Articles

ਗੁਰਬਾਣੀ ਮਨੋਰਥ

ਲੇਖਕ: ਐਡਵੋਕੇਟ ਸੁਰਿੰਦਰ ਸਿੰਘ ਕੰਵਰ, ਮੈਲਬੌਰਨ

ਜਦੋਂ ਗੱਲ ਗੁਰਬਾਣੀ ਦੀ ਕੀਤੀ ਜਾਂਦੀ ਹੈ ਤਾਂ ਇਸ ਦਾ ਭਾਵ ਹੁੰਦਾ ਹੈ: ਉਹ ਬਾਣੀ ਜੋ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਹੈ।ਫਿਰ ਜਦੋਂ ਗੁਰਬਾਣੀ ਦੀ ਵਿਆਖਿਆ ਕਰਨੀ ਹੋਵੇ ਤਾਂ ਇਹ ਜ਼ਰੂਰੀ ਹੈ ਕਿ ਗੁਰਬਾਣੀ ਦੀ ਰਚਣਾ, ਅਤੇ ਗੁਰੂ ਗ੍ਰੰਥ ਸਾਹਿਬ ਦੀ ਸਥਾਪਣਾ ਦਾ ਮਨੋਰਥ ਧਿਆਨ ਵਿਚ ਰੱਖਿਆ ਜਾਵੇ। ਫਿਰ ਇਹ ਵੀ ਜ਼ਰੂਰੀ ਹੈ ਕਿ ਗੁਰਬਾਣੀ ਦੀ ਵਿਆਖਿਆ ਉਸ ਮਨੋਰਥ ਦੇ ਅਨਕੂਲ ਹੋਵੇ ਜਿਸ ਕਾਰਨ ਇਸ ਗੁਰਬਾਣੀ ਦੀ ਰਚਣਾ ਕੀਤੀ ਗਈ ਹੈ। ਜੇਕਰ ਗੁਰਬਾਣੀ ਦੀ ਵਿਆਖਿਆ ਉਸ ਮਨੋਰਥ ਦੇ ਅਨਕੂਲ ਨਹੀਂ ਹੁੰਦੀ ਤਾਂ ਉਹ ਵਿਆਖਿਆ ਠੀਕ ਨਹੀਂ ਹੋ ਸਕਦੀ।
ਜਦੋਂ ਗੁਰਬਾਣੀ ਦੇ ਉਦੇਸ਼ ਅਤੇ ਉਪਦੇਸ਼ ਦੀ ਪਰਖ ਕੀਤੀ ਜਾਂਦੀ ਹੈ ਤਾਂ ਇਹ ਪਰਤੱਖ ਹੁੰੰਦਾ ਹੈ ਕਿ ਇਹ ਬਾਣੀ ਇਕ, ਪ੍ਰੈਕਟੀਕਲ, ਸਾਰਥਕ, ਸੁਚੱਜਾ ਜੀਵਨ ਜੀਊਣ ਲਈ ਅਨਮੋਲ ਫ਼ਲਸਫ਼ਾ ਪ੍ਰਦਾਨ ਕਰਦੀ ਹੈ।ਇਹ ਵੀ ਸਮਝ ਆਉਂਦੀ ਹੈ ਕਿ ਇਹ ਫ਼ਲਸਫ਼ਾ ਕੇਵਲ ਆਪਣਾ ਨਿਜੀ ਜੀਵਨ ਸੁਧਾਰਨ ਤਕ ਹੀ ਸੀਮਤ ਨਹੀਂ ਹੈ। ਇਸ ਫ਼ਲਸਫ਼ੇ ਦਾ ਉਦੇਸ਼ ਇਕ ਸੁਚੱਜਾ ਅਤੇ ਅਰਥ ਭਰਪੂਰ ਸਮਾਜ ਦੀ ਸਿਰਜਣਾ ਕਰਨਾ ਵੀ ਹੈ। ਅਸਲੀਅਤ ਇਹ ਹੈ ਕਿ ਇਸ ਗ੍ਰੰਥ ਦੀ ਰਚਣਾ ਮਨੁੱਖ ਦੇ ਕਲਿਆਨ ਅਤੇ ਸਮਾਜ ਸੁਧਾਰ ਲਈ ਹੀ ਕੀਤੀ ਗਈ ਹੈ। ਗੁਰੂ ਸਾਹਿਬਾਨ ਦਾ ਉਦੇਸ਼ ਤਾਂ ਇਕ ਖੁਸ਼ਹਾਲ ਅਤੇ ਸੁਖਾਵੇ ਸਮਾਜ ਦੀ ਸਿਰਜਣਾ ਕਰਨਾ ਸੀ। ਐਸਾ ਸਮਾਜ ਜਿਥੇ ਕੋਈ ਊਚ ਨੀਚ ਦਾ ਸਵਾਲ ਨਾ ਹੋਵੇ, ਕੋਈ ਛੂਤ ਛਾਤ ਵਾਲੀ ਨਫਰਤ ਨਾ ਹੋਵੇ।ਕਿਤੇ ਵੈਰ ਵਿਰੋਧ ਨਾ ਹੋਵੇ। ਇਕ ਬਰਾਬਰਤਾ ਵਾਲਾ ਸਲੂਕ ਹੋਵੇ ਅਤੇ ਦਿਲਾਂ ਵਿਚ ਪਿਆਰ ਅਤੇ ਸਤਿਕਾਰ ਹੋਵੇ। ਇਸ ਮਨੋਰਥ ਦੀ ਪੂਰਤੀ ਲਈ ਗੁਰੂ ਸਾਹਿਬ ਨੇ ਸਮਝਾਇਆ ਕਿ ਧਰਮ ਦੇ ਨਾਮ ’ਤੇ ਜੋ ਵਹਿਮਾਂ-ਭਰਮਾਂ ਅਤੇ ਕਰਮਕਾਂਡਾ ਵਾਲਾ ਜਾਲ ਵਿਸ਼ਾ ਰੱਖਿਆ ਹੈ ਉਸ ਤੋਂ ਬਾਹਰ ਆਇਆ ਜਾਵੇ। ਈਰਖਾ, ਵੈਰ-ਵਿਰੋਧ, ਕਾਂਮ, ਕ੍ਰੋਧ ਲੋਭ, ਹੰਕਾਰ ਆਦਿ ਵਾਲੀ ਕੂੜ ਦੀ ਪਾਲ ਤੋੜ ਕੇੇ ਇਕ ਸਾਰਥਕ ਜੀਵਨ ਜੀਵਿਆ ਜਾਵੇ। ਇਸ ਤਰ੍ਹਾਂ ਇਕ ਸੁਖਾਵਾਂ ਤੇ ਖੇੜੇ ਵਾਲਾ ਮਾਹੋਲ ਪੈਦਾ ਕੀਤਾ ਜਾਵੇ ਅਤੇ ਐਸਾ ਸਮਾਝ ਸਿਰਜਿਆ ਜਾਵੇ ਜਿਥੇ ਪਿਆਰ ਹੀ ਪਿਆਰ ਹੋਵੇ।
ਗੁਰਬਾਣੀ ਦੇ ਇਸ ਮਨੋਰਥ ਦੀ ਪੂਰਤੀ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਗੁਰਬਾਣੀ ਦੇ ਹਰ ਸ਼ਬਦ ਦੀ ਵਿਆਖਿਆ ਇਸ ਮਨੋਰਥ ਦੇ ਅਨੁਕੂਲ ਹੋਵੇ। ਹਰ ਸ਼ਬਦ ਵਿਚੋਂ ਸਮਾਜ ਸੁਧਾਰ ਅਤੇ ਮਾਨਵ ਕਲਿਆਣ ਦਾ ਸੁਨੇਹਾ ਮਿਲੇ। ਹਰ ਸ਼ਬਦ ਦੀ ਵਿਆਖਿਆ ਕਰਦਿਆਂ ਇਹ ਸਪਸ਼ਟ ਕੀਤਾ ਜਾਵੇ ਕਿ ਵਿਖਾਵੇ ਵਾਲੇ ਜੋ ਕਰਮਕਾਂਡ ਕੀਤੇ ਜਾਂਦੇ ਹਨ, ਉਹ ਪਖੰਡ ਹੀ ਹੁੰਦੇ ਹਨ। ਜੇਕਰ ਗੁਰਬਾਣੀ ਦੀ ਵਿਆਖਿਆ ਐਸੇ ਮਨੋਰਥ ਦੇ ਅਨਕੂਲ ਨਹੀਂ ਹੁੰਦੀ ਹੈ ਤਾਂ ਉਹ ਵਿਅਖਿਆ ਠੀਕ ਨਹੀਂ ਹੋ ਸਕਦੀ।
