Articles

ਚੰਬਲ – ਬਹੁਪੱਖੀ ਇਤਿਹਾਸਕ ਸ਼ਬਦ

ਲੇਖਕ: ਇੰਸ. ਗੁਰਪ੍ਰੀਤ ਸਿੰਘ ਚੰਬਲ
ਜ਼ਿਲ੍ਹਾ ਸੈਨਿਕ ਬੋਰਡ, ਪਟਿਆਲਾ

ਚੰਬਲ ਸ਼ਬਦ ਦੀ ਗੱਲ ਕਰੀਏ ਤਾਂ ਚੰਬਲ ਅਥਵਾ ਗਜਚਮੰ ਇਹ ਇੱਕ ਚਮੜੀ ਦਾ ਰੋਗ ਹੈ ਇਹ ਸਰੀਰ ਦੇ ਕਿਸੇ ਵੀ ਅੰਗ ਤੇ ਹੋ ਸਕਦਾ ਹੈ। ਇਸ ਰੋਗ ਵਿੱਚ ਚਮੜੀ ਉੱਪਰ ਖਾਰਸ਼ ਹੁੰਦੀ ਹੈ ਅਤੇ ਚਿੱਟਾ ਦੁਧੀਆ ਰੰਗ ਦਾ ਪਾਣੀ ਚਮੜੀ ਵਿੱਚੋਂ ਵਹਿੰਦਾ ਹੈ। ਪਰ ਇੱਥੇ ਇਹ ਵੀ ਵਰਨਣਯੋਗ ਹੈ ਕਿ ਚੰਬਲ ਸ਼ਬਦ ਦਾ ਇੱਕ ਰੂੜੀਵਾਦੀ ਅਰਥ ‘ਪਾਣੀ ਦਾ ਵਹਿਣ’ ਵੀ ਹੈ। ਬ੍ਰਿਟਿਸ਼ ਐਸੋਸੀਏਸ਼ਨ ਆਫ ਡਰਮਾਟੋਲਜਿਸਟਸ ਵੱਲੋਂ ਚੰਬਲ ਬਿਮਾਰੀ ਦੀ ਸੰਖੇਪ ਜਾਣਕਾਰੀ ਸਬੰਧੀ ਇੱਕ ਕਿਤਾਬਚਾ ‘ਮਾਰਚ-2005’ ਵਿੱਚ ਛਾਪਿਆ ਗਿਆ ਸੀ ਜਿਸ ਵਿੱਚ ਇਸ ਦੇ ਬਾਬਤ ਬਹੁਤ ਖੋਜ ਭਰਪੂਰ ਵੇਰਵਾ ਦਰਜ ਹੈ। ਚੰਬਲ ਭਾਵ ਐਗਜ਼ਿਮਾ ਉਹ ਸ਼ਬਦ ਹੈ ਜੋ ਯੂਨਾਨੀ ਸ਼ਬਦ ‘ਉਬਾਲਣਾ’ ਤੋਂ ਬਣਿਆ ਹੈ ਅਤੇ ਇਹ ਲਾਲ, ਖੁਸ਼ਕ ਅਤੇ ਖਾਰਸ਼ਦਾਰ ਚਮੜੀ ਦਾ ਵਰਣਨ ਕਰਨ ਲਈ ਵਰਤਿਆ ਜਾਂਦਾ ਹੈ ਜਿਸ ਚਮੜੀ ਵਿੱਚੋਂ ਕਈ ਵਾਰੀ ਪਾਣੀ ਰਿਸ ਸਕਦਾ ਹੈ, ਛਾਲੇ ਹੋ ਸਕਦੇ ਹਨ ਅਤੇ ਚਮੜੀ ਤੇ ਛਿਲਕੇ ਵਾਲੀ ਮੋਟੀ ਜਿਹੀ ਪਾਪੜੀ ਜੰਮ ਸਕਦੀ ਹੈ। ਸ਼ਬਦ ਚੰਬਲ (ਐਗਜ਼ਿਮਾ) ਅਤੇ ਚੰਮ ਰੋਗ ‘ਡਰਮਾਟੀਟਿਸ’ ਦਾ ਮਤਲਬ ਇੱਕ ਹੀ ਹੈ ਅਤੇ ਇਸ ਤਰ੍ਹਾਂ ਐਟੋਪਿਕ-ਐਗਜ਼ਿਮਾ ਭਾਵ ਕਿ ਐਲਰਜੀ ਵਾਲੀ ਚੰਬਲ ਦਾ ਮਤਲਬ ਉਹੀ ਹੈ ਜੋ ਐਟੋਪਿਕ ਡਰਮਾਟੀਟਿਸ ਭਾਵ ਐਲਰਜੀ ਵਾਲੇ ਚੰਮ ਰੋਗ ਦਾ ਹੈ। ਐਲਰਜੀ ਵਾਲੀ ਚੰਬਲ ‘ਐਟੋਪਿਕ ਐਗਜ਼ਿਮਾ’ ਇਕ ਜਟਿਲ ਰੋਗ ਹੈ ਜੋ ਛੂਤ ਵਾਲੀ ਬਿਮਾਰੀ ਵਿੱਚ ਨਹੀਂ ਆਉਂਦਾ। ਇਸ ਦੇ ਵਿਕਾਸ ਲਈ ਬਹੁਤ ਸਾਰੇ ਕਾਰਕ ਮਹੱਤਵਪੂਰਨ ਜਾਪਦੇ ਹਨ ਜਿਵੇਂ ਚਮੜੀ ਦੇ ਬੈਰੀਅਰ ਵਿੱਚ ਨੁਕਸ ਅਤੇ ਸਾਧਾਰਨ ਜਲਣ ਵਾਲੀਆਂ ਅਤੇ ਐਲਰਜੀ ਸਬੰਧੀ ਪ੍ਰਤੀਕਿਰਿਆਵਾਂ ਵਿੱਚ ਅਸਧਾਰਨਤਾਵਾਂ ਦਾ ਹੋਣਾ। ਐਲਰਜੀ ਵਾਲੀਆਂ ਬਿਮਾਰੀਆਂ ਪ੍ਰਤੀ ਰੁਝਾਨ ਅਕਸਰ ਪੀੜ੍ਹੀ-ਦਰ-ਪੀੜ੍ਹੀ ਚੱਲਦਾ ਹੈ। ਇਸ ਨੂੰ ਕੋਹੜ ਜਾਂ ਖਾਰਸ਼ ਦੇ ਰੋਗ ਵਜੋਂ ਵੀ ਜਾਣਿਆ ਜਾਂਦਾ ਹੈ।

