
ਕਹਿਣ ਨੂੰ ਮੇਰੇ ਪਿੰਡ ਦੁਪਾਲ ਪੁਰ ਦੇ ਨਾਲ਼ ਲਗਦੇ ਅਟਾਰੀ ਅਤੇ ਸ਼ੇਖੂ ਪੁਰ ਬਾਗ ਤਿੰਨ ਪਿੰਡ ਹਨ ਪਰ ਹੁਣ ਅਬਾਦੀ ਦੇ ਫੈਲਾਅ ਸਦਕਾ ਇਹ ਤਿੰਨੋਂ ਪਿੰਡ ਇਕ ਵੱਡਾ ਨਗਰ ਹੀ ਬਣ ਗਏ ਹਨ। ਇਸ ਕਰਕੇ ਭਰਾ ਬਿੱਕਰ ਸਿੰਘ ਸਾਬਕਾ ਸਰਪੰਚ ਸ਼ੇਖੂ ਪੁਰ ਨੂੰ ਮੈਂ ਆਪਣਾ ਗਰਾਈਂ ਹੀ ਮੰਨਦਾ ਹਾਂ। ਜਿਨ੍ਹਾਂ ਦੀ ਕਦਰਦਾਨੀ ਦਾ ਮੈਂ ਇੱਥੇ ਜ਼ਿਕਰ ਕਰ ਰਿਹਾ ਹਾਂ!
ਪਿਛਲੇ ਸਾਲ ਸੰਨ ਚੌਵੀ ਵਿਚ ਜਦ ਮੈਂ ਅਮਰੀਕਾ ਤੋਂ ਆਪਣੇ ਪਿੰਡ ਆਇਆ ਤਾਂ ਭਰਾ ਬਿੱਕਰ ਸਿੰਘ ਕਹਿੰਦਾ ਕਿ ਮੈਂ ਤੁਹਾਨੂੰ ਅਖਬਾਰਾਂ ਵਿਚ ਤਾਂ ਲੱਭ ਲੱਭ ਪੜ੍ਹਦਾ ਰਹਿਨਾਂ ਪਰ ਤੁਹਾਡੀ ਕੋਈ ਕਿਤਾਬ ਨਹੀਂ ਛਪੀ? ਇਤਹਾਸਕ ਤੇ ਸਾਹਿੱਤਕ ਕਿਤਾਬਾਂ ਪੜ੍ਹਨ ਦੇ ਬਹੁਤ ਸ਼ੌਕੀਨ ਬਿੱਕਰ ਸਿੰਘ ਨੂੰ ਮੈਂ ਆਪਣੀ ਕਿਤਾਬ ‘ਪੜ੍ਹਿਆ ਸੁਣਿਆ ਦੇਖਿਆ’ ਦੇ ਆਇਆ।
ਹੁਣ ਜਦ ਮੈਂ ਸੰਨ ਪੱਚੀ ਵਿਚ ਫਿਰ ਪਿੰਡ ਆਇਆ ਹੋਇਆ ਹਾਂ ਤਾਂ ਇਕ ਦਿਨ ਇਹ ਵੀਰ ਮੈਨੂੰ ਸ਼ੇਖੂ ਪੁਰ ਦੀਆਂ ਦੁਕਾਨਾਂ ਮੋਹਰੇ ਮਿਲ਼ ਪਿਆ। ਕਹਿੰਦਾ ਕਿਤਾਬ ਤਾਂ ਮੈਂ ਤੁਹਾਡੀ ਪੜ੍ਹ ਲਈ ਪਰ ਜਿਹੜੇ ਤਿੱਖੇ ਡੰਗ ਮਾਰਦੇ ਕਾਵਿ-ਵਿਅੰਗ ਬੈਂਤ ਜਾਂ ਕਬਿੱਤ ਤੁਸੀਂ ਹਰ ਹਫਤੇ ਅਖਬਾਰਾਂ ਵਿਚ ਲਿਖਦੇ ਹੋ, ਉਹ ਤਾਂ ਇਸ ਕਿਤਾਬ ਵਿਚ ਹੈ ਨੀ?
ਮੈਖਿਆ ਭਰਾ ਜੀ ਬੈਂਤ ਕਬਿੱਤਾਂ ਦਾ ਮਸਾਲਾ ਮੈਂ ਸਾਂਭਿਆ ਹੋਇਆ ਹੈ, ਉਮੀਦ ਹੈ ਕਿ ਜਲਦੀ ਇਕ ਅਲੱਗ ਕਿਤਾਬ ਛਪਵਾਵਾਂ। ਮੇਰੀ ਏਨੀ ਗੱਲ ਸੁਣਕੇ ਭਰਾ ਬਿੱਕਰ ਸਿੰਘ ਨੇ ਆਪਣੀ ਜੇਬ ‘ਚ ਹੱਥ ਮਾਰਿਆ ਤੇ ਪੰਜ ਪੰਜ ਸੌ ਦੇ ਨੋਟ੍ਹ ਕੱਢ ਕੇ ਮੇਰੇ ਵੱਲ੍ਹ ਵਧਾਉਂਦਿਆਂ ਕਹਿੰਦਾ-
“ਉਸ ਕਿਤਾਬ ਲਈ ਆਹ ਲਉ ਮੇਰੇ ਵਲੋਂ ਪੰਜ ਹਜਾਰ ਰੁਪਏ, ਛਪਵਾਉ ਛੇਤੀ!”
ਹੱਕਾ-ਬੱਕਾ ਜਿਹਾ ਹੁੰਦਿਆਂ ਮੈਂ ਕਿਹਾ ਕਿ ਭਰਾ ਜੀ ਪਹਿਲੀ ਕਿਤਾਬ ਵੀ ਮੇਰੇ ਨਿਆਣਿਆਂ ਨੇ ਛਪਵਾਈ ਹੈ ਤੇ ਇਹ ਵੀ ਉਨ੍ਹਾਂ ਨੇ ਛਪਵਾ ਲੈਣੀ ਹੈ। ਤੁਹਾਡੀ ਕਦਰਦਾਨੀ ਲਈ ਬਹੁਤ-ਬਹੁਤ ਧੰਨਵਾਦ ਪਰ ਇਹ ਮਾਇਆ ਤੁਸੀਂ ਰੱਖੋ, ਮੈਨੂੰ ਆ ਗਈ ਸਮਝੋ!
ਜਦ ਮੈਂ ਜੋਰ ਦੇ ਕੇ ਪੈਸੇ ਮੋੜਨ ਲੱਗਾ ਤਾਂ ਉਹ ਹੱਸਦਾ ਹੋਇਆ ਕਹਿੰਦਾ- “ਮੈਨੂੰ ਵੀ ਆਪਣੇ ਨਿਆਣਿਆਂ ਵਰਗਾ ਛੋਟਾ ਭਰਾ ਹੀ ਸਮਝ ਲਉ ਫਿਰ ਜਥੇਦਾਰ ਜੀ!”
ਕਾਫੀ ਚਿਰ ਮੋੜ-ਮੁੜੱਈਆ ਕਰਦਿਆਂ ਆਖਰ ਮੈਨੂੰ ਇਹ ਪ੍ਰੇਮ ਭੇਂਟ ਸਵੀਕਾਰ ਕਰਨੀ ਪਈ।
ਬਿੱਕਰ ਸਿੰਘ ਕੋਲ ਚਾਹ ਪੀਣ ਉਪਰੰਤ ਆਪਣੇ ਘਰ ਨੂੰ ਆਉਂਦਿਆਂ ਮੈਂ ਸੋਚ ਰਿਹਾ ਸਾਂ ਕਿ ਕਿਸੇ ਨਾ ਕਿਸੇ ਵਜਾਹ ਦੂਰ-ਪਾਰ ਪ੍ਰਸਿੱਧ ਹੋਏ ਵਿਅਕਤੀਆਂ ਲਈ ਆਪਣੇ ਨੱਗਰ ਖੇੜੇ ਤੋਂ ਅਜਿਹੀ ਪ੍ਰੇਮ ਭੇਂਟ ਮਿਲਣੀ ਵੱਡੇ ਮਾਣ ਵਾਲ਼ੀ ਗੱਲ ਹੁੰਦੀ ਹੈ। ਅਜਿਹੇ ਪ੍ਰਸਿੱਧੀ ਪ੍ਰਾਪਤ ਵਿਅਕਤੀਆਂ ਦੇ ਨੇੜਲੇ ਗਰਾਈਂ ਉਨ੍ਹਾਂ ਦੇ ਸੰਭਾਵੀ ਔਗਣਾ ਜਾਂ ਕਮੀਆਂ-ਪੇਸ਼ੀਆਂ ਬਾਰੇ ਜਾਣਦੇ ਹੁੰਦੇ ਹਨ। ਇਸੇ ਕਰਕੇ ਇਹ ਅਖਾਣ ਪ੍ਰਸਿੱਧ ਹੈ- ਅਖੇ ਬਾਹਰ ਬੀਬੀ ਲੱਖ ਹਜਾਰੀ ਘਰੇ ਬੀਬੀ ਕਰਮਾਂ ਦੀ ਮਾਰੀ !
ਪਰ ਹੁਣ ਮੈਂ ਆਪਦੇ ਘਰੇ ਵੀ ‘ਲੱਖ ਹਜਾਰੀ’ ਹੋ ਗਿਆ ਸਮਝੋ !