Articles

ਗੜਗੱਜ ਦੀ ਗੂੰਜ ਪਿੱਛੇ ਖਦਸ਼ੇ,ਅੰਦੇਸੇ ਅਤੇ ਭਰੋਸੇ !

ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਭਾਈ ਗੜਗੱਜ ਨੇ ਬੀਤੇ ਦਿਨੀਂ, ਪਹਿਲੋਂ ਹੀ ਪੰਥ ਵਿਚ ਮਾਣ ਸਨਮਾਨ ਰੱਖਣ ਵਾਲੇ ਭਾਈ ਸਾਹਿਬ ਨੂੰ ਸਨਮਾਨਿਤ, ਕਿਸੇ ਨੂੰ ਦੋਸ਼-ਮੁਕਤ ਅਤੇ ਕਿਸੇ ਨੂੰ ਪੇਸ਼ ਹੋਣ ਦੇ ਜੋ ਆਦੇਸ਼ ਦਿੱਤੇ ਹਨ …।
ਲੇਖਕ: ਤਰਲੋਚਨ ਸਿੰਘ ਦੁਪਾਲਪੁਰ, ਅਮਰੀਕਾ

ਸਿਆਸਤ, ਜੋ ਕਿ ਸਾਡੇ ਧਰਮ ਅਸਥਾਨਾਂ ਖਾਸ ਕਰਕੇ ਪੰਥਕ ਕੇਂਦਰ ਉੱਤੇ ਪੀਲ਼ੀ ਵੇਲ ਵਾਂਗ ਛਾਈ ਹੋਈ ਹੈ, ਬਾਰੇ ਦੁਸ਼ਿਅੰਤ ਕੁਮਾਰ ਦਾ ਇਕ ਸ਼ਿਅਰ ਹੈ-

‘ਮਸਹਲਤ ਆਮੇਜ਼ ਹੂਆ ਕਰਤੇ ਹੈਂ ਸਿਯਾਸਤ ਕੇ ਕਦਮ
ਤੂ ਕਯਾ ਸਮਝੇ ਗਾ ਸਿਯਾਸਤ ਤੂ ਤੋ ਇਨਸਾਨ ਹੈ !’

‘ਭਰਦਾਨ’ ਜੁੰਡਲੀ ਦੀਆਂ ਸਿਆਸੀ ਮਸਹਲਤਾਂ ਨੂੰ ਮੁੱਖ ਰੱਖ ਕੇ ਅੱਧੀ ਰਾਤ ਨੂੰ ਥਾਪੇ (ਜਾਂ ਥੋਪੇ) ਹੋਏ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਭਾਈ ਗੜਗੱਜ ਨੇ ਬੀਤੇ ਦਿਨੀਂ,ਪਹਿਲੋਂ ਹੀ ਪੰਥ ਵਿਚ ਮਾਣ ਸਨਮਾਨ ਰੱਖਣ ਵਾਲੇ ਭਾਈ ਸਾਹਿਬ ਨੂੰ ਸਨਮਾਨਿਤ, ਕਿਸੇ ਨੂੰ ਦੋਸ਼-ਮੁਕਤ ਅਤੇ ਕਿਸੇ ਨੂੰ ਪੇਸ਼ ਹੋਣ ਦੇ ਜੋ ਆਦੇਸ਼ ਦਿੱਤੇ ਹਨ ਉਨ੍ਹਾਂ ਬਾਰੇ ਇਕ ਬਜ਼ੁਰਗ ਅਕਾਲੀ ਦਾ ਕਹਿਣਾ ਹੈ ਕਿ ਇਹ ਸਾਰਾ ਕੁੱਝ-

‘ਗਾਨੀ ਵਾਲ਼ੇ ਤੋਤੇ ਉਹ ਦੁਹਰਾਈ ਜਾਵਣ,
ਜੋ ਕੁੱਝ ਬੋਲਣ ਰਾਜ ਭਵਨ ਦੇ ਸੀਲ ਕਬੂਤਰ।’