ਵਿਗਿਆਨਕ ਨਜ਼ਰੀਏ ਪੱਖੋਂ ਇਸਦਾ ਪੱਕਾ ਇਲਾਜ ਤਾਂ ਨਹੀਂ ਕੀਤਾ ਜਾ ਸਕਦਾ ਪਰ ਇਸਨੂੰ ਕੰਟਰੋਲ ਕਰਨ ਦੇ ਬਹੁਤ ਸਾਰੇ ਤਰੀਕੇ ਹਨ। ਐਲਰਜੀ ਵਾਲੀ ਚੰਬਲ ਵਾਲੇ ਜ਼ਿਆਦਾਤਰ ਬੱਚਿਆਂ ਵਿੱਚ ਵੱਡੇ ਹੋਣ ਤੇ ਰੋਗ ਦੇ ਲੱਛਣਾਂ ਵਿੱਚ ਸੁਧਾਰ ਹੋ ਜਾਂਦਾ ਹੈ। ਉਹਨਾਂ ਦੇ ਅੱਲ੍ਹੜ ਉਮਰ ਵਿੱਚ ਪਹੁੰਚਣ ਤੱਕ 60% ਚੰਬਲ ਸਾਫ਼ ਹੋ ਜਾਂਦੀ ਹੈ। ਪਰ ਕਈਆਂ ਦੀ ਚਮੜੀ ਖੁਸ਼ਕ ਰਹਿਣੀ ਜਾਰੀ ਰਹਿੰਦੀ ਹੈ ਅਤੇ ਉਹਨਾਂ ਨੂੰ ਜਲੂਣਕਾਰੀ ਪਦਾਰਥਾਂ ਤੋਂ ਬਚਣ ਦੀ ਲੋੜ ਪੈ ਸਕਦੀ ਹੈ ਜਿਵੇਂ ਕਿ ਸਾਬਣ ਜਾਂ ਸਾਬਣ ਦੀ ਝੱਗ ਵਿੱਚ ਬੈਠ ਕੇ ਨਹਾਉਣ ਤੋਂ ਪ੍ਰਹੇਜ਼ ਦੀ ਲੋੜ ਹੈ। ਚੀਨੀ ਜੜ੍ਹੀ-ਬੂਟੀਆਂ ਅਤੇ ਸੰਘਟਕਾਂ ਦੁਆਰਾ ਵੀ ਇਸ ਦਾ ਇਲਾਜ ਕੀਤਾ ਜਾਂਦਾ ਹੈ। ਚੰਬਲ ਦੇ ਜ਼ਿਆਦਾਤਰ ਇਲਾਜ ਟੋਪੀਕਲ ਹੁੰਦੇ ਹਨ-ਟੋਪੀਕਲ ਦਾ ਮਤਲਬ ਹੈ ਚਮੜੀ ਦੀ ਸਤਹਿ ਤੇ ਲਗਾਉਣਾ ਪਰ ਜ਼ਿਆਦਾ ਗੰਭੀਰ ਚੰਬਲ ਲਈ ਕੁਝ ਲੋਕਾਂ ਨੂੰ ਮੌਖਿਕ ਦਵਾਈ ਭਾਵ ਕਿ ਮੂੰਹ ਦੁਆਰਾ ਲੈਣ ਦੀ ਵੀ ਲੋੜ ਹੁੰਦੀ ਹੈ। ਚੰਬਲ ਦੇ ਸਾਰੇ ਮਰੀਜ਼ਾਂ ਲਈ ‘ਸੰਪੂਰਣ ਮਾਲਸ਼ੀ ਚਿਕਿਤਸਾ’ ਇਸ ਦੇ ਇਲਾਜ ਦਾ ਮੁੱਖ ਆਸਰਾ ਹੈ ਕਿਉਂਕਿ ਇਹ ਉਹਨਾਂ ਦੇ ਇਲਾਜ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹੈ। ਦੇਸੀ ਤਰੀਕੇ ਅਨੁਸਾਰ ਇਸ ਦਾ ਸਾਧਾਰਨ ਜਿਹਾ ਇਲਾਜ ਇਹ ਹੈ ਕਿ ਸਰੀਰ ਦੇ ਜਿਸ ਹਿੱਸੇ ਉੱਪਰ ਇਸ ਰੋਗ ਦੇ ਲੱਛਣ ਹੋਣ ਉਸ ਹਿੱਸੇ ਨੂੰ ਚੰਗੀ ਤਰ੍ਹਾਂ ਸਾਫ ਰੱਖੋ, ਖਾਰਸ਼ ਹੋਣ ਤੇ ਸਰ੍ਹੋਂ ਦੇ ਤੇਲ ਦੀ ਮਾਲਿਸ਼ ਕਰੋ ਅਤੇ ਉਸ ਉੱਪਰ ਰਾਖ ਜਾਂ ਸੁੱਚੀ ਮਿੱਟੀ ਲਗਾਉ ਕੁਝ ਦਿਨ ਇਸ ਤਰ੍ਹਾਂ ਉਪਚਾਰ ਕਰਨ ਨਾਲ ਚਮੜੀ ਦਾ ਇਹ ਰੋਗ ਦਰੁਸਤ ਹੋ ਜਾਂਦਾ ਹੈ।

