ਧਰਮ ਹੀ ਇਕ ਵੱਢੀ ਅੜਚਣ ਹਨ। ਕਿਉਂਕਿ ਇਨ੍ਹਾਂ ਧਰਮਾਂ ਦੇ ਨਾਮ ਤੇ ਹੀ ਆਮ ਲੋਕਾਂ ਵਿਚ ਵੰਡੀਆਂ ਪਾ ਰੱਖੀਆਂ ਹਨ। ਧਰਮਾਂ ਦੇ ਨਾਮ ਤੇ ਹੀ ਭੋਲੇ ਭਾਲੇ ਲੋਕਾਂ ਨੂੰ ਵਹਿਮਾਂ ਭਰਮਾਂ ਵਿਚ ਫਸਾ ਕੇ ਕਈ ਤਰ੍ਹਾਂ ਦੇ ਕਰਮਕਾਂਡਾਂ ਵਿਚ ਉਲਝਾ ਰੱਖਿਆ ਹੈ। ਇਹ ਹੀ ਨਹੀਂ ਸਗੋਂ ਧਰਮ ਦੇ ਨਾਮ ’ਤੇ ਹੀ ਮਨਾ ਵਿਚ ਨਫਰਤ, ਵੈਰ, ਵਿਰੋਧ ਅਤੇ ਈਰਖਾ ਵਰਗੇ ਕਈ ਭੈੜ ਵੀ ਪੈਦਾ ਕਰ ਦਿੱਤੇ ਗਏ ਹਨ। ਚਿਰ ਕਾਲ ਤੋਂ ਹੀ ਸਾਰੀ ਦੁਨੀਆਂ ਵਿਚ ਧਰਮ ਦੇ ਨਾਮ ’ਤੇ ਬਹੁਤ ਜ਼ੁਲਮ ਕੀਤੇ ਜਾ ਰਹੇ ਹਨ। ਬੇਅੰਤ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ। ਧਰਮ ਦੇ ਨਾਮ ’ਤੇ ਹੀ ਇਨਸਾਨਿਅਤ ਨੂੰ ਭੁਲਾ ਦਿੱਤਾ ਜਾਂਦਾ ਹੈ ਅਤੇ ਹੈਵਾਨਿਅਤ ਨੂੰ ਅਪਣਾ ਲਿਆ ਜਾਂਦਾ ਹੈ।
ਗੁਰਬਾਣੀ ਦੇ ਅਧਿਐਣ ਤੋਂ ਪਤਾ ਚਲਦਾ ਹੈ ਕਿ ਗੁਰਬਾਣੀ ਵਿਖਾਵੇ ਵਾਲੇ ਧਰਮ ਦੇ ਭੁਲੇਖੇ ਤੋਂ ਬਾਹਰ ਆ ਕੇ ਇਨਸਾਨੀਅਤ ਵਾਲੇ ਰੱਬੀ ਗੁਣਾਂ ਨੂੰ ਅਪਣਾਉਣ ਲਈ ਪ੍ਰੇਰਦੀ ਹੈ। ਇਨਸਾਨੀਅਤ ਵਾਲੇ ਸੁਚੱਜੇ ਗੁਣਾਂ ਨੂੰ ਸਮਝਣਾ ਉਨ੍ਹਾਂ ਗੁਣਾਂ ਨੂੰ ਅਪਣਾਉਂਣਾ ਅਤੇ ਉਨ੍ਹਾਂ ਸੁਚੱਜੇ ਗੁਣਾਂ ਅਨੁਸਾਰ ਵਿਚਰਨਾ ਹੀ ਮਨੁੱਖ ਦਾ ਅਸਲ ਧਰਮ ਹੈ। ਗੁਰਬਾਣੀ ਦਾ ਫ਼ਰਮਾਨ ਹੈ: ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥ (ਗ:ਗ:ਸ: ਪੰਨਾ-441) ਭਾਵ ਇਹ ਕਿ ਮਨੁੱਖ ਦੇ ਅੰਦਰ ਜੋ ਜੋਤ ਹੈ ਉਹ ਰੱਬੀ ਜੋਤ ਹੈ। ਰੱਬੀ ਜੋਤ, ਰੱਬੀ ਗੁਣ ਹੀ ਹੁੰਦੇ ਹਨ। ਗੁਰੂ ਨਾਨਕ ਸਾਹਿਬ ਦੇ ਫ਼ਲਸਫ਼ਸੇ ਅਨੁਸਾਰ ਪਰਮਾਤਮਾ ਗੁਣੀ ਨਿਧਾਨੁ ਹੈ ਅਤੇ ਉਨ੍ਹਾਂ ਗੁਣਾਂ ਨੂੰ ਅਪਣਾਉਣਾ ਹੀ ਮਨੁੱਖ ਦਾ ਧਰਮ ਹੈ। ਗੁਰਬਾਣੀ ਦਾ ਉਪਦੇਸ਼ ਹੈ: ਨਾਨਕ ਗਾਵੀਐ ਗੁਣੀ ਨਿਧਾਨੁ॥ ਗਾਵੀਐ ਸੁਣੀਐ ਮਨਿ ਰਖੀਐ ਭਾਉ॥ (ਗ:ਗ:ਸ: ਪੰਨਾ-2) ਗੁਰੂ ਸਾਹਿਬ ਨੇ ਜਿਸ ਪਰਮਾਤਮਾ ਦਾ ਜ਼ਿਕਰ ਕੀਤਾ ਹੈ, ਉਹ ਹੈ, ਗੁਣੀ ਨਿਧਾਨੁ- ਭਾਵ ਗੁਣਾਂ ਦਾ ਖਜ਼ਾਨਾ। ਇਸੇ ਲਈ ਗੁਰੂ ਸਾਹਿਬ ਫ਼ਰਮਾਉਂਦੇ ਹਨ ਕਿ ਉਸ ਗੁਣਾਂ ਦੇ ਖਜ਼ਾਨੇ ਨੂੰ ਗਾਵੋ ਭਾਵ ਉਨ੍ਹਾਂ ਗੁਣਾਂ ਨੂੰ ਪਹਿਚਾਣਿਆ ਜਾਵੇ ਅਤੇ ਉਨ੍ਹਾਂ ਗੁਣਾਂ ਨੂੰ ਮਨ ਵਿਚ ਵਸਾਇਆ ਜਾਵੇ ਤਾਂ ਕਿ ਜੀਵਨ ਵਿਚ ਉਨ੍ਹਾਂ ਗੁਣਾਂ ਅਨੁਸਾਰ ਵਿਚਰਿਆ ਜਾਵੇ। ਇਹ ਹੈ ਗੁਰਬਾਣੀ ਦਾ ਉਪਦੇਸ਼। ਇਸ ਤੋਂ ਭਾਵ ਇਹ ਕਿ ਗੁਰਬਾਣੀ ਰਾਹੀਂ ਗੁਰੂ ਸਾਹਿਬ ਹਰ ਵਿਅਕਤੀ ਨੂੰ ਗੁਣਵਾਨ ਅਤੇ ਸਚਿਆਰ ਬਣਾਉਣਾ ਲੋਚਦੇ ਹਨ ਜਿਸ ਨਾਲ ਇਕ ਸੁਚੱਜੇ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।
ਗੁਰਬਾਣੀ ਤਾਂ ਹਰ ਮਨੁੱਖ ਨੂੰ ਰੱਬ ਵਰਗਾ ਹੀ ਬਣਾਉਣਾ ਹੀ ਲੋਚਦੀ ਹੈ। ਐਸੇ ਮਨੋਰਥ ਨੂੰ ਗੁਰਬਾਣੀ ਰਾਹੀ ਇਸ ਤਰ੍ਹਾਂ ਸਪਸ਼ਟ ਕੀਤਾ ਹੈ: ਹਰਿ ਜਨੁ ਐਸਾ ਚਾਹੀਐ ਜੈਸਾ ਹਰਿ ਹੀ ਹੋਇ॥ (ਗ:ਗ:ਸ: ਪੰਨਾ-1372) ਭਾਵ ਮਨੁੱਖ ਸੁਚੱਜੇ ਰੱਬੀ ਗੁਣਾਂ ਨਾਲ ਇਤਨਾ ਭਰਪੂਰ ਹੋਵੇ, ਮਨੁੱਖ ਦੇ ਅੰਦਰ ਇਤਨੇ ਗੁਣ ਹੋਣ ਕਿ ਉਹ ਰੱਬ ਵਰਗਾ ਹੀ ਹੋ ਜਾਵੇ।
