Articles

ਚੀਅਰ ਫ਼ਾਰ ਟੀਮ ਅਥਲੈਟਿਕ੍ਸ: ਟੋਕਿਓ ਓਲੰਪਿਕ੍ਸ 2020

ਲੇਖਕ: ਡਾ. ਬਲਜਿੰਦਰ ਸਿੰਘ, ਸਹਾਇਕ ਪ੍ਰੋਫੈਸਰ, ਜੀ. ਐਚ. ਜੀ ਖਾਲਸਾ ਕਾਲਜ, ਗੁਰੂਸਰ ਸੁਧਾਰ

ਟੋਕਿਓ ਓਲਿੰਪਿਕ ਖੇਡਾਂ ਵਿੱਚ ਅਥਲੈਟਿਕ੍ਸ ਦੇ ਮੁਕਾਬਲੇ 30 ਜੁਲਾਈ ਤੋਂ ਸ਼ੁਰੂ ਹੋ ਰਹੇ ਹਨ। ਹੁਣ ਤੱਕ ਹੋਈਆਂ ਸਾਰੀਆਂ ਓਲਿੰਪਿਕ ਖੇਡਾਂ ਵਿਚ ਸਭ ਤੋਂ ਜ਼ਿਆਦਾ ਖਿੱਚ ਦਾ ਕੇਂਦਰ ਟ੍ਰੈਕ ਐਂਡ ਫੀਲਡ ਦੇ ਮੁਕਾਬਲੇ ਰਹੇ ਹਨ। ਇਤਿਹਾਸ ਗਵਾਹ ਹੈ 776 ਬੀ.ਸੀ ਵਿੱਚ ਜਦ ਪਹਿਲੀ ਵਾਰ ਉਲੰਪਿਕ ਮੁਕਾਬਲੇ ਕਰਵਾਏ ਗਏ ਸੀ ਤਾਂ ਓਸ ਸਮੇਂ ਓਲਿੰਪਿਕ ਇਤਿਹਾਸ ਦਾ ਸਭ ਤੋਂ ਪਹਿਲਾ ਖੇਡ ਮੁਕਾਬਲਾ 200 ਗਜ਼ ਦੀ ਸਟੇਡ ਦੌੜ ਸੀ। ਇਸ ਤੋਂ ਇਲਾਵਾ ਅਥਲੈਟਿਕ੍ਸ ਕਰਨ ਲਈ ਫਿੱਟਨੈੱਸ ਦੇ ਪੰਜ ਮੁੱਖ ਤੱਤ ਸਪੀਡ, ਤਾਕਤ, ਸਟੈਮਿਨਾ , ਲਚਕਤਾ ਅਤੇ ਫੁਰਤੀ ਦੀ ਜ਼ਰੂਰਤ ਪੈਂਦੀ ਹੈ। ਇਹ ਸਾਰੇ ਤੱਤ ਹਰੇਕ ਖੇਡ ਖੇਡਣ ਲਈ ਨੀਂਹ ਦਾ ਕੰਮ ਕਰਦੇ ਹਨ। ਸ਼ਾਇਦ ਇਸ ਕਰਕੇ ਹੀ ਅਥਲੈਟਿਕ੍ਸ ਸਾਰਿਆਂ ਦੀ ਹਰਮਨ ਪਿਆਰੀ ਹੈ ਅਤੇ ਇਸ ਨੂੰ ਖੇਡਾਂ ਦੀ ਮਾਂ ਕਿਹਾ ਜਾਂਦਾ ਹੈ।