ਵਾਲੇ ਸ਼ਿਅਰ ਵਾਂਗ ਉੱਤੋਂ ਹੀ ਜਾਰ੍ਹੀ ਗਿਣੇ-ਮਿੱਥੇ ਏਜੰਡੇ ਅਨੁਸਾਰ ਹੋਇਆ ਹੈ।

ਬਜ਼ੁਰਗ ਕਹਿੰਦੇ ਅਸਲ ਵਿਚ ਇਹ ‘ਸਹੇ ਦੀ ਨਹੀਂ ਮੈਨੂੰ ਪਹੇ ਦੀ ਚਿੰਤਾ’ ਵਾਲ਼ੀ ਕਹਾਣੀ ਦੀ ਨਿਆਈਂ, ਭਾਈ ਗੜਗੱਜ ਪਾਸੋਂ ਪੰਥਕ ਪਿੜ ਵਿੱਚ ‘ਸਹਿਆ’ ਭਜਾਇਆ ਗਿਆ ਹੈ, ਇਹ ਸੋਚ ਕੇ ਕਿ ‘ਗੜਗੱਜ ਦੀ ਗੂੰਜ’ ਵਿਚ ਅਵੇਸਲ਼ਾ ਹੋਇਆ ਪੰਥ, ਭੱਜੇ ਹੋਏ ਸਹੇ ਦੀ ਪੈੜ ਨੂੰ ਅਣਗੌਲ਼ਿਆ ਕਰ ਦੇਵੇਗਾ। ਫਿਰ ਮਗਰੋਂ ਬਣੇ ਹੋਏ ‘ਪਹੇ’ ਉੱਤੋਂ ਮਾਲਕ ਵਲੋਂ ਮਨਮਰਜੀ ਦੇ ‘ਆਦੇਸ਼ਾਂ ਅਤੇ ਸੰਦੇਸ਼ਾਂ’ ਦਾ ਰਾਹ ਖੁੱਲ੍ਹ ਜਾਵੇਗਾ।

ਬਸ ਫਿਰ ਮੌਕਾ ਤਾੜ ਕੇ ਹੁਣ ਸਾਰੇ ਪੰਜਾਬ ਵਿਚ ਭਰਪੂਰ ਹਮਾਇਤ ਪ੍ਰਾਪਤ ਕਰ ਰਹੀ ਪੰਜ ਮੈਂਬਰੀ ਭਰਤੀ ਕਮੇਟੀ ਦੇ ਜੋਸ਼ੋ-ਖਰੋਸ਼ ਉੱਤੇ ਪਾਣੀ ਫੇਰਨ ਲਈ ਹੁਕਮਨਾਮਾ ਜਾਰ੍ਹੀ ਕਰਵਾਇਆ ਜਾਵੇਗਾ, ਕਿ ਤਖਤ ਸਾਹਿਬ ਤੋਂ ਇਸ ਭਰਤੀ ਨੂੰ ਕੋਈ ਮਾਨਤਾ ਨਹੀਂ।

ਅਖੇ ਡੁੱਬਦੇ ਨੂੰ ਤਿਨਕੇ ਦਾ ਸਹਾਰਾ ! ਗੜਗੱਜ ਜੀ ਨੇ ਇਕ ਤਾਂ ਦੋ ਦਸੰਬਰ ਦੇ ਹੁਕਮਨਾਮਿਆਂ ਵਿਰੁੱਧ ਬੋਲ ਕੇ ਭਰਦਾਨ ਜੀ ਦੀਆਂ ‘ਖੁਸ਼ੀਆਂ’ ਪ੍ਰਾਪਤ ਕਰਨ ਵਾਲ਼ੇ ‘ਗੌਹਰ’ ਦਾ ਮੁੱਲ ਮੋੜਦਿਆਂ ਉਹਨੂੰ ਜਥੇਦਾਰੀ ਦੇ ਰਾਹੇ ਪਾ ਦਿਤਾ। ਭਾਵੇਂ ਇਸਦੀ ਵਜਾਹ ਇਤਹਾਸ ਵਿਚ ਪਹਿਲੀ ਵਾਰ ਦੋ ਤਖਤਾਂ ਵਿਚ ਟਕਰਾ ਦੀ ਸਥਿਤੀ ਬਣ ਗਈ ਹੈ। ਦੂਜਾ ਬਾਬੇ ਧੁੰਮੇ ਦੀ ਜਗਾਹ ਪ੍ਰਚਾਰ ਤੇਜ ਕਰਨ ਦੇ ਨਾਂ ‘ਤੇ ਇਕ ‘ਹੋਰ ਬਾਬਾ’ ਪਤਿਆ ਲਿਆ ਐ।

ਗੜਗੱਜ ਜੀ ਤੋਂ ਪਹਿਲੇ ਜਥੇਦਾਰ ਤਾਂ ਸੌਦੇ ਸਾਧ ਦੇ ਮਾਫੀ-ਕਾਂਡ ਵਾਲ਼ੇ ਭਾਈ ਗੁਰਮੁਖ ਸਿੰਘ ਤੇ ਗੁਰਬਚਨ ਸਿੰਘ ਵਲੋਂ ਆਏ ਸਪਸ਼ਟੀਕਰਨਾਂ ਤੋਂ ਸੰਤੁਸ਼ਟ ਨਹੀਂ ਸਨ ਅਤੇ ਉਨ੍ਹਾਂ ਨੇ ਦੋਹਾਂ ਨੂੰ ਕੌਮ ਦੇ ਗੁਨਾਹਗਾਰ ਮੰਨਿਆਂ ਸੀ। ਪਰ ਸਮੁੱਚੇ ਪੰਥ ਵਲੋਂ ਹਾਲੇ ਅਪ੍ਰਵਾਣਿਤ ਜਥੇਦਾਰ ਗੜਗੱਜ ਨੇ ਗਿਆਨੀ ਗੁਰਮੁਖ ਸਿੰਘ ਨੂੰ ‘ਤਨਖਾਹ ਦੀ ਸੇਵਾ’ ਲਾ ਕੇ ‘ਗੁਰਬਚਨ ਸਿੰਘ’ ਲਈ ਵੀ ਦੋਸ਼-ਮੁਕਤ ਹੋਣ ਦਾ ਰਾਹ ਖੋਲ੍ਹ ਦਿੱਤਾ ਸਮਝੋ।