ਇਸ ਤੋਂ ਪਰਤੱਖ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਰਚਣਾ ਮਨੁੱਖ ਦੇ ਕਲਿਆਨ ਅਤੇ ਸਮਾਜ ਸੁਧਾਰ ਲਈ ਹੀ ਕੀਤੀ ਗਈ ਹੈ। ਗੁਰੂ ਸਾਹਿਬਾਨ ਦਾ ਉਦੇਸ਼ ਤਾਂ ਇਕ ਖੁਸ਼ਹਾਲ ਅਤੇ ਸੁਖਾਵੇਂ ਸਮਾਜ ਦੀ ਸਿਰਜਣਾ ਕਰਨਾ ਸੀ। ਐਸਾ ਸਮਾਜ ਜਿਥੇ ਕੋਈ ਊਚ ਨੀਚ ਦਾ ਸਵਾਲ ਨਾ ਹੋਵੇ, ਕੋਈ ਛੂਤ ਛਾਤ ਵਾਲੀ ਨਫਰਤ ਨਾ ਹੋਵੇ। ਕਿਤੇ ਵੈਰ ਵਿਰੋਧ ਨਾ ਹੋਵੇ। ਇਕ ਬਰਾਬਰਤਾ ਵਾਲਾ ਸਲੂਕ ਹੋਵੇ ਅਤੇ ਦਿਲਾਂ ਵਿਚ ਪਿਆਰ ਅਤੇ ਸਤਿਕਾਰ ਹੋਵੇ।
ਇਸੇ ਲਈ ਇਹ ਫ਼ਲਸਫ਼ਾ ਕੇਵਲ ਆਪਣਾ ਨਿਜੀ ਜੀਵਨ ਸੁਧਾਰਨ ਤਕ ਹੀ ਸੀਮਤ ਨਹੀਂ ਹੈ। ਇਸ ਫ਼ਲਸਫ਼ੇ ਦਾ ਉਦੇਸ਼ ਇਕ ਸੁਚੱਜਾ ਅਤੇ ਅਰਥ ਭਰਪੂਰ ਸਮਾਜ ਦੀ ਸਿਰਜਣਾ ਕਰਨਾ ਵੀ ਹੈ। ਗੁਰਬਾਣੀ ਦਾ ਫ਼ਰਮਾਨ ਹੈ: ਆਪਿ ਜਪਹੁ ਅਵਰਾ ਨਾਮੁ ਜਪਾਵਹੁ॥ ਸੁਨਤ ਕਹਤ ਰਹਤ ਗਤਿ ਪਾਵਹੁ॥ (ਗ:ਗ:ਸ: ਪੰਨਾ-289) ਭਾਵ ਉਹ ਪ੍ਰਮਾਤਮਾ ਜੋ ਗੁਣੀ ਨਿਧਾਨੁ ਹੈ, ਸੁਚੱਜੇ ਗੁਣਾਂ ਦਾ ਖਜ਼ਾਨਾ ਹੈ, ਉਸ ਗੁਣੀ ਨਿਧਾਨੁ ਦੇ ਗੁਣਾਂ ਨੂੰ ਅਪਣਾਓ ਅਤੇ ਹੋਰਨਾਂ ਨੂੰ ਵੀ ਉਹ ਗੁਣ ਅਪਣਾਉਣ ਲਈ ਪ੍ਰੇਰਿਆ ਜਾਵੇ। ਇਸ ਸੰਕਲਪ ਨੂੰ ਗੁਰਬਾਣੀ ਵਿਚ ਬਾਰ ਬਾਰ ਦੁਰਾਇਆ ਗਿਆ ਹੈ। ਜਿਵੇਂ ਕਿ: ਜਨ ਨਾਨਕ ਤਿਸੁ ਬਲਿਹਾਰਣੈ ਜੋ ਆਪਿ ਜਪੈ ਅਵਰਾ ਨਾਮੁ ਜਪਾਏ॥ (ਗ:ਗ:ਸ: ਪੰਨਾ-140) ਆਪਿ ਜਪੈ ਅਵਰਹ ਨਾਮੁ ਜਪਾਵੈ ਵਡ ਸਮਰਥ ਤਾਰਨ ਤਰਨ॥ (ਗ:ਗ:ਸ: ਪੰਨਾ-1206)।