ਇਸ ਬਾਰ ਦੇ ਓਲੰਪਿਕਸ ਵਿੱਚ ਭਾਰਤੀ ਅਥਲੀਟਾਂ ਦੀ ਮਜ਼ਬੂਤ ਦਾਅਵੇਦਾਰੀ ਦੇਖਣ ਨੂੰ ਮਿਲੇਗੀ। ਅਥਲੈਟਿਕ੍ਸ ਫੈਡਰੇਸ਼ਨ ਆਫ ਇੰਡੀਆ (ਏ.ਐਫ.ਆਈ.) ਨੇ ਭਾਰਤੀ ਅਥਲੀਟਾਂ ਦਾ 26 ਮੈਂਬਰੀ ਦਲ ਟੋਕਿਓ ਓਲੰਪਿਕ ਖੇਡਾਂ ਲਈ ਭੇਜਿਆ ਹੈ। ਇਸ 26 ਮੈਂਬਰੀ ਟੀਮ ਵਿਚ 16 ਐਥਲੀਟ ਵਿਅਕਤੀਗਤ ਮੁਕਾਬਲਿਆਂ ਵਿਚ ਹਿੱਸਾ ਲੈਣਗੇ, ਜਦੋਂ ਕਿ ਰਿਲੇ ਦੌੜਾਂ ਜਿਸ ਨੂੰ ਅਥਲੈਟਿਕ੍ਸਕ ਦਾ ਟੀਮ ਇਵੇੰਟ ਵੀ ਕਿਹਾ ਜਾਂਦਾ ਹੈ, ਓਸ ਲਈ 10 ਅਥਲੀਟ ਚੁਣੇ ਗਏ ਹਨ। 4×400 ਮੀਟਰ ਰਿਲੇਅ ਮੁਕਾਬਲੇ ਲਈ ਪੰਜ ਪੁਰਸ਼ ਦੌੜਾਕ ਅਤੇ ਦੋ ਪੁਰਸ਼ ਅਤੇ ਤਿੰਨ ਮਹਿਲਾ ਦੌੜਾਕ ਮਿਕਸਡ 4×400 ਮੀਟਰ ਰਿਲੇਅ ਵਿਚ ਸ਼ਾਮਲ ਕੀਤੇ ਗਏ ਹਨ।

ਵਿਅਕਤੀਗਤ ਮੁਕਾਬਲਿਆਂ ਲਈ ਪੁਰਸ਼ ਵਰਗ ਲਈ ਤੇਜਿੰਦਰਪਾਲ ਸਿੰਘ ਤੂਰ (ਸ਼ਾਟਪੁੱਟ ਥ੍ਰੋ), ਨੀਰਜ ਚੋਪੜਾ ਅਤੇ ਸ਼ਿਵਪਾਲ ਸਿੰਘ (ਜੈਵਲਿਨ ਥ੍ਰੋ), ਅਵਿਨਾਸ਼ ਸਾਬਲ (3000 ਮੀਟਰ ਸਟੀਪਲਚੇਸ), ਐਮ ਪੀ ਜਬੀਰ (400 ਮੀਟਰ ਹਰਡਲ), ਐਮ ਸ਼੍ਰੀ ਸ਼ੰਕਰ (ਲੰਬੀ ਛਾਲ), ਕੇਟੀ ਇਰਫਾਨ, ਸੰਦੀਪ ਕੁਮਾਰ ਅਤੇ ਰਾਹੁਲ ਰੋਹਿਲਾ (20 ਕਿਲੋਮੀਟਰ ਵਾਕ) ਅਤੇ ਗੁਰਪ੍ਰੀਤ ਸਿੰਘ (50 ਕਿਲੋਮੀਟਰ ਪੈਦਲ) ਨੇ ਉਲੰਪਿਕ ਲਈ ਕੁਆਲਫਾਈ ਕੀਤਾ ਹੈ।

ਇਸੇ ਤਰ੍ਹਾਂ ਰਿਲੇ ਰੇਸਾਂ ਵਿੱਚ ਅਮੋਜ਼ ਜੈਕਬ, ਅਰੁਕਿਆ ਰਾਜੀਵ, ਮੁਹੰਮਦ ਅਨਸ, ਨਾਗਨਾਥਨ ਪਾਂਡੀ ਅਤੇ ਨੋਹ ਨਿਰਮਲ ਟੌਮ (4×400 ਮੀਟਰ) ਪੁਰਸ਼ ਰਿਲੇਅ ਲਈ ਕੁਆਲਫਾਈ ਹੋਏ ਹਨ। 4×400 ਮੀਟਰ ਮਿਸ਼ਰਤ ਰਿਲੇਅ ਲਈ ਮਰਦਾਂ ਵਿਚੋਂ ਸਾਰਥਕ ਭਾਂਬਰੀ ਅਤੇ ਐਲੈਕਸ ਐਂਟਨੀ ਨੇ ਟੋਕਿਓ ਲਈ ਆਪਣੀ ਜਗ੍ਹਾ ਪੱਕੀ ਕੀਤੀ ਹੈ।

