
ਅਬਿਆਣਾਂ ਕਲਾਂ
ਸਾਡੀਆਂ ਕਹਾਵਤਾਂ ਪਿੱਛੇ ਬਜ਼ੁਰਗਾਂ ਦਾ ਲੰਬਾ-ਚੌੜਾ ਤਜ਼ਰਬਾ ਹੁੰਦਾ ਹੈ, ਤਾਂ ਜਾ ਕੇ ਕਹਾਵਤ ਕਿਸੇ ਫਲਦਾਇਕ ਨਤੀਜੇ ਤੇ ਪਹੁੰਚਦੀ ਹੈ। “ਗੌਂ ਭਨਾਵੇ ਜੌਂ” ਦੀ ਕਹਾਵਤ ਅੰਦਰ ਸਮਾਜ ਅਤੇ ਵਿਰਸੇ ਦੇ ਬਹੁਤ ਵੱਡੇ ਲੱਛਣ ਛੁਪੇ ਹੋਏ ਹਨ। ਇਸਦਾ ਸਿੱਧਾ ਅਰਥ ਹੈ ਸਵਾਰਥੀ ਅਤੇ ਮਤਲਬ ਪ੍ਰਸਤ ਹੋਣਾ। ਮਤਲਬ ਸਮੇਂ ਗਧੇ ਨੂੰ ਬਾਪ ਵੀ ਬਣਾ ਲਿਆ ਜਾਂਦਾ ਹੈ। ਸਵਾਰਥ ਦੀ ਪੂਰਤੀ ਲਈ ਨੱਥੂ ਤੋਂ ਨੱਥਾ ਸਿੰਘ ਬਣ ਜਾਂਦਾ ਹੈ, ਜਦਕਿ ਜਿਸ ਨਾਲ ਵਾਹ ਵਾਸਤਾ ਨਹੀਂ ਉਸ ਨੂੰ ਨੱਥਾ ਸਿੰਘ ਕਹਿਣ ਦੀ ਥਾਂ ਨੱਥੂ ਜਾਂ ਓਏ ਨੱਥੂ ਕਹਿ ਕੇ ਬੁਲਾ ਲਿਆ ਜਾਂਦਾ ਹੈ। ਅਧਿਆਤਮਵਾਦ ਵਿੱਚ ਪਰਸਵਾਰਥ ਨੂੰ ਸੱਤਯੁੱਗ ਦਾ ਮੁੱਖ ਲੱਛਣ ਅਤੇ ਸਵਾਰਥ ਨੂੰ ਕਲਯੁੱਗ ਦਾ ਮੁੱਖ ਲੱਛਣ ਕਿਹਾ ਜਾਦਾ ਹੈ। ਸਵਾਰਥ ਅਜਿਹੀ ਚੀਜ਼ ਹੈ ਜੋ ਬੰਦੇ ਨੂੰ ਆਪਣੇ ਆਪ ਵਿੱਚ ਸਿਆਣਾ ਬਣਾ ਦਿੰਦਾ ਹੈ। ਜਿਸ ਨਾਲ ਕੰਮ ਵਾਹ ਵਾਸਤਾ ਪੈਣ ਦੀ ਆਸ ਹੋਵੇ ਉਸ ਪ੍ਰਤੀ ਸ਼ਬਦਾਂਵਲੀ ਬਦਲ ਜਾਂਦੀ ਹੈ। ਬਹੁਤੀ ਵਾਰੀ ਜਿਸ ਪ੍ਰਤੀ ਸ਼ਬਦ ਸੁਚੱਜੇ ਹੋ ਜਾਂਦੇ ਹਨ ਉਸ ਨੂੰ ਇਸ ਦਾ ਇਲਮ ਹੀ ਨਹੀਂ ਹੁੰਦਾ। ਸਮਾਜਿਕ ਖਾਕੇ ਅਤੇ ਢਾਂਚੇ ਦੇ ਸਵਾਰਥ ਅਤੇ ਪਰਸਵਾਰਥ ਦੋ ਪਹਿਲੂ ਹਨ। ਉਂਝ ਸਵਾਰਥ ਬੁਰੀ ਆਦਤ ਹੈ ਇਸ ਨੂੰ ਤਿਆਗ ਕੇ ਖੁਦ ਬਾਹੂਵਲੀ ਬਣਨਾ ਚਾਹਿਦਾ ਹੈ। ਪਰਸਵਾਰਥ ਦੀ ਤਸਵੀਰ ਸਮਾਜ ਵਿੱਚ ਨਿੱਖਰ ਕੇ ਰਹਿੰਦੀ ਹੈ।