ਐਸੀ ਸੁਹਿਰਦ ਵਿਆਖਿਆ ਲਈ ਗੁਰਬਾਣੀ ਦੇ ਕੁਝ ਮੂਲ ਸਿਧਾਂਤ ਸਪਸ਼ਟ ਹੋਣੇ ਜ਼ਰੂਰੀ ਹਨ। ਨਾਲ ਹੀ ਗੁਰਬਾਣੀ ਦੀ ਵਿਆਖਿਆ ਇਨ੍ਹਾਂ ਮੂਲ ਸਿਧਾਂਤਾਂ ਦੀ ਕਸਵੱਟੀ ਤੇ ਪੂਰੀ ਉਤਰਨੀ ਲਾਜ਼ਮੀ ਹੈ। ਗੁਰਬਾਣੀ ਨੂੰ ਸਮਝਣ ਅਤੇ ਸਮਝਾਉਣ ਵਿਚ ਜੋ ਭੁਲੇਖੇ ਪਏ ਹੋਏ ਹਨ ਉਹ ਸਿਰਫ ਇਸੇ ਲਈ ਕਿ ਗੁਰਬਾਣੀ ਦੀ ਵਿਅਖਿਆ ਕਰਨ ਸਮੇਂ ਇਨ੍ਹਾਂ ਮੂਲ ਸਿਧਾਂਤਾਂ ਨੂੰ ਅਨਗੌਲਿਆਂ ਕੀਤਾ ਗਿਆ ਹੈ। ਇਸ ਦੇ ਇਲਾਵਾ ਬ੍ਰਾਹਮਣਵਾਦ ਦੇ ਪ੍ਰਭਾਵ ਹੇਠ ਆ ਕੇ ਕੀਤੀ ਗਈ ਵਿਆਖਿਆ ਗੁਰਬਾਣੀ ਦੇ ਮਨੋਰਥ ਤੇ ਪੂਰੀ ਨਹੀਂ ਉਤਰਦੀ ਜਿਸ ਕਾਰਨ ਆਮ ਲੋਕ ਉਨ੍ਹਾਂ ਵਹਿਮਾਂ-ਭਰਮਾਂ ਅਤੇ ਕਰਮਕਾਂਡਾ ਵਿਚ ਫਸੇ ਹੀ ਰਹਿ ਗਏ ਹਨ। ਐਸੀ ਵਿਆਖਿਆ ਦੇ ਕਾਰਨ ਲੋਕ ਹੋਰ ਵੀ ਕਈ ਭੁਲੇਖਿਆਂ ਵਿਚ ਉਲਝ ਗਏ ਹਨ।
ਪਹਿਲਾ ਸਿਧਾਂਤ ਤਾਂ ਇਹ ਹੈ ਕਿ ਗੁਰਬਾਣੀ ਸੱਚੀ ਬਾਣੀ ਹੈ। ਇਹ ਸੱਚੀ ਬਾਣੀ ਇਸ ਲਈ ਹੈ ਕਿਉਂਕਿ ਇਸ ਬਾਣੀ ਰਾਹੀਂ ਯੂਨੀਵਰਸਲ ਟਰੂਥ ਸਰਬਵਿਆਪਕ ਸੱਚ ਨੂੰ ਉਜਾਗਰ ਕੀਤਾ ਗਿਆ ਹੈ। ਇਸ ਬਾਣੀ ਰਾਹੀਂ ਜਿਸ ਗਿਆਨ ਦੀ ਸੋਝੀ ਦਿੱਤੀ ਗਈ ਹੈ ਉਹ ਸੱਚ ਦੇ ਅਧਾਰ ’ਤੇ ਪੂਰੀ ਉਤਰਦੀ ਹੈ।ਸੱਚ ਕਦੀ ਬਦਲਦਾ ਨਹੀਂ। ਜਿਵੇਂ ਸੱਚ (ਰੲੳਸੋਨ ੳਨਦ ਲੋਗਚਿ) ਤਰਕ ਦੇ ਅਧਾਰ ’ਤੇ ਪੂਰਾ ਉਤਰਦਾ ਹੈ ਇਸੇ ਤਰ੍ਹਾਂ ਗੁਰਬਾਣੀ ਦੀ ਵਿਆਖਿਆ ਵੀ ਤਰਕ ਦੇ ਅਧਾਰ ’ਤੇ ਪੂਰੀ ਉਤਰਨੀ ਚਾਹੀਦੀ ਹੈ।
ਇਸੇ (ਯੂਨੀਵਰਸਲ ਟਰੁਥ) ਸੰਪੂਰਨ ਸੱਚ ਭਾਵ ਕੁਦਰਤ ਦੇ ਨਿਯਮਾ ਦੀਆਂ ਅਟੱਲ ਸਚਾਈਆਂ ਵਿਚੋਂ ਇਕ ਸਚਾਈ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪੰਨੇ ਉਤੇ ਇਸ ਤਰ੍ਹਾਂ ਬਿਆਨ ਕੀਤੀ ਹੈ: “ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ”॥ ‘ਹੁਕਮ’ ਤੋਂ ਭਾਵ ਹੈ ਕੁਦਰਤ ਦੇ ਨਿਯਮ ਜੋ ਅਟੱਲ ਹਨ, ਜੋ ਸੱਚੇ ਹਨ, ਬਦਲੇ ਨਹੀਂ ਜਾ ਸਕਦੇ। ਹੁਕਮ ਦਾ ਭਾਵ ਹੈ ਲ਼ੳਾ ੋਡ ਨੳਟੁਰੲ ਜਿਸ ਨੂੰ ਛੋਸਮਚਿ ਲ਼ੳਾ ਵੀ ਕਿਹਾ ਜਾਂਦਾ ਹੈ। ਇਸ ਦਾ ਭਾਵ ਇਹ ਕਿ ਗੁਰਬਾਣੀ ਦੀ ਵਿਆਖਿਆ ਤੋਂ ਇਹ ਸਪਸ਼ਟ ਹੋਵੇ ਕਿ ਜੋ ਕੁਝ ਵੀ ਵਾਪਰਿਆ ਹੈ ਜਾਂ ਜੋ ਕੁਝ ਵਾਪਰਦਾ ਹੈ ਉਹ ਕੁਦਰਤ ਦੇ ਨਿਯਮਾਂ ਅਨੁਸਾਰ ਹੀ ਵਾਪਰਿਆ ਜਾਂ ਵਾਪਰਦਾ ਹੈ, ਕੋਈ ਅਨਹੋਣੀ ਜਾਂ ਕਰਾਮਾਤ ਨਹੀਂ ਹੁੰਦੀ। ਐਸੀ ਕੀਤੀ ਵਿਆਖਿਆ ਹੀ ਤਰਕ ਦੇ ਅਧਾਰ ਤੇ ਪੂਰੀ ਉਤਰ ਸਕਦੀ ਹੈ। ਤਾਂ ਹੀ ਇਹ ਬਾਣੀ ਸੱਚੀ ਬਾਣੀ ਕਹੀ ਜਾ ਸਕਦੀ ਹੈ। ਇਸ ਤਰ੍ਹਾਂ ਗੁਰਬਾਣੀ ਦੀ ਵਿਆਖਿਆ ਤੋਂ ਅਟੱਲ ਸਚਾਈ ਦਾ ਪ੍ਰਗਟਾਵਾ ਹੋਣਾ ਲਾਜ਼ਮੀ ਹੈ।
ਗੁਰਬਾਣੀ ਦੀ ਵਿਆਖਿਆ ਕਰਨ ਸਮੇਂ ਇਨ੍ਹਾਂ ਬੁਨਿਆਦੀ ਨੁਕਤਿਆਂ ਦੇ ਨਾਲ ਹੋਰ ਵੀ ਸਿਧਾਂਤ ਹਨ ਜਿਨ੍ਹਾਂ ਨੂੰ ਅਖੋਂ ਪ੍ਰੋਖੇ ਨਹੀਂ ਕੀਤਾ ਜਾ ਸਕਦਾ।
ਸਭ ਤੋਂ ਪਹਿਲਾਂ ਤਾਂ ਰੱਬ ਦੇ ਸੰਕਲਪ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਇਸ ਸੰਬੰਧ ਵਿਚ ਇਹ ਤਾਂ ਹਰ ਕੋਈ ਸਮਝਦਾ ਹੈ ਕਿ ਰੱਬ ਜੀ ਦਾ ਕੋਈ ਰੂਪ, ਰੇਖ ਜਾਂ ਰੰਗ ਨਹੀਂ ਹੈ। ਇਹ ਵੀ ਸਪਸ਼ਟ ਹੈ ਕਿ ਰੱਬ ਜੀ ਕਿਸੇ ਆਸਮਾਨ ਉੱਤੇ ਨਹੀਂ ਰਹਿੰਦੇ। ਇਹ ਵੀ ਸਬ ਸਮਝਦੇ ਹਨ ਕਿ ਰੱਬ ਜੀ ਸਭ ਦੇ ਦਿਲਾਂ ਅੰਦਰ ਹੀ ਵਸਦੇ ਹਨ। ਰੱਬ ਜੀ ਜੰਮਦੇ ਮਰਦੇ ਵੀ ਨਹੀਂ। ਰੱਬ ਜੀ ਕਿਸੇ ਨਾਲ ਈਰਖਾ, ਵੈਰ, ਵਿਰੋਧ ਵੀ ਨਹੀਂ ਕਰਦੇ। ਰੱਬ ਜੀ ਸਰਬ ਵਿਆਪੀ ਹਨ। ਫਿਰ ਵੀ ਧਰਮ ਦੇ ਠੇਕੇਦਾਰਾਂ ਨੇ ਵਖਰੇ ਵਖਰੇ ਧਰਮ ਬਣਾ ਕੇ ਵਖਰੇ ਵਖਰੇ ਰੱਬ ਘੜ ਲਏ ਹਨ ਅਤੇ ਮਨੁੱਖਾਂ ਨੂµ ਇਨਸਾਨੀਅਤ ਤੋਂ ਦੂਰ ਕਰਕੇ ਮਨੁੱਖਾਂ ਵਿਚ ਵੰਡੀਆਂ ਪਾ ਦਿੱਤੀਆਂ ਹਨ। ਇਸ ਤਰ੍ਹਾਂ ਧਰਮ ਦੇ ਨਾਮ ‘ਤੇ ਨਫਰਤ ਪੈਦਾ ਕੀਤੀ ਜਾ ਰਹੀ ਹੈ।
