ਅਫ਼ਰੀਕਨ ਦੇਸ਼ ਘਾਨਾ ਵਿੱਚ ਇੱਕ ਹਵਾਈ ਹਾਦਸੇ ਵਿੱਚ ਰੱਖਿਆ ਮੰਤਰੀ ਐਡਵਰਡ ਓਮਾਨ ਬੋਮਾਹ ਅਤੇ ਵਾਤਾਵਰਣ ਮੰਤਰੀ ਇਬਰਾਹਿਮ ਮੁਰਤਲਾ ਮੁਹੰਮਦ ਸਮੇਤ ਅੱਠ ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ ਘਾਨਾ ਦੇ ਕਾਰਜਕਾਰੀ ਡਿਪਟੀ ਰਾਸ਼ਟਰੀ ਸੁਰੱਖਿਆ ਕੋਆਰਡੀਨੇਟਰ ਅਲਹਾਜੀ ਮੁਹੰਮਦ ਮੁਨੀਰੂ ਲਿਮੂਨਾ, ਨੈਸ਼ਨਲ ਡੈਮੋਕ੍ਰੇਟਿਕ ਕਾਂਗਰਸ ਦੇ ਉਪ-ਪ੍ਰਧਾਨ ਸੈਮੂਅਲ ਸਰਪੋਂਗ ਅਤੇ ਸਾਬਕਾ ਸੰਸਦੀ ਉਮੀਦਵਾਰ ਸੈਮੂਅਲ ਅਬੋਆਗਯੇ ਦੀ ਵੀ ਮੌਤ ਹੋ ਗਈ। ਘਾਨਾ ਸਰਕਾਰ ਨੇ ਇਸ ਹਾਦਸੇ ਨੂੰ ‘ਰਾਸ਼ਟਰੀ ਦੁਖਾਂਤ’ ਦੱਸਿਆ ਹੈ ਅਤੇ ਅਗਲੇ ਨੋਟਿਸ ਤੱਕ ਦੇਸ਼ ਭਰ ਵਿੱਚ ਝੰਡੇ ਅੱਧੇ ਝੁਕੇ ਰਹਿਣਗੇ।
ਘਾਨਾ ਆਰਮਡ ਫੋਰਸਿਜ਼ ਦੇ ਅਨੁਸਾਰ ਜ਼ੈੱਡ-9 ਹੈਲੀਕਾਪਟਰ ਬੁੱਧਵਾਰ ਸਵੇਰੇ ਰਾਜਧਾਨੀ ਅਕਰਾ ਤੋਂ ਓਬੁਆਸੀ ਲਈ ਰਵਾਨਾ ਹੋਇਆ। ਹੈਲੀਕਾਪਟਰ ਵਿੱਚ ਕੁੱਲ ਪੰਜ ਯਾਤਰੀ ਅਤੇ ਤਿੰਨ ਚਾਲਕ ਦਲ ਦੇ ਮੈਂਬਰ ਸਨ। ਹੈਲੀਕਾਪਟਰ ਨੇ ਸਵੇਰੇ 9:12 ਵਜੇ ਰਾਜਧਾਨੀ ਅਕਰਾ ਤੋਂ ਉਡਾਣ ਭਰੀ ਅਤੇ ਸੋਨੇ ਦੀ ਖਾਨ ਵਾਲੇ ਸ਼ਹਿਰ ਓਬੁਆਸੀ ਵੱਲ ਜਾ ਰਿਹਾ ਸੀ, ਜਿੱਥੇ ਇੱਕ ਰਾਸ਼ਟਰੀ ਸਮਾਗਮ ਹੋਣਾ ਸੀ। ਇਸ ਦੌਰਾਨ ਅਚਾਨਕ ਇਸ ਦਾ ਸੰਪਰਕ ਟੁੱਟ ਗਿਆ।
ਇਸ ਹੈਲੀਕਾਪਟਰ ਹਾਦਸੇ ਨੂੰ ਇੱਕ ਦਹਾਕੇ ਤੋਂ ਵੱਧ ਸਮੇਂ ਵਿੱਚ ਘਾਨਾ ਦੇ ਸਭ ਤੋਂ ਭਿਆਨਕ ਜਹਾਜ਼ ਹਾਦਸਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਮਈ 2014 ਵਿੱਚ, ਇੱਕ ਸੇਵਾ ਹੈਲੀਕਾਪਟਰ ਬੀਚ ਦੇ ਨੇੜੇ ਹਾਦਸਾਗ੍ਰਸਤ ਹੋ ਗਿਆ ਸੀ ਜਿਸ ਵਿੱਚ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ। ਸਾਲ 2021 ਵਿੱਚ ਅਕਰਾ ਵਿੱਚ ਇੱਕ ਕਾਰਗੋ ਜਹਾਜ਼ ਰਨਵੇਅ ਤੋਂ ਫਿਸਲ ਗਿਆ ਅਤੇ ਇੱਕ ਯਾਤਰੀ ਬੱਸ ਨਾਲ ਟਕਰਾ ਗਿਆ ਸੀ, ਜਿਸ ਵਿੱਚ ਘੱਟੋ-ਘੱਟ 10 ਲੋਕ ਮਾਰੇ ਗਏ ਸਨ।