Magazine

ਚਾਕੂਆਂ ਦਾ ਸ਼ਹਿਰ ਸੋਲਿੰਗਨ

ਜਰਮਨੀ ਦੇ ਸੋਲਿੰਗਨ ਸ਼ਹਿਰ ‘ਚ ਚਾਕੂ ਕਈ ਪੜਾਵਾਂ ਦੀ ਨਿਰਮਾਣ ਪ੍ਰਕਿਰਿਆ ‘ਚੋਂ ਲੰਘਣ ਤੋਂ ਬਾਅਦ ਆਖਰੀ ਰੂਪ ਲੈਂਦੇ ਹਨ। ਇਸੇ ਲਈ ਤਾਂ ਇਹ ਸ਼ਹਿਰ ਯੂਰਪ ‘ਚ ਚਾਕੂ ਤੇ ਕਟਲਰੀ ਦਾ ਪ੍ਰਮੁੱਖ ਕੇਂਦਰ ਮੰਨਿਆ ਜਾਂਦਾ ਹੈ।
ਚਾਕੂ ਨਿਰਮਾਣ ਲਈ ਦੁਨੀਆ ਭਰ ‘ਚ ਮਸ਼ਹੂਰ ਇਸ ਸ਼ਹਿਰ ‘ਚ ਨਿਰਮਾਤਾ ਵੱਖ-ਵੱਖ ਤਰ੍ਹਾਂ ਦੇ ਚਾਕੂ ਤਿਆਰ ਕਰਨ  ਲਈ ਵੰਨ-ਸੁਵੰਨੇ ਤਰੀਕਿਆਂ ਦੀ ਵਰਤੋਂ ਕਰਦੇ ਹਨ। ਇਕ ਮਾਹਿਰ ਚਾਕੂ ਕਾਰੀਗਰ ਅਤੇ ਕਟਲਰੀ ਪਾਲੀਸ਼ਰ ਰਾਲਫ ਇਥੇ ‘ਵਿੱਪਰਕੋਟਨ’ ਨਾਂ ਦੇ ਵਰਕਿੰਗ ਮਿਊਜ਼ੀਅਮ ‘ਚ ਸੈਲਾਨੀਆਂ ਨੂੰ ਰਵਾਇਤੀ ਢੰਗ ਨਾਲ ਚਾਕੂ ਤਿਆਰ ਕਰਨ ਦੀ ਕਲਾ ਦਿਖਾਉਂਦੇ ਹਨ, ਜਿਸ ‘ਚ ਲੋਹਾ ਘਿਸਣ ਵਾਲਾ ਪੱਥਰ ਅਤੇ ਚਾਕੂ ਪਾਲਿਸ਼ ਕਰਨ ਵਾਲਾ ਪਹੀਆ ਵੁੱਪਰ ਨਦੀ ਦੇ ਵਗਦੇ ਪਾਣੀ ਦੇ ਜ਼ੋਰ ਨਾਲ ਚੱਲਦਾ ਹੈ।
ਇਸ ਮਿਊਜ਼ੀਅਮ ਦਾ ਸਭ ਤੋਂ ਪਹਿਲਾਂ ਜ਼ਿਕਰ 1605 ‘ਚ ਰਿਕਾਰਡ ਕੀਤੇ ਗਏ ਇਕ ਦਸਤਾਵੇਜ਼ ‘ਚ ਮਿਲਦਾ ਹੈ। ਵੁੱਪਰ ਨਦੀ ਦੇ ਤੱਟ ‘ਤੇ ਬਣਿਆ ਇਹ ਮਿਊਜ਼ੀਅਮ ਚਾਕੂ ਨਿਰਮਾਣ ਦੇ ਪੁਰਾਣੇ ਵਰਕਸ਼ਾਪਸ ਦੀ ਇਕ ਬਿਹਤਰੀਨ ਢੰਗ ਨਾਲ ਸੁਰੱਖਿਅਤ ਮਿਸਾਲ ਹੈ।
ਪੱਛਮੀ ਜਰਮਨੀ ਦੇ ਇਸ ਸ਼ਹਿਰ ‘ਚ ਵਧੀਆ ਕੁਆਲਿਟੀ ਦੇ ਚਾਕੂ ਤਿਆਰ ਕੀਤੇ ਜਾਣ ਕਾਰਨ ਹੀ ‘ਸਿਟੀ ਆਫ ਨਾਈਵਸ’ ਮਤਲਬ ‘ਚਾਕੂਆਂ ਦੇ ਸ਼ਹਿਰ’ ਵਜੋਂ ਵੀ ਜਾਣਿਆ ਜਾਂਦਾ ਹੈ।
ਜਰਮਨੀ ਦੀ ਸੈਰ ‘ਤੇ ਆਉਣ ਵਾਲੇ ਵਿਦੇਸ਼ੀ ਸੈਲਾਨੀ ਵੀ ਆਪਣੇ ਨਾਲ ਯਾਦਗਾਰ ਵਜੋਂ ਸੋਲਿੰਗਨ ਦੇ ਚਾਕੂ ਲਿਜਾਣਾ ਪਸੰਦ ਕਰਦੇ ਹਨ।
ਪੁਰਾਣੇ ਸਮੇਂ ‘ਚ ਇਥੇ ਚਾਕੂ ਤਿਆਰ ਕਰਨਾ ਇਕ ਲਘੂ ਉਦਯੋਗ ਸੀ। ਉਦੋਂ ਵੱਖ-ਵੱਖ ਕਾਰੀਗਰ ਛੋਟੇ ਪੱਧਰ ‘ਤੇ ਇਹ ਕੰਮ ਕਰਦੇ ਸਨ।
ਸੋਲਿੰਗਨ ‘ਚ ਚਾਕੂ, ਬਲੇਡ, ਤਲਵਾਰ ਅਤੇ ਕੈਂਚੀਆਂ ਮੱਧਕਾਲ ਤੋਂ ਤਿਆਰ ਹੋ ਰਹੇ ਹਨ। 17ਵੀਂ ਸਦੀ ‘ਚ ਇਥੇ ਕਟਲਰੀ ਉਦਯੋਗ ਲਈ ਸੁਨਹਿਰੀ ਦੌਰ ਸੀ। 1684 ‘ਚ ਇਥੇ 100 ਤੋਂ ਵੱਧ ਕਟਲਰੀ ਨਿਰਮਾਤਾ ਕੰਮ ਕਰਦੇ ਸਨ।
ਅੱਜ ਸ਼ਹਿਰ ‘ਚ 150 ਕੰਪਨੀਆਂ ਕਟਲਰੀ ਤਿਆਰ ਕਰਦੀਆਂ ਹਨ, ਜਿਨ੍ਹਾਂ ਵਿਚ 3000 ਮੁਲਾਜ਼ਮ ਕੰਮ ਕਰ ਰਹੇ ਹਨ।
ਸ਼ਹਿਰ ‘ਚ ਸਥਿਤ ਇਕ ਹੋਰ ਮਿਊਜ਼ੀਅਮ ਬਾਕਹੋਸਨ ਕੋਟਨ ਮਿਊਜ਼ੀਅਮ ਦੀ ਚੇਅਰਵੂਮੈਨ ਨਿਕੋਲ ਮੋਲੀਨਾਰੀ ਮੁਤਾਬਕ ਮਿਊਜ਼ੀਅਮ ਦੀ ਇਤਿਹਾਸਕ ਇਮਾਰਤ ‘ਚ ਦਹਾਕਿਆਂ ਤੱਕ ਚਾਕੂ ਨਿਰਮਾਣ ਕੀਤਾ ਜਾਂਦਾ ਸੀ ਜੋ 1950 ਤਕ ਜਾਰੀ ਰਿਹਾ। 1930 ਦੇ ਸ਼ੋਅਜ਼ ਦੀਆਂ ਖਿੱਚੀਆਂ ਤਸਵੀਰਾਂ ਇਥੇ ਪ੍ਰਦਰਸ਼ਿਤ ਹਨ, ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਉਸ ਸਮੇਂ ਕਿਸ ਤਰ੍ਹਾਂ ਕਾਰੀਗਰ ਚਾਕੂ ਤਿਆਰ ਕਰਦੇ ਸਨ।
