Health & Fitness

ਚੰਗੀ ਸਿਹਤ ਲਈ ਜ਼ਰੂਰੀ ਹੈ ਦੰਦਾਂ ਦੀ ਸੰਭਾਲ

ਸਾਡੇ ਮਨੁੱਖੀ ਸਰੀਰ ਦੇ ਹਰੇਕ ਅੰਗ ਦੀ ਆਪਣੀ ਮਹੱਤਤਾ ਹੈ ਪਰ ਦੰਦਾਂ ਦਾ ਇੱਕ ਵਿਸ਼ੇਸ਼ ਸਥਾਨ ਹੈ। ਸਰੀਰ ਦੀ ਬਾਹਰੀ ਸੁੰਦਰਤਾ ਵਧਾਉਣ ਦੇ ਨਾਲ ਨਾਲ ਇਹ ਖਾਣ-ਪੀਣ ਅਤੇ ਬੋਲਣ ਵਿੱਚ ਵੀ ਸਾਡੀ ਮਦਦ ਕਰਦੇ ਹਨ। ਆਮ ਤੌਰ ’ਤੇ ਵੱਡਿਆਂ ਦੇ 32 ਦੰਦ, ਜਿਨ੍ਹਾਂ ਵਿੱਚ 8 ਕੱਟਣ ਵਾਲੇ, 4 ਸੂਏ ਦੰਦ, 8 ਛੋਟੀਆਂ ਜਾੜ੍ਹਾਂ ਸਮੇਤ 4 ਅਕਲ ਦੰਦ ਹੁੰਦੇ ਹਨ ਜਦੋਂਕਿ 3 ਸਾਲ ਦੇ ਬੱਚੇ ਦੇ 20 ਬੇਬੀ (ਦੁੱਧ) ਦੰਦ ਹੁੰਦੇ ਹਨ। ਜਦੋਂ ਅਸੀਂ ਖਾਣਾ ਖਾਂਦੇ ਹਾਂ ਤਾਂ ਸਰੀਰ ਦੀ ਪਾਚਣ ਕਿਰਿਆ ਮੂੰਹ ਤੋਂ ਸ਼ੁਰੂ ਹੋ ਜਾਂਦੀ ਹੈ। ਦੰਦਾਂ ਨਾਲ ਚਿੱਥ ਕੇ ਖਾਧੀ ਰੋਟੀ ਸਾਡਾ ਸਰੀਰ ਜਲਦੀ ਹਜ਼ਮ ਕਰ ਲੈਂਦਾ ਹੈ ਅਤੇ ਸਿਹਤਮੰਦ ਰਹਿੰਦਾ ਹੈ।
ਸਰੀਰ ਦੇ ਦੂਜੇ ਅੰਗਾਂ ਵਾਂਗ ਹੀ ਦੰਦਾਂ ਨੂੰ ਬਿਮਾਰੀਆਂ ਤੋਂ ਬਚਾਉਣਾ ਬਹੁਤ ਜ਼ਰੂਰੀ ਹੈ। ਦੰਦਾਂ ਪ੍ਰਤੀ ਵਰਤੀ ਗਈ ਬੇਧਿਆਨੀ ਕਰਕੇ ਦੰਦਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋ ਜਾਂਦੀਆਂ ਹਨ ਜੋ ਦੰਦਾਂ ਨੂੰ ਖ਼ਰਾਬ ਕਰ ਸਕਦੀਆਂ ਹਨ। ਇਨ੍ਹਾਂ ਵਿੱਚੋਂ ਪ੍ਰਮੁੱਖ ਹਨ-
