
ਮੈ ਔਰਤ ਹਾਂ ਮੈਨੂੰ ਹਮੇਸ਼ਾ ਸੁਣਨ ਨੂੰ ਮਿਲਦਾ ਹੈ ਕਿ ਮੇਰਾ ਦਿਮਾਗ਼ ਘੱਟ ਕੰਮ ਕਰਦਾ ਏ, ਮੈ ਹਮੇਸ਼ਾ ਗਲਤ ਹੁੰਦੀ ਹਾਂ ਮੈ ਕੁਝ ਵੀ ਠੀਕ ਤਰਾਂ ਨਹੀਂ ਕਰਦੀ ਤੇ ਨਾ ਹੀ ਮੈਨੂੰ ਬਹੁਤ ਦੁਨੀਆਦਾਰੀ ਦਾ ਪਤਾ ਏ। ਮੇਰਾ ਕੰਮ ਬੱਸ ਘਰ ਸੰਭਾਲ਼ਣਾ, ਬੱਚੇ ਪਾਲਣਾ ਤੇ ਪਤੀ ਦਾ ਹਰ ਹੁਕਮ ਸਿਰ ਮੱਥੇ ਮੰਨਣਾ ਏ।ਪਰ ਜੇ ਮੈ ਇਹ ਸਭ ਵੀ ਕਰਦੀ ਹਾਂ ਤਾ ਇਹ ਕਿਸੇ ਵੀ ਗਿਣਤੀ ਵਿੱਚ ਨਹੀਂ ਆਉਂਦਾ। ਇਹ ਸਭ ਕਰਦਿਆਂ ਵੀ ਮੈ ਵਿਹਲੀ ਅਖਵਾੳਦੀ ਹਾਂ। ਪਰ ਜੇ ਮੈ ਕਦੇ ਮੈ ਆਪਣੇ ਵਿਹਲੀ ਜਗਾ ਕਿਸੇ ਨੂੰ ਦੇਣਾ ਚਾਹਾਂ ਯਾਨੀ ਕਿ ਆਖਾ ਕਿ ਮੈ ਕੁਝ ਦਿਨਾਂ ਲਈ ਆਪਣੇ ਪੇਕੇ ਘਰ ਜਾ ਆਵਾਂ ਵੈਸੇ ਵੀ ਤਾਂ ਮੈ ਕੁਝ ਕਰਦੀ ਤਾਂ ਹੈ ਨਹੀਂ ਤਾਂ ਕਦੇ ਵੀ ਮੈਨੂੰ ਕਿਸੇ ਜੀਅ ਦਾ ਸਿਰ ਹਾਂ ਵਿੱਚ ਹਿੱਲਦਾ ਨਹੀਂ ਦਿੱਸਦਾ ਤੇ ਮੈਨੂੰ ਫਿਰ ਤੋਂ ਉਸੇ ਐਸ਼ ਆਰਾਮ ਲਈ ਰੱਖ ਲਿਆ ਜਾਂਦਾ ਏ।
ਮੇਰਾ ਦਿਮਾਗ਼ ਸੱਚ ਮੁੱਚ ਹੀ ਬਹੁਤ ਘੱਟ ਕੰਮ ਕਰਦਾ ਏ ਤਾਂ ਹੀ ਤਾਂ ਮੈ ਸੁੱਖਾ ਸੁੱਖ ਕੇ ਮਰਦ ਨੂੰ ਜਨਮ ਦਿੰਦੀ ਹਾਂ। ਪਹਿਲੇ ਦਿਨ ਤੋਂ ਲੈ ਕੇ ਨੌਂ ਮਹੀਨੇ ਤੱਕ ਕਈ ਤਰਾਂ ਦੀਆਂ ਤਕਲੀਫ਼ਾਂ ਝੱਲਦੀ ਹਾਂ। ਆਪਣੇ ਸਰੀਰ ਵਿੱਚੋਂ ਨਵੇਂ ਜੀਵਨ ਨੂੰ ਕੱਢਦਿਆਂ ਹੋਇਆ ਕਈ ਵਾਰੀ ਆਪਣੀ ਜਾਨ ਵੀ ਗੁਆ ਦੇਦੀ ਹਾਂ ਤੇ ਜੇਕਰ ਜਿੳਦੀ ਰਹਾ ਤਾ ਉਹੀ ਮਰਦ ਕਿਸੇ ਨਾ ਕਿਸੇ ਰੂਪ ਵਿੱਚ ਮੈਨੂੰ ਅਹਿਸਾਸ ਕਰਵਾਉਂਦਾ ਰਹਿੰਦਾ ਏ, ਮੈ ਉਸਨੂੰ ਇਸ ਕਰਕੇ ਦੁਨੀਆ ਦਿਖਾਈ ਤਾ ਕਿ ਉਹ ਮੈਨੂੰ ਕਹਿ ਸਕੇ ਕਿ ਮੇਰੀ ਮੱਤ ਤਾ ਗਿੱਟਿਆਂ ਵਿੱਚ ਏ। ਉਹ ਮੈਨੂੰ ਮਾਵਾਂ ਭੈਣਾ ਦੀਆਂ ਗਾਲਾ ਕੱਢ ਸਕੇ। ਉਹ ਮੈਨੂੰ ਦੱਸ ਸਕੇ ਕਿ ਇੱਜ਼ਤ ਦਾ ਖਿਆਲ ਰੱਖਣਾ ਬੱਸ ਔਰਤ ਦੇ ਹਿੱਸੇ ਆਇਆ ਏ। ਮਰਦ ਭਾਵੇ ਸਾਰਿਆਂ ਦੇ ਸਾਹਮਣੇ ਗਾਲਾ ਕੱਢੇ, ਮਾਰ ਕੁਟਾਈ ਕਰੇ ਤਾਂ ਉਹ ਮਰਦ ਏ, ਪਰ ਇੱਕ ਔਰਤ ਜੇ ਉਸਦੇ ਜ਼ੁਲਮਾਂ ਤੋਂ ਸਤਾਈ ਹੋਈ ਦੂਰ ਜਾਣ ਦਾ ਫੈਸਲਾ ਲੈੰਦੀ ਏ ਤਾਂ ਇਹ ਗੱਲ ਸਮਾਜ ਦੇ ਖ਼ਿਲਾਫ਼ ਏ। ਮੈ ਜੇਕਰ ਕਦੇ ਆਪਣਾ ਪੱਖ ਰੱਖਾਂ ਤਾਂ ਮੈਨੂੰ ਦਿਮਾਗੀ ਪਰੇਸ਼ਾਨ ਹੋਣ ਦਾ ਮਾਣ ਮਿਲ ਜਾਂਦਾ ਏ। ਆਪਣੇ ਆਸ ਪਾਸ ਤੋਂ ਮੈ ਸੁਣਦੀ ਹਾਂ ਕਿ ਮੈਨੂੰ ਅਕਲ ਘੱਟ ਏ ਤਾਂ ਹੀ ਘਰ ਸਾਂਭ ਨਹੀਂ ਹੋ ਰਿਹਾ। ਮੈ ਉਹ ਔਰਤ ਜੋ ਘਰ ਦੀ ਨਿੱਕੀ ਤੋਂ ਨਿੱਕੀ ਚੀਜ਼ ਸਾਫ਼ ਰੱਖਦੀ ਏ ਪਰ ਆਪਣੇ ਕਿਰਦਾਰ ਤੇ ਪਈ ਹੋਈ ਧੂੜ ਦੇ ਨਾਲ ਹੀ ਜਿੳਦੀ ਹਾਂ। ਇਸ ਵਿੱਚ ਵੀ ਮੇਰਾ ਹੀ ਕਸੂਰ ਏ ਕਿੳ ਕਿ ਆਪਣੀ ਜਾਤ ਨਾਲ ਨਫ਼ਰਤ ਮੈ ਹੀ ਕਰਦੀ ਹਾਂ। ਮੈ ਹੀ ਅਰਦਾਸਾ ਕਰਕੇ ਪੁੱਤ ਮੰਗਦੀ ਹਾਂ ਤੇ ਇੱਕ ਤੋਂ ਵੱਧ ਧੀ ਨੂੰ ਜੰਮਣ ਨਾਲ਼ੋਂ ਮਾਰਨਾ ਮੈਨੂੰ ਸੌਖਾ ਲੱਗਦਾ ਏ। ਮੇਰੇ ਕੋਲ ਦੋ ਦੋ ਘਰ ਹੋਣ ਤੇ ਵੀ ਪਤਾ ਨਹੀਂ ਲੱਗਦਾ ਕਿ ਮੇਰਾ ਆਪਣਾ ਕੋਈ ਘਰ ਸੀ ਕਿ ਨਹੀਂ। ਪੇਕੇ ਘਰ ਵਿੱਚ ਬੇਗਾਨੀ ਅਮਾਨਤ ਆਖਿਆ ਜਾਂਦਾ ਏ ਤੇ ਸਹੁਰੀ ਵੀ ਬੇਗਾਨੇ ਘਰੋਂ ਆਈ ਆਖ ਟਾਇਰ ਲ਼ੰਘਾੳਦੇ ਨੇ।
ਮੇਰੀ ਸਾਰੀ ਜ਼ਿੰਦਗੀ ਹੁਕਮ ਦੇ ਅੰਦਰ ਲੰਘਦੀ ਏ, ਆਪਣੀ ਮਰਜ਼ੀ ਦੱਸਣ ਤੇ ਮੈਨੂੰ ਬਾਗ਼ੀ ਕਰਾਰ ਦਿੱਤਾ ਜਾਂਦਾ ਏ। ਭਾਵੇ ਕਿ ਮੈ ਪੂਰੀ ਕੌਸ਼ਿਸ ਕਰ ਰਹੀ ਹਾਂ,ਆਪਣੀ ਪਛਾਣ ਬਣਾੳਣ ਲਈ ਮਰਦ ਦੇ ਬਰਾਬਰ ਕੰਮ ਕਰ ਰਹੀ, ਦਰਸਅਲ ਬਰਾਬਰ ਕਹਿਣਾ ਗਲਤ ਹੋਵੇਗਾ ਸ਼ਾਇਦ ਮਰਦ ਤੋਂ ਕਈ ਗੁਣਾ ਜ਼ਿਆਦਾ ਕਰ ਰਹੀ ਹਾਂ। ਕਿੳ ਕਿ ਮੇਰੇ ਕੀਤੇ ਹੋਏ ਕਈ ਕੰਮ ਤਾਂ ਕਿਸੇ ਵੰਡ ਵਿੱਚ ਵੀ ਨਹੀਂ ਆੳਦੇ। ਜਿਵੇਂ ਹਰੇਕ ਜੀਅ ਨੇ ਕੀ ਖਾਣਾ ਏ ਸੋਚਣਾ, ਬਣਾਉਣਾ, ਘਰ ਨੂੰ ਘਰ ਬਣਾਉਣਾ, ਸਾਰਿਆਂ ਨੂੰ ਕੱਪੜੇ ਸਾਫ਼ ਸੁਥਰੇ ਮਿਲਣ ਹਰ ਰੋਜ ਇਸਦੀ ਤਿਆਰੀ ਕਰਨਾ, ਬੱਚਿਆਂ ਦੀਆਂ ਸਾਰੀਆਂ ਕਲਾਸਾਂ ਤੇ ਬਿਨਾ ਦੇਰੀ ਕੀਤੇ ਪਹੁੰਚਣਾ, ਉਹਨਾਂ ਪੜਾਈ ਬਾਰੇ ਜਾਣਦੇ ਰਹਿਣਾ, ਕੋਈ ਜੀਅ ਬਿਮਾਰ ਪੈਣ ਤੇ ਉਸਦੇ ਨਾਲ ਰਾਤ ਭਰ ਜਾਗ ਕੇ ਵੀ ਸਵੇਰੇ ਸਭ ਤੋਂ ਪਹਿਲਾ ਉੱਠਣਾ। ਇਸਦੇ ਨਾਲ ਆਪਣੀ ਪਸੰਦ ਤਾ ਮੈਨੂੰ ਯਾਦ ਵੀ ਨਹੀਂ ਪਰ ਸਾਰਿਆਂ ਦੀ ਪਸੰਦ ਦਾ ਵਿਵਹਾਰ ਕਰਦੇ ਰਹਿਣਾਂ। ਘਰ ਵਿੱਚ ਕੀ ਮੁੱਕਿਆਂ ਕੀ ਲਿਆਉਣਾ ਇਸਦਾ ਵੀ ਹਿਸਾਬ ਮੇਰੇ ਘੱਟ ਦਿਮਾਗ਼ ਵਾਲੀ ਦੇ ਹਿੱਸੇ ਹੀ ਆੳਦਾ ਏ। ਮੈ ਭਾਵੇ ਬਾਹਰ ਕੰਮ ਕਰਨਾ ਆਪਣੇ ਨੇਮ ਵਿੱਚ ਸਾਮਿਲ ਕਰ ਲਿਆ ਏ ਪਰ ਮੇਰੇ ਸਾਥੀ ਵਲੋ ਹਾਲੇ ਵੀ ਮੇਰਾ ਸਾਥ ਦੇਣਾ ਮੇਰੇ ਥੱਲੇ ਲੱਗਣਾ ਸਮਝਿਆ ਜਾਂਦਾ ਏ। ਮੈ ਮਹੀਨੇ ਦੇ ਚਾਰ ਤੋਂ ਪੰਜ ਦਿਨ ਆਪਣੇ ਸਰੀਰ ਵਿੱਚੋਂ ਨਿਕਲ ਰਹੇ ਖੂਨ ਦੇ ਨਾਲ ਵੀ ਆਪਣੀ ਸਾਰੀ ਜ਼ੁੰਮੇਵਾਰੀ ਨਿਭਾਂ ਲੈੰਦੀ ਹਾਂ ਤੇ ਆਪਣੇ ਆਪ ਨੂੰ ਤਾਕਤਵਰ ਕਹਿਣ ਵਾਲਾ ਮਰਦ ਮਾਮੂਲੀ ਜਿਹਾ ਸਿਰ ਦਰਦ ਵੀ ਬਰਦਾਸ਼ਤ ਨਹੀਂ ਕਰ ਸਕਦਾ ਤੇ ਮੈ ਉਸਦੀ ਹਰ ਜ਼ਰੂਰਤ ਦਾ ਖਿਆਲ ਰੱਖਣਾ ਜਾਰੀ ਰੱਖਦੀ ਹਾਂ। ਮੈ ਸਾਰੇ ਕੰਮ ਦਿਲ ਤੋਂ ਕਰਦੀ ਹਾਂ ਸ਼ਾਇਦ ਏਸੇ ਕਰਕੇ ਮੈ ਘੱਟ ਦਿਮਾਗ਼ ਵਾਲੀ ਅਖਵਾੳਦੀ ਹਾਂ ਕਿਉਂਕਿ ਮੈ ਆਪਣਾ ਦਿਮਾਗ਼ ਨਹੀਂ ਵਰਤਦੀ, ਬੱਸ ਦਿਲ ਦੀ ਸੁਣਦੀ ਹਾਂ।