ਇੱਥੇ ਟੌਹੜਾ ਸਾਹਿਬ ਦੀ ਇਕ ਗੱਲ ਚੇਤੇ ਕਰਨੀ ਵੀ ਕੁਥਾਂਹ ਨਹੀਂ ਹੋਵੇ ਗੀ। ਪੱਤਰਕਾਰ ਹਮੀਰ ਸਿੰਘ ਕਹਿੰਦੇ ਇਕ ਵਾਰ ਟੌਹੜਾ ਸਾਹਬ ‘ਤੇ ਕਿਸੇ ਪੱਤਰਕਾਰ ਨੇ ਗਿਲਾ ਕਰਦਿਆਂ ਕਿਹਾ ਕਿ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਦਾ ‘ਕਮਜ਼ੋਰ’ ਜਥੇਦਾਰ ਕਿਉਂ ਲਾ ਦਿੰਦੇ ਹੋ? ਟੌਹੜਾ ਸਾਹਬ ਗੰਭੀਰ ਸੁਰ ਵਿਚ ਬੋਲੇ-‘ਤਖਤ ਸਾਹਿਬ ਦੇ ਜਥੇਦਾਰ ਦੀ ਪਦ-ਪਦਵੀ ਦਾ ਅਉਰਾ ਏਡਾ ਭਾਰਾ-ਗੌਰਾ ਹੈ ਕਿ ਦੇਖਣ ਨੂੰ ‘ਕਮਜ਼ੋਰ ਜਾਪਦਾ’ ਕੋਈ ਜਥੇਦਾਰ ਜਦ ਇਸ ਅਸਥਾਨ ਦੀ ਇਤਹਾਸਿਕ ਪ੍ਰੱਭਤਾ ਨਾਲ਼ ਅੰਦਰੋਂ ਜੁੜ ਜਾਵੇ ਤਾਂ ਉਹ ‘ਵੱਡਿਆਂ ਜਾਂ ਤਕੜਿਆਂ’ ਦੇ ਵੀ ਵਲ਼-ਵਿੰਗ ਕੱਢਕੇ ਤੱਕਲ਼ੇ ਵਾਂਗ ਸਿੱਧੇ ਕਰ ਦਿੰਦਾ ਹੈ।

ਕਹਿਣ ਦਾ ਮਤਲਬ ਫਿਲਹਾਲ ਤਾਂ ਗਿਆਨੀ ਕੁਲਦੀਪ ਸਿੰਘ ਜੀ ਦੀ ‘ਗੜਗੱਜ’ ਭਰਦਾਨ ਵਲੋਂ ‘ਤਜਵੀਜ਼-ਸ਼ੁਦਾ ਖੇਤਰ’ ਤੱਕ ਗੂੰਜੀ ਜਾਂਦੀ ਹੈ ਪਰ ਜਿਸ ਦਿਨ ਇਸ ਜਥੇਦਾਰ ਉੱਤੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ ਨੇ ਬਖਸ਼ਿਸ਼ ਕਰ ਦਿੱਤੀ ਤਾਂ ਇਹ ਵੀ ਗਿਆਨੀ ਰਘਬੀਰ ਸਿੰਘ ਜਾਂ ਗਿਆਨੀ ਹਰਪ੍ਰੀਤ ਸਿੰਘ ਵਾਂਗ ਤਖਤ ਸਾਹਿਬ ਦੀ ਫਸੀਲ ‘ਤੇ ਗਰਜ ਪੈਣਗੇ। ਗੁਰੂ ਪਾਤਸ਼ਾਹ ਦੇ ਨਜ਼ਰੇ-ਕਰਮ ਉੱਤੇ ਭਰੋਸਾ ਰੱਖੀਏ ਅਤੇ ਮਹਾਰਾਜ ਅੱਗੇ ਅਰਦਾਸ ਵੀ ਕਰੀਏ!

Related posts

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin

Sydney Opera House Glows Gold for Diwali

admin