ਦੰਦਾਂ ਨੂੰ ਕੀੜਾ ਲੱਗਣਾ: ਮਿੱਠਾ ਅਤੇ ਚਿਪਚਿਪਾ ਭੋਜਨ ਜਦੋਂ ਦੰਦਾਂ ਦੀ ਉਪਰਲੀ ਸਤਹਿ ’ਤੇ ਵਧੇਰੇ ਸਮੇਂ ਲਈ ਲੱਗਿਆ ਰਹਿੰਦਾ ਹੈ ਤਾਂ ਜੀਵਾਣੂ ਉਸ ’ਤੇ ਹਮਲਾ ਕਰਕੇ ਐਸਿਡ ਬਣਾਉਂਦੇ ਹਨ ਅਤੇ ਦੰਦਾਂ ਦੀ ਉਪਰਲੀ ਸਤਹਿ ਨੂੰ ਨੁਕਸਾਨ ਕਰਦੇ ਹਨ ਜਿਸ ਨਾਲ ਦੰਦਾਂ ਵਿੱਚ ਖੋੜ੍ਹ ਬਣਾ ਦਿੰਦੇ ਹਨ। ਅਜਿਹੇ ਖੋੜ੍ਹ ਸ਼ੁਰੂ ਵਿੱਚ ਸਾਨੂੰ ਦੰਦਾਂ ਉੱਤੇ ਪਏ ਕਾਲੇ ਧੱਬੇ ਦੀ ਤਰ੍ਹਾਂ ਨਜ਼ਰ ਆਉਂਦੇ ਹਨ। ਇਸ ਲਈ ਅਸੀਂ ਇਸ ਪਾਸੇ ਜ਼ਿਆਦਾ ਧਿਆਨ ਨਹੀਂ ਦਿੰਦੇ। ਇਸ ਪ੍ਰਤੀ ਵਰਤੀ ਗਈ ਲਾਪਰਵਾਹੀ ਦਾ ਨਤੀਜਾ ਇਹ ਹੁੰਦਾ ਹੈ ਕਿ ਇਹ ਖੋੜ੍ਹ ਦੰਦ ਦਾ ਲਗਾਤਾਰ ਨੁਕਸਾਨ ਕਰਦੀ ਰਹਿੰਦੀ ਹੈ ਤੇ ਇਸ ਦੀ ਡੂੰਘਾਈ ਵੀ ਵਧਦੀ ਜਾਂਦੀ ਹੈ। ਇਸ ਲਈ ਜਦੋਂ ਵੀ ਤੁਸੀਂ ਖੋੜ੍ਹ ਜਾਂ ਕਾਲਾ ਧੱਬਾ ਦੇਖੋ ਤਾਂ ਤੁਰੰਤ ਦੰਦਾਂ ਦੇ ਡਾਕਟਰ ਕੋਲ ਜਾ ਕੇ ਦਿਖਾਓ। ਜੇਕਰ ਇਹ ਜ਼ਿਆਦਾ ਡੂੰਘਾਈ ਤਕ ਪਹੁੰਚ ਗਈ ਹੋਵੇ ਤਾਂ ਇਸ ਨੂੰ ਭਰਵਾ ਲੈਣਾ ਚਾਹੀਦਾ ਹੈ। ਸਮੇਂ ਸਿਰ ਨਾ ਭਰਵਾਈ ਜਾਣ ਵਾਲੀ ਖੋੜ੍ਹ ਵਧੇਰੇ ਡੂੰਘੀ ਹੋ ਜਾਂਦੀ ਹੈ ਜਿਸ ਨਾਲ ਦੰਦਾਂ ਵਿੱਚ ਦਰਦ ਸ਼ੁਰੂ ਹੋ ਜਾਂਦਾ ਹੈ। ਅਜਿਹੀ ਹਾਲਤ ਵਿੱਚ ਦੰਦ ਦੇ ਢੁਕਵੇਂ ਇਲਾਜ ਲਈ ਰੂਟ ਕਨਾਲ ਟਰੀਟਮੈਂਟ (R3“) ਕਰਾਉਣੀ ਪੈਂਦੀ ਹੈ। ਜੇ ਸਮੱਸਿਆ ਜ਼ਿਆਦਾ ਹੀ ਗੰਭੀਰ ਹੋਵੇ ਤਾਂ ਕਈ ਵਾਰ ਦੰਦ ਕਢਵਾਉਣ ਤਕ ਦੀ ਨੌਬਤ ਵੀ ਆ ਸਕਦੀ ਹੈ। ਮਿੱਠੇ ਅਤੇ ਚਿਪਚਿਪੇ ਭੋਜਨ ਨੂੰ ਘੱਟ ਤੋਂ ਘੱਟ ਖਾਓ।