ਭਾਰਤ ਵਰਗੇ ਮਹਾਨ ਦੇਸ਼ ਵਿੱਚ ਚੰਬਲ ਨਾਮ ਦੀ ਇੱਕ ‘ਚੰਬਲ-ਘਾਟੀ’ ਵੀ ਹੈ ਇਹ ਘਾਟੀ ਮੱਧ-ਪ੍ਰਦੇਸ਼ ਦੇ ਖਿੱਤੇ ਵਿੱਚ ਹੈ ਅਤੇ ਇਸ ਦਾ ਸ਼ਾਨਾਮੱਤਾ ਗੌਰਵਮਈ ਇਤਿਹਾਸ ਹੈ। ਚੰਬਲ-ਘਾਟੀ ਦੀ ਪਛਾਣ ਸਿਰਫ ਡਾਕੂਆਂ ਤੇ ਬਾਗੀਆਂ ਨਾਲ ਹੀ ਨਹੀਂ ਬਲਕਿ ਚੰਬਲ-ਘਾਟੀ ਦੀ ਧਰਤੀ ਤੇ ਕ੍ਰਾਂਤੀਕਾਰੀ ਸੂਰਬੀਰ ਰਾਮ ਪ੍ਰਸਾਦ ਬਿਸਮਿਲ ਅਤੇ ਅਰਜੁਨ ਸਿੰਘ ਭਦੌਰੀਆ ਵਰਗੇ ਯੋਧੇ ਵੀ ਪੈਦੇ ਹੋਏ ਹਨ ਜਿਹਨਾਂ ਨੇ ਦੇਸ਼ ਦੀ ਆਨ-ਬਾਨ-ਸ਼ਾਨ ਦੇ ਲਈ ਆਪਣੀ ਜਾਨ ਤੱਕ ਦੀ ਬਾਜ਼ੀ ਲਾ ਦਿੱਤੀ। ਅੱਜ ਵੀ ਚੰਬਲ-ਘਾਟੀ ਦੀ ਧਰਤੀ ਪੂਰੀ ਤਰ੍ਹਾਂ ਨਾਲ ਬੰਜ਼ਰ ਬਣੀ ਹੋਈ ਹੈ ਅਤੇ ਸਾਡੇ ਦੇਸ਼ ਦੀ ਬਹਾਦਰ ਸੈਨਾ ਇਸ ਇਲਾਕੇ ਵਿੱਚ ਆਪਣੀ ਸੇਵਾ ਨਿਭਾਅ ਰਹੀ ਹੈ। ਇਸ ਧਰਤੀ ਤੇ ਪੈਦੇ ਹੋਏ ਅਨੇਕਾਂ ਹੀ ਬਹਾਦਰ ਫੌਜੀ ਦੇਸ਼ ਦੀ ਸੁਰੱਖਿਆ ਅਤੇ ਇਸ ਘਾਟੀ ਦੀ ਸੁਰੱਖਿਆ ਦੀ ਖਾਤਰ ਸ਼ਹੀਦ ਹੋਏ ਹਨ। ਚੰਬਲ-ਘਾਟੀ ਦੇ ਮੁਰੈਨਾ ਵਿੱਚ ਸਥਿਤ ‘ਅਭਿਯੁਦਯ-ਆਸ਼ਰਮ’ ਨਾਂ ਦਾ ਸਕੂਲ 1992 ਤੋਂ ਲੈ ਕੇ ਹੁਣ ਵੀ ਚੰਬਲ-ਘਾਟੀ ਵਿੱਚ ਵੇਸਵਾਪੁਣੇ ਨੂੰ ਰੋਕਣ ਤੇ ਬੱਚੀਆਂ ਨੂੰ ਸਿੱਖਿਆ ਪ੍ਰਦਾਨ ਕਰ ਕੇ ਰੁਜ਼ਗਾਰ ਦੇਣ ਵਾਲੇ ਹੁਨਰ ਸਿਖਾਉਣ ਦਾ ਕੰਮ ਕਰ ਰਿਹਾ ਹੈ। ਇਸ ਤੋਂ ਇਲਾਵਾ ਚੰਬਲ-ਘਾਟੀ ਦੀਆਂ ਸਫੈਦ ਰੰਗੀਆਂ ਵਿਲੱਖਣ ਨਸਲ ਦੀਆਂ ਪ੍ਰਵਾਸੀ ਚਿੜੀਆਂ ਵੀ ਕੁਦਰਤ ਦਾ ਇੱਕ ਵਡਮੁੱਲਾ ਅੰਗ ਹਨ। ਨਾਮਵਰ ਕਵੀਆਂ ਅਤੇ ਲੇਖਕਾਂ ਨੇ ਆਪਣੀਆਂ ਰਚਨਾਵਾਂ ਵਿੱਚ ਇਨ੍ਹਾਂ ਮਨਮੋਹਕ ਚਿੜੀਆਂ ਦਾ ਜ਼ਿਕਰ ਕੀਤਾ ਹੈ।

ਚੰਬਲ-ਘਾਟੀ ਵਿੱਚ ਬਹੁਤ ਸਾਰੇ ਨਾਮਵਰ ਡਾਕੂ ਜਿਵੇਂ ਡਾਕੂ ਮਾਨ ਸਿੰਘ, ਨਿਰਭੈ ਸਿੰਘ ਗੁੱਜਰ, ਪਾਨ ਸਿੰਘ ਤੋਮਰ, ਜਗਜੀਵਨ ਪਰਿਹਾਰ, ਅਤੇ ਫੂਲਨ ਦੇਵੀ ਵੀ ਹੋਏ ਹਨ। 10 ਅਗਸਤ 1963 ਨੂੰ ਉੱਤਰ-ਪ੍ਰਦੇਸ਼ ਦੇ ਇੱਕ ਨੀਵੀਂ ਜਾਤ ਦੇ ਪੇਂਡੂ ਪਰਿਵਾਰ ਵਿੱਚ ਜਨਮੀ “ਬੈਂਡਿਟ-ਕੁਈਨ” (ਡਾਕੂ-ਰਾਣੀ) ਵਜੋਂ ਮਸ਼ਹੂਰ ‘ਫੂਲਨ ਦੇਵੀ’ ਇੱਕ ਡਾਕੂ ਔਰਤ ਸੀ ਜੋ ਬਾਅਦ ਵਿੱਚ ਸਿਆਸਤਦਾਨ ਬਣ ਗਈ ਸੀ। ਪਰ ਫੂਲਨ ਦੇਵੀ ਇੱਕ ਨਾ-ਕਾਮਯਾਬ ਵਿਆਹ ਤੋਂ ਬਾਅਦ ਅਪਰਾਧ ਦੀ ਦੁਨੀਆ ਵਿੱਚ ਆ ਗਈ ਸੀ। ਜਦੋਂ ਫੂਲਨ ਦੇਵੀ 18 ਸਾਲਾਂ ਦੀ ਸੀ ਤਾਂ ਦੂਜੀ ਟੋਲੀ ਦੇ ਡਾਕੂਆਂ ਨੇ ਇਸ ਦੀ ਟੋਲੀ ਉੱਤੇ ਹਮਲਾ ਕੀਤਾ ਅਤੇ ਇਸ ਦੇ ਨਾਲ ਸਮੂਹਕ ਬਲਾਤਕਾਰ ਕੀਤਾ। ਇਸ ਘਟਨਾ ਤੋਂ ਬਾਅਦ ਉਹ ਆਪਣੀ ਟੋਲੀ ਦੀ ਲੀਡਰ ਬਣ ਗਈ ਅਤੇ ਉਸਨੇ ਬਦਲਾ ਲੈਣ ਦਾ ਸੋਚਿਆ। 1981 ਵਿੱਚ ਫੂਲਨ ਦੇਵੀ ਅਤੇ ਇਸ ਦੀ ਟੋਲੀ ਉਸੇ ਪਿੰਡ ਗਏ ਜਿੱਥੇ ਉਸ ਦਾ ਬਲਾਤਕਾਰ ਹੋਇਆ ਸੀ ਉਸ ਨੇ ਆਪਣੇ ਦੋ ਬਲਾਤਕਾਰੀਆਂ ਮੁਜ਼ਰਿਮਾਂ ਸਮੇਤ ਪਿੰਡ ਦੇ ਰਹਿਣ ਵਾਲੇ ਠਾਕੁਰ ਜਾਤ ਦੇ 22 ਬੰਦਿਆਂ ਨੂੰ ਇਕੱਠਾ ਕਰ ਕੇ ਮਾਰਿਆ। ਬੈਂਡਿਟ-ਕੁਈਨ ਵਜੋਂ ਜਾਣੀ ਜਾਂਦੀ ਫੂਲਨ ਦੇਵੀ 1999 ਵਿੱਚ ਸਮਾਜਵਾਦੀ ਪਾਰਟੀ ਦੀ ਟਿਕਟ ਤੇ ਮਿਰਜਾਪੁਰ ਤੋਂ ਲੋਕਸਭਾ ਦੀ ਸੰਸਦ ਵੀ ਚੁਣੀ ਗਈ ਸੀ।  ਦੇਸ਼ ਦੀ ਸਭ ਤੋਂ ਵੱਡੀ ਫਰਟੀਲਾਈਜ਼ਰ ਕੰਪਨੀ ਵੀ ‘ਚੰਬਲ ਫਰਟੀਲਾਈਜ਼ਰ’ ਦੇ ਨਾਮ ਨਾਲ ਮਸ਼ਹੂਰ ਹੈ। ਇਸ ਤੋਂ ਇਲਾਵਾ ਹਿੰਦੀ ਫਿਲਮੀ ਜਗਤ ਵਿੱਚ ਚੰਬਲ-ਘਾਟੀ ਦੇ ਹਾਲਾਤਾਂ ਨੂੰ ਬਿਆਨਦੀਆਂ ਬਹੁਤ ਫਿਲਮਾਂ ਬਣੀਆਂ ਹਨ। ਡਾਕੂਆਂ ਦੀਆਂ ਲੁੱਟਾਂ-ਮਾਰਾਂ ਅਤੇ ਉਨ੍ਹਾਂ ਦੇ ਤ੍ਰਾਸਦਿਕ ਜੀਵਨ ਦੇ ਹਾਲਾਤ ਬਿਆਨਦੀ ਚੰਬਲ-ਘਾਟੀ ਭਾਰਤੀ ਇਤਿਹਾਸ ਵਿੱਚ ਕਾਫੀ ਮਕਬੂਲੀਅਤ ਹਾਸਲ ਕਰ ਚੁੱਕੀ ਹੈ।

ਕੇਂਦਰੀ ਭਾਰਤ ਵਿੱਚ ਯਮੁਨਾ ਦਾ ਇੱਕ ਸਹਾਇਕ ਚੰਬਲ ਦਰਿਆ ਹੈ ਜੋ ਗੰਗਾ ਬੇਟ ਪ੍ਰਬੰਧ ਦਾ ਹਿੱਸਾ ਹੈ। ਇਸਦੇ ਸਹਾਇਕ ਦਰਿਆ ਸ਼ਿਪਰਾ, ਸਿੰਧ, ਕਲਿਸਿੰਧ ਅਤੇ ਕੁਨਨੋਂ ਦਰਿਆ ਹਨ। ਇਹ ਦਰਿਆ ਭਾਰਤ ਵਿਚ ਉੱਤਰ ਅਤੇ ਉੱਤਰ-ਕੇਂਦਰੀ ਭਾਗ ਵਿਚ ਰਾਜਸਥਾਨ ਅਤੇ ਮੱਧ-ਪ੍ਰਦੇਸ਼ ਦੇ ਧਾਰ, ਉੱਜੈਨ, ਰਤਲਾਮ, ਮੰਦਸੌਰ ਅਤੇ ਭੀੜ ਮੁਰੈਨਾ ਆਦਿ ਜ਼ਿਲ੍ਹਿਆਂ ਤੋਂ ਹੋ ਕੇ ਵਹਿੰਦਾ ਹੈ। ਇਹ ਦਰਿਆ ਦੱਖਣੀ ਮੋੜ ਤੋਂ ਉੱਤਰ-ਪ੍ਰਦੇਸ਼ ਵਿਚ ਯਮੁਨਾ ਵਿਚ ਸ਼ਾਮਿਲ ਹੋਣ ਤੋਂ ਪਹਿਲਾਂ ਰਾਜਸਥਾਨ ਅਤੇ ਮੱਧ-ਪ੍ਰਦੇਸ਼ ਵਿੱਚ ਦੀ ਲੰਘਦਾ ਹੈ। ਚੰਬਲ ਦਰਿਆ ਜਿਸ ਨੂੰ ਚਰਮਨਵਤੀ ਜਾਂ ਚਰਮਵਾਤੀ ਨਾਮ ਨਾਲ ਪੁਰਾਣੇ ਸਮੇਂ ਵਿੱਚ ਜਾਣਿਆ ਜਾਂਦਾ ਰਿਹਾ ਹੈ ਜੋ ਇੰਦੌਰ ਰਾਜ ਵਿੱਚੋਂ ਨਿਕਲ ਕੇ ਜਾਨਾਪਾਵ ਪਰਬਤ ਤੋਂ ਹੁੰਦਾ ਹੋਇਆ ਕੇਂਦਰੀ ਭਾਰਤ ਵਿੱਚ 650 ਮੀਲ ਲੰਮਾ ਬਾਰਾਮਾਂਹੀ ਵਹਿੰਦਾ ਦਰਿਆ ਹੈ। ਇਸ ਦਰਿਆ ਉੱਤੇ ਚਾਰ ਬਿਜਲੀ ਕੇਂਦਰ ਚੱਲ ਰਹੇ ਹਨ-ਗਾਂਧੀ ਸਾਗਰ, ਰਾਣਾ ਸਾਗਰ, ਜਵਾਹਰ ਸਾਗਰ ਅਤੇ ਕੋਟਾ-ਵੇਰਾਜ। ਚੰਬਲ ਦਰਿਆ ਕਾਵੇਰੀ, ਯਮੁਨਾ, ਸਿੰਧੂ, ਪਹੁਜ ਭਰੇਹ ਦੇ ਕੋਲ ਪੰਚਨਦਾ ਵਿਚ ਉੱਤਰ-ਪ੍ਰਦੇਸ਼ ਵਿਚ ਭਿੰਡ ਅਤੇ ਇਟਾਵਾ ਜ਼ਿਲ੍ਹੇ ਦੀ ਹੱਦ ਵਿੱਚ ਸ਼ਾਮਿਲ ਪੰਜ ਨਦੀਆਂ ਦੇ ਸੰਗਮ ਤੇ ਖ਼ਤਮ ਹੁੰਦਾ ਹੈ। ਇਹ ਦਰਿਆ ਇਟਾਵੇ ਤੋਂ 25 ਮੀਲ ਦੂਰ ਜਾ ਕੇ ਦੱਖਣ-ਪੱਛਮ ਵਿੱਚ ਯਮੁਨਾ ਨਦੀ ਵਿੱਚ ਜਾ ਮਿਲਦਾ ਹੈ। ਸਮੇਂ ਅਤੇ ਭੂਗੋਲਿਕ ਉਥਲ-ਪੁਥਲ ਕਾਰਨ ਇਸ ਦੀ ਲੰਬਾਈ ਅਤੇ ਭੂਗੋਲਿਕ ਬਣਤਰ ਵਿੱਚ ਕਾਫੀ ਬਦਲਾਵ ਹੋਇਆ ਹੈ।

ਅਜੋਕੇ ਦੌਰ ਦੀ ਜੇ ਗੱਲ ਕਰੀਏ ਤਾਂ ਚੰਬਲ ਇੱਕ ਜੱਟ (ਸਿੱਖ) ਬਰਾਦਰੀ ਦਾ ਸਤਿਕਾਰਯੋਗ ਗੋਤ ਹੈ। ਇਸ ਗੋਤ ਦੇ ਨਾਮ ਦੇ ਦੋ ਪਿੰਡ ਚੜ੍ਹਦੇ ਪੰਜਾਬ ਦੇ ਜ਼ਿਲ੍ਹੇ ਤਰਨਤਾਰਨ ਵਿੱਚ ਚੰਬਲ ਕਲਾਂ ਅਤੇ ਚੰਬਲ ਖੁਰਦ ਨਾਮ ਨਾਲ ਮਸ਼ਹੂਰ ਹੋਏ ਹਨ ਅਤੇ ਘੁੱਗ ਵੱਸਦੇ ਇਨ੍ਹਾਂ ਪਿੰਡਾਂ ਦੀ ਬਹੁਤੀ ਵਸੋਂ ਚੰਬਲ ਗੋਤ ਦੀ ਹੀ ਹੈ। ਇਸ ਤੋਂ ਇਲਾਵਾ ਪੰਜਾਬ ਵਿੱਚ ਬਹੁਤੀਆਂ ਥਾਵਾਂ ਤੇ ਇਸ ਗੋਤ ਦੇ ਲੋਕ ਮਿਲਦੇ ਹਨ। ਤਰਨਤਾਰਨ ਤੋਂ 8 ਮੀਲ ਦੂਰ ਸ਼ੇਰੋਂ ਪਿੰਡ ਤੋਂ 2 ਮੀਲ ਦੂਰ ਚੰਬਲ ਪਿੰਡ ਵੱਸਿਆ ਹੋਇਆ ਹੈ। ਚੰਬਲ ਗੋਤ ਦੇ ਲੋਕ ਕੁਝ ਪੁਰਾਣੇ ਪੰਜਾਬ ਵਿੱਚ ਵੀ ਹਨ ਜਿਨ੍ਹਾਂ ਨੇ ਇਸਲਾਮ ਧਰਮ ਅਪਣਾ ਲਿਆ ਹੈ ਪ੍ਰੰਤੂ ਫਿਰ ਵੀ ਉਹ ਜੱਟ ਮੁਸਲਮਾਨ ਅਖਵਾਉਣ ਦੇ ਨਾਲ-ਨਾਲ ਆਪਣੇ ਨਾਮ ਪਿੱਛੇ ਖਾਨ ਦੇ ਨਾਲ ਚੰਬਲ ਵੀ ਲਗਾਉਂਦੇ ਹਨ। ਪਾਕਿਸਤਾਨ ਦੇ ਲਹਿੰਦੇ ਪੰਜਾਬ ਵਿੱਚ ਜ਼ਿਲ੍ਹਾ ਸ਼ੇਖੂਪੁਰ ਵਿੱਚ ਵੀ ਚੰਬਲ ਪਿੰਡ ਮੌਜੂਦ ਹੈ ਜਿੱਥੋਂ ਦੀ ਬਹੁਤੀ ਆਬਾਦੀ ਖਾਨਦਾਨੀ ਚੰਬਲ ਜੱਟਾਂ ਦੀ ਹੀ ਦੱਸੀ ਜਾਂਦੀ ਹੈ। ਮੱਧ-ਪ੍ਰਦੇਸ਼ ਵਿੱਚ ਚੰਬਲ ਦੇ ਬੀਹੜਾਂ ਵਿੱਚ ਰਹਿੰਦੇ ਲੋਕ ਵੀ ਚੰਬਲ ਰਾਜਪੂਤ ਖਾਨਦਾਨ ਦੇ ਪਿਛੋਕੜ ਨਾਲ ਜਾਣੇ ਜਾਂਦੇ ਹਨ। ਸ਼ਾਇਦ ਇੱਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਇਹਨਾਂ ਦਾ ਸਦੀਆਂ ਤੋਂ ਇਸ ਇਲਾਕੇ ਵਿੱਚ ਵਾਸ ਹੋਣ ਕਰਕੇ ਇਹ ਆਪਣੇ ਨਾਮ ਨਾਲ ਚੰਬਲ ਸ਼ਬਦ ਦਾ ਪ੍ਰਯੋਗ ਕਰਨ ਲੱਗ ਪਏ ਹੋਣਗੇ।

ਚੰਬਲ ਦੇ ਇਲਾਜ ਲਈ ਵੱਖ-ਵੱਖ ਤਰ੍ਹਾਂ ਦੇ ਮੱਤ ਪ੍ਰਚਲਿਤ ਹਨ ਇਨ੍ਹਾਂ ਵਿੱਚੋਂ ਕੁਝ ਡਾਕਟਰੀ ਵਿਗਿਆਨ ਨਾਲ, ਕੁਝ ਸਮਾਜਿਕ ਰੂੜੀਵਾਦੀ ਵਿਸ਼ਵਾਸਾਂ ਨਾਲ ਪਰ ਸਭ ਤੋਂ ਮਹੱਤਵਪੂਰਨ ਅਤੇ ਪ੍ਰਚੱਲਿਤ ਧਾਰਮਿਕ ਮੱਤ ਇਹ ਹੈ ਕਿ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਵਿੱਚ ਪਿੰਡ ਚੰਬਲ ਵਿੱਚ ਇੱਕ ਗੁਰਦੁਆਰਾ ਸੁਸ਼ੋਭਿਤ ਹੈ। ਇਸ ਗੁਰਦੁਆਰੇ ਦੀ ਸਥਾਪਤੀ ਦਾ ਪਿਛੋਕੜ ਇੱਕ ਇਤਿਹਾਸਕ ਮੱਤ ਨਾਲ ਜੁੜਦਾ ਹੈ ਕਿ ਦਰਬਾਰ ਸਾਹਿਬ ਤਰਨਤਾਰਨ ਵਿਖੇ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਪਿੰਡ ਚੰਬਲ ਦਾ ਇੱਕ ਸੇਵਕ ਸਿੱਧ ਸਰਸਾਈ ਹੁੰਦਾ ਸੀ ਜੋ ਕਿ ਗੁਰੂ ਸਾਹਿਬ ਦਾ ਅਨਿੰਨ ਭਗਤ ਸੀ ਅਤੇ ਹਰ-ਰੋਜ਼ ਗੁਰੂ ਸਾਹਿਬ ਦੇ ਦਰਬਾਰ ਵਿੱਚ ਹਾਜ਼ਰੀ ਭਰਦਾ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਤਰਨਤਾਰਨ ਵਿਖੇ ਸਰੋਵਰ ਦੀ ਸੇਵਾ ਆਰੰਭ ਕਰਵਾਈ ਸੇਵਾ ਵਿੱਚ ਬਾਬਾ ਸਿੱਧ ਸਰਸਾਈ ਜੀ ਹਰ-ਰੋਜ਼ ਕਹੀ ਅਤੇ ਟੋਕਰੀ ਲੈ ਕੇ ਜਾਂਦੇ ਅਤੇ ਸਾਰਾ ਦਿਨ ਸਰੋਵਰ ਦੀ ਸੇਵਾ ਕਰਨੀ ਤੇ ਲੰਗਰ ਪਾਣੀ ਘਰ ਆ ਕੇ ਛਕਦੇ। ਇੱਕ ਦਿਨ ਗੁਰੂ ਸਾਹਿਬਾਂ ਦਾ ਦਰਬਾਰ ਸਜਿਆ ਹੋਇਆ ਸੀ ਤਾਂ ਸੰਗਤ ਵਿੱਚੋਂ ਉੱਠ ਕੇ ਇੱਕ ਕੋਹੜ ਦੇ ਰੋਗ ਨਾਲ ਲਬਰੇਜ਼ ਮਨੁੱਖ ਗੁਰੂ ਸਾਹਿਬ ਅੱਗੇ ਆਣ ਖਲੋਤਾ ਅਤੇ ਫਰਿਆਦ ਕੀਤੀ ਕਿ ਗੁਰੂ ਸਾਹਿਬ ਜੀ ਮੈਨੂੰ ਇਸ ਰੋਗ ਤੋਂ ਨਿਜਾਤ ਦਿਵਾਓ ਤਾਂ ਗੁਰੂ ਸਾਹਿਬ ਨੇ ਸੰਗਤ ਨੂੰ ਹੁਕਮ ਕੀਤਾ ਕਿ ਕੋਈ ਅਜਿਹਾ ਸਿੱਖ ਸਾਹਮਣੇ ਆਵੇ ਜਿਹੜਾ ਨਿਤਨੇਮ ਨਾਲ ਗੁਰੂ ਘਰ ਦੀ ਸੇਵਾ ਕਰਦਾ ਹੋਵੇ ਤੇ ਲੰਗਰ-ਪ੍ਰਸ਼ਾਦਾ ਗੁਰੂ ਘਰ ਤੋਂ ਨਾ ਛਕਦਾ ਹੋਵੇ ਉਹ ਸਿੱਖ ਆਪਣਾ ਪੱਲਾ ਇਸ ਸਿੱਖ ਨੂੰ ਸੱਤ ਵਾਰ ਛੁਹਾਵੇ।