ਇਸ ਬਾਰ ਭਾਰਤੀ ਮਹਿਲਾ ਅਥਲੈਟਿਕ੍ਸ ਟੀਮ ਕਾਫ਼ੀ ਮਜ਼ਬੂਤ ਦਿਖ ਰਹੀ ਹੈ। ਭਾਰਤੀ ਸਪਰਿੰਟਰ ਦੁਤੀ ਚੰਦ 100 ਅਤੇ 200 ਮੀਟਰ ਵਿੱਚ ਹਿੱਸਾ ਲੈ ਰਹੇ ਹਨ, ਥਰੋਆਂ ਵਿੱਚ ਕਮਲਪ੍ਰੀਤ ਕੌਰ ਅਤੇ ਸੀਮਾ ਅੰਟੀਲ ਪੂਨੀਆ (ਡਿਸਕਸ ਥ੍ਰੋ), ਅਨੂ ਰਾਣੀ (ਜੈਵਲਿਨ ਥ੍ਰੋ) ਵਿੱਚ ਹਿੱਸਾ ਲੈ ਰਹੇ ਹਨ, ਭਾਵਨਾ ਜਾਟ ਅਤੇ ਪ੍ਰਿਯੰਕਾ ਗੋਸਵਾਮੀ (20 ਕਿਲੋਮੀਟਰ ਪੈਦਲ ਚਾਲ), ਰੇਵਤੀ ਵੀਰਮਣੀ, ਸੁਭਾ ਵੈਂਕਟੇਸ਼ਨ ਅਤੇ ਧਨਲਕਸ਼ਮੀ ਸ਼ੇਖਰ (4× 400) ਮਿਸ਼ਰਤ ਰੀਲੇਅ ਵਿੱਚ ਆਪਣੀ ਦਾਅਵੇਦਾਰੀ ਪੇਸ਼ ਕਰਨਗੀਆਂ।

ਗੌਰ ਤਲਬ ਹੈ ਕਿ ਸਪ੍ਰਿੰਟਰ ਦੁੱਤੀ ਚੰਦ (ਔਰਤਾਂ ਦੀ 100 ਅਤੇ 200 ਮੀਟਰ), ਐਮ. ਪੀ ਜਬੀਰ (ਪੁਰਸ਼ਾਂ ਦੀ 400 ਮੀਟਰ ਹਰਡਲ), ਗੁਰਪ੍ਰੀਤ ਸਿੰਘ (ਪੁਰਸ਼ਾਂ ਦੀ 50 ਕਿਲੋਮੀਟਰ ਵਾਕ) ਅਤੇ ਅਨੁ ਰਾਣੀ (ਔਰਤਾਂ ਦੀ ਜੈਵਲਿਨ ਥ੍ਰੋ) ਨੂੰ ਟੋਕਿਓ ਖੇਡਾਂ ਵਿੱਚ ਉਹਨਾਂ ਦੀ ਰੈਂਕਿੰਗ ਦੇ ਆਧਾਰ ਤੇ ਟਿਕਟ ਮਿਲੀ ਹੈ। ਏਐਫਆਈ ਦੇ ਅਨੁਸਾਰ, ਯੋਗਤਾ ਦੀ ਪੁਸ਼ਟੀ ਹੋਣ ਤੋਂ ਬਾਅਦ ਗੁਰਪ੍ਰੀਤ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਢੀਂਗ ਐਕਸਪ੍ਰੈਸ ਕਹੀ ਜਾਣ ਵਾਲੀ ਹਿਮਾ ਦਾਸ ਇਸ ਉਲੰਪਿਕ ਮੁਕਾਬਲੇ ਲਈ ਕੁਆਲਿਫ਼ਾਈ ਨਹੀਂ ਕਰ ਸਕੀ।

ਇਸ ਵਾਰ ਟ੍ਰੈਕ ਐਂਡ ਫ਼ੀਲਡ ਵਿੱਚ ਦੇਸ਼ ਵਾਸੀਆਂ ਨੂੰ ਭਾਰਤੀ ਅਥਲੀਟਾਂ ਤੋਂ ਬਹੁਤ ਸਾਰੀਆਂ ਉਮੀਦਾਂ ਹਨ। ਸੰਪੂਰਨ ਵਿਸ਼ਵ ਦੇ ਅਥਲੈਟਿਕ੍ਸ ਮਾਹਿਰ ਭਾਰਤੀ ਟੀਮ ਤੋਂ ਚੰਗੇ ਪ੍ਰਦਰਸ਼ਨ ਦੀ ਉਮੀਦ ਕਰਦੇ ਹਨ ਉਹਨਾਂ ਅਨੁਸਾਰ ਇਹ ਟੀਮ ਸਰੀਰਕ ਅਤੇ ਭਾਵਨਾਤਮਕ ਤੌਰ ਤੇ ਓਲੰਪਿਕ ਖੇਡਾਂ ਲਈ ਇੱਕ ਬਹੁਤ ਚੰਗੀ ਤਰ੍ਹਾਂ ਤਿਆਰ ਟੀਮ ਹੈ।