ਇਹ ਸਮਝਣਾ ਅਤੇ ਸਮਝਾਉਣਾ ਪਵੇਗਾ ਕਿ ਜਦੋਂ ਰੱਬ ਜੀ ਜਾਂ ਵਾਹਿਗੁਰੂ ਜੀ ਹਿਰਦੇ ਦੇ ਅੰਦਰ ਹੀ ਵਸਦੇ ਹਨ ਤਾਂ ਉਸ ਨੂੰ ਜਪਣਾ ਜਾਂ ਯਾਦ ਕਿਵੇਂ ਕਰਨਾ ਹੈ? ਜੇਕਰ ਕਿਸੇ ਵੀ ਸ਼ਬਦ ਦੀ ਵਿਆਖਿਆ ਐਸੀ ਕੀਤੀ ਜਾਵੇ ਜਿਸ ਤੋਂ ਇਹ ਪ੍ਰਭਾਵ ਉਪਜੇ ਕਿ ਰੱਬ ਜੀ ਜਾਂ ਵਾਹਿਗੁਰੂ ਜੀ ਦਾ ਨਾਮ ਕਿਸੇ ਖਾਸ ਢੰਗ ਨਾਲ ਦੋਹਰਾਇਆ ਜਾਵੇ ਭਾਵ ਜਪਿਆ ਜਾਵੇ ਤਾਂ ਵਾਹਿਗੁਰੂ ਜੀ ਕੋਈ ਖਾਸ ਮਹਿਰਬਾਣੀ ਕਰ ਦੇਣਗੇ ਤਾਂ ਇਹ ਇਕ ਭਰਮ ਹੀ ਹੋ ਸਕਦਾ ਹੈ। ਵਾਹਿਗੁਰੂ ਜੀ ਕਿਸੇ ਚਾਪਲੂਸੀ ਦੇ ਮੁਥਾਜ ਨਹੀਂ ਹਨ। ਗੁਰਬਾਣੀ ਤਾਂ ਸਪਸ਼ਟ ਕਰਦੀ ਹੈ:“ਵਿਣੁ ਬੋਲਿਆ ਸਭੁ ਕਿਛੁ ਜਾਣਦਾ ਕਿਸੁ ਆਗੈ ਕੀਚੈ ਅਰਦਾਸਿ”॥(ਗ:ਗ:ਸ: ਪੰਨਾ-1420)
ਰੱਬ ਜੀ ਨੂੰ ਸਮਝਣ ਵਾਸਤੇ ਗੁਰੂ ਗ੍ਰੰਥ ਸਾਹਿਬ ਵਿਚ ਰੱਬ ਜੀ ਨੂੰ ਕਈ ਨਾਵਾਂ ਨਾਲ ਸੰਬੋਧਨ ਕੀਤਾ ਹੈ ਅਤੇ ਰੱਬ ਜੀ ਨੂੰ ਗੁਣਾ ਦਾ ਖਜ਼ਾਨਾ (“ਗੁਣੀ ਨਿਧਾਨੁ”, “ਗੁਣਤਾਸਾ” “ਗੁਣਤਾਸੁ” ਆਦਿ) ਕਰ ਕੇ ਵੀ ਸੰਬੋਧਨ ਕੀਤਾ ਹੈ। ਜਿਵੇਂ ਕਿ: “ਨਾਨਕ ਗਾਵੀਐ ਗੁਣੀ ਨਿਧਾਨੁ॥” (ਗ:ਗ:ਸ: ਪੰਨਾ-2); “ਸਿਮਰਿ ਨਾਨਕ ਸਾਚੇ ਗੁਣਤਾਸਾ” (ਗ:ਗ:ਸ: ਪੰਨਾ-1147); “ਨਾਨਕ ਨਦਰੀ ਪਾਈਐ ਸਚੁ ਨਾਮੁ ਗੁਣਤਾਸੁ” (ਗ:ਗ:ਸ: ਪੰਨਾ-26); “ਸਤਿਗੁਰੁ ਸੇਵਿ ਸੁਖੁ ਪਾਇਆ ਸਚੁ ਨਾਮੁ ਗੁਣਤਾਸੁ” (ਗ:ਗ:ਸ: ਪੰਨਾ-85); ਆਦਿ। ਇਸ ਤਰ੍ਹਾਂ ਦੀਆਂ ਹੋਰ ਵੀ ਕਈ ਪੰਗਤੀਆਂ ਹਨ ਜਿਨ੍ਹਾਂ ਰਾਹੀ ਇਹ ਸਪਸ਼ਟ ਕੀਤਾ ਹੈ ਕਿ ਰੱਬ ਤਾਂ ਗੁਣਾਂ ਦਾ ਖਜ਼ਾਣਾ ਹੈ। ਇਸ ਅਨੁਸਾਰ ਇਹ ਸਮਝਣਾ ਅਤੇ ਸਮਝਾਉਣਾ ਪਵੇਗਾ ਕਿ ਜਦੋਂ ਰੱਬ ਜੀ ਜੋ ਗੁਣਾਂ ਦਾ ਖ਼ਜ਼ਾਣਾ ਹੈ ਤਾਂ ਉਸ ਦਾ ਨਾਮ ਜਪਣਾ ਕਿਵੇਂ ਹੈ? ਸਪਸ਼ਟ ਹੈ ਕਿ ਰੱਬ ਜੀ ਦਾ ਨਾਮ ਜਪਣ ਤੋਂ ਭਾਵ ਹੈ ਰੱਬ ਜੀ, ਵਾਹਿਗੁਰੂ ਜੀ, ਦੇ ਗੁਣਾਂ ਨੂੰ ਯਾਦ ਰੱਖਣਾ। ਵਹਿਗੁਰੂ ਦੇ ਗੁਣਾਂ ਨੂੰ ਸਮਝਣਾ ਅਤੇ ਉਨ੍ਹਾਂ ਗੁਣਾਂ ਅਨੁਸਾਰ ਜੀਵਨ ਜੀਊਣਾ ਹੀ ਨਾਮ ਜਪਣਾ ਹੈ। ਰੱਬੀ ਗੁਣਾਂ ਅਨੁਸਾਰ ਵਿਚਰਨਾ ਹੀ ਰੱਬ ਜੀ (ਵਾਹਿਗੁਰੂ) ਦਾ ਨਾਮ ਜਪਣਾ ਹੈ। ਅਨੁਭਵ ਇਹ ਕੀਤਾ ਗਿਆ ਹੈ ਕਿ ਇਸ ਨੁਕਤੇ ਨੂੰ ਠੀਕ ਤਰ੍ਹਾਂ ਨਾ ਤਾਂ ਸਮਝਿਆ ਗਿਆ ਹੈ ਅਤੇ ਨਾ ਹੀ ਸਮਝਾਇਆ ਗਿਆ ਹੈ।
ਗੁਰਬਾਣੀ ਵਿਚ ਰੱਬ ਜੀ ਨੂੰ ‘ਨਾਮ’ ਕਹਿ ਵੀ ਸੰਬੋਧਨ ਕੀਤਾ ਹੈ। ਜਿਵੇਂ ਕਿ: “ਨਾਮ ਕੇ ਧਾਰੇ ਸਗਲੇ ਜੰਤ”; “ਨਾਮ ਕੇ ਧਾਰੇ ਖੰਡ ਬ੍ਰਹਮੰਡ”; “ਨਾਮ ਕੇ ਧਾਰੇ ਆਗਾਸ ਪਾਤਾਲ”; “ਨਾਮ ਕੇ ਧਾਰੇ ਸਗਲ ਆਕਾਰ” (ਗ:ਗ:ਸ: ਪੰਨਾ-284) ਭਾਵ: ਇਹ ਕਿ ਸਭ ਖੰਡ ਬ੍ਰਹਮੰਡ, ਆਗਾਸ ਪਾਤਾਲ, ਇਸ ਸਾਰੇ ਬ੍ਰਹਿਮੰਡ ਦੀ ਜੋ ਰਚਣਾ ਕਤੀ ਗਈ ਹੈ ਉਹ ਸਬ ਉਸ ‘ਨਾਮ’ ਭਾਵ ਅਕਾਲਪੁਰਖ (ਰੱਬ ਜੀ) ਦੇ ਆਸਰੇ ਹੀ ਹੈ, ਉਸ ਦੇ ਹੁਕਮ (ਨਿਯਮਾਂ) ਅਨੁਸਾਰ ਹੀ ਚਲਦੇ ਹਨ। ਇਸ ਤਰ੍ਹਾਂ “ਨਾਮ” ਸ਼ਬਦ ਨੂੰ ਅਕਾਲਪੁਰਖ ਲਈ ਵਰਤਿਆ ਗਿਆ ਹੈ। “ਨਾਮ” ਤੋਂ ਭਾਵ, ਕੁਦਰਤ ਦੇ ਨਿਯਮ ਵੀ ਹੈ। ਇਨ੍ਹਾਂ ਪੰਗਤੀਆਂ ਦਾ ਅਰਥ ਇਹ ਵੀ ਹੈ ਕਿ ਇਹ ਸਬ ਖੰਡ ਬ੍ਰਹਿਮੰਡ, ਆਗਾਸ ਪਾਤਾਲ ਆਦਿ ਕੁਦਰਤ ਦੇ ਨੀਯਮ ਅਨੁਸਾਰ (ਉਸ ਦੇ ਹੁਕਮ ਅੰਦਰ) ਹੀ ਆਪਣੀ ਚਾਲ ਚਲ ਰਹੇ ਹਨ।