ਗੁਰਬਾਣੀ ਦੇ ਐਸੇ ਉਦੇਸ਼ ਦੀ ਪੂਰਤੀ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਗੁਰਬਾਣੀ ਦੇ ਹਰ ਸ਼ਬਦ ਦੀ ਵਿਆਖਿਆ ਇਸੇ ਉਦੇਸ਼ ਦੇ ਅਨੁਕੂਲ ਹੋਵੇ। ਹਰ ਸ਼ਬਦ ਵਿਚੋਂ ਸਮਾਜ ਸੁਧਾਰ ਅਤੇ ਮਾਨਵ ਕਲਿਆਣ ਦਾ ਸੁਨੇਹਾ ਮਿਲੇ। ਹਰ ਸ਼ਬਦ ਦੀ ਵਿਆਖਿਆ ਕਰਦਿਆਂ ਇਹ ਸਪਸ਼ਟ ਹੋਵੇ ਕਿ ਵਿਖਾਵੇ ਵਾਲੇ ਜੋ ਕਰਮਕਾਂਡ ਕੀਤੇ ਜਾਂਦੇ ਹਨ, ਉਹ ਪਖੰਡ ਹੀ ਹੁੰਦੇ ਹਨ। ਜੇਕਰ ਗੁਰਬਾਣੀ ਦੀ ਵਿਆਖਿਆ ਤੋਂ ਮਨੁੱਖੀ ਸੁਧਾਰ ਜਾਂ ਸਮਾਜ ਕਲਿਆਨ ਦਾ ਸੁਨੇਹਾ ਨਹੀਂ ਮਿਲਦਾ ਤਾਂ ਉਹ ਵਿਅਖਿਆ ਠੀਕ ਨਹੀਂ ਹੋ ਸਕਦੀ। ਜੇਕਰ ਗੁਰਬਾਣੀ ਦੀ ਵਿਆਖਿਆ ਇਸ ਉਦੇਸ਼ ਦੇ ਅਨਕੂਲ ਨਹੀਂ ਕੀਤੀ ਜਾਂਦੀ ਤਾਂ ਇਹ ਕੇਵਲ ਅਪਰਾਧ ਹੀ ਨਹੀਂ ਸਗੋਂ ਘੋਰ ਪਾਪ ਵੀ ਹੋਵੇਗਾ। ਜੇਕਰ ਗੁਰਬਾਣੀ ਦੀ ਵਿਆਖਿਆ ਕਰਦਿਆਂ ਅਨਜਾਣ ਵਿਅਕਤੀ ਨੂੰ ਭਟਕਣਾ ਵਿਚ ਪਾ ਦਿੱਤਾ ਜਾਂਦਾ ਹੈ, ਜਾਂ ਉਸ ਨੂੰ ਵਹਿਮਾਂ ਭਰਮਾਂ ਵਿਚ ਫਸਾ ਕੇ ਕਰਮਕਾਂਡਾਂ ਦੇ ਚੱਕਰ ਵਿਚ ਪਾ ਦਿੱਤਾ ਜਾਂਦਾ ਹੈ ਤਾਂ ਇਹ ਘੋਰ ਪਾਪ ਹੀ ਹੁੰਦਾ ਹੈ।
ਅਜੋਕਾ ਯੁੱਗ ਵਿਗਿਆਨਕ ਯੁੱਗ ਹੈ ਭਾਵ ਇਹ ਯੁੱਗ ਸਵਾਲੀਆ, ਦਲੀਲ ਅਤੇ ਵਿਚਾਰਕ ਯੁੱਗ ਹੈ। ਇਸੇ ਲਈ ਇਹ ਜ਼ਰੂਰੀ ਹੈ ਕਿ ਜਿਸ ਸ਼ਬਦ ਦੀ ਵਿਆਖਿਆ ਕਰਨੀ ਹੈ ਉਹ ਤਰਕ ਦੇ ਅਧਾਰ ‘ਤੇ ਪੂਰੀ ਉਤਰੇ । ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਬਾਣੀ ਨੂੰ ਸੱਚੀ ਬਾਣੀ ਕਿਹਾ ਗਿਆ ਹੈ। ਇਹ ਸੱਚੀ ਬਾਣੀ ਇਸੇ ਲਈ ਹੈ ਕਿਉਂਕਿ ਇਸ ਬਾਣੀ ਰਾਹੀਂ ਯੂਨੀਵਰਸਲ ਟਰੂਥ ਸਰਬਵਿਆਪਕ ਸੱਚ ਨੂੰ ਉਜਾਗਰ ਕੀਤਾ ਗਿਆ ਹੈ। ਇਸ ਬਾਣੀ ਰਾਹੀਂ ਜਿਸ ਗਿਆਨ ਦੀ ਸੋਝੀ ਦਿੱਤੀ ਗਈ ਹੈ ਉਹ ਸੱਚ ਦੇ ਅਧਾਰ ’ਤੇ ਪੂਰੀ ਉਤਰਦੀ ਹੈ।ਸੱਚ ਕਦੀ ਬਦਲਦਾ ਨਹੀਂ। ਜਿਵੇਂ ਸੱਚ ਰੀਜ਼ਣ, ਲੋਜਿਕ ਅਤੇ ਜਸਟੀਫੀਕੇਸ਼ਨ ਦੇ ਅਧਾਰ ’ਤੇ ਪੂਰਾ ਉਤਰਦਾ ਹੈ, ਭਾਵ ਤਰਕ ਸੰਗਤ ਹੁੰਦਾ ਹੈ ਇਸੇ ਤਰ੍ਹਾਂ ਗੁਰਬਾਣੀ ਦੀ ਵਿਆਖਿਆ ਵੀ ਤਰਕ ਦੇ ਅਧਾਰ ’ਤੇ ਪੂਰੀ ਉਤਰਨੀ ਚਾਹੀਦੀ ਹੈ।
ਇਸੇ (ਯੂਨੀਵਰਸਲ ਟਰੁਥ) ਸੰਪੂਰਨ ਸੱਚ ਭਾਵ ਕੁਦਰਤ ਦੇ ਨਿਯਮਾ ਦੀਆਂ ਅਟੱਲ ਸਚਾਈਆਂ ਵਿਚੋਂ ਇਕ ਸਚਾਈ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪੰਨੇ ਉਤੇ ਇਸ ਤਰ੍ਹਾਂ ਬਿਆਨ ਕੀਤੀ ਹੈ: “ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ”॥ ‘ਹੁਕਮ’ ਤੋਂ ਭਾਵ ਹੈ ਕੁਦਰਤ ਦੇ ਨਿਯਮ ਜੋ ਅਟੱਲ ਹਨ, ਜੋ ਸੱਚੇ ਹਨ, ਬਦਲੇ ਨਹੀਂ ਜਾ ਸਕਦੇ। ਹੁਕਮ ਦਾ ਭਾਵ ਹੈ ਲਾਅ ਆਫ ਨੇਚਰ ਜਾਂ ਕੋਸਮਿਕ ਲਾਅ ਇਸ ਦਾ ਭਾਵ ਇਹ ਕਿ ਗੁਰਬਾਣੀ ਦੀ ਵਿਆਖਿਆ ਤੋਂ ਇਹ ਸਪਸ਼ਟ ਹੋਵੇ ਕਿ ਕੋਈ ਕਰਾਮਾਤ ਨਹੀਂ ਹੁੰਦੀ। ਜੋ ਕੁਝ ਵਾਪਰਦਾ ਹੈ ਉਹ ਕੁਦਰਤ ਦੇ ਨਿਯਮ ਅਨੁਸਾਰ ਹੀ ਵਾਪਰਦਾ ਹੈ। ਐਸੀ ਕੀਤੀ ਵਿਆਖਿਆ ਹੀ ਤਰਕ ਦੇ ਅਧਾਰ ਤੇ ਪੂਰੀ ਉਤਰ ਸਕਦੀ ਹੈ। ਤਾਂ ਹੀ ਇਹ ਬਾਣੀ ਸੱਚੀ ਬਾਣੀ ਕਹੀ ਜਾ ਸਕਦੀ ਹੈ। ਇਸ ਤਰ੍ਹਾਂ ਗੁਰਬਾਣੀ ਦੀ ਵਿਆਖਿਆ ਤੋਂ ਅਟੱਲ ਸਚਾਈ ਦਾ ਪ੍ਰਗਟਾਵਾ ਹੋਣਾ ਵੀ ਲਾਜ਼ਮੀ ਹੈ।