ਇਥੇ ਚਾਕੂ ਪਾਲਿਸ਼ਿੰਗ, ਧਾਰਦਾਰ ਕਰਨ ਜਾਂ ਫਿਰ ਹੈਂਡਲ ਲਗਾਉਣ ਲਈ ਵੀ ਲਿਆਏ ਜਾਂਦੇ ਸਨ। ਮਿਊਜ਼ੀਅਮ ‘ਚ ਇਕ ਪਾਸੇ ਪਏ ਪੰਛੀ ਰੱਖਣ ਵਾਲੇ ਪਿੰਜਰੇ ਬਾਰੇ ਨਿਕੋਲ ਦਿਲਚਸਪ ਤੱਥ ਦੱਸਦੀ ਹੈ। ਪੁਰਾਣੇ ਦੌਰ ‘ਚ ਅਜਿਹੇ ਪਿੰਜਰਿਆਂ ‘ਚ ਛੋਟੇ ਪੰਛੀ ਰੱਖੇ ਜਾਂਦੇ ਸਨ, ਜਿਨ੍ਹਾਂ ਤੋਂ ਪਾਲਿਸ਼ਿੰਗ ਵਰਕਸ਼ਾਪ ‘ਚ Àੁੱਡਣ ਵਾਲੀ ਧੂੜ ਦੇ ਪ੍ਰਦੂਸ਼ਣ ਦੇ ਜਾਨ-ਲੇਵਾ ਪੱਧਰ ਤਕ ਪਹੁੰਚਣ ਦਾ ਸੰਕੇਤ ਹਾਸਲ ਕੀਤਾ ਜਾਂਦਾ ਸੀ। ਪਿੰਜਰੇ ‘ਚ ਪੰਛੀ ਦੇ ਮਰ ਜਾਣ ‘ਤੇ ਸਾਰੇ ਸਮਝਦੇ ਸਨ ਕਿ ਵਰਕਸ਼ਾਪ ‘ਚ ਤਾਜ਼ਾ ਹਵਾ ਆਉਣ ਦੇਣ ਦਾ ਸਮਾਂ ਹੋ ਗਿਆ ਹੈ। ਉਸ ਸਮੇਂ ਇਥੇ ਕੰਮ ਕਰਨਾ ਸਿਹਤ ਲਈ ਬਹੁਤ ਨੁਕਸਾਨਦਾਇਕ ਹੁੰਦਾ ਸੀ।
ਸ਼ਹਿਰ ‘ਚ ਚਾਕੂ ਤੇਜ਼ ਕਰਨ ਲਈ ਇਸਤੇਮਾਲ ਹੋਣ ਵਾਲੇ ਪੱਥਰ ਰਾਇਨ ਨਦੀ ਦੇ ਪਿੱਛੇ ਸਥਿਤ ਏਫਿਲ ਖੇਤਰ ਦੀਆਂ ਖਾਨਾਂ ‘ਚੋਂ ਲਿਆਏ ਜਾਂਦੇ ਸਨ। ਆਮ ਤੌਰ ‘ਤੇ ਇਹ 2 ਮੀਟਰ ਵਿਆਸ ਦੇ ਹੁੰਦੇ ਸਨ। ਉਨ੍ਹਾਂ ਦੀ ਕੀਮਤ ਉਦੋਂ ਅਦਾ ਕੀਤੀ ਜਾਂਦੀ ਸੀ ਜਦੋਂ ਕੁਝ ਸਮਾਂ ਉਨ੍ਹਾਂ ਨੂੰ ਇਸਤੇਮਾਲ ਕਰਨ ਤੋਂ ਬਾਅਦ ਯਕੀਨੀ ਹੋ ਜਾਂਦਾ ਕਿ ਉਹ ਪੱਕੇ ਹਨ। ਜੇਕਰ ਕੋਈ ਪੱਥਰ ਵਿਚੋਂ ਟੁੱਟ ਜਾਂਦਾ ਅਤ ਉਸ ਤੋਂ ਲੱਗੀ ਸੱਟ ਨਾਲ ਕੋਈ ਕਾਰੀਗਰ ਮਰ ਜਾਂਦਾ ਤਾਂ ਪੱਥਰ ਨੂੰ ਉਸ ਦੀ ਕਬਰ ‘ਤੇ ਲਗਾ ਦਿੱਤਾ ਜਾਂਦਾ ਸੀ।
ਅੱਜਕਲ ਸ਼ਹਿਰ ਵਿਚ ਕਈ ਆਧੁਨਿਕ ਚਾਕੂ ਨਿਰਮਾਤਾ ਕੰਪਨੀਆਂ ਕੰਮ ਕਰ ਰਹੀਆਂ ਹਨ। ਅਜਿਹੀ ਹੀ ਇਕ ਕੰਪਨੀ ਦੀ ਚੌਥੀ ਪੀੜ੍ਹੀ ਦੇ ਕਾਰਲ ਪੀਟਰ ਬੋਰਨ ਨਾਂ ਦਾ ਕਾਮਾ ਦੱਸਦਾ ਹੈ ਕਿ ਉਸ ਦੀ ਕੰਪਨੀ ਦੀ ਸਥਾਪਨਾ 1919 ‘ਚ ਹੋਈ ਸੀ। ਕੰਪਨੀ ‘ਚ ਅੱਜ ਵੀ ਸਾਰੇ ਚਾਕੂ ਹੱਥਾਂ ਨਾਲ ਬਣਾਏ ਜਾਂਦੇ ਹਨ ਅਤੇ ਨਿਰਮਾਣ ਪ੍ਰਕਿਰਿਆ ਦੌਰਾਨ ਲਗਭਗ 50 ਵਾਰ ਉਹ ਵੱਖ-ਵੱਖ ਹੱਥਾਂ ਵਿਚੋਂ ਲੰਘਦੇ ਹਨ। ਇਨ੍ਹਾਂ ਨੂੰ ਆਖਰੀ ਰੂਪ ਦੇਣ ਤੋਂ ਪਹਿਲਾਂ ਇਨ੍ਹਾਂ ‘ਤੇ ਹੋਰ ਵੀ ਕਾਰੀਗਰ ਕੰਮ ਕਰਦੇ ਹਨ।
ਲੱਕੜ ਦੇ ਸਟੂਲ ‘ਤੇ ਬੈਠੇ ਗ੍ਰਾਈਂਡਰ ਆਪਣੀ ਮਸ਼ੀਨ ‘ਤੇ ਚਾਕੂ ਨੂੰ ਧਾਰ ਦਿੰਦੇ ਹਨ। ਇਸ ਕੰਮ ‘ਚ ਉਨ੍ਹਾਂ ਦੇ ਹੱਥ ਬਹੁਤ ਮਾਹਿਰ ਹੋ ਚੁੱਕੇ ਹਨ। ਕੁਝ ਹੀ ਸਮੇਂ ‘ਚ ਉਹ ਲੋਹੇ ਦੇ ਟੁਕੜੇ ਨੂੰ ਇਕ ਬੇਹੱਦ ਧਾਰਦਾਰ ਚਾਕੂ ‘ਚ ਬਦਲ ਦਿੰਦੇ ਹਨ। ਇਥ ਕੰਮ ਕਰਨ ਵਾਲਿਆਂ ‘ਚ ਤਜਰਬੇ ਦਾ ਖੂਬ ਮਹੱਤਵ ਹੈ। ਇਕ ਕਾਰੀਗਰ ਰਾਲਫ ਵੈਕ 82 ਸਾਲ ਦੀ ਉਮਰ ‘ਚ ਵੀ ਚਾਕੂਆਂ ਨੂੰ ਧਾਰ ਦੇਣ ਦਾ ਕੰਮ ਕਰ ਰਹੇ ਹਨ। ਉਨ੍ਹਾਂ ਨੇ 1951 ‘ਚ ਇਥੇ ਕੰਮ ਸ਼ੁਰੂ ਕੀਤਾ ਸੀ ਅਤੇ ਹੁਣ ਉਹ ਨਰਮ ਪਨੀਰ ਕੱਟਣ ਲਈ ਇਸਤੇਮਾਲ ਹੋਣ ਵਾਲੇ ਚਾਕੂ ਤਿਆਰ ਕਰਦੇ ਹਨ। ਇਹ ਕੰਪਨੀ ਦੁਨੀਆ ਭਰ ‘ਚ 200 ਤਰ੍ਹਾਂ ਦੇ ਚਾਕੂ ਭੇਜਦੀ ਹੈ। ਇਨ੍ਹਾਂ ਵਿਚ ਛੋਟੇ ਚਾਕੂਆਂ ਤੋਂ ਲੈ ਕੇ ਬਹੁਤ ਹੀ ਮਹਿੰਗੇ ‘ਦਿ ਨਾਈਫ’ ਨਾਂ ਦੇ ‘ਸੁਪਰ ਨਾਈਫ’ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਤਿਆਰ ਕਰਨ ‘ਚ 5 ਸਾਲ ਤਕ ਲੱਗ ਜਾਂਦੇ ਹਨ।