ਗੁਰੂ ਜੀ ਦੇ ਇਸ ਹੁਕਮ ਨਾਲ ਪਹਿਲੀ ਵਾਰ ਕੋਈ ਸਿੱਖ ਖੜ੍ਹਾ ਨਾ ਹੋਇਆ। ਇਸੇ ਤਰ੍ਹਾਂ ਦੂਜੀ ਵਾਰ ਗੁਰੂ ਸਾਹਿਬ ਨੇ ਆਪਣਾ ਬਚਨ ਫੁਰਮਾਇਆ ਪ੍ਰੰਤੂ ਫਿਰ ਵੀ ਕੋਈ ਸੇਵਕ ਹਾਜ਼ਰ ਨਾ ਹੋਇਆ ਤਾਂ ਤੀਜੀ ਵਾਰ ਸਰਵ-ਵਿਆਪਕ ‘ਘਟ-ਘਟ ਕੇ ਅੰਤਰ ਕੀ ਜਾਨਤ’ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਮੁੱਖ ਤੋਂ ਫੁਰਮਾਇਆ ਕਿ ਸਿੱਧ ਜੀ ਉੱਠੋ ਅਤੇ ਆਪਣਾ ਪੱਲਾ ਛੁਹਾ ਕੇ ਇਸ ਸਿੱਖ ਦਾ ਰੋਗ ਦਰੁਸਤ ਕਰੋ ਤਾਂ ਬਾਬਾ ਸਿੱਧ ਸਰਸਾਈ ਜੀ ਨੇ ਗੁਰੂ ਸਾਹਿਬ ਦੇ ਬਚਨਾਂ ਨੂੰ ਸਤਿ ਕਰਕੇ ਮੰਨਿਆ ਅਤੇ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਬਾਬਾ ਸਿੱਧ ਸਰਸਾਈ ਜੀ ਨੇ ਕੋਹੜੀ ਨੂੰ ਪੱਲਾ ਛੁਹਾਇਆ ਤਾਂ ਕੋਹੜੀ ਬਿਲਕੁਲ ਤੰਦਰੁਸਤ ਹੋ ਗਿਆ ਤੇ ਉਨ੍ਹਾਂ ਨੇ ਗੁਰੂ ਸਾਹਿਬ ਨੂੰ ਨਮਸਕਾਰ ਕੀਤੀ। ਗੁਰੂ ਸਾਹਿਬ ਨੇ ਸਿੱਧ ਸਰਸਾਈ ਜੀ ਨੂੰ ਕਿਹਾ ਕਿ ਭਾਈ ਆਪ ਜੀ ਦੇ ਦਰ ਤੋਂ ਕੋਹੜ ਦੇ ਰੋਗ ਵਾਲੇ ਰੋਗੀ ਠੀਕ ਹੋਇਆ ਕਰਨਗੇ ਪਰ ਜੇ ਤੁਸੀ ਪਹਿਲੀ ਵਾਰ ਉੱਠ ਜਾਂਦੇ ਤਾਂ ਆਪ ਜੀ ਤੋਂ ਰੋਗੀ ਪਹਿਲੀ ਵਾਰ ਠੀਕ ਹੋ ਜਾਇਆ ਕਰਦੇ ਪ੍ਰੰਤੂ ਤੁਸੀ ਤੀਜੀ ਵਾਰ ਉੱਠੇ ਹੋ ਤਾਂ ਆਪ ਜੀ ਦੇ ਦਰ ਤੋਂ ਤੀਜੀ ਵਾਰੀ ਵਿੱਚ ਕੋਹੜ ਦੇ ਰੋਗੀ ਠੀਕ ਹੋਇਆ ਕਰਨਗੇ। ਬਾਬਾ ਸਿੱਧ ਸਰਸਾਈ ਜੀ ਨੂੰ ਗੁਰੂ ਸਾਹਿਬ ਨੇ ਇਹ ਵਰ ਦਿੱਤਾ ਜਿਸ ਦੇ ਸਦਕੇ ਬਾਬਾ ਜੀ ਸਦਾ ਲਈ ਅਮਰ ਹੋ ਗਏ ਅਤੇ ਉਨ੍ਹਾਂ ਦੇ ਦਰ ਤੋਂ ਪਿੰਡ ਚੰਬਲ ਵਿਖੇ ਅੱਜ ਵੀ ਕੋਹੜ ਦੇ ਰੋਗੀ ਠੀਕ ਹੁੰਦੇ ਹਨ। ਬਾਬਾ ਸਿੱਧ ਸਰਸਾਈ ਜੀ ਨੇ ਗੁਰੂ ਸਾਹਿਬਾਂ ਨੂੰ ਅਰਜ਼ ਕੀਤੀ ਕਿ ਗੁਰੂ ਸਾਹਿਬ ਜੀ ਮੈਂ ਇੱਕ ਗਰੀਬ ਤੇ ਨਿਮਾਣਾ ਜਿਹਾ ਸਿੱਖ ਹਾਂ ਮੈਂ ਆਪਣੇ ਕੋਲ ਆਉਣ ਵਾਲੀ ਸੰਗਤ ਨੂੰ ਲੰਗਰ ਪਰਸ਼ਾਦਾ ਛਕਾਉਣ ਜੋਗਾ ਨਹੀਂ ਤਾਂ ਗੁਰੂ ਸਾਹਿਬਾਂ ਫੁਰਮਾਇਆ ਕਿ ਤੇਰੇ ਦਰ ਤੇ ਆਉਣ ਵਾਲੇ ਸਿੱਖ ਬਿਨਾਂ ਲੰਗਰ-ਪਾਣੀ ਛਕੇ ਜਾਇਆ ਕਰਨਗੇ ਇਸੇ ਧਾਰਨਾ ਤੇ ਚਲਦਿਆਂ ਬਾਬਾ ਸਿੱਧ ਸਰਸਾਈ ਜੀ ਦੇ ਦਰ ਤੇ ਜਾਣ ਵਾਲੀ ਸੰਗਤ ਉੱਥੋਂ ਲੰਗਰ ਪ੍ਰਸ਼ਾਦਾ ਨਹੀਂ ਛਕਦੀ।

ਬਾਬਾ ਸਿੱਧ ਸਰਸਾਈ ਜੀ ਦਾ ਗੁਰਦੁਆਰਾ ਪਿੰਡ ਚੰਬਲ ਵਿੱਚ ਸਥਿਤ ਹੈ। ਇਹ ਅਸਥਾਨ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਤੋਂ ਤਕਰੀਬਨ 10 ਮੀਲ ਦੀ ਦੂਰੀ ਤੇ ਸਥਿਤ ਹੈ। ਹਰ ਸਾਲ 10 ਹਾੜ (24 ਜੂਨ) ਨੂੰ ਬਾਬਾ ਜੀ ਦੀ ਯਾਦ ਵਿੱਚ ਇਸ ਅਸਥਾਨ ਤੇ ਜੋੜ-ਮੇਲਾ ਲੱਗਦਾ ਹੈ। ਕੋਹੜ ਦੇ ਰੋਗੀਆਂ ਨੂੰ ਇਸ ਅਸਥਾਨ ਤੋਂ ਸੇਵਾਦਾਰ ਦੁਆਰਾ ਸੱਤ ਵਾਰੀ ਪੱਲਾ ਛੁਹਾਇਆ ਜਾਂਦਾ ਹੈ ਅਤੇ ਰੋਗ ਵਾਲੀ ਜਗ੍ਹਾ ਤੇ ਲਾਉਣ ਲਈ ਇਸ ਅਸਥਾਨ ਦੀ ਮਿੱਟੀ ਦਿੱਤੀ ਜਾਂਦੀ ਹੈ ਜਿਸ ਨੂੰ ਕਿ ਰਾਖ ਵੀ ਕਿਹਾ ਜਾਂਦਾ ਹੈ। ਇਸ ਰਾਖ ਦਾ 40-45 ਦਿਨ ਸੇਵਨ ਕਰਨ ਨਾਲ ਰੋਗ ਦੂਰ ਹੋ ਜਾਂਦਾ ਹੈ ਅਤੇ ਠੀਕ ਹੋਣ ਉਪਰੰਤ ਪ੍ਰਾਣੀ ਬਾਬਾ ਜੀ ਦੇ ਅਸਥਾਨ ਤੇ 2 ਕਿਲੋ ਗੁੜ੍ਹ ਦਾ ਮੱਥਾ ਸ਼ੁਕਰਾਨੇ ਵਜੋਂ ਟੇਕਦਾ ਹੈ। ਕਿਹਾ ਜਾਂਦਾ ਹੈ ਕਿ ਇਸ ਅਸਥਾਨ ਤੇ ਸ਼ਰਧਾ ਰੱਖ ਕੇ ਇਲਾਜ ਕਰਵਾਉਣ ਨਾਲ ਚੰਬਲ ਦੀ ਬਿਮਾਰੀ ਜੜ੍ਹ ਤੋਂ ਖਤਮ ਹੋ ਜਾਂਦੀ ਹੈ। ਇਸ ਅਸਥਾਨ ਦੀ ਲੋਕਾਈ ਵਿੱਚ ਬਹੁਤ ਮਹਾਨਤਾ ਹੈ। ਇਸ ਤੋਂ ਇਲਾਵਾ ਇਸ ਦਾ ਇਲਾਜ ਕਿਧਰੇ ਵੀ ਵੱਸਦੇ ਚੰਬਲ ਗੋਤ ਦੇ ਲੋਕ ਚੁੱਲ੍ਹੇ ਦੀ ਰਾਖ ਦੇ ਕੇ ਕਰਦੇ ਹਨ। ਇਹ ਰਾਖ ਮਰੀਜ਼ ਨੇ ਪੰਜ ਐਤਵਾਰਾਂ ਤੱਕ ਸਰੀਰ ਦੇ ਜਿਸ ਹਿੱਸੇ ਵਿੱਚ ਚੰਬਲ ਹੋਵੇ ਉਸ ਉੱਪਰ ਲਾਉਣੀ ਹੁੰਦੀ ਹੈ। ਇਹ ਆਮ ਪ੍ਰਚੱਲਿਤ ਹੈ ਕਿ ਰਾਖ ਦੀ ਵਰਤੋਂ ਕਰਨ ਸਮੇਂ ਕਿਸੇ ਪ੍ਰਕਾਰ ਦੀ ਦਵਾਈ ਦੀ ਵਰਤੋਂ ਨਹੀਂ ਕਰਨੀ ਜੇਕਰ ਤੁਹਾਡੇ ਰੋਗ ਵਾਲੀ ਥਾਂ ਤੇ ਕਿਸੇ ਪ੍ਰਕਾਰ ਦੀ ਕੋਈ ਤਕਲੀਫ ਹੁੰਦੀ ਹੈ ਤਾਂ ਉਸ ਉੱਪਰ ਤੁਸੀ ਸਰੋਂ ਦਾ