ਮਸੂੜਿਆਂ ਦੀ ਸੋਜ਼ਿਸ਼: ਦੰਦਾਂ ਉੱਤੇ ਚਿਪਕੀ ਹੋਈ ਪਲਾਕ ਦੀ ਪਰਤ ਮਸੂੜਿਆਂ ਦੀ ਸੋਜ਼ਿਸ਼ ਅਤੇ ਉਨ੍ਹਾਂ ’ਚੋਂ ਖ਼ੂਨ ਆਉਣ ਦਾ ਕਾਰਨ ਬਣਦੀ ਹੈ। ਇਸ ਪਲਾਕ ਦੀ ਪਰਤ ਜੰਮ੍ਹ ਕੇ ਕਰੇੜਾ ਇਕੱਠਾ ਕਰ ਦਿੰਦੀ ਹੈ। ਜੇਕਰ ਸਮੇਂ ਸਿਰ ਦੰਦਾਂ ਦੀ ਸਫ਼ਾਈ ਨਾ ਕਰਵਾਈ ਜਾਵੇ ਤਾਂ ਮਸੂੜਿਆਂ ਦੀ ਬਿਮਾਰੀ ਵਧ ਜਾਂਦੀ ਹੈ ਜਿਸ ਨਾਲ ਦੰਦਾਂ ਦੀ ਪਕੜ ਕਮਜ਼ੋਰ ਹੋ ਜਾਂਦੀ ਹੈ ਅਤੇ ਦੰਦ ਹਿਲਣੇ ਸ਼ੁਰੂ ਹੋ ਜਾਂਦੇ ਹਨ। ਇਸ ਲਾਪਰਵਾਹੀ ਦਾ ਨਤੀਜਾ ਕਈ ਵਾਰ ਇਹ ਨਿਕਲਦਾ ਹੈ ਕਿ ਉਮਰ ਤੋਂ ਪਹਿਲਾਂ ਹੀ ਮੂੰਹ ਦੰਦਾਂ ਤੋਂ ਸੱਖਣਾ ਹੋ ਸਕਦਾ ਹੈ।
ਮੂੰਹ ਦਾ ਕੈਂਸਰ: ਤੰਬਾਕੂ ਤੇ ਜ਼ਰਦੇ ਦੇ ਸੇਵਨ ਨਾਲ ਮੂੰਹ ਦਾ ਕੈਂਸਰ ਹੋ ਸਕਦਾ ਹੈ। ਕਦੇ ਕਦੇ ਕੋਈ ਤਿੱਖਾ ਦੰਦ ਵੀ ਮੂੰਹ ਵਿੱਚ ਜ਼ਖ਼ਮ ਕਰ ਸਕਦਾ ਹੈ ਜੋ ਕਿ ਕੈਂਸਰ ਦਾ ਕਾਰਨ ਬਣ ਸਕਦਾ ਹੈ। ਮੂੰਹ ਵਿੱਚ ਕੋਈ ਅਜਿਹਾ ਛਾਲਾ ਜਾਂ ਜ਼ਖ਼ਮ ਜੋ ਠੀਕ ਨਾ ਹੋ ਰਿਹਾ ਹੋਵੇ, ਉਸ ਨੂੰ ਅਣਗੌਲਿਆ ਨਹੀਂ ਕਰਨਾ ਚਾਹੀਦਾ ਅਤੇ ਉਸ ਦੀ ਤੁਰੰਤ ਜਾਂਚ ਕਰਵਾ ਕੇ ਉਸ ਦਾ ਇਲਾਜ ਕਰਵਾਉਣਾ ਚਾਹੀਦਾ ਹੈ। ਮੂੰਹ ਦੇ ਕੈਂਸਰ ਤੋਂ ਬਚਣ ਲਈ ਬੀੜੀ, ਸਿਗਰੇਟ, ਤੰਬਾਕੂ ਤੇ ਸ਼ਰਾਬ ਦੇ ਸੇਵਨ ਤੋਂ ਗ਼ੁਰੇਜ਼ ਕਰਨਾ ਚਾਹੀਦਾ ਹੈ। ਇਹ ਪਦਾਰਥ ਜਿੱਥੇ ਬਾਕੀ ਸਰੀਰਕ ਬਿਮਾਰੀਆਂ ਨੂੰ ਜਨਮ ਦਿੰਦੇ ਹਨ, ਉੱਥੇ ਹੀ ਦੰਦਾਂ ਦੀਆਂ ਸਮੱਸਿਆਵਾਂ ਵੀ ਪੈਦਾ ਕਰਦੇ ਹਨ।
ਬਿਮਾਰੀਆਂ ਤੋਂ ਦੰਦਾਂ ਦੇ ਬਚਾਅ ਅਤੇ ਮਸੂੜਿਆਂ ਦੀ ਤੰਦਰੁਸਤੀ ਲਈ ਕੁਝ ਸੁਝਾਅ:
-ਦੰਦਾਂ ਨੂੰ ਰੋਜ਼ਾਨਾ ਦੋ ਵਾਰ ਬੁਰਸ਼ ਨਾਲ ਸਾਫ਼ ਕਰੋ। ਬੁਰਸ਼ ਕਰਦੇ ਸਮੇਂ ਘੱਟੋ-ਘੱਟ ਦੋ ਮਿੰਟ ਦਾ ਸਮਾਂ ਲਾਓ। ਇਹ ਯਕੀਨੀ ਬਣਾਓ ਕਿ ਬੁਰਸ਼ ਮੂੰਹ ਦੇ ਸਾਰੇ ਦੰਦਾਂ ਤਕ ਪਹੁੰਚੇ ਤਾਂ ਕਿ ਦੰਦਾਂ ਦੇ ਹਰ ਪਾਸੇ ਦੀ ਚੰਗੀ ਤਰ੍ਹਾਂ ਸਫ਼ਾਈ ਹੋ ਗਈ ਹੈ।
-ਹਮੇਸ਼ਾ ਨਰਮ ਬੁਰਸ਼ ਦੀ ਵਰਤੋਂ ਕਰੋ ਅਤੇ ਆਪਣੇ ਬੁਰਸ਼ ਨੂੰ ਹਰ ਤਿੰਨ ਮਹੀਨੇ ਬਾਅਦ ਬਦਲ ਦੇਵੋ।
-ਖਾਣਾ ਖਾਣ ਤੋਂ ਅੱਧੇ ਘੰਟੇ ਬਾਅਦ ਬੁਰਸ਼ ਕਰੋ। ਖਾਣਾ ਖਾਣ ਤੋਂ ਤੁਰੰਤ ਬਾਅਦ ਬੁਰਸ਼ ਕਰਨ ਨਾਲ ਦੰਦਾਂ ਦੀ ਉਪਰਲੀ ਪਰਤ ਨੂੰ ਨੁਕਸਾਨ ਹੋ ਸਕਦਾ ਹੈ।
-ਡੈਂਟਲ ਫਲਾਸ ਨਾਲ ਦੰਦਾਂ ਵਿਚਲੀਆਂ ਵਿੱਥਾਂ ਦੀ ਸਫ਼ਾਈ ਕਰੋ।
-ਮਾਊਥਵਾਸ਼ ਨੂੰ ਘੱਟੋ-ਘੱਟ ਦੋ ਮਿੰਟ ਤਕ ਮੂੰਹ ਵਿੱਚ ਰੱਖੋ ਤੇ ਮੂੰਹ ਦੇ ਸਾਰੇ ਪਾਸੇ ਚੰਗੀ ਤਰ੍ਹਾਂ ਘੁਮਾਓ।
-ਕੋਸੇ ਪਾਣੀ ’ਚ ਨਮਕ ਪਾ ਕੇ ਕੁਰਲੇ ਕਰਨੇ ਵੀ ਫ਼ਾਇਦੇਮੰਦ ਹੁੰਦੇ ਹਨ।
-ਜੀਭ ਨੂੰ ਟੰਗ ਕਲੀਨਰ ਨਾਲ ਸਾਫ਼ ਕਰਨਾ ਚਾਹੀਦਾ ਹੈ।
-ਹਰ ਛੇ ਮਹੀਨੇ ਬਾਅਦ ਦੰਦਾਂ ਦਾ ਮਾਹਿਰ ਡਾਕਟਰ ਤੋਂ ਦੰਦਾਂ ਦੀ ਜਾਂਚ ਅਤੇ ਸਫ਼ਾਈ ਕਰਵਾਓ।