ਇਸੇ ਤਰ੍ਹਾਂ “ਸਤਿ ਨਾਮੁ” ਤੋਂ ਭਾਵ ਹੈ ਕਿ ਕੁਦਰਤ ਦੇ ਨਿਯਮ ਸੱਚੇ ਹਨ, ਅਟੱਲ ਹਨ, ਬਦਲੇ ਨਹੀਂ ਜਾ ਸਕਦੇ।
ਗੁਰਬਾਣੀ ਵਿਚ “ਨਾਮ” ਸ਼ਬਦ ਨੂੰ ਕਈ ਤਰ੍ਹਾਂ ਨਾਲ ਵਰਤਿਆ ਗਿਆ ਹੈ। ਇਸੇ ਲਈ ਸ਼ਬਦ “ਨਾਮ” ਨੂੰ ਵਿਸਥਾਰ ਨਾਲ ਸਮਝਣਾ ਬਹੁਤ ਲਾਜ਼ਮੀ ਹੈ। ਗੁਰਬਾਣੀ ਦੀ ਪੰਗਤੀ ਹੈ: “ਨਾਨਕ ਨਾਮੁ ਮਿਲੈ ਤਾਂ ਜੀਵਾਂ ਤਨੁ ਮਨੁ ਥੀਵੈ ਹਰਿਆ”॥(ਗ:ਗ:ਸ: ਪੰਨਾ-1429) ਇਥੇ “ਨਾਮੁ” ਤੋਂ ਭਾਵ ਹੈ ਸੋਝੀ (ਗਿਆਨ) ਦੀ ਪ੍ਰਾਪਤੀ ਹੋਣਾਂ, ਜਾਂ ਰੱਬੀ ਗੁਣ ਚੰਗੇ ਸੁਚੱਜੇ ਗੁਣਾਂ ਦੀ ਪ੍ਰਾਪਤੀ ਕਰਨਾ ਹੀ ਨਾਮ ਜਪਣਾ ਹੁੰਦਾ ਹੈ। ਇਸ ਪੰਗਤੀ ਵਿਚ ਗੁਰੂ ਸਾਹਿਬ ਸਮਝਾਉਂਦੇ ਹਨ ਕਿ ਜੇਕਰ (ਨਾਮੁ ਮਿਲੈ) ਚੰਗੇ ਗੁਣਾਂ ਦੀ ਪ੍ਰਾਪਤੀ ਹੋ ਜਾਵੇ ਤਾਂ ਉਹ ਹੀ ਜੀਵਨ ਮੈਂ ਜੀਵਾਂ।ਜਾਂ ਗਿਆਨ ਦੀ ਪ੍ਰਾਪਤੀ (ਸੋਝੀ) ਹੋਣ ਨਾਲ ਹੀ ਅਸਲ ਜੀਵਨ ਹੈ, ਮੈਂ ਐਸੇ ਗਿਆਨ ਵਾਲਾ (ਸੋਝੀ ਵਾਲਾ) ਜੀਵਨ ਹੀ ਜੀਵਾਂ। ਐਸੇ ਗੁਣਵਾਨ, ਸੋਝੀ ਵਾਲੇ, ਗਿਆਨ ਭਰਪੂਰ ਜੀਵਨ ਜੀਊਣ ਨਾਲ ਹੀ ਹੋ ਸਕਦਾ ਹੈ ‘ਤਨੁ ਮਨੁ ਥੀਵੈ ਹਰਿਆ’। ਤਨ ਅਤੇ ਮਨ ਖਿਿੜਆ ਰਹਿ ਸਕਦਾ ਹੈ।
ਇਸੇ ਤਰ੍ਹਾਂ ਗੁਰਬਾਣੀ ਦਾ ਫ਼ਰਮਾਨ ਹੈ: “ਜਹਾਂ ਨਾਮੁ ਮਿਲੈ ਤਹ ਜਾਉ”॥ (ਗ:ਗ:ਸ: ਪੰਨਾ-414) ਭਾਵ ਜਿਸ ਜਗ੍ਹਾ (ਸੰਗਤ) ਤੋਂ “ਨਾਮੁ ਮਿਲੈ” ਚੰਗੇ ਗੁਣਾਂ ਦੀ, ਗਿਆਨ ਦੀ ਪ੍ਰਾਪਤੀ ਹੁੰਦੀ ਹੋਵੇ, ਕੋਈ ਸੋਝੀ ਆਉਂਦੀ ਹੋਵੇ ਤਾਂ ਉਸੇ ਜਗ੍ਹਾ ਤੇ ਮੈਂ ਜਾਵਾਂ ਜਾਂ ਜਾਇਆ ਜਾਵੇ।
