Articles Culture Religion

ਚੇਤਿ ਗੋਵਿੰਦੁ ਅਰਾਧੀਐ ਹੋਵੇ ਅਨੰਦ ਘਣਾ॥

ਲੇਖਕ: ਸੁਖਪਾਲ ਸਿੰਘ ਗਿੱਲ,
ਅਬਿਆਣਾਂ ਕਲਾਂ

ਨਾਨਕ ਸ਼ਾਹੀ ਬਿਕਰਮੀ ਸੰਮਤ ਦੇ ਪਹਿਲੇ ਮਹੀਨੇ ਚੇਤ ਵਿਚ ਪ੍ਰਕ੍ਰਿਤੀ ਦੀ ਰੋਣਕ ਪਰਤ ਆਉਂਦੀ ਹੈ। ਇਸ ਰੌਣਕ ਵਿੱਚੋਂ ਅਗਿਆਤ ਦਾ ਇਹ ਫੁਰਨਾ ਪੁੱਖਤਾ ਸਾਬਤ ਹੁੰਦਾ ਹੈ ” ਖੇਤ ਮੇਰੀ ਜਿੰਦਗੀ ਨੇ , ਖੇਤ ਮੇਰੀ ਆਸ ਹਨ, ਕਿੰਨੀ ਸੁੰਦਰਤਾ ਵਿੱਛੀ ਇਹ ਲਹਿਲਾਉਂਦੇ ਖੇਤਾਂ ਵਿੱਚ” ਧਰਤੀ ਦੇ ਮਨਮੋਹਣ ਦ੍ਰਿਸ਼ ਨੂੰ ਚੇਤ ਮਹੀਨੇ ਵਿਚ ਪੁੰਗਰੀ ਪ੍ਰਕ੍ਰਿਤੀ ਹੋਰ ਵੀ ਸੁਹਾਵਣਾ ਬਣਾਉਂਦੀ ਹੈ। ਇਸ ਮਹੀਨੇ ਵੱਖਰੀਆ ਰੋਣਕਾਂ , ਪੌਣਾਂ, ਖ਼ੁਸ਼ਬੋਈਆਂ ਅਤੇ ਪ੍ਭਾਤਾਂ ਵੱਖਰੇ ਸੁਨੇਹੇ ਦਿੰਦੀਆਂ ਹਨ । ਪ੍ਰਕ੍ਰਿਤੀ ਨੂੰ ਪੁੰਗਰਨ ਵਿਚ ਇਸ ਦੇਸੀ ਮਹੀਨੇ ਦਾ ਖਾਸ ਮਹੱਤਵ ਹੈ “ਪੱਤ ਝੜੇ ਪੁਰਾਣੇ ਵੇ, ਰੁੱਤ ਨਵਿਆਂ ਦੀ ਆਈ ਏ” ਚੇਤ ਮਹੀਨੇ ਕਣਕ ਹਰੀ ਤੋਂ ਸੁਨਹਿਰੀ ਰੰਗ ਵੱਲ ਮੁੜ ਜਾਂਦੀ ਹੈ।ਕੋਇਲ ਆਪਣੀ ਸੁਰੀਲੀ ਆਵਾਜ਼ ਨਾਲ ਪ੍ਰਕਿਰਤੀ ਵਿੱਚ ਲੁਕ ਛਿਪ ਕੇ ਗਾਣੇ ਗਾਉਂਦੀ ਹੈ।ਮੌਸਮ ਦਾ ਲਿਹਾਜ਼ ਤਪਸ਼ ਵੱਲ ਵੱਧਦਾ ਹੈ।

