ਪਿੰਡ ਦੇ ਪਤੰਗ
ਸਿਰਜਣਹਾਰ ਨੇ ਸਜਾਇਆ
ਖੁੱਲ੍ਹਾ ਅਸਮਾਨ ਹੈ ਬਣਾਇਆ
ਰੰਗ-ਬਿਰੰਗੇ ਭਾਵੇਂ ਲਗਾ ਦੇਵੋ
ਜਿੰਨੇ ਮਰਜ਼ੀ ਪਤੰਗ ਚੜ੍ਹਾ ਦੇਵੋ
ਕਿਉਂ ਮੱਥੇ ਪਾਉਂਦੇ ਵੱਟ ਜੇ ਤੁਸੀਂ
ਕਿਉਂ ਇੱਕ ਦੂਜੇ ਦਾ ਕੱਟਦੇ ਤੁਸੀਂ
ਲਿਫ਼ਾਫ਼ਾ ਹੁੰਦੇ ਲਿਉਦੇ ਹੱਟ ਤੋਂ ਅਸੀਂ
ਰੀਲ ਚੱਕਦੇ ਮਸ਼ੀਨੋ ਫੱਟ ਤੋਂ ਅਸੀਂ
ਅਸੀਂ ਆਪੇ ਹੀ ਸੀ ਬਣਾ ਲੈਂਦੇ
ਕੰਨ-ਅੱਖਾਂ ਲਾ ਸੀ ਸਜਾ ਲੈਂਦੇ
ਗੋਤੇ ਖਾਂਦੇ ਪੂੰਛ ਲੰਬੀ ਲਾ ਲੈਂਦੇ
ਨਾ ਮੱਥੇ ਵੀ ਪਾਉਂਦੇ ਵੱਟ ਜੇ ਅਸੀਂ
ਨਾ ਇੱਕ ਦੂਜੇ ਦਾ ਕੱਟਦੇ ਅਸੀਂ
ਨਾ ਇੱਕ ਦੂਜੇ ਤੋਂ ਸੜਦੇ ਅਸੀਂ
ਨਾ ਇੱਕ ਦੂਜੇ ਤੋਂ ਹਰਦੇ ਅਸੀਂ
ਸਾਰਾ-ਸਾਰਾ ਦਿਨ ਸੀ ਚੜ੍ਹਾਈ ਜਾਂਦੇ
ਪਤੰਗ ਨੂੰ ਚਿੱਠੀਆਂ ਵੀ ਸੀ ਪਾਈ ਜਾਂਦੇ
ਉੱਡਦੇ ਵਾਂਗ ਪੰਛੀਆਂ ਦੀ ਡਾਰ ਦੇ ਸੀ
ਮੰਮੀ ਦੀਆਂ ਗਾਲਾਂ ਖਾਕੇ ਤਾਰਦੇ ਸੀ
ਉੱਚੀ ਲਾਉਂਦੇ ਡੀਜੇ ਨਾ ਛੱਤ ਤੇ ਅਸੀਂ
ਨਾ ਗਲਾ ਕਿਸੇ ਨਾ ਕੱਟਦੇ ਅਸੀਂ
ਸਾਰਾ ਘਰਦਾ ਸਮਾਨ ਸਾਦਾ ਸੀ
ਨਾ ਚਾਇਨਾ ਦਾ ਕੋਈ ਧਾਗਾ ਸੀ
———————00000———————
ਮੜ੍ਹੀ ‘ਤੇ ਦੀਵਾ
ਬਾਕੀ ਰੀਤਾਂ ਤੇ ਚਲਦੀਆਂ ਰਹਿਣੀਆਂ,
ਇੱਕ ਬੋਲ ਤੂੰ ਮੇਰਾ ਪੁਗਾ ਆਇਆ ਕਰੀਂ,
ਮੇਰੇ ਛੱਡਣ ਬਾਅਦ ਇਸ ਦੁਨੀਆਂ ਨੂੰ,
ਮੇਰੀ ਮੜ੍ਹੀ ‘ਤੇ ਦੀਵਾ ਲਾ ਆਇਆ ਕਰੀਂ |
ਸੁੱਕੇ ਪੱਤਿਆਂ ਟਾਹਣੀਉ ਲਹਿਣਾਂ ਹੀ,
ਚੇਤੇ ਇੱਕ ਦਿਨ ਤਾਂ ਵਿਛੋੜਾ ਪੈਣਾ ਹੀ,
ਯਾਦ ਆਏ ਤਾਂ ਫੇਰਾ ਪਾ ਆਇਆ ਕਰੀਂ,
ਨਾਲੇ ਆਪਣਾ ਮਨ ਸਮਝਾ ਆਇਆ ਕਰੀਂ,
ਪਰ ਮੇਰੇ ਛੱਡਣ ਬਾਅਦ ਇਸ ਦੁਨੀਆਂ ਨੂੰ,
ਮੇਰੀ ਮੜ੍ਹੀ ‘ਤੇ ਦੀਵਾ ਲਾ ਆਇਆ ਕਰੀਂ |