ਇਸ ਅਨੁਸਾਰ ਨਾਮ ਜਪਣ ਤੋਂ ਭਾਵ ਗਿਆਨ ਦੀ ਪ੍ਰਾਪਤੀ ਕਰਨਾ, ਚੰਗੇ ਗੁਣਾਂ ਦੀ ਪ੍ਰਾਪਤੀ ਕਰਨਾ ਹੀ ਨਾਮ ਜਪਣਾ ਹੈ। ਜਦ ਤਕ ਇਸ ਸੰਕਲਪ ਨੂੰ ਪੂਰੀ ਤਰ੍ਹਾਂ ਸਮਝਿਆ ਨਹੀਂ ਜਾਂਦਾ ਉਤਨੀ ਦੇਰ ਭੁਲੇਖੇ ਦੂਰ ਨਹੀਂ ਹੋ ਸਕਦੇ ਅਤੇ ਸਮਾਜ ਦਾ ਸੁਧਾਰ ਨਹੀਂ ਹੋ ਸਕਦਾ। ਲੋਕ ਕੇਵਲ ਰੱਟਾ ਪਾਠ ਵਿਚ ਰੁਝੇ ਰਹਿਣਗੇ। ਸਾਰਥਕ ਜੀਵਨ ਜੀਊਣ ਦੀ ਸੋਝੀ ਨਹੀਂ ਆਵੇਗੀ।
ਜੇਕਰ ਗੁਰਬਾਣੀ ਦੇ ਹੋਰ ਵੀ ਇਸੇ ਤਰ੍ਹਾਂ ਦੇ ਨੁਕਤੇ ਸਮਝ ਕੇ ਗੁਰਬਾਣੀ ਦੀ ਵਿਆਖਿਆ ਗੁਰਬਾਣੀ ਦੇ ਮਨੋਰਥ ਅਨਕੂਲ ਕੀਤੀ ਜਾਵੇ, ਤਾਂ ਹੀ, ਜਿਥੇ ਮਨੁੱਖੀ ਜੀਵਨ ਸਫਲਾ ਹੋਵੇਗਾ ਉੱਥੇ ਸਮਾਜ ਸੁਧਾਰ ਵੀ ਹੋਵੇਗਾ। ਇਸ ਤਰ੍ਹਾਂ ਗੁਰਬਾਣੀ ਦਾ ਮਨੋਰਥ ਵੀ ਪੂਰਾ ਹੋ ਸਕੇਗਾ।

ਨੋਟ: ਜੇਕਰ, ਕਿਸੇ ਕਾਰਨ, ਕੋਈ ਪਾਠਕ ਜਾਂ ਪ੍ਰੇਮੀ ਇਨ੍ਹਾਂ ਵਿਚਾਰਾਂ ਨਾਲ ਸਹਿਮਤ ਨਹੀਂ ਹਨ ਤਾਂ ਕਿਰਪਾ ਕਰਕੇ ਮੇਰੀ ਸੁਧਾਈ ਖਾਤਰ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ ਜੀ। ਆਪ ਜੀ ਦਾ ਧੰਨਵਾਦੀ ਹੋਵਾਂਗਾ।

Related posts

ਮੈਲਬੌਰਨ ‘ਚ ਦੋ ਨਵੇਂ ਇੰਡੀਅਨ ਕਮਿਊਨਿਟੀ ਸੈਂਟਰਾਂ ਲਈ ਫੰਡਿੰਗ ਉਪਲਬਧ ਹੈ !

admin

ਕਾਂਗਰਸ ਨੇਤਾ ਰਾਹੁਲ ਗਾਂਧੀ ਇਤਰਾਜ਼ਯੋਗ ਟਿੱਪਣੀਆਂ ਕਾਰਣ ਮਾਣਹਾਨੀ ਦੇ ਕਈ ਕੇਸਾਂ ‘ਚ ਉਲਝੇ ਹੋਏ ਹਨ !

admin

ਬਾਲੀਵੁੱਡ ਕਮੇਡੀਅਨ ਕਪਿਲ ਦੇ ਕੈਨੇਡੀਅਨ ਕੈਫ਼ੇ ਉਪਰ ਦੂਜੀ ਵਾਰ ਗੋਲੀਆਂ ਦਾ ਮੀਂਹ ਵਰ੍ਹਾਇਆ !

admin