Articles

ਗੰਗੂ ਪਾਪੀ ਬਨਾਮ ਗੁਰੂ-ਪਿਆਰ ਵਾਲ਼ੇ ਗੰਗੂ !

ਲੇਖਕ: ਤਰਲੋਚਨ ਸਿੰਘ ਦੁਪਾਲਪੁਰ, ਅਮਰੀਕਾ

ਸਿੱਖ ਇਤਹਾਸ ਵਿਚ ਸੱਤ ਗੰਗੂ ਜਾਂ ਗੰਗਾ ਰਾਮ ਹੋਏ ਹਨ ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ-
ਪਹਿਲਾ-
ਪਹਿਲਾ ਗੰਗੂ ਹੋਇਆ ਹੈ ਦੂਸਰੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਇਕ ਆਤਮਗਿਆਨੀ ਸਿੱਖ।

ਦੂਜਾ-
ਦੂਸਰਾ ਗੰਗੂ ਸ਼ਾਹ ਹੋਇਆ ਅਜੋਕੇ ਹੁਸ਼ਿਆਰ ਪੁਰ ਜਿਲ੍ਹੇ ਦੇ ਕਸਬੇ ਗੜ੍ਹਸ਼ੰਕਰ ਦਾ ਵਸਨੀਕ,ਜਿਸਨੂੰ ਤੀਸਰੇ ਗੁਰੂ ਅਮਰਦਾਸ ਜੀ ਨੇ ਪ੍ਰਚਾਰ ਹਿਤ ਮੰਜੀ ਬਖਸ਼ੀ ਸੀ।

ਤੀਜਾ-
ਤੀਸਰਾ ਗੰਗੂ ਨਾਈ ਹੋਇਆ ਜਿਸਨੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਦਿਨ ਰਾਤ ਸੇਵਾ ਕਰਕੇ ਵੱਡਾ ਮਾਣ ਪਾਇਆ।

ਚੌਥਾ-
ਇਹ ਗੰਗਾ ਰਾਮ ਵੀ ਪੰਜਵੇਂ ਸਤਿਗੁਰੂ ਜੀ ਦਾ ਹੀ ਸੇਵਕ ਸੀ,ਜਿਸਦੇ ਬਾਰੇ ਗਿਆਨੀ ਗਿਆਨ ਸਿੰਘ ਜੀ ‘ਤਵਾਰੀਖ ਗੁਰੂ ਖਾਲਸਾ’ ਵਿੱਚ ਲਿਖਦੇ ਹਨ-‘ਸੰਮਤ 1645 ਬਿਕ੍ਰਮੀਂ ਨੂੰ ਗੰਗਾ ਰਾਮ ਬ੍ਰਾਹਮਣ ਵਪਾਰੀ ਬਠਿੰਡੇ ਦਾ ਰਹਿਣ ਵਾਲ਼ਾ ਬਾਜਰੇ ਦੇ ਊਠ ਲੱਦ ਕੇ ਮਾਝੇ ਦੇਸ ਗੁਰੂ ਦੇ ਚੱਕ ਜਾ ਉਤਰਿਆ।ਅੱਗੇ ਗੁਰੂ ਸਾਹਿਬ ਸੰਤੋਖ ਸਰ ਤੇ ਅੰਮ੍ਰਿਤਸਰ ਤਲਾਉ ਬਨਵਾ ਰਹੇ ਸੇ।

ਅਨੇਕ ਸਿੱਖ ਜੋ ਸਾਹੂਕਾਰਾਂ ਦੇ ਪੁਤਰ ਮਾਲੂਮ ਹੁੰਦੇ ਸੇ,ਰਾਜਾਂ ਮਜੂਰਾਂ ਦਾ ਕੰਮ ਕਰਦੇ ਦੇਖ ਕੇ ਗੰਗਾ ਰਾਮ ਅਚਰਜ ਹੋ ਰਿਹਾ ਸੀ।…. ਦੂਜੇ ਦਿਨ ਉੱਥੇ ਅੰਨ ਮੁਕ ਗਿਆ…ਤਾਂ ਗੰਗਾ ਰਾਮ ਨੇ ਸੌ ਮਣ ਬਾਜਰੀ ਗੁਰੂ ਅਰਪਣ ਕੀਤੀ! ਮੋਹਰੇ ਆਏ ਵਿਸਾਖੀ ਦੇ ਮੇਲੇ ‘ਤੇ ਗੁਰੂ ਜੀ ਨੇ ਉਹਦੇ ਅੱਗੇ ਮਾਇਆ ਦਾ ਢੇਰ ਲਾ ਕੇ ਆਖਿਆ ਕਿ ਭਾਈ ਮਿਸਰਾ ! ਤੂੰ ਆਪਣੀ ਬਾਜਰੀ ਦੀ ਕੀਮਤ ਲੈ ਲੈ!ਪਰ ਉਸਨੇ ਮਾਇਆ ਲੈਣ ਦੀ ਬਜਾਏ ਪੰਜ ਸੌ ਮਣ ਬਾਜਰੀ ਹੋਰ ਲੰਗਰ ਵਿੱਚ ਪਾ ਦਿੱਤੀ…!’