ਸੋਲਿੰਗਨ ‘ਚ ਹੀ ਗੇਫਾਰਥ ਨਾਂ ਦੇ ਸਥਾਨ ‘ਤੇ ਜਰਮਨ ਬਲੇਡ ਮਿਊਜ਼ੀਅਮ ‘ਚ ਸੈਲਾਨੀਆਂ ਨੂੰ ਚਾਕੂਆਂ ਦੇ ਨਿਰਮਾਣ ਨਾਲ ਜੁੜੇ ਇਤਿਹਾਸ ਅਤੇ ਕਹਾਣੀਆਂ ਨੂੰ ਜਾਣਨ ‘ਚ ਵੀ ਕਾਫੀ ਦਿਲਚਸਪੀ ਰਹਿੰਦੀ ਹੈ। ਮਿਊਜ਼ੀਅਮ ‘ਚ ਲਗਭਗ 30 ਹਜ਼ਾਰ ਚਾਕੂ ਅਤੇ ਕਟਲਰੀ ਪ੍ਰਦਰਸ਼ਿਤ ਹਨ। ਇਨ੍ਹਾਂ ਨਾਲ ਇਲਾਕੇ ਦੇ ਇਤਿਹਾਸ ਅਤੇ ਸੰਸਕ੍ਰਿਤੀ ਤੇ ਰਵਾਇਤ ਬਾਰੇ ਵੀ ਬਹੁਤ ਕੁਝ ਪਤਾ ਲੱਗਦਾ ਹੈ।
ਗੁਆਂਢ ‘ਚ ਸਥਿਤ ਕ੍ਰੋਨੇਨਬਰਗ ਕਸਬੇ ‘ਚ ਇਕ ਹੋਰ ਪੁਰਾਣੀ ਵਰਕਸ਼ਾਪ ਮਾਨੂਐਲਸਕੋਟਨ ‘ਚ ਕਾਫੀ ਵੱਡੇ ਆਕਾਰ ਦੇ ਚਾਕੂ ਤਿਆਰ ਕੀਤੇ ਜਾਂਦੇ ਹਨ, ਜਿਨ੍ਹਾਂ ਨੂੰ ਮਾਸ ਕੱਟਣ ਲਈ ਇਸਤੇਮਾਲ ਕੀਤਾ ਜਾਂਦਾ ਹੈ। ਇਨ੍ਹਾਂ ਨੂੰ ਤੇਜ਼ ਕਰਨ ਲਈ ਕਾਫੀ ਵੱਡੇ ਆਕਾਰ ਦੇ ਗ੍ਰਿੰਡਸਟੋਨਸ ਦਾ ਇਸਤੇਮਾਲ ਹੁੰਦਾ ਹੈ। ਹਰ ਐਤਵਾਰ ਦੇ ਦਿਨ ਇਹ ਵਰਕਸ਼ਾਪ ਵੀ ਸੈਲਾਨੀਆਂ ਲਈ ਖੁੱਲ੍ਹੀ ਰਹਿੰਦੀ ਹੈ, ਜੋ ਇਨ੍ਹਾਂ ਚਾਕੂਆਂ ਨੂੰ ਤਿਆਰ ਕਰਨ ਦੀ ਪ੍ਰਕਿਰਿਆ ਨੂੰ ਨੇੜਿਓਂ ਦੇਖ ਸਕਦੇ ਹਨ।

Related posts

ਕੀ ਅਜੌਕੀ ਸਿੱਖ ਲੀਡਰਸ਼ਿਪ ਮਹੱਤਵਹੀਣ ਹੋ ਚੁਕੀ ਹੈ?

admin

ਜ਼ਰਾ ਬਚਕੇ ਮੋੜ ਤੋਂ . . . ਭਾਗ – 2

admin

ਨਾਨਕ (ਨਾਦ) ਬਾਣੀ ਵਿੱਚ ਵਿਗਿਆਨਕ ਸੋਚ”   

admin