ਅਧਿਆਤਮਕ ਪੱਖ ਤੋਂ ਚੇਤ ਮਹੀਨੇ ਦਾ ਖਾਸ ਮਹੱਤਵ ਹੈ। ਰੁੱਤਾਂ , ਤਿੱਥਾਂ, ਦਿਨ, ਤਰੀਕਾਂ ਅਤੇ ਮੌਸਮ ਦੇ ਹੇਰ ਫੇਰ ਨਾਲ ਚੇਤ ਮਹੀਨਾਂ ਵੱਖਰਾ ਪ੍ਰਭਾਵ ਛੱਡਦਾ ਹੈ | ਮਹਾਨ ਗੁਰਬਾਣੀ ਵਿੱਚ ਬਾਰਾਂ ਮਾਹਾਂ ਵਿੱਚ ਚੇਤ ਮਹੀਨੇ ਨੂੰ ਇਉਂ ਅੰਕਿਤ ਕੀਤਾ ਗਿਆ ਹੈ।:-
“ਚੇਤਿ ਗੋਵਿੰਦ ਅਰਾਧੀਐ , ਹੋਵੇ ਅਨੰਦ ਘਣਾ॥
ਸੰਤ ਜਨਾ ਮਿਲਿ ਪਾਈਐ ਰਸਨਾ ਨਾਮੁ ਭਣਾ ॥
ਇਸ ਤੋਂ ਇਲਾਵਾ ਚੇਤ ਮਹੀਨੇ ਦਾ ਵਰਣਨ ਇਸ ਤਰ੍ਹਾ ਵੀ ਮਿਲਦਾ ਹੈ:-
” ਚੇਤਿ ਬਸੰਤ ਭਲਾ ਭਵਰ ਸੁਹਾਵੜੇ ,
ਬਨ ਫੂਲੇ ਮੰਝ ਬਾਰਿ ਮੈਂ, ਪਿਰਮ ਘਰ ਬਾਹੁੜੇ”
” ਕੱਤਕ ਕੂੰਜਾਂ ਚੇਤਿ ਡਉ, ਸਾਵਣਿ ਬਿਜੁਲੀਆਂ
ਸੀਆਲੇ ਸੋਹੰਦੀਆਂ, ਪਿਰ ਗਲਿ ਬਾਹੜੀਆਂ”
ਹਿੰਦੂ ਧਰਮ ਨਾਲ ਇਸ ਮਹੀਨੇ ਦਾ ਖਾਸ ਸੰਬੰਧ ਹੈ। ਵਰਤ ਅਤੇ ਨੁਵਰਾਤਰੇ ਇਸ ਮਹੀਨੇ ਆਉਦੇ ਹਨ। ਨਰਾਤਿਆਂ ਵਿੱਚ, ਦੁਰਗਾ ਪੂਜਾ ਕੀਤੀ ਜਾਂਦੀ ਹੈ। ਇਸ ਮਹੀਨੇ ਮੱਸਿਆ ਦਾ ਵੀ ਵਿਸ਼ੇਸ ਮਹੱਤਵ ਹੁੰਦਾ ਹੈ। ਇਸ ਸ਼ੁੱਭ ਮੌਕੇ ਤੇ ਇਸ਼ਨਾਨ, ਧਿਆਨ, ਭਗਵਾਨ ਸ਼ਿਵ ਦੀ ਪੂਜਾ, ਜਪ, ਤਪੱਸਿਆ ਅਤੇ ਦਾਨ ਕੀਤੇ ਜਾਂਦੇ ਹਨ। ਪਿਤਰਾਂ ਨਾਲ ਵੀ ਇਸ ਮਹੀਨੇ ਦਾ ਸੰਬੰਧ ਹੈ।ਚੇਤ ਚੋਦਸ ਨੂੰ ਪਿਹੋਵਾ, ਕੁਰੂਕਸ਼ੇਤਰ ਵਿੱਚ ਮੇਲਾ ਲੱਗਦਾ ਹੈ। ਲੋਕ ਇਸ ਮੇਲੇ ਚ ਪਿਤਰ ਪੂਜਦੇ ਹਨ।
ਸਰਦੀ ਦੇ ਝੰਬਿਆ ਤੋਂ ਬਾਅਦ ਥੋੜੀ ਗਰਮੀ ਅਤੇ ਤਪਸ਼ ਮਹਿਸੂਸ ਹੁੰਦੀ ਹੈ। ਇਹ ਮਹੀਨਾ “ਤਬਦੀਲੀ ਕੁਦਰਤ ਦਾ ਨਿਯਮ ਹੈ” ਵਾਲੇ ਤੱਥ ਨੂੰ ਸਹੀ ਠਹਿਰਾਉਂਦਾ ਹੈ। ਕਈ ਤਰ੍ਹਾਂ ਦੀ ਤਬਦੀਲੀ ਨਜ਼ਰ ਪੈਂਦੀ ਹੈ। ਪਾਪੂਲਰ, ਅੰਬ, ਨਿੰਬੂ ਜਾਤੀ ਅਤੇ ਹੋਰ ਪ੍ਰਾਕ੍ਰਿਤੀ ਪੂੰਗਰਦੀ ਹੋਈ ਸਵਰਗ ਦਾ ਭੁਲੇਖਾ ਪਾਉਂਦੀ ਹੈ:-
