ਇਹ ਚਿੜੀਆਂ, ਇਹ ਕੁੜੀਆਂ
ਇਹ ਚਿੜੀਆਂ, ਇਹ ਕੁੜੀਆਂ..
ਕਿਉਂ ਜੱਗ ਉਤੋਂ ਥੁੜੀਆਂ..?
ਔਰਤ ਜਾਤ ਮਿਟਾਵਣ ਲਈ,
ਫੜੀਆਂ ਔਰਤ ਹੱਥ ਛੂਰੀਆਂ…
ਇਹ ਮੂਰਤਾਂ ਸ਼ਹਿਣਸ਼ੀਲਤਾ ਦੀਆਂ,
ਸਬਰ ਨੂੰ ਪੀਣਾ ਜਾਣਦੀਆਂ…
ਹਰ ਰਿਸ਼ਤੇ ਵਿੱਚ ਰਹਿ ਕੇ,
ਅਧੀਨਤਾ ਵਿੱਚ ਜੀਣਾ ਜਾਣਦੀਆਂ…
ਫਿਰ ਕਿਹੜੇ ਗੁਨਾਹਾਂ ਦੀਆਂ,
ਸਜ਼ਾਵਾਂ ਲੈ ਤੁਰੀਆਂ…
ਇਹ ਚਿੜੀਆਂ, ਇਹ ਕੁੜੀਆਂ..
ਕਿਉਂ ਜੱਗ ਉੱਤੋਂ ਥੁੜੀਆਂ..?
ਕਿਉਂ ਲਾਲਸਾ ਪੁੱਤਰਾਂ ਦੀ,
ਐਨੀਆਂ ਹੱਦਾਂ ਟੱਪ ਗਈ?..
ਸ਼ਰੀਫੀ ਸਾਡੇ ਖ਼ਾਨਦਾਨਾਂ ਦੀ,
ਸੰਘੀ ਧੀਆਂ ਦੀ ਨੱਪ ਗਈ…
ਵਿਹੜੇ ਵਿੱਚ ਖੇਡਦੀਆਂ,
ਕੀ ਲੱਗਦੀਆਂ ਸੀ ਬੁਰੀਆਂ…
ਇਹ ਚਿੜੀਆਂ, ਇਹ ਕੁੜੀਆਂ..
ਕਿਉਂ ਜੱਗ ਉੱਤੋਂ ਥੁੜੀਆਂ..?
ਪੁੱਤਰਾਂ ਨਾਲ ਵੰਸ਼ ਤੁਰਦੇ,
ਗੱਲ ਦੀ ਕੋਈ ਤੁਕ ਨਹੀਂ ਬਣਦੀ…
ਕੀ ਹੋਂਦ ਅਗਲੀ ਪੀੜ੍ਹੀ ਦੀ,
ਜੇਕਰ ਔਰਤ ਨਈਂ ਜਣਦੀ…
ਉਹ ਵੀ ਧੀ ਕਿਸੇ ਦੀ ਸੀ,
ਜੀਹਦੇ ਕਰਕੇ ਵੇਖੀ ਅਸੀਂ ਦੁਨੀਆਂ…
ਇਹ ਚਿੜੀਆਂ, ਇਹ ਕੁੜੀਆਂ..
ਕਿਉਂ ਜੱਗ ਉਤੋਂ ਥੁੜੀਆਂ..?
ਇਕ-ਜੁਟ ਹੋਣਾ ਪਊ ਔਰਤ ਨੂੰ,
ਅਪਣੀ ਹੋਂਦ ਬਚਾਵਣ ਲਈ…
ਜੁਲਮ,ਕੁਰੀਤੀਆਂ ਨਾਲ ਲੜਨਾ ਪਊ,
ਖੁਦ ਨੂੰ ਉੱਚਾ ਉਠਾਵਣ ਲਈ…
ਉਸ ਦਿਨ ਤੋਂ ਧੀ ਨਾ ਕਤਲ ਹੋਊ,
‘ਔਲਖ’ ਜਿਸ ਦਿਨ ਇਹ ਆ ਜੁੜੀਆਂ…
ਇਹ ਚਿੜੀਆਂ, ਇਹ ਕੁੜੀਆਂ..
ਕਿਉਂ ਜੱਗ ਉੱਤੋਂ ਥੁੜੀਆਂ..?
ਔਰਤ ਜਾਤ ਮਿਟਾਵਣ ਲਈ,
ਫੜੀਆਂ ਔਰਤ ਹੱਥ ਛੂਰੀਆ…
———————00000———————
ਦਿੱਤਾ ਕੀ ਸਿਲਾ
ਤੇਰੀ ਦੁਖੀ ਮਾਂ, ਤੇਰੇ ਅੱਗੇ ਹੱਥ ਜੋੜਦੀ
ਪੈਂਦਾ ਕਿਉਂ ਕੁਰਾਹੇ, ਤੈਨੂੰ ਵਾਰੋ-ਵਾਰੀ ਮੋੜਦੀ
ਬੋਲਦਾ ਤੂੰ ਚੱਕ ਉੱਤੇ, ਚਾੜ੍ਹਿਆ ਪਰਾਇਆਂ ਦਾ..
ਦਿੱਤਾ ਕੀ ਸਿਲਾ ਤੂੰ, ਮੇਰੇ ਲਾਡਾਂ ਲਡਾਇਆਂ ਦਾ..
ਜਦੋਂ ਤੇਰਾ ਬਾਪੂ ਤੈਨੂੰ, ਕਿਸੇ ਗੱਲੋਂ ਘੂਰਦਾ
ਮੇਰਾ ਮਮਤਾਇਆ ਦਿਲ, ਤੇਰਾ ਪੱਖ ਪੂਰਦਾ
ਦੁੱਖ ਬੜਾ ਔਖਾ ਹੁੰਦਾ, ਸਹਿਣਾ ਢਿੱਡੋਂ ਜਾਇਆਂ ਦਾ…
ਦਿੱਤਾ ਕੀ ਸਿਲਾ ਤੂੰ, ਮੇਰੇ ਲਾਡਾਂ ਲਡਾਇਆਂ ਦਾ..
ਮਸਾਂ ਉਡੀਕਦੀ ਨੂੰ ਮੇਰੇ, ਆਹ ਦਿਨ ਆਏ ਨੇ
ਪਰ ਤੂੰ ਅਰਮਾਨ ਸਾਰੇ, ਮਿੱਟੀ ਚ ਰੁਲਾਏ ਨੇ
ਬਣੂਗਾ ਕੀ ਮੇਰੇ ਨੈਣੀਂ, ਸੁਪਨੇ ਸਜਾਇਆਂ ਦਾ…
ਦਿੱਤਾ ਕੀ ਸਿਲਾ ਤੂੰ, ਮੇਰੇ ਲਾਡਾਂ ਲਡਾਇਆਂ ਦਾ..
ਮੇਰੇ ਸਿਰ ਦੋਸ਼ ਲਾਇਆ, ਸਾਰੇ ਸੰਸਾਰ ਨੇ
‘ਔਲਖਾ’ ਵਗਾੜਿਆ ਐ, ਤੈਨੂੰ ਮੇਰੇ ਪਿਆਰ ਨੇ
ਮੰਗਾਂ ਤੈਥੋਂ ਮੁੱਲ ਤੇਰੇ, ਸਭ ਐਬਾਂ ਛੁਪਾਇਆਂ ਦਾ..
ਦਿੱਤਾ ਕੀ ਸਿਲਾ ਤੂੰ, ਮੇਰੇ ਲਾਡਾਂ ਲਡਾਇਆਂ ਦਾ..
———————00000———————