ਕਰੋਨਾ ਕਾਰਨ ਵਿਸ਼ਵ ਨੇ ਪਿਛਲੇ ਦੋ ਸਾਲਾਂ ਵਿੱਚ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਹੈ ਪਰ ਭਾਰਤੀ ਅਥਲੀਟਾਂ ਨੇ ਕਰੋਨਾ ਕਾਲ ਵਿੱਚ ਆਪਣੀ ਪ੍ਰਫੋਰਮੇਂਸ ਨੂੰ ਥੱਲੇ ਨਹੀਂ ਡਿਗਣ ਦਿੱਤਾ। ਇਹਨਾਂ ਖਿਡਾਰੀਆਂ ਦੇ ਸਾਹਮਣੇ ਆਪਣੀ ਫਾਰਮ ਨੂੰ ਕਾਇਮ ਰੱਖਣਾ ਸਭ ਤੋਂ ਵੱਡੀ ਚੁਣੌਤੀ ਸੀ, ਉਲੰਪਿਕ ਤੋਂ ਪਹਿਲਾਂ ਪਟਿਆਲੇ ਵਿਖ਼ੇ ਹੋਏ ਗ੍ਰੈੰਡ ਪਰਿਕਸ ਫੈਡਰੇਸ਼ਨ ਕੱਪ ਮੁਕਾਬਲਿਆਂ ਵਿੱਚ ਅਨੇਕਾਂ ਅਥਲੀਟਾਂ ਨੇ ਨਵੇਂ ਰਿਕਾਰਡ ਕਾਇਮ ਕਰ ਦੱਸ ਦਿੱਤਾ ਹੈ ਕਿ ਓਹ ਕਿਸੇ ਤੋਂ ਘੱਟ ਨਹੀਂ ਹਨ।

ਭਾਰਤੀ ਕੋਚਿੰਗ ਟੀਮ ਦੀ ਅਗਵਾਈ ਮੁੱਖ ਕੋਚ ਰਾਧਾ ਕ੍ਰਿਸ਼ਨਨ ਨਾਇਰ ਕਰਨਗੇ। ਕੋਚਿੰਗ ਟੀਮ ਵਿਚ 13 ਕੋਚ, 8 ਸਹਾਇਕ ਸਟਾਫ ਅਤੇ ਦੋ ਅਧਿਕਾਰੀ ਹੋਣਗੇ। ਕੋਚਾਂ ਦੀ ਲਿਸਟ ਵਿੱਚ ਰਾਧਾ ਕ੍ਰਿਸ਼ਨਨ ਨਾਇਰ ਤੋਂ ਇਲਾਵਾ ਗੈਲੀਨਾ ਬੁਖਾਰੀਨਾ, ਡਾ. ਕਲਾਸ, ਮਹਿੰਦਰ ਸਿੰਘ ਢਿੱਲੋਂ , ਰਾਜਮੋਹਨ, ਅਮਰੀਸ਼ ਕੁਮਾਰ, ਸਿਕੰਦਰ, ਸ. ਮੁਰਲੀ, ਰਮੇਸ਼, ਅਲੈਗਜ਼ੈਂਡਰ ਸਿਨੀਤਸਿਨ, ਰਾਖੀ ਤਿਆਗੀ, ਗੁਰਮੀਤ ਸਿੰਘ, ਐਲਮੀਰਾ, ਅਭਿਸ਼ੇਕ ਪਾਂਡੇ, ਈਸ਼ਨ ਮਾਰਵਾਹ ਸਹਿਯੋਗੀ ਸਟਾਫ ਦੀ ਟੀਮ ਵਿਚ. ਡਾ. ਆਂਦਰੇਈ, ਸਿਮੋਨੀ ਸ਼ਾਹ, ਚੰਦਰੇਜ, ਪਵਨ ਕੁਮਾਰ, ਕੇਤਨ ਕੌਸ਼ਲ ਰੱਖੇ ਗਏ ਹਨ। ਇਸ ਤੋਂ ਇਲਾਵਾ ਡਾ: ਮਧੁਕੰਤ ਪਾਠਕ ਟੀਮ ਲੀਡਰ ਵਜੋਂ ਅਗਵਾਈ ਕਰਨਗੇ।

Related posts

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin

Sydney Opera House Glows Gold for Diwali

admin