” ਬਾਗਾਂ ਉੱਤੇ ਰੰਗ ਫੇਰਿਆ ਬਹਾਰ ਨੇ,
ਬੇਰੀਆਂ ਲਿਫਾਈਆਂ ਟਾਹਣੀਆਂ ਦੇ ਭਾਰ ਨੇ,
ਪੁੰਗਰੀਆਂ ਵੇਲਾਂ, ਵੇਲਾਂ ਰੁਖੀਂ ਚੜ੍ਹੀਆਂ,
ਫੁੱਲਾਂ ਹੇਠੋਂ ਫਲਾਂ ਨੇ ਪਰੋਈਆਂ ਲੜੀਆਂ”
ਸੱਭਿਆਚਾਰ ਅਤੇ ਸਾਹਿਤਕ ਪੱਖ ਤੋਂ ਇਹ ਮਹੀਨਾ ਕਲਮਾਂ ਨੂੰ ਹੁਲਾਰਾ ਦਿੰਦਾ ਹੈ। ਪ੍ਰਾਕ੍ਰਿਤੀ ਸੁਹਾਗਮਈ ਹੁੰਦੀ ਹੈ ।ਮਾਹੀ ਨੂੰ ਮੁਖ਼ਾਤਿਬ ਕਰਕੇ ਫਿਰੋਜ਼ਦੀਨ ਸ਼ਰਫ਼ ਨੇ ਚੇਤ ਨੂੰ ਇਉਂ ਚਿਤਰਿਆ:-
“ਚੇਤਰ ਚੈਨ ਨਾ ਆਵੇ ਦਿਲ ਨੂੰ,
ਤੇਰੇ ਵਾਜੋ ਪਿਆਰੇ ਜੀ ਹਾਂ ਮੈ ਤੇਰੇ ਦਰ ਦੀ ਬਰਦੀ,
ਮਲੇ ਤੇਰੇ ਦੁਆਰੇ ਹੈ ਜੀ,
ਤੇਰੇ ਬਾਝੋਂ ਡੁੱਬਦੀ ਬੇੜੀ ਕਿਹੜਾ ਮੇਰੀ ਤਾਰੇ ਜੀ”” ਫੱਗਣ ਖੰਭ ਲਪੇਟ ਕੇ, ਗੁੰਮਿਆ ਵਿੱਚ ਅਨੰਤ,
ਚੇਤ ਤੇ ਝਾਤੀ ਪਾਉਂਦਿਆ, ਚਾਮਲ ਗਈ ਬਸੰਤ”
ਚੇਤ ਮਹੀਨਾ ਕਾਫੀ ਕੁੱਝ ਨਿਵੇਕਲਾ ਨਾਲ ਲੈ ਕੇ ਆਉਂਂਦਾ ਹੈ। ਵਿਸਾਖੀ ਦਾ ਮੇਲਾ ਅਤੇ ਕਣਕ ਦੀ ਆਮਦ ਵੱਲ ਰਸਤਾ ਤੈਅ ਕਰਦਾ ਹੋਇਆ, ਸਮਾਜਿਕ ਖੁਸਹਾਲੀ ਨੂੰ ਉਜਾਗਰ ਕਰਦਾ, ਨਿਤ ਦਿਨ ਨਵੇ ਰੰਗ ਬਦਲਦਾ ਚੇਤ ਮਹੀਨਾ ਪ੍ਰਕਿਰਤੀ ਤੇ ਝਾਤੀ ਮਾਰਦਾ ਹੈ।

Related posts

ਪਿਆਰ ਅਤੇ ਖੁਸ਼ੀ ਦੇ ਜਸ਼ਨ ਦਾ ਪ੍ਰਤੀਕ – ਰੰਗਾਂ ਦਾ ਤਿਉਹਾਰ ਹੋਲੀ !

admin

ਬਦਲਦੇ ਸਮੇਂ ਵਿੱਚ ਰੰਗ ਬਦਲਣ ਦੀ ਹੋਲੀ !

admin

ਯੂਕਰੇਨ ਅਤੇ ਰੂਸ ਵਿਚਕਾਰ ਸ਼ਾਂਤੀ ਸਮਝੌਤੇ ‘ਤੇ ਸਹਿਮਤੀ ਲਈ 4 ਸ਼ਰਤਾਂ !

admin