
ਅਕਾਲ ਅਕੈਡਮੀ, ਚੀਮਾ ਸਾਹਿਬ
ਧਰਮ ਗ੍ਰੰਥ ਬਿਨਾ ਕਿਸੇ ਵੀ ਧਰਮ ਦੀ ਹੋਂਦ ਸੰਭਵ ਨਹੀਂ ਹੈ । ਧਰਮ ਗ੍ਰੰਥ ਹੀ ਆਪਣੇ ਪੈਗ਼ੰਬਰ , ਗੁਰ ਪੀਰਾਂ ਵੱਲੋਂ ਦਿੱਤੇ ਗਏ ਸਿਧਾਂਤਾਂ ਨਾਲ ਆਪਣੇ ਪੈਰੋਕਾਰਾਂ ਨੂੰ ਧਰਮ ਨਾਲ ਜੋੜਨ ਦਾ ਰਾਹ ਨਿਰਧਾਰਤ ਕਰਦੇ ਹਨ ਅਤੇ ਜੀਵਨ ਨੂੰ ਸਹੀ ਸੇਧ ਦਿੰਦੇ ਹਨ । ਇੰਨਾਂ ਧਰਮ ਗ੍ਰੰਥਾਂ ਦਾ ਓਟ ਆਸਰਾ ਲੈ ਕੇ ਹੀ ਅੱਜ ਦੇ ਪ੍ਰਮੁੱਖ ਧਰਮ ਹਜ਼ਾਰਾਂ ਸਾਲ ਪੁਰਾਣਾ ਹੋਣ ਦੇ ਬਾਵਜੂਦ ਵੀ ਸਾਰਥਿਕਤਾ ਨੂੰ ਨਵਾਂ ਨਰੋਆ ਰੱਖ ਰਹੇ ਹਨ ਇਹਨਾ ਕਰਕੇ ਹੀ ਮਹਾਨ ਪੁਰਖਾਂ ਤੇ ਉਪਦੇਸ਼ ਕੇਵਲ ਉਨ੍ਹਾਂ ਦੇ ਆਪਣੇ ਧਰਮ ਨੂੰ ਆਕਰਸ਼ਤ ਨਹੀਂ ਕਰਦੇ ਬਲਕਿ ਸਾਰੇ ਸੰਸਾਰ ਦੀ ਪ੍ਰੇਰਨਾ ਦਾ ਸਰੋਤ ਬਣ ਜਾਂਦੇ ਹਨ । ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖ ਧਰਮ ਦੇ ਜ਼ਾਹਰਾ ਜ਼ਹੂਰ , ਹਾਜ਼ਰਾ-ਹਜ਼ੂਰ ਸੱਚੇ ਪਾਤਸ਼ਾਹ ਹਨ । ਇਸ ਦੇ ਸੰਕਲਨ ਦਾ ਆਰੰਭ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਤੇ ਪਰਗਟ ਹੋਈ’ ਧੁਰ ਕੀ ਬਾਣੀ ‘ਨਾਲ ਹੋਇਆ।ਗੁਰੂ ਨਾਨਕ ਪਾਤਸ਼ਾਹ ਲੋਕਾਈ ਨੂੰ ਸ਼ਬਦ ਦੇ ਹੀ ਲੜ ਲਗਾਉਣ ਆਏ ਸਨ। ਇਸੇ ਲਈ ਦਸ ਜਾਮੇ ਧਾਰੇ ਤਾਂ ਕਿ ਸਮੁੱਚੀ ਕੌਮ ਸ਼ਬਦ ਦੀ ਜ਼ਿੰਮੇਵਾਰੀ ਉਠਾਉਣ ਯੋਗ ਹੋ ਸਕੇ। ਗੁਰੂ ਸਾਹਿਬ ਨੇ ਕਦੇ ਵਿਅਕਤੀ, ਨਿਜ, ਜ਼ਾਤ ਜਾਂ ਵਕਤੀ ਲੋੜ ਲਈ ਗੁਰੂ ਧਾਰਨ ਦੀ ਗੱਲ ਨਾ ਕੀਤੀ। ਸਿਰਫ਼ ਸ਼ਬਦ ਦਾ ਲੜ ਪਕੜਨ ਲਈ ਆਖਿਆ।