ਪੰਜਵਾਂ-
ਪੰਜਵਾਂ ਗੰਗਾ ਰਾਮ ਦਸਵੇਂ ਗੁਰੂ ਜੀ ਦੀ ਭੂਆ ਬੀਬੀ ਵੀਰੋ ਦਾ ਪੁੱਤਰ ਸੀ ਜੋ ਭੰਗਾਣੀ ਦੀ ਲੜਾਈ ਵਿੱਚ ਵੱਡੀ ਬੀਰਤਾ ਨਾਲ ਲੜਿਆ!

ਛੇਵਾਂ-
ਇਹ ਛੇਵਾਂ ਗੰਗਾ ਰਾਮ ਅੰਗਰੇਜੀ ਰਾਜ ਸਮੇਂ ਲਾਹੌਰ ਨਿਵਾਸੀ ਇੱਕ ਅਮੀਰ ਹਿੰਦੂ ਸੱਜਣ ਸੀ,ਜਿਸਨੇ 16 ਨਵੰਬਰ ਸੰਨ 1922 ਨੂੰ ਗੁਰੂ ਕੇ ਬਾਗ ਵਿਖੇ ਸਿੰਘਾਂ ਉੱਤੇ ਅੰਗਰੇਜ ਪੁਲੀਸ ਦਾ ਹੋ ਰਿਹਾ ਜ਼ੁਲਮੋਂ ਤਸ਼ੱਦਦ ਦੇਖ ਕੇ ਗੁਰਦੁਆਰੇ ਦੇ ਮਹੰਤ ਕੋਲੋਂ ਬਾਗ ਲੀਜ਼ ‘ਤੇ ਲੈ ਲਿਆ! ਫਿਰ ਬਾਗ,ਸਿੰਘਾਂ ਨੂੰ ਅਰਪਣ ਕਰ ਦਿੱਤਾ ਕਿ ਖਾਲਸਾ ਜੀ ਬਾਗ ਵਿੱਚੋਂ ਜਿੱਥੋਂ ਮਰਜੀ, ਜਿੰਨਾਂ ਮਰਜੀ ਬਾਲਣ ਵੱਢੋ !ਇੰਜ ਗੁਰੂ ਕੇ ਬਾਗ ਵਾਲ਼ੇ ਮੋਰਚੇ ਦਾ ਅੰਤ ਹੋ ਗਿਆ ਸੀ! (ਸ੍ਰੋਤ-ਮਹਾਨ ਕੋਸ਼)

ਸੱਤਵੇਂ ਗੰਗੂ ਪਾਪੀ ਬਾਰੇ ਤਾਂ ਜ਼ਿਕਰ ਨਾ ਹੀ ਕਰੀਏ, ਜਿਸ ਦੀਆਂ ਕਾਲ਼ੀ ਕਰਤੂਤ ਨੇ ਸਿੱਖ ਇਤਹਾਸ ਵਿਚਲੇ ਹੋਰ ਗੁਰੂ-ਪਿਆਰ ਵਾਲ਼ੇ ਪਹਿਲੇ ਗੰਗੂ ਜਾਂ ਗੰਗਾ ਰਾਮ ਅਣਗੌਲ਼ੇ ਹੀ ਕਰ ਦਿੱਤੇ !

ਮੈਂ ਕੋਈ ਇਤਹਾਸਕਾਰ ਜਾਂ ਵਿਦਵਾਨ ਨਹੀਂ ਹਾਂ !ਜੇ ਕੋਈ ਸੱਜਣ ਉਤਲੇ ਵੇਰਵੇ ਵਿੱਚ ਕਿਸੇ ਤਰਾਂ ਦੀ ਕੋਈ ਵਾਧ-ਘਾਟ ਕਰ ਸਕਦਾ ਹੋਵੇ ਤਾਂ ਉਸਦਾ ਸਵਾਗਤ ਹੋਵੇਗਾ ਜੀ !

Related posts

25 ਦਸੰਬਰ ਸੁਸ਼ਾਸਨ ਦਿਵਸ 2024: ਭਾਰਤ ਦੇ ਅਦਭੁਤ ਨੇਤਾ ਅਟਲ ਬਿਹਾਰੀ ਵਾਜਪਾਈ ਦੀ ਵਿਰਾਸਤ ਦਾ ਜਸ਼ਨ ਮਨਾਉਂਦੇ ਹੋਏ !

admin

ਫੀਸ-ਮੁਕਤ TAFE ਲੇਬਰ ਦੇ ਨਾਲ ਰਹਿਣ ਲਈ ਇਥੇ ਹੈ !

admin

ਸੰਸਦ ਦੇ ਦੂਸ਼ਿਤ ਵਾਤਾਵਰਨ ਲਈ ਕੌਣ ਜ਼ਿੰਮੇਵਾਰ ?

admin