ਗੁਰੁ ਅਰਜਨ ਦੇਵ ਜੀ ਸਿੱਖ ਧਰਮ ਦੇ ਪਹਿਲੇ ਸ਼ਹੀਦ ਸਨ। ਉਨ੍ਹਾਂ ਦਾ ਜਨਮ 15 ਅਪਰੈਲ ਸੰਨ 1563 ਈਸਵੀ ਨੂੰ ਗੁਰੂ ਰਾਮ ਦਾਸ ਜੀ ਅਤੇ ਬੀਬੀ ਭਾਨੀ ਦੇ ਗ੍ਰਹਿ ਵਿਖੇ ਹੋਇਆ ਅਤੇ 30 ਮਈ 1606 ਵਾਲੇ ਦਿਨ 43 ਸਾਲ ਦੀ ਉਮਰ ਵਿੱਚ ਉਨ੍ਹਾਂ ਨੂੰ ਜਹਾਂਗੀਰ ਦੇ ਹੁਕਮ ਅਨੁਸਾਰ ਲਾਹੌਰ ਵਿਖੇ ਸ਼ਹੀਦ ਕਰ ਦਿੱਤਾ ਗਿਆ। ਉਹ ਸੰਨ 1581 ਵਿੱਚ 18 ਸਾਲ ਦੀ ਉਮਰ ਵਿੱਚ ਗੁਰ ਗੱਦੀ ‘ਤੇ ਬੈਠੇ। ਆਪਣੇ ਗੁਰ ਗੱਦੀ ਕਾਲ ਦੌਰਾਨ ਗੁਰੂ ਸਾਹਿਬ ਨੇ ਸਿੱਖ ਧਰਮ ਦੇ ਫੈਲਾਅ ਵਾਸਤੇ ਅਨੇਕਾਂ ਮਹਾਨ ਕਾਰਜ ਸਰਅੰਜ਼ਾਮ ਦਿੱਤੇ ਜਿਨ੍ਹਾਂ ਵਿੱਚ ਧਰਮ ਪ੍ਰਚਾਰ ਤੋਂ ਇਲਾਵਾ ਹਰਿਮੰਦਰ ਸਾਹਿਬ ਦੀ ਉਸਾਰੀ, ਤਰਨ ਤਾਰਨ ਦੀ ਨੀਂਹ ਰੱਖਣੀ, ਕਰਤਾਰ ਪੁਰ ਦੀ ਨੀਂਹ ਰੱਖਣੀ, ਸੁਖਮਨੀ ਸਾਹਿਬ ਦੀ ਰਚਨਾ ਅਤੇ ਆਦਿ ਗ੍ਰੰਥ ਦੀ ਰਚਨਾ ਅਤੇ ਉਸ ਨੂੰ ਦਰਬਾਰ ਸਾਹਿਬ ਵਿਖੇ ਸੁਸ਼ੋਭਿਤ ਕਰਨਾ ਸ਼ਾਮਲ ਹੈ।
ਗੁਰੂ ਸਾਹਿਬ ਦੀ ਸ਼ਹੀਦੀ ਬਾਰੇ ਇਤਿਹਾਸ ਅਤੇ ਸਾਖੀਆਂ ਅਨੁਸਾਰ ਕਈ ਕਾਰਨ ਦੱਸੇ ਜਾਂਦੇ ਹਨ। ਸਿੱਖ ਰਵਾਇਤਾਂ ਅਨੁਸਾਰ ਸ਼ਹੀਦੀ ਦਾ ਸਭ ਤੋਂ ਵੱਡਾ ਕਾਰਨ ਚੰਦੂ ਸ਼ਾਹ ਦੇ ਹੰਕਾਰ ਨਾਲ ਭਰੇ ਕੌੜੇ ਬੋਲਾਂ ਕਾਰਨ ਗੁਰੂੁ ਹਰਗੋਬਿੰਦ ਸਾਹਿਬ ਵਾਸਤੇ ਆਇਆ ਉਸ ਦੀ ਲੜਕੀ ਦਾ ਰਿਸ਼ਤਾ ਗੁਰੂ ਸਾਹਿਬ ਵੱਲੋਂ ਅਪ੍ਰਵਾਨ ਕਰਨਾ ਸੀ। ਚੰਦੂ ਸ਼ਾਹ ਬਾਰੇ ਸਿੱਖ ਵਿਦਵਾਨ ਖੁਸ਼ਵੰਤ ਸਿੰਘ ਨੇ ਮੁਗਲ ਦਰਬਾਰ ਅਤੇ ਲਾਹੌਰ ਦਰਬਾਰ ਦੇ ਰਿਕਾਰਡ ਵਿੱਚੋਂ ਕਾਫੀ ਪੁਣਛਾਣ ਕੀਤੀ ਪਰ 1606 ਵਿੱਚ ਲਾਹੌਰ ਜਾਂ ਦਿੱਲੀ ਵਿੱਚ ਇਸ ਨਾਮ ਦੇ ਕਿਸੇ ਦੀਵਾਨ ਜਾਂ ਵੱਡੇ ਅਫਸਰ ਦਾ ਕੋਈ ਵੇਰਵਾ ਨਹੀਂ ਮਿਲਦਾ। ਹੋ ਸਕਦਾ ਹੈ ਕਿ ਉਹ ਕੋਈ ਅਮੀਰ ਵਪਾਰੀ ਜਾਂ ਛੋਟਾ ਮੋਟਾ ਮਾਲ ਮਹਿਕਮੇ ਦਾ ਅਫਸਰ ਹੋਵੇ। ਇਹ ਸੰਭਵ ਨਹੀਂ ਕਿ ਅਜਿਹੇ ਛੋਟੇ ਅਫਸਰ ਦੀ ਜਹਾਂਗੀਰ ਜਾਂ ਸੂਬੇਦਾਰ ਲਾਹੌਰ ਤੱਕ ਪਹੁੰਚ ਹੋਵੇ ਤੇ ਉਸ ਦੀ ਨਿੱਜੀ ਰੰਜਿਸ਼ ਕਾਰਨ ਉਹ ਗੁਰੂ ਸਾਹਿਬ ਵਰਗੀ ਮੌਕੇ ਦੀ ਪ੍ਰਸਿੱਧ ਧਾਰਮਿਕ ਸ਼ਖਸ਼ੀਅਤ ਨੂੰ ਸ਼ਹੀਦ ਕਰ ਦੇਣ। ਇਹ ਹੋ ਸਕਦਾ ਹੈ ਕਿ ਜਿਵੇਂ ਉਸ ਨੇ ਰਿਸ਼ਤੇ ਵੇਲੇ ਹੰਕਾਰ ਵਿੱਚ ਆ ਕੇ ਮਾੜੇ ਸ਼ਬਦ ਬੋਲੇ ਸਨ, ਉਹੋ ਜਿਹੇ ਹੀ ਗੁਰੂ ਸਾਹਿਬ ਦੀ ਸ਼ਹੀਦੀ ਵੇਲੇ ਬੋਲ ਦਿੱਤੇ ਹੋਣ ਕਿ ਇਹ ਕਰਤੂਤ ਮੈਂ ਜਹਾਂਗੀਰ ਨੂੰ ਕਹਿ ਕੇ ਕਰਵਾਈ ਹੈ। ਅੱਜ ਵੀ ਅਜਿਹੇ ਸ਼ੇਖੀਖੋਰ ਇਨਸਾਨ ਮਿਲ ਜਾਂਦੇ ਹਨ। ਇਸ ਤੋਂ ਇਲਾਵਾ ਇਹ ਵੀ ਵਰਨਣਯੋਗ ਹੈ ਕਿ ਭਾਈ ਗੁਰਦਾਸ ਜੀ ਪੰਜਵੇਂ ਪਾਤਸ਼ਾਹ ਦੇ ਸਮਕਾਲੀ ਸਨ। ਉਨ੍ਹਾਂ ਨੇ ਗੁਰੂ ਸਾਹਿਬ ਦੀ ਸ਼ਹੀਦੀ ਬਾਰੇ ਲਿਖੇ ਆਪਣੇ ਸ਼ਬਦ, “ਰਹਿਦੇ ਗੁਰੁ ਦਰੀਆਉ ਵਿਚਿ ਮੀਨ ਕੁਲੀਨ ਹੇਤੁ ਨਿਰਬਾਣੀ॥ ਦਰਸਨੁ ਦੇਖਿ ਪਤੰਗ ਜਿਉ ਜੋਤੀ ਅੰਦਰਿ ਜੋਤਿ ਸਮਾਣੀ॥” ਵਿੱਚ ਚੰਦੂ ਬਾਰੇ ਕੋਈ ਵੇਰਵਾ ਨਹੀਂ ਦਿੱਤਾ। ਇਸ ਤੋਂ ਸਾਫ ਜ਼ਾਹਰ ਹੈ ਕਿ ਚੰਦੂ ਦੀਆਂ ਸਾਜਿਸ਼ਾਂ ਗੁਰੂ ਸਾਹਿਬ ਦੀ ਸ਼ਹੀਦੀ ਦਾ ਮੁੱਖ ਕਾਰਨ ਨਹੀਂ ਸਨ।
ਗੁਰੂ ਸਾਹਿਬ ਦੀ ਸ਼ਹੀਦੀ ਦਾ ਸਭ ਤੋਂ ਵੱਡਾ ਕਾਰਨ ਜਹਾਂਗੀਰ ਦਾ ਮੁਤੱਸਬੀ ਤਬੀਅਤ ਦਾ ਹੋਣਾ ਸੀ। ਆਪਣੇ ਪਿਤਾ ਅਕਬਰ ਮਹਾਨ ਦੇ ਉਲਟ ਉਹ ਧਾਰਮਿਕ ਪੱਖੋਂ ਅਸਹਿਣਸ਼ੀਲ ਅਤੇ ਕੱਟੜਵਾਦੀ ਸੀ। ਉਸ ‘ਤੇ ਸ਼ੇਖ ਅਹਿਮਦ ਸਰਹੰਦੀ (ਜਿਸ ਦਾ ਮਜ਼ਾਰ ਰੋਜ਼ਾ ਸ਼ਰੀਫ, ਗੁਰਦਵਾਰਾ ਫਤਿਹਗੜ੍ਹ ਸਾਹਿਬ ਦੇ ਬਿਲਕੁਲ ਨਾਲ ਲੱਗਦਾ ਹੈ), ਵਰਗੇ ਕੱਟੜਪੰਥੀ ਮੁਲਾਣਿਆਂ ਦਾ ਬਹੁਤ ਪ੍ਰਭਾਵ ਸੀ। ਸ਼ੇਖ ਸਰਹੰਦੀ ਭਾਰਤ ਵਿੱਚ ਅਕਬਰ ਦੇ ਚਲਾਏ ਦੀਨੇ ਇਲਾਹੀ ਧਰਮ ਦਾ ਸਭ ਤੋਂ ਵੱਡਾ ਅਲੋਚਕ ਸੀ। ਗੁਰੂ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਉਸ ਨੇ ਜਹਾਂਗੀਰ ਨੂੰ ਇੱਕ ਪ੍ਰਸੰਸਾਮਈ ਚਿੱਠੀ ਲਿਖੀ ਕਿ ਅੱਜ ਤੁਸੀਂ ਆਪਣੇ ਬਾਪ ਦੀਆਂ ਕੀਤੀਆਂ ਦੀਨ ਵਿਰੋਧੀ ਗਲਤੀਆਂ ਨੂੰ ਸੁਧਾਰ ਲਿਆ ਹੈ। ਆਪਣੀ ਸਵੈ ਜੀਵਨੀ ਵਿੱਚ ਜਹਾਂਗੀਰ ਲਿਖਦਾ ਹੈ, “ਬਿਆਸ ਦਰਿਆ ਦੇ ਕੰਢੇ ਇੱਕ ਅਰਜਨ ਨਾਮ ਦਾ ਸਾਧ ਆਪਣੇ ਝੂਠ ਦੀ ਦੁਕਾਨ ਚਲਾ ਰਿਹਾ ਹੈ। ਕਈ ਅੰਧ ਵਿਸ਼ਵਾਸੀ ਹਿੰਦੂ ਤੇ ਮੂਰਖ ਮੁਸਲਮਾਨ ਉਸ ਦੇ ਮੁਰੀਦ ਬਣ ਗਏ ਹਨ। ਮੈਂ ਬਹੁਤ ਦਿਨਾਂ ਤੋਂ ਸੋਚ ਰਿਹਾ ਸੀ ਕਿ ਜਾਂ ਤਾਂ ਇਸ ਨੂੰ ਸੱਚੇ ਧਰਮ ਵਿੱਚ ਲੈ ਆਵਾਂ ਤੇ ਜਾਂ ਯਾਸਾ ਅਧੀਨ ਸਜ਼ਾ ਦੇਵਾਂ।” ਯਾਸਾ ਧਾਰਮਿਕ ਪੁਰਸ਼ਾਂ ਨੂੰ ਸ਼ਹੀਦ ਕਾਰਨ ਦਾ ਇੱਕ ਮੰਗੋਲ ਤਰੀਕਾ ਹੈ ਜਿਸ ਅਧੀਨ ਮਹਾਂਪੁਰਸ਼ ਦਾ ਖੂਨ ਪਾਪ ਲੱਗਣ ਦੇ ਡਰੋਂ ਧਰਤੀ ਉੱਪਰ ਨਹੀਂ ਡੁੱਲਣ ਦਿੱਤਾ ਜਾਂਦਾ। ਇਹ ਅਧੀਨ ਮਕਤੂਲ ਦਾ ਕੋਈ ਅੰਗ ਨਹੀਂ ਵੱਢਿਆ ਜਾ ਸਕਦਾ ਬਲਕਿ ਪਾਣੀ ਵਿੱਚ ਉਬਾਲ ਕੇ, ਅੱਗ ਵਿੱਚ ਸਾੜ ਕੇ ਜਾਂ ਜਾਨਵਰ ਦੀ ਖੱਲ ਵਿੱਚ ਸਿਉਂ ਕੇ ਮਾਰਿਆ ਜਾਂਦਾ ਹੈ। ਇਸੇ ਕਾਰਨ ਗੁਰੂ ਸਾਹਿਬ ਨੂੰ ਦੇਗ ਵਿੱਚ ਉਬਾਲਿਆ ਗਿਆ ਤੇ ਤੱਤੀ ਤਵੀ ‘ਤੇ ਬਿਠਾ ਕੇ ਸੀਸ ਵਿੱਚ ਗਰਮ ਰੇਤ ਪਾਈ ਗਈ। ਇਸ ਤੋਂ ਸਾਫ ਜ਼ਾਹਰ ਹੈ ਕਿ ਜਹਾਂਗੀਰ ਗੁਰੂ ਸਾਹਿਬ ਨੂੰ ਮੁਸਲਮਾਨ ਬਣਾਉਣ ਜਾਂ ਸ਼ਹੀਦ ਕਰਨ ਦਾ ਪਹਿਲਾਂ ਹੀ ਮਨਸੂਬਾ ਬਣਾਈ ਬੈਠਾ ਸੀ।