ਵੱਡਿਆਂ ਦੀ ਤਰ੍ਹਾਂ ਬੱਚਿਆਂ ਦੇ ਦੰਦਾਂ ਦੀ ਸੰਭਾਲ ਵੀ ਅਤਿ ਜ਼ਰੂਰੀ ਹੈ। ਬੋਤਲ ਨਾਲ ਦੁੱਧ ਪੀਣ ਵਾਲੇ ਜਾਂ ਵਧੇਰੇ ਲੰਮਾ ਸਮਾਂ ਮਾਂ ਦਾ ਦੁੱਧ ਪੀਣ ਵਾਲੇ ਬੱਚਿਆਂ ਦੇ ਦੰਦਾਂ ਦੇ ਖ਼ਰਾਬ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਜਦੋਂ ਹੀ ਬੱਚੇ ਆਪਣੇ ਪਹਿਲੇ ਦੰਦ ਕੱਢ ਲੈਣ ਉਦੋਂ ਤੋਂ ਹੀ ਉਨ੍ਹਾਂ ਦੀ ਸਫ਼ਾਈ ਰੱਖਣੀ ਚਾਹੀਦੀ ਹੈ। ਮੁੱਢ ਤੋਂ ਹੀ ਕੀਤੀ ਗਈ ਸਾਂਭ-ਸੰਭਾਲ ਨਾਲ ਹੀ ਦੰਦ ਲੰਮੀ ਉਮਰ ਤਕ ਸਾਡਾ ਸਾਥ ਦੇਣ ਦੇ ਕਾਬਿਲ ਰਹਿੰਦੇ ਹਨ ਅਤੇ ਅਸੀਂ ਵੱਖ ਵੱਖ ਭੋਜਨਾਂ ਦਾ ਸਵਾਦ ਮਾਣ ਸਕਦੇ ਹਾਂ। ਦੰਦਾਂ ਪ੍ਰਤੀ ਕੀਤੀਆਂ ਅਣਗਹਿਲੀਆਂ ਕਾਰਨ ਕਈ ਵਾਰ ਸਾਨੂੰ ਦੰਦ ਕਢਾਉਣੇ ਪੈ ਸਕਦੇ ਹਨ। ਜੇਕਰ ਅਸੀਂ ਦੰਦਾਂ ਦੀ ਸੰਭਾਲ ਨਹੀਂ ਕਰਾਂਗੇ ਤਾਂ ਫੇਰ ਪੁਰਾਣੇ ਬਜ਼ੁਰਗਾਂ ਦੀ ਕਹਾਵਤ ‘ਦੰਦ ਨਹੀਂ ਤਾਂ ਸੁਆਦ ਨਹੀਂ’ ਨਾਲ ਦੋ-ਚਾਰ ਹੋਣਾ ਪਵੇਗਾ।
-ਡਾ. ਜਸਬੀਰ ਕੌਰ, ਪ੍ਰੋਫੈਸਰ ਤੇ ਮੁਖੀ, ਡੈਂਟਲ ਵਿਭਾਗ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਫ਼ਰੀਦਕੋਟ

Related posts

Study Finds Dementia Patients Less Likely to Be Referred to Allied Health by GPs

admin

Study Finds Women More Likely to Outlive Retirement Savings !

admin

Julia Morris Opens Up About Shingles to Spotlight Australia’s ‘Hidden Health Baggage’

admin