ਇਥੇ ਇਹ ਜ਼ਿਕਰ ਕਰਨਾ ਵੀ ਜ਼ਰੂਰੀ ਹੈ ਕਿ ਬਹੁਤ ਸਾਰੇ ਖੁਦਗਰਜ਼ ਅਤੇ ਗਿਆਨ ਵਿਹੂਣੇ ਲੋਕ ਹਨ ਜੋ ਆਪਣੇ ਲਾਲਚ ਕਰਕੇ ਗੁਰਬਾਣੀ ਦੀ ਵਿਆਖਿਆ ਐਸੀ ਕਰਦੇ ਹਨ ਜੋ ਗੁਰਬਾਣੀ ਦੇ ਮਨੋਰਥ ਦੇ ਅਨਕੂਲ ਨਹੀਂ ਹੁੰਦੀ। ਐਸੇ ਮੱਕਾਰ ਅਤੇ ਫਰੇਬੀ ਲੋਕ ਵੀ ਹਨ ਜੋ ਜਾਣ-ਬੁਝ ਕੇ, ਆਪਣੇ ਮਤਲਬ ਦੀ ਪੂਰਤੀ ਵਾਸਤੇ, ਗੁਰਬਾਣੀ ਦੀ ਵਿਆਖਿਆ ਗੁਰਬਾਣੀ ਦੇ ਉਦੇਸ਼ ਤੋਂ ਉਲਟ ਕਰਦੇ ਹਨ। ਇਸ ਤਰ੍ਹਾਂ ਭੋਲੀ ਭਾਲੀ ਜੰਨਤਾ ਨੂੰ ਮੂਰਖ ਬਣਾ ਕੇ ਉਨ੍ਹਾਂ ਦਾ ਸੋਸ਼ਣ ਕੀਤਾ ਜਾ ਰਿਹਾ ਹੈ। ਇਹ ਖੁਦਗਰਜ਼, ਮਤਲਬੀ, ਜਨੂੰਨੀ ਲੋਕ ਭੋਲੀ ਭਾਲੀ ਜੰਨਤਾ ਨੂੰ ਕੁਰਾਹੇ ਪਾਉਣ ਦਾ ਘੋਰ ਅਪਰਾਧ ਕਰ ਰਹੇ ਹਨ। ਅਫਸੋਸ ਤਾਂ ਇਹ ਹੈ ਕਿ ਗੁਰੂ ਸਾਹਿਬਾਨ ਦੇ ਨਾਮ ਨਾਲ ਕਈ ਮਨਘੜਤ ਕਹਾਣੀਆਂ ਜੋੜ ਕੇ ਸਾਖੀਆਂ ਬਣਾ ਦਿੱਤੀਆਂ ਗਈਆਂ ਹਨ ਜਿਸ ਨਾਲ ਇਤਿਹਾਸ ਨੂੰ ਮਿਥਿਹਾਸ ਬਣਾ ਦਿੱਤਾ ਜਾ ਰਿਹਾ ਹੈ। ਇਸੇ ਤਰ੍ਹਾਂ ਗੁਰਬਾਣੀ ਦੀ ਵਿਅਖਿਆ ਬਿਪਰਵਾਦੀ ਵਿਚਾਰਧਾਰਾ ਦੇ ਅਧਾਰ ‘ਤੇ ਕੀਤੀ ਜਾ ਰਹੀ ਹੈ ਜਿਸ ਨੂੰ ਗੁਰੂ ਸਾਹਿਬ ਨੇ ਪੂਰੀ ਤਰ੍ਹਾਂ ਨਿਕਾਰਿਆ ਹੈ। ਇਹ ਹੀ ਕਾਰਨ ਹੈ ਕਿ ਹੋਰ ਲੋਕਾਂ ਦੀ ਤਰ੍ਹਾਂ ਬਹੁਤ ਸਾਰੇ ਸਿੱਖ ਅਖਵਾਉਂਦੇ ਅਨਜਾਣ ਲੋਕ ਵੀ ਖਜਲ ਖੁਆਰ ਹੋ ਰਹੇ ਹਨ ਅਤੇ ਸਮਾਜ ਪਲੀਤ ਹੋ ਰਿਹਾ ਹੈ।
ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਗੁਰਬਾਣੀ ਦੀ ਵਿਆਖਿਆ ਗੁਰਬਾਣੀ ਦੇ ਮਨੋਰਥ ਨੂੰ ਸਮਝ ਕੇ ਉਸ ਮਨੋਰਥ ਦੇ ਅਨਕੂਲ ਹੀ ਕੀਤੀ ਜਾਵੇ।
previous post
next post