ਗੁਰੂ ਸਾਹਿਬ ਦੀ ਸ਼ਹੀਦੀ ਦਾ ਤਤਕਾਲੀ ਕਾਰਨ ਜਹਾਂਗੀਰ ਦੇ ਵੱਡੇ ਲੜਕੇ ਖੁਸਰੋ ਮਿਰਜ਼ਾ ਦੀ ਬਗਾਵਤ ਬਣਿਆ। ਜਹਾਂਗੀਰ ਦੀਆਂ ਭੈੜੀਆਂ ਆਦਤਾਂ ਅਤੇ ਅਨੇਕਾਂ ਬਗਾਵਤਾਂ ਕਾਰਨ ਅਕਬਰ ਉਸ ਤੋਂ ਬਹੁਤ ਨਰਾਜ਼ ਸੀ। ਉਸ ਨੇ ਇੱਕ ਵਾਰ ਤਾਂ ਜਹਾਂਗੀਰ ਦੀ ਜਗ੍ਹਾ ਖੁਸਰੋ ਨੂੰ ਬਾਦਸ਼ਾਹ ਬਣਾਉਣ ਦਾ ਫੈਸਲਾ ਕਰ ਲਿਆ ਸੀ। ਪਰ ਬਦਕਿਮਸਤੀ ਨੂੰ ਸੰਨ 1605 ਵਿੱਚ ਅਕਬਰ ਦੀ ਹੋਈ ਅਚਾਨਕ ਮੌਤ ਕਾਰਨ ਜਹਾਂਗੀਰ ਬਾਦਸ਼ਾਹ ਬਣ ਗਿਆ। ਪਰ ਖੁਸਰੋ ਗੱਦੀ ‘ਤੇ ਆਪਣਾ ਹੱਕ ਸਮਝਦਾ ਸੀ। ਉਸ ਨੇ 6 ਅਪਰੈਲ 1606 ਨੂੰ ਬਗਾਵਤ ਕਰ ਦਿੱਤੀ ਤੇ 8000 ਸੈਨਿਕਾਂ ਦੇ ਦਸਤੇ ਨਾਲ ਲਾਹੌਰ ‘ਤੇ ਕਬਜ਼ਾ ਕਰਨ ਲਈ ਚੱਲ ਗਿਆ। ਰਸਤੇ ਵਿੱਚ ਗੋਇੰਦਵਾਲ ਦੇ ਸਥਾਨ ‘ਤੇ ਉਸ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਤੇ ਜਿੱਤ ਦਾ ਅਸ਼ੀਰਵਾਦ ਮੰਗਿਆ। ਗੁਰੂ ਸਾਹਿਬ ਨੇ ਗੁਰੂ ਘਰ ਦੀ ਪਰੰਪਰਾ ਮੁਤਾਬਕ ਉਸ ਦਾ ਸਵਾਗਤ ਕੀਤਾ ਤੇ ਉਹ ਲਾਹੌਰ ਨੂੰ ਕੂਚ ਕਰ ਗਿਆ। ਉਸ ਨੇ ਲਾਹੌਰ ਨੂੰ ਘੇਰਾ ਪਾ ਲਿਆ ਪਰ ਕਬਜ਼ਾ ਨਾ ਕਰ ਸਕਿਆ ਤੇ ਐਨੇ ਨੂੰ ਜਹਾਂਗੀਰ ਦੀ ਕਮਾਂਡ ਹੇਠ ਮੁਗਲ ਫੌਜ ਪਹੁੰਚ ਗਈ। ਭੈਰੋਵਾਲ ਦੀ ਜੰਗ ਵਿੱਚ ਖੁਸਰੋ ਹਾਰ ਗਿਆ ਤੇ ਉਸ ਨੂੰ ਸਾਥੀਆਂ ਸਮੇਤ ਗਿ੍ਰਫਤਾਰ ਕਰ ਲਿਆ ਗਿਆ। ਖੁਸਰੋ ਦੇ ਸਾਥੀਆਂ ਨੂੰ ਚਾਂਦਨੀ ਚੌਂਕ ਬਜ਼ਾਰ ਵਿੱਚ ਸੂਲੀ ‘ਤੇ ਟੰਗ ਦਿੱਤਾ ਗਿਆ ਤੇ ਖੁਸਰੋ ਨੂੰ ਪਲਕਾਂ ਸਿਉਂ ਕੇ ਕੈਦ ਵਿੱਚ ਸੁਟ ਦਿੱਤਾ ਗਿਆ ਜਿੱਥੇ 1622 ਵਿੱਚ ਉਸ ਦੀ ਮੌਤ ਹੋ ਗਈ।
ਜਦੋਂ ਖੁਸਰੋ ਅਤੇ ਗੁਰੂ ਸਾਹਿਬ ਦੀ ਮੁਲਾਕਾਤ ਬਾਰੇ ਖਬਰ ਦਿੱਲੀ ਪਹੁੰਚੀ ਤਾਂ ਪਹਿਲਾਂ ਹੀ ਮੌਕੇ ਦੀ ਭਾਲ ਵਿੱਚ ਬੈਠੇ ਜਹਾਂਗੀਰ ਨੇ ਗੁਰੂ ਸਾਹਿਬ ਨੂੰ ਗਿ੍ਰਫਤਾਰ ਕਰਨ ਦਾ ਹੁਕਮ ਜਾਰੀ ਕਰ ਦਿੱਤਾ। ਗੁਰੂ ਸਾਹਿਬ ਸਾਹਮਣੇ ਜਾਨ ਬਚਾਉਣ ਲਈ ਮੁਸਲਮਾਨ ਬਣਨ, ਦੋ ਲੱਖ ਜ਼ੁਰਮਾਨਾ ਭਰਨ ਅਤੇ ਆਦਿ ਗ੍ਰੰਥ ਵਿੱਚ ਜਹਾਂਗੀਰ ਦੀ ਮਰਜ਼ੀ ਮੁਤਾਬਕ ਸੋਧ ਕਰਨ ਦੀ ਤਜ਼ਵੀਜ ਰੱਖੀ ਗਈ। ਗੁਰੂ ਸਾਹਿਬ ਨੇ ਸਾਰੀਆਂ ਸ਼ਰਤਾਂ ਤੋਂ ਇਨਕਾਰ ਕਰ ਦਿੱਤਾ ਅਤੇ ਸ਼ਹੀਦੀ ਗਲੇ ਲਗਾਉਣ ਨੂੰ ਤਰਜ਼ੀਹ ਦਿੱਤੀ। ਸਾਈਂ ਮੀਆਂ ਮੀਰ ਨੇ ਗੁਰੂੁ ਸਾਹਿਬ ਨੂੰ ਬਚਾਉਣ ਦੀ ਬਹੁਤ ਵਾਹ ਲਗਾਈ ਪਰ ਸਫਲ ਨਾ ਹੋ ਸਕਿਆ। ਭਾਰੀ ਤਸੀਹੇ ਦੇ ਕੇ 30 ਮਈ 1606 ਵਾਲੇ ਦਿਨ ਗੁਰੂੁ ਸਾਹਿਬ ਨੂੰ ਸ਼ਹੀਦ ਕਰ ਦਿੱਤਾ ਗਿਆ।
ਗੁਰੂ ਸਾਹਿਬ ਦੀ ਸ਼ਹੀਦੀ ਬਾਰੇ ਕਿਸੇ ਸਮਕਾਲੀ ਹਿੰਦੂ ਜਾਂ ਮੁਸਲਿਮ ਇਤਿਹਾਸਕਾਰ ਨੇ ਲਿਖਤੀ ਵਰਨਣ ਨਹੀਂ ਕੀਤਾ। ਮੁਹੰਮਦ ਲਤੀਫ, ਕਨਿੰਘਮ, ਮੈਕਾਲਿਫ ਜਾਂ ਸਿੱਖ ਇਤਿਹਾਸਕਾਰਾਂ ਵੱਲੋਂ ਇਸ ਸਬੰਧੀ ਜੋ ਲਿਖਿਆ ਗਿਆ ਹੈ, ਉਹ ਦੋ ਢਾਈ ਸੌ ਸਾਲ ਬਾਅਦ ਸੁਣੀਆਂ ਸੁਣਾਈਆਂ ਗੱਲਾਂ ‘ਤੇ ਅਧਾਰਿਤ ਹੈ। ਇਸ ਦਾ ਅੱਖੀਂ ਡਿੱਠਾ ਹਾਲ ਸਿਰਫ ਇੱਕ ਵਿਅਕਤੀ, ਲਿਸਬਨ ਸ਼ਹਿਰ (ਪੁਰਤਗਾਲ) ਦੇ ਰਹਿਣ ਵਾਲੇ ਈਸਾਈ ਪਾਦਰੀ ਜੇਰੋਮ ਜ਼ੈਵੀਅਰ (1549 – 1617 ਈਸਵੀ) ਨੇ ਲਿਖਿਆ ਹੈ। ਉਸ ਵਕਤ ਉਹ ਪੁਰਤਗਾਲ ਅਤੇ ਗੋਆ ਦੀ ਮੁੱਖ ਚਰਚ ਵੱਲੋਂ ਧਰਮ ਪ੍ਰਚਾਰ ਦੇ ਮਿਸ਼ਨ ਅਧੀਨ ਲਾਹੌਰ ਵਿੱਚ ਹਾਜ਼ਰ ਸੀ। ਉਸ ਨੇ ਗੁਰੂ ਸਾਹਿਬ ਨੂੰ ਦਿੱਤੇ ਜਾਣ ਵਾਲੇ ਤਸੀਹੇ ਆਪਣੀ ਅੱਖੀਂ ਵੇਖੇ ਸਨ। ਉਹ ਲਿਖਦਾ ਹੈ ਕਿ ਲਾਹੌਰ ਦੇ ਸਿੱਖਾਂ ਨੇ ਤਵਾਨ ਭਰ ਕੇ ਗੁਰੂੁ ਸਾਹਿਬ ਨੂੰ ਬਚਾਉਣ ਦਾ ਯਤਨ ਕੀਤਾ ਪਰ ਸਫਲ ਨਾ ਹੋ ਸਕੇ। ਉਸ ਨੇ ਲਿਬਸਨ ਚਰਚ ਨੂੰ ਲਿਖੀ ਆਪਣੀ ਚਿੱਠੀ ਵਿੱਚ ਗੁਰੂ ਸਾਹਿਬ ਨੂੰ ਦਿੱਤੇ ਗਏ ਤਸੀਹਿਆਂ ਅਤੇ ਜਿਸ ਸਬਰ ਅਤੇ ਸ਼ਹਿਣਸ਼ੀਲਤਾ ਨਾਲ ਗੁਰੂ ਸਾਹਿਬ ਨੇ ਇਸ ਜ਼ੁਲਮ ਦਾ ਸਾਹਮਣਾ ਕੀਤਾ, ਸੰਬੰਧੀ ਬਹੁਤ ਹੀ ਪ੍ਰਸੰਸਾਮਈ ਤਰੀਕੇ ਨਾਲ ਵੇਰਵਾ ਦਿੱਤਾ ਹੈ। ਇਹ ਗੁਰੂੁ ਸਾਹਿਬ ਦੀ ਸ਼ਹੀਦੀ ਦਾ ਇੱਕੋ ਇੱਕ ਅਤੇ ਸਟੀਕ ਅੱਖੀਂ ਡਿੱਠਾ ਵਰਨਣ ਹੈ। ਗੁਰੂ ਸਾਹਿਬ ਦੀ ਸ਼ਹੀਦੀ ਵਾਲੇ ਅਸਥਾਨ ‘ਤੇ ਗੁਰਦਵਾਰਾ ਡੇਰਾ ਸਾਹਿਬ ਬਣਿਆ ਹੋਇਆ ਹੈ ਜਿਸ ਦੀ ਉਸਾਰੀ ਮਹਾਰਾਜਾ ਰਣਜੀਤ ਸਿੰਘ ਨੇ ਕਰਵਾਈ ਸੀ।