ਇਹੀ ਸਾਈਕਲ ਮੇਰੀ ਸਕੂਟਰ-ਕਾਰ,
ਪਹੁੰਚਾ ਦੇਵੇ ਮੈਂਨੂ ਸਕੂਲੇ ਬਸ ਨਾਲੋ ਨਾਲ,
ਤੂੰ ਇਸਨੂੰ ਕਦੇ ਸਮਰਾ ਲਿਆਇਆ ਕਰੀਂ,
ਤੇ ਮੇਰੇ ਛੱਡਣ ਬਾਅਦ ਇਸ ਦੁਨੀਆਂ ਨੂੰ,
ਮੇਰੀ ਮੜ੍ਹੀ ‘ਤੇ ਦੀਵਾ ਲਾ ਆਇਆ ਕਰੀਂ |
———————00000———————
ਇਸ ਸਾਲ
ਨਾ ਪੈਸੇ ਪਾਣੀ ਵਾਂਗ ਵਹਾਉਣੇ,
ਪਿੱਛੇ ਲੱਗ ਨਾ ਕੱਪੜੇ ਪੜ੍ਹਵਾਉਣੇ,
ਨਵੇਂ ਸਾਲ ਸਾਦੇ ਜਸ਼ਨ ਮਨਾਉਣੇ,
ਸਭ ਵੰਡਕੇ ਆਪਾਂ ਖਾਮਾਂਗੇ,
ਇਸ ਸਾਲ ਤਾਂ ਮਾਪਿਆਂ ਨੂੰ,
ਕੁਝ ਆਪਾਂ ਕਰਕੇ ਦਿਖਾਮਾਂਗੇ |
ਛੱਡੀਏ ਆਪਾਂ ਮੋੜਾਂ ਤੇ ਖੜ੍ਹਨਾਂ,
ਛੋਟੀ-ਛੋਟੀ ਗੱਲ ਉੱਤੇ ਲੜਨਾ,
ਅਧਿਆਪਕ ਤਾਂ ਰੱਬ ਵਾਂਗੂ ਪੂਜਣੇ,
ਜਿੱਥੇ ਮਿਲੇ ਗੋਡੀਂ ਹੱਥ ਲਾਮਾਂਗੇ,
ਇਸ ਸਾਲ ਤਾਂ ਮਾਪਿਆਂ ਨੂੰ,
ਕੁਝ ਆਪਾਂ ਕਰਕੇ ਦਿਖਾਮਾਂਗੇ |
ਨਾ ਕਿਸੇ ਨਾਲ ਠੱਗੀ ਠੋਰੀ,
ਮੂੰਹ ਤੇ ਗੱਲ ਕਹੀਏ ਕੋਰੀ,
ਜ਼ਹਿਰ ਭਾਮੇਂ ਖਾਣਾ ਪੇਜੇ,
ਨਾ ਖਾਰ ਆਪਾਂ ਖਾਮਾਂਗੇ,
ਇਸ ਸਾਲ ਤਾਂ ਮਾਪਿਆਂ ਨੂੰ,
ਕੁੱਝ ਆਪਾਂ ਕਰਕੇ ਦਿਖਾਮਾਂਗੇ |
———————00000———————
ਮੇਰਾ ਪਿੰਡ, ਬਿਰਧਨੋ
ਹਾਂ ਮਿੱਤਰਾ ਕੀ ਕਰਦਾ ਵਿਹਲਾ ਤੇਰਾ ਗਿਆਨ ਵਧਾਮਾਂ,
ਕਿੰਨਾ ਇਤਿਹਾਸਿਕ ਪਿੰਡ ਹੈ ਮੇਰਾ ਤੈਨੂੰ ਅੱਜ ਸੁਣਾਮਾਂ |
ਬੋਲ ਕਿਹੜੇ ਪਾਸਿਓਂ ਵੜਨਾਂ ਕੋਈ ਨਾ ਰਸਤਾ ਖੋਟਾ,
ਤੰਦੇ ਬੱਧੇ ਕਨਿਓ ਆਉਂਦੇ ਦਿਸਦਾ ਝੱਲੀਆਂ ਵਾਲਾ ਬਰੋਟਾ |
ਸੋਹੀਆਂ ਵਾਲੇ ਪਾਸਿਓਂ ਪਹੇ ਕੱਚੇ ਕੱਚੇ ਤੂੰ ਆਈਂ,
ਦਾਉ ਆਲੇ ਬਾਬੇ ਮੱਥਾ ਟੇਕੀਂ ਤੇ ਪ੍ਰਸਾਦਾ ਬੈਠ ਗੁਰੂ ਘਰ ਖਾਈਂ |
ਭੂਮਸੀ ਵਾਲੇ ਪਾਸਿਓਂ ਵੀ ਕਿਤੇ ਐਮੇ ਹੀ ਨਾ ਵੜ ਜਾਈਂ,
ਹਾਜ਼ਰੀ ਲਵਾਈ ਬਾਬੇ ਸਿੱਧ ਨਾਲੇ ਮਿੱਟੀ ਦੇਵੀ ਦਾਸ ਕੱਢ ਆਈਂ |
ਸ਼ਿਵਗੜ੍ਹ ਤੋਂ ਆਉਂਦੇ ਤੈਨੂੰ ਥੋੜ੍ਹਾ ਪੈ ਜਾਊ ਲੰਬਾ ਘੇਰਾ,
ਬੜਾ ਇਤਿਹਾਸਿਕ ਮੇਲਾ ਲੱਗਦਾ ਬਾਬਾ ਗੁੱਗਾ ਮਾੜੀ ਦਾ ਡੇਰਾ |
500 ਸਾਲ ਪੁਰਾਣਾ ਰਾਜਾ ਬਿਰਧਨੰਦ ਨੇ ਪਿੰਡ ਵਸਾਇਆ,
ਰਾਜਾ ਜਸਵੰਤ ਸਿੰਘ ਨੇ ਵੀ ਧੀ ਲਾਡਲੀ ਨੂੰ ਇਸੇ ਪਿੰਡ ਵਿਆਇਆ |
ਮੰਗ ਲਾਡਲੀ ਦੀ ਨੂੰ ਬਾਪੂ ਨੇ ਸੀ ਸਿਰ ਮੱਥੇ ਤੇ ਲਾਇਆ,
ਚੜ੍ਹ ਜਿੱਥੋਂ ਦਿਸੇ ਬਾਪੂ ਦਾ ਨਾਭਾ ਐਡਾ ਉੱਚਾ ਬੁਰਜ ਬਣਾਇਆ |
ਰੋੜਾ ਪੱਸਾ ਪਿੰਡ ਤੋਂ ਆ ਮਾਤਾ ਸਰਦਾਰ ਕੌਰ ਸਿੰਘ ਨੇ ਡੇਰਾ ਲਾਇਆ |
ਜ਼ਿਲ੍ਹੇ ਪਟਿਆਲੇ ਦੇ ਪਿੰਡ ਅਖੀਰਲੇ ਇੰਝ ਵੱਖਰੀ ਪਹਿਚਾਣ ਬਣਾਈ,
ਭਾਈ ਮਾਈ ਸਾਹਿਬ ਨੇ ਵੀ ਲੜਦੇ ਲੜਦੇ ਇਥੇ ਸ਼ਹੀਦੀ ਪਾਈ |
———————00000———————
ਗੰਗੂ
ਨਾ ਆਪਣੀ ਸੀ ਜ਼ਮੀਰ ਵਿਕਾਈ,
ਪਿੱਛੇ ਚੰਦ ਸਿੱਕਿਆਂ ਗਵਾਈ,
ਧਰਮ ਲਈ ਲਾ ਸਾਰੀ ਕਮਾਈ,
ਰਸਤਾ ਚੁਣ ਲਿਆ ਸਹੀ ਸੀ,
ਕਿਉਂ ਗੰਗੂ ਟੋਡਰਮੱਲ ਜਿਹਾ ਨਹੀਂ ਸੀ |
ਇੱਕ ਕੁੱਖੋਂ ਜਨਮੇ ਬਣਗੇ ਖਾਸ,
ਗੁਰੂ ਉੱਤੇ ਸੀ ਅਟੁੱਟ ਵਿਸ਼ਵਾਸ,
ਇੱਕ ਰੂੰਅ ਵਿੱਚ ਲਪੇਟ ਸਾੜ੍ਹਿਆ,
ਆਰੇ ਨਾਲ ਦੂਜਾ ਵਿਚਾਲੋ ਪਾੜਿਆ,
ਨਾ ਮੰਨੀ ਜੋ ਜਾਲਮਾਂ ਕਹੀ ਸੀ,
ਕਿਉਂ ਗੰਗੂ ਮਤੀ-ਸਤੀ ਦਾਸ ਜਿਹਾ ਨਹੀਂ ਸੀ |
ਜਾਲਮਾਂ ਨੂੰ ਪੈ ਗਏ ਸੀ ਲਾਲੇ,
ਦੇਗ ਵਿੱਚ ਰੱਖ ਗਏ ਉਬਾਲੇ,
ਕੁਰਬਾਨੀ ਨੂੰ ਬਾਹਲਾ ਕਾਹਲਾ,
ਦੇਖ ਗੁਰੂ ਦਾ ਸਿੰਘ ਦਿਆਲਾ,
ਕਿੰਨੀ ਪੀੜ੍ਹ ਖੌਰੇ ਉਹਨਾਂ ਸਹੀ ਸੀ,
ਕਿਉਂ ਗੰਗੂ ਭਾਈ ਦਿਆਲੇ ਜਿਹਾ ਨਹੀਂ ਸੀ |
———————00000———————