Articles

ਗੁਰਾਂ ਦੇ ਨਾਂ ਤੇ ਜੀਂਦੇ ਪੰਜਾਬ ਵਿਚਲੀ ਸਦਭਾਵਨਾ ਵਿੱਚ ਜ਼ਹਿਰ?

ਕਿਸਾਨ-ਵਿਰੋਧੀ ਕਾਨੂਨਾਂ ਦੇ ਵਿਰੁਧ ਅੱਜ ਜੋ ਅੰਦੋਲਣ ਹੋ ਰਿਹਾ ਹੈ, ਉਸਦੀ ਅਰੰਭਤਾ ਭਾਵੇਂ ਪੰਜਾਬ ਦੇ ਕਿਸਾਨਾਂ, ਜਿਨ੍ਹਾਂ ਵਿੱਚ ਬਹੁਤੇ ਸਿੱਖ ਹਨ, ਵਲੋਂ ਕੀਤੀ ਗਈ ਹੈ, ਪ੍ਰੰਤੂ ਉਸਦਾ ਸੰਬੰਧ ਕੇਵਲ ਪੰਜਾਬ ਦੇ ਕਿਸਾਨਾਂ ਦੇ ਹਿਤਾਂ ਨਾਲ ਹੀ ਨਹੀਂ, ਸਗੋਂ ਦੇਸ਼ ਦੇ ਸਮੁਚੇ ਕਿਸਾਨ ਭਾਈਚਾਰੇ ਦੇ ਹਿਤਾਂ ਨਾਲ ਹੈ। ਇਹ ਵਿਚਾਰ ਦਿੱਲੀ ਹਾਈਕੋਰਟ ਦੇ ਸਾਬਕਾ ਜੱਜ, ਜਸਟਿਸ ਆਰ ਐਸ ਸੋਢੀ ਨੇ ਇੱਕ ਨਿਜੀ ਗਲਬਾਤ ਦੌਰਾਨ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬੀ ਕਿਸਾਨਾਂ ਵਲੋਂ ਅਰੰਭੇ ਇਸ ਅੰਦੋਲਣ ਨਾਲ ਪਹਿਲਾਂ ਹਰਿਆਣਾ ਦੇ ਕਿਸਾਨ ਜੁੜੇ, ਫਿਰ ਇਕ-ਇਕ ਕਰ ਦੇਸ਼ ਦੇ ਦੂਸਰੇ ਰਾਜਾਂ ਦੇ ਕਿਸਾਨ ਵੀ ਜੁੜਦੇ ਚਲੇ ਗਏ। ਇਸੇ ਸੰਬੰਧ ਵਿੱਚ ਪੁਛੇ ਗਏ ਇੱਕ ਸੁਆਲ ਦਾ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਵਲੋਂ ਇਸ ਪਾਸੇ ਪਹਿਲ ਕਰਨ ਦਾ ਕਾਰਣ ਇਹ ਹੈ ਕਿ ਅੱਜ ਦੇ ਪੰਜਾਬ ਦਾ ਕਿਸਾਨ ਪੜ੍ਹਿਆ-ਲਿਿਖਆ ਹੈ। ਉਸਨੇ ਜਦੋਂ ਇਨ੍ਹਾਂ ਨਵੇਂ ਬਣੇ ਖੇਤੀ ਕਾਨੂੰਨਾਂ ਦਾ ਅਧਿਅਨ ਕੀਤਾ ਤਾਂ ਉਸਨੂੰ ਜਾਪਿਆ ਕਿ ਇਹ ਕਾਨੂੰਨ, ਜੋ ਕਿਸਾਨ ਭਾਈਚਾਰੇ ਦੇ ਹਿੱਤ ਵਿੱਚ ਦਸੇ ਜਾ ਰਹੇ ਹਨ, ਉਸ ਅਸਲ ਵਿੱਚ ਉਨ੍ਹਾਂ ਦੇ ਹਿਤਾਂ ਦੇ ਵਿਰੁਧ ਹਨ। ਇਸਲਈ ਉਨ੍ਹਾਂ ਨੇ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਕਰਨ ਦਾ ਫੈਸਲਾ ਕਰ ਲਿਆ। ਕਨੂੰਨਾਂ ਦੇ ਵਿਰੋਧ ਵਿੱਚ ਉਸਦੇ ਮੈਦਾਨ ਵਿੱਚ ਨਿਤਰਨ ਦੀ ਦੇਰ ਸੀ, ਕਿ ਸਰਕਾਰ ਨੇ ਇਸ ਡਰੋਂ ਕਿ ਕਿਧਰੇ ਇਹ ਅੰਦੋਲਣ ਜ਼ੋਰ ਨਾ ਪਕੜ ਜਾਏ, ਇਸਦਾ ਵਿਰੋਧ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜਾਪਦਾ ਹੈ ਕਿ ਸਰਕਾਰ ਵਲੋਂ ਕਿਸਾਨ ਅੰਦੋਲਣ ਦੇ ਸੰਬੰਧ ਵਿੱਚ ਜਿਸਤਰ੍ਹਾਂ ਅੰਦੋਲਣ-ਵਿਰੋਧੀ ਨੀਤੀ ਅਪਨਾਈ ਗਈ, ਉਸਦਾ ਨਤੀਜਾ ਇਹ ਹੋਇਆ ਕਿ ਦੂਸਰੇ ਰਾਜਾਂ ਦੇ ਕਿਸਾਨਾਂ ਵਿੱਚ ਵੀ ਇਨ੍ਹਾਂ ਕਾਨੂੰਨਾਂ ਦੇ ਸੰਬੰਧ ਵਿੱਚ ਸ਼ੰਕਾ ਪੈਦਾ ਹੋਣ ਲਗੀ ਤੇ ਉਹ ਵੀ ਇਸ ਅੰਦੋਲਣ ਵਿਚ ਭਾਈਵਾਲ ਬਣਨ ਲਈ ਅਗੇ ਆਉਣ ਲਗ ਪਏ।
ਇਸ ਸਥਿਤੀ ਨੂੰ ਸਰਕਾਰ ਨੇ ਆਪਣੇ ਲਈ ਚੁਨੌਤੀ ਸਮਝਿਆ ਤੇ ਉਸਨੇ ਆਪਣੇ ਸਾਰੇ ਸਾਧਨ ਇਨ੍ਹਾਂ ਕਾਨੂੰਨਾਂ ਦੇ ਕਿਸਾਨਾਂ ਦੇ ਹਿਤ ਵਿੱਚ ਹੋਣ ਦਾ ਪ੍ਰਚਾਰ ਕਰਨ ਵਿੱਚ ਝੌਂਕ ਦਿੱਤੇ। ਸੰਭਵ ਹੈ ਕਿ ਇਸ ਅੰਦਲਣ ਨਾਲ ਸੰਬੰਧਤ ਸਿੱਖ ਜਥੇਬੰਦੀਆਂ ਨੂੰ ਬਦਨਾਮ ਕਰਨ ਲਈ ਹੀ, ਬੀਤੇ ਸਮੇਂ ਵਿੱਚ ਸਿੱਖ ਜਗਤ ਵਲੋਂ ਮਨਾਈਆਂ ਗਈਆਂ ਸ਼ਤਾਬਦੀਆਂ ਦੇ ਮੌਕੇ ਸਰਕਾਰ ਵਲੋਂ ਦਿੱਤੇ ਜਾਂਦੇ ਰਹੇ ਆਰਥਕ ਸਹਿਯੋਗ ਨੂੰ ਉਨ੍ਹਾਂ ਪੁਰ ਕੀਤੇ ਅਹਿਸਾਨ ਵਜੋਂ ਪ੍ਰਚਾਰ, ਅੰਦੋਲਣਕਾਰੀ ਸਿੱਖਾਂ ਨੂੰ ਅਹਿਸਾਨ-ਫਰੋਸ਼ ਸਾਬਤ ਕਰਨ ਦੀ ਮੁਹਿੰਮ ਸ਼ੁਰੂ ਕਰ ਦਿੱਤੀ। ਸਰਕਾਰ ਵਲੋਂ ਸਿੱਖਾਂ ਪੁਰ ਕੀਤੇ ਅਹਿਸਾਨ ਦੇ ਕੀਤੇ ਜਾ ਰਹੇ ਪ੍ਰਚਾਰ ਦੇ ਜਵਾਬ ਵਿੱਚ ਕੁਝ ਬਜ਼ੁਰਗ ਸਿੱਖਾਂ ਨੇ ਕਿਹਾ ਕਿ ਅਹਿਸਾਨ-ਫਰਾਮੋਸ਼ ਸਿੱਖ ਨਹੀਂ, ਇਸ ਦੇਸ਼ ਦੀਆਂ ਸਰਕਾਰਾਂ ਰਹੀਆਂ ਹਨ। ਉਨ੍ਹਾਂ ਦਸਿਆ ਕਿ ਇਸ ਦੇਸ਼ ਦੀ ਅਜ਼ਾਦੀ ਲਈ ਵਿੱਚ ਹੀ ਸਿੱਖਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਨਹੀਂ ਦਿੱਤੀਆਂ, ਸਗੋਂ ਉਸਤੋਂ ਬਾਅਦ ਵੀ ਦੇਸ਼ ਦੀ ਏਕਤਾ-ਅਖੰਡਤਾ ਦੀ ਬਹਾਲੀ ਤੇ ਉਸਦੀ ਰਖਿਆ ਲਈ ਵੀ ਉਨ੍ਹਾਂ ਅਨੇਕਾਂ ਕੁਰਬਾਨੀਆਂ ਕੀਤੀਆਂ, ਪ੍ਰੰਤੂ ਉਨ੍ਹਾਂ ਕਦੀ ਵੀ ਇਨ੍ਹਾਂ ਕੁਰਬਾਨੀਆਂ ਨੂੰ ਅਹਿਾਸਨ ਵਜੋਂ ਪ੍ਰਚਾਰਿਤ ਨਹੀਂ ਕੀਤਾ। ਇਸ ਸੰਬੰਧ ਵਿੱਚ ਉਨ੍ਹਾਂ ਕੁਝ ਘਟਾਨਾਵਾਂ ਜ਼ਿਕਰ ਵੀ ਕੀਤਾ, ਜੋ ਪਾਠਕਾਂ ਦੀ ਜਾਣਕਾਰੀ ਲਈ ਹੇਠਾਂ ਪੇਸ਼ ਹਨ।
ਜਿਨ੍ਹਾਂ ਦੇਸ਼ ਦੀ ਵੰਡ ਦੇ ਜ਼ਖਮਾਂ ਨੂੰ ਪਿੰਡੇ ਹੰਡਾਇਆ, ਉਨ੍ਹਾਂ ਵਿਚੋਂ ਸੰਸਾਰ ਵਿਚ ਵਿਚਰ ਰਹੇ ਇਨ੍ਹਾਂ ਬਜ਼ੁਰਗਾਂ ਅਨੁਸਾਰ ਜਦੋਂ ਦੇਸ਼ ਦੀ ਆਜ਼ਾਦੀ ਦੀ ਰੂਪ-ਰੇਖਾ ਤਿਆਰ ਹੋ ਰਹੀ ਸੀ, ਉਸ ਸਮੇਂ ਦੇ ਕਾਂਗ੍ਰਸੀ ਨੇਤਾ ਦੇਸ਼ ਦੀ ਸੱਤਾ ਨੂੰ ਕੇਵਲ ਅਪਣੇ ਹੀ ਹਥਾਂ ਵਿਚ ਹੀ ਕੇਂਦ੍ਰਿਤ ਕਰੀ ਰਖਣ ਦੀ ਲਾਲਸਾ ਵਿਚ ਇਤਨੇ ਜ਼ਿਆਦਾ ਗ੍ਰਸਤ ਹੋ ਗਏ ਹੋਏ ਸਨ, ਕਿ ਉਨ੍ਹਾਂ ਦੇਸ਼ ਦੀ ਆਜ਼ਾਦੀ ਤੋਂ ਤੁਰੰਤ ਬਾਅਦ, ਉਨ੍ਹਾਂ ਸਿੱਖਾਂ ਨੂੰ, ਜਰਾਇਮ ਪੇਸ਼ਾ ਕਰਾਰ ਦੇ ਦੇਸ਼ ਤੇ ਮਨੁਖਤਾ ਦੇ ਦੁਸ਼ਮਣ ਸਥਾਪਤ ਕਰ ਭਾਰਤੀ-ਸਮਾਜ ਤੋਂ ਅਲਗ-ਥਲਗ ਕਰ ਦੇਣ ਦੀ ਸਾਜ਼ਿਸ਼ ਰਚਣ ਵਿਚ ਵੀ ਕੋਈ ਝਿਝਕ ਨਹੀਂ ਸੀ ਵਿਖਾਈ, ਜਿਨ੍ਹਾਂ ਨਾ ਕਵੇਲ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿਚ ਸਭ ਤੋਂ ਵਧ ਕੁਰਬਾਨੀਆਂ ਕੀਤੀਆਂ ਸਨ, ਸਗੋਂ ਆਪਣੀ ਕਿਸਮਤ ਭਾਰਤ ਨਾਲ ਜੋੜਨ ਦੇ ਕੀਤੇ ਗਏ ਫੈਸਲੇ ਲਈ ਵੀ ਉਨ੍ਹਾਂ ਨੂੰ ਸਭ ਤੋਂ ਵਧ ਕੀਮਤ ਚੁਕਾਣੀ ਪਈ। ਦੇਸ਼ ਦੀ ਵੰਡ ਨੇ ਤਾਂ ਅੱਧੀ ਤੋਂ ਵਧ ਸਿੱਖ ਕੌਮ ਨੂੰ ਤਬਾਹ ਤੇ ਬਰਬਾਦ ਕਰਕੇ ਰਖ ਦਿਤਾ। ਉਹ ਜਾਨਾਂ ਤੋਂ ਵੀ ਵਧ ਪਿਆਰੇ ਆਪਣੇ ਗੁਰਧਾਮ, ਅਰਬਾਂ ਰੁਪਏ ਦੀਆਂ ਜ਼ਮੀਨਾਂ-ਜਾਇਦਾਦਾਂ ਅਤੇ ਖੂਨ-ਪਸੀਨੇ ਨਾਲ ਸਿੰਜੀਆਂ ਜ਼ਮੀਨਾਂ ਆਦਿ ਤਕ ਛਡ, ਖਾਲੀ ਹਥ ਆਜ਼ਾਦ ਭਾਰਤ ਵਿਚ, ਇਸ ਵਿਸ਼ਵਾਸ ਨਾਲ ਕਦਮ ਰਖਿਆ ਸੀ ਕਿ ਦੇਸ਼ ਲਈ ਕੀਤੀ ਗਈ, ਉਨ੍ਹਾਂ ਦੀ ਕੁਰਬਾਨੀ ਦਾ ਸਨਮਾਨ ਕੀਤਾ ਜਾਇਗਾ, ਪਰ ਇਧਰ ਆਉਂਦਿਆਂ ਹੀ ਉਨ੍ਹਾਂ ਨੂੰ ‘ਜਰਾਇਮਪੇਸ਼ਾ’ ਦੇ ਨਾਂ ਨਾਲ ਨਵਾਜ, ਉਨ੍ਹਾਂ ਪੁਰ ਸਖਤ ਨਿਗਰਾਨੀ ਰਖਣ ਦੇ ਆਦੇਸ਼ ਜਾਰੀ ਕਰ ਦਿਤੇ ਗਏ।
ਇਨ੍ਹਾਂ ਬਜ਼ੁਰਗਾਂ ਨੇ ਹੋਰ ਦਸਿਆ ਕਿ ਆਜ਼ਾਦੀ ਦੀ ਲੜਾਈ ਦੌਰਾਨ, ਜਦੋਂ ਕਦੀ ਕਾਂਗ੍ਰਸ ਦੀ ਇਜ਼ਤ ਦਾਅ ਤੇ ਲਗੀ, ਉਸ ਸਮੇਂ ਵੀ ਸਿੱਖ ਹੀ ਉਸਦੀ ਇਜ਼ਤ ਬਚਾਣ ਲਈ ਅਗੇ ਆਉਂਦੇ ਰਹੇ। ਇਸ ਸੰਬੰਧ ਵਿਚ ਉਹ ਦਸਦੇ ਹਨ, ਕਿ ਇਕ ਵਾਰ ਬੰਬਈ (ਹੁਣ ਮੁੰਬਈ) ਵਿਖੇ ਕਾਂਗ੍ਰਸ ਦੇ ਹੋਣ ਵਾਲੇ ਜਲਸੇ ਤੇ ਸਰਕਾਰ ਵਲੋਂ ਪਾਬੰਦੀ ਲਾ ਦਿਤੀ ਗਈ ਤੇ ਜਲਸੇ ਵਾਲੀ ਥਾਂ ਪੁਲਿਸ ਨੇ ਅਪਣੇ ਘੇਰੇ ਵਿਚ ਲੈ ਲਈ। ਕੋਈ ਵੀ ਕਾਂਗ੍ਰਸੀ ਜਾਂ ਕੋਈ ਹੋਰ ਦੇਸ਼-ਭਗਤ ਇਸ ਪਾਬੰਦੀ ਦਾ ਵਿਰੋਧ ਕਰਨ ਦੀ ਹਿੰਮਤ ਨਹੀਂ ਸੀ ਜੁਟਾ ਪਾ ਰਿਹਾ। ਉਸ ਸਮੇਂ ਸਿੱਖਾਂ ਦੇ ਜਥੇ ਨੇ ਹੀ, ਜ. ਪ੍ਰਤਾਪ ਸਿੰਘ ਦੀ ਅਗਵਾਈ ਵਿਚ ਮੈਦਾਨ ਵਿਚ ਨਿਤਰ ਕਾਂਗ੍ਰਸ ਦੀ ਇਜ਼ਤ ਬਚਾਈ ਸੀ।
ਉਨ੍ਹਾਂ ਇਹ ਵੀ ਦਸਿਆ ਕਿ ਅਜ ਜੰਮੂ-ਕਸ਼ਮੀਰ ਦਾ ਜੋ ਹਿਸਾ ਭਾਰਤ ਦਾ ਅੰਗ ਬਣਿਆ ਹੋਇਆ ਹੈ, ਉਹ ਵੀ ਸਿੱਖ ਫੌਜੀਆਂ ਦੀ ਬਦੌਲਤ ਹੀ ਹੈ, ਸਿੱਖ ਫੌਜੀ ਤਾਂ ਉਸ ਹਿਸੇ ਨੂੰ ਵੀ ਪਾਕਿਸਤਾਨ ਤੋਂ ਵਾਪਸ ਲੈ ਲੈਣ ਲਈ ਤਿਆਰ ਸਨ, ਜੋ ਅਜ ਵੀ ਪਾਕਿਸਤਾਨ ਦੇ ਕਬਜ਼ੇ ਵਿਚ ਹੈ, ਤੇ ਭਾਰਤ ਲਈ ਕਦੀ ਵੀ ਦੂਰ ਨਾ ਹੋ ਪਾ ਸਕਣ ਵਾਲਾ ਸਿਰ ਦਰਦ ਬਣਿਆ ਹੋਇਆ ਹੈ। ਪ੍ਰੰਤੂ ਉਸ ਸਮੇਂ ਦੇ ਪ੍ਰਧਾਨ ਮੰਤਰੀ, ਪੰਡਤ ਜਵਾਹਰ ਲਾਲ ਨਹਿਰੂ, ਸਿੱਖ ਫੌਜੀਆਂ ਨੂੰ ਅਗੇ ਵਧਣ ਤੋਂ ਰੋਕ, ਇਹ ਮਾਮਲਾ ਯੂ ਐਨ ਓ ਵਿਚ ਲੈ ਗਏ, ਜਿਸ ਨਾਲ ਇਹ ਮਾਮਲਾ ਅਜਿਹਾ ਉਲਝਿਆ ਕਿ ਅਜੇ ਤਕ ਸੁਲਝਣ ਦਾ ਨਾਂ ਨਹੀਂ ਲੈ ਰਿਹਾ। ਭਾਰਤ ਉਸ ਉਲਝਣ ਵਿਚੋਂ ਨਿਕਲਣ ਲਈ ਲਗਾਤਾਰ ਜਾਨ-ਮਾਲ ਦੀ ਭਾਰੀ ਕੀਮਤ ਚੁਕਾਂਦਾ ਅਤੇ ਹਥ-ਪੈਰ ਮਾਰਦਾ ਚਲਿਆ ਆ ਰਿਹਾ ਹੈ।
ਇਨ੍ਹਾਂ ਬਜ਼ੁਰਗਾਂ ਅਨੁਸਾਰ ਦੇਸ਼ ਨੂੰ ਏਕਤਾ ਦੇ ਸੂਤਰ ਵਿਚ ਪਰੋਣ ਲਈ ਰਿਆਸਤਾਂ ਨੂੰ ਭਾਰਤ ਵਿਚ ਸ਼ਾਮਲ ਕਰਨ ਦਾ ਸਿਹਰਾ ਸਰਦਾਰ ਪਟੇਲ ਦੇ ਸਿਰ ਬੰਨ੍ਹਿਆ ਜਾਂਦਾ ਹੈ, ਜਦਕਿ ਇਨ੍ਹਾਂ ਰਿਆਸਤਾਂ ਦੇ ਸਰਬਰਾਹ ਕਿਸੇ ਵੀ ਕੀਮਤ ਤੇ ਆਪਣੀਆਂ ਰਿਆਸਤਾਂ ਨੂੰ ਭਾਰਤ ਵਿਚ ਸ਼ਾਮਲ ਕਰਨ ਲਈ ਤਿਆਰ ਨਹੀਂ ਸੀ ਹੋ ਰਹੇ, ਕਿਉਂਕਿ ਸਰਦਾਰ ਪਟੇਲ ਉਨ੍ਹਾਂ ਦੀਆਂ ਸ਼ੰਕਾਵਾਂ ਨੂੰ ਦੂਰ ਨਹੀਂ ਸੀ ਕਰ ਪਾ ਰਹੇ। ਇਸ ਪਖੋਂ ਸਰਦਾਰ ਪਟੇਲ ਹੀ ਨਹੀਂ, ਸਗੋਂ ਪੰਡਤ ਨਹਿਰੂ ਤਕ ਵੀ ਨਿਰਾਸ਼ ਹੋ ਹਥਿਆਰ ਸੁੱਟ ਚੁਕੇ ਸਨ। ਉਸ ਸਮੇਂ ਪਟਿਆਲਾ ਦੇ ਮਹਾਰਾਜਾ ਭੂਪਿੰਦਰ ਸਿੰਘ ਨੇ ਅਗੇ ਆ, ਉਨ੍ਹਾਂ ਦੀ ਮਦਦ ਕੀਤੀ। ਸਭ ਤੋਂ ਪਹਿਲਾਂ ਉਨ੍ਹਾਂ ਆਪ, ਆਪਣੀ ਰਿਆਸਤ ਨੂੰ ਭਾਰਤੀ ਸੰਘ ਵਿਚ ਸ਼ਾਮਲ ਕਰਨ ਦੀ ਪੇਸ਼ਕਸ਼ ਕੀਤੀ। ਫਿਰ ਉਨ੍ਹਾਂ ਦੂਜੇ, ਆਪਣੇ ਪ੍ਰਭਾਵ ਹੇਠਲੇ ਰਾਜਿਆਂ ਨੂੰ ਭਾਰਤੀ ਸੰਘ ਵਿਚ ਸ਼ਾਮਲ ਹੋਣ ਲਈ ਪ੍ਰੇਰਿਆ। ਉਸ ਤੋਂ ਬਾਅਦ ਹੀ ਹੋਰ ਰਾਜੇ ਆਪਣੀਆਂ ਰਿਆਸਤਾਂ ਭਾਰਤੀ ਸੰਘ ਵਿਚ ਸ਼ਾਮਲ ਕਰਨ ਲਈ ਤਿਆਰ ਹੋਏ। ਹੈਦਰਾਬਾਦ ਤੇ ਜੂਨਾਗੜ੍ਹ ਰਿਆਸਤਾਂ ਦੇ ਨਵਾਬਾਂ ਨੇ ਤਾਂ ਪਾਕਿਸਤਾਨ ਨਾਲ ਆਪਣਾ ਭਵਿਖ ਜੋੜਨ ਦਾ ਐਲਾਨ ਕਰ ਦਿਤਾ ਸੀ। ਇਨ੍ਹਾਂ ਰਿਆਸਤਾਂ ਦੀਆਂ ਫੌਜਾਂ ਪਾਸੋਂ ਹਥਿਆਰ ਸੁਟਾ, ਇਨ੍ਹਾਂ ਦੇ ਨਵਾਬਾਂ ਨੂੰ ਭਾਰਤ ਵਿਚ ਸ਼ਾਮਲ ਹੋਣ ਤੇ ਮਜਬੂਰ ਕਰਨ ਵਿਚ ਵੀ ਸਿੱਖ ਫੌਜੀ ਟੁਕੜੀਆਂ ਦੀ ਹੀ ਮੁਖ ਭੂਮਿਕਾ ਰਹੀ ਸੀ। ਇਨ੍ਹਾਂ ਬਜ਼ੁਰਗਾਂ ਨੂੰ ਇਹ ਸ਼ਿਕਵਾ ਵੀ ਹੈ ਕਿ ਸਿੱਖਾਂ ਨੇ ਇਸ ਦੇਸ਼ ਲਈ ਕੀ ਕੁਝ ਨਹੀਂ ਕੀਤਾ? ਪਰ ਦੇਸ਼ ਦੇ ਕਰਣਧਾਰਾਂ ਨੇ ਉਨ੍ਹਾਂ ਦੇ ਕੀਤੇ ਦਾ ਸਨਮਾਨ ਕਰਨਾ ਤਾਂ ਦੂਰ ਰਿਹਾ, ਉਨ੍ਹਾਂ ਨਾਲ ਇਨਸਾਫ ਕਰਨ ਦੀ ਵੀ ਲੋੜ ਨਹੀਂ ਸਮਝੀ।
…ਅਤੇ ਅੰਤ ਵਿਚ : ਇਨ੍ਹਾਂ ਬਜ਼ੁਰਗਾਂ ਨੂੰ ਇਹ ਸ਼ਿਕਵਾ ਵੀ ਹੈ ਕਿ ਜਦੋਂ ਸਿੱਖ ਆਗੂਆਂ ਨੇ ਪੰਜਾਬੀ ਭਾਸ਼ਾ ਦੇ ਆਧਾਰ ਤੇ ਪੰਜਾਬ ਦੇ ਪੁਨਰਗਠਨ ਦੀ ਮੰਗ ਕੀਤੀ ਅਤੇ ਇਸ ਮੰਗ ਦੀ ਪੂਰਤੀ ਲਈ ਲੰਮਾ ਸੰਘਰਸ਼ ਕੀਤਾ। ਉਸ ਦੌਰਾਨ ਗੈਰ-ਸਿੱਖ ਪੰਜਾਬੀਆਂ ਨੇ ਉਨ੍ਹਾਂ ਦਾ ਸਮਰਥਨ ਕਰਨ ਦੀ ਬਜਾਏ, ਇਹ ਆਖ ਉਨ੍ਹਾਂ ਦਾ ਵਿਰੋਸ਼ ਕਰਨਾ ਸ਼ੁਰੂ ਕਰ ਦਿੱਤਾ ਕਿ ਸਿੱਖ ਪੰਜਾਬੀ ਸੂਬੇ ਦੇ ਨਾਂ ਤੇ ਖਾਲਿਸਤਾਨ ਕਾਇਮ ਕਰਨਾ ਚਾਹੁੰਦੇ ਹਨ। ਫਲਸਰੂਪ ਪੰਜਾਬੀ ਸੂਬੇ ਦੀ ਮੰਗ ਦਾ ਤਿਖਾ ਵਿਰੋਧ ਹੋਇਆ। ਇਸੇ ਦਾ ਨਤੀਜਾ ਸੀ ਕਿ ਉਸ ਪੰਜਾਬ ਵਿਚ, ਜੋ ਗੁਰਾਂ ਦੇ ਨਾਂ ਤੇ ਜੀਂਦਾ ਸੀ ਅਤੇ ਜਿਥੇ ਸਦਾ ਹੀ ਪਿਆਰ ਤੇ ਆਪਸੀ ਸਾਂਝ ਦੇ ਗੀਤ ਗੂੰਜਦੇ ਸਨ, ਵੈਰ ਤੇ ਨਫਰਤ ਦੇ ਬੀਜ ਬੀਜੇ ਜਾਣ ਲਗ ਪਏ। ਗੁਆਂਢੀ, ਗੁਆਂਢੀ ਨੂੰ ਸ਼ਕ ਦੀਆਂ ਨਜ਼ਰਾਂ ਦੇ ਨਾਲ ਵੇਖਣ ਲਗਾ।…ਇਸਤੋਂ ਅਗੇ ਉਹ ਕੁਝ ਨਾ ਕਹਿ ਸਕੇ। ਉਨ੍ਹਾਂ ਦਾ ਗਲਾ ਭਰ ਆਇਆ ਤੇ ਉਹ ਇਤਨਾ ਹੋਰ ਆਖ ਚੁਪ ਕਰ ਗਏ ਕਿ ਇਸਤੋਂ ਬਾਅਦ ਜੋ ਕੁਝ ਹੋਇਆ, ਉਸਨੂੰ ਅਜ ਦੀ ਪੀੜੀ ਚੰਗੀ ਤਰ੍ਹਾਂ ਜਾਣਦੀ ਹੈ।

– ਲੇਖਕ: ਜਸਵੰਤ ਸਿੰਘ ‘ਅਜੀਤ’

Related posts

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin

Sydney Opera House Glows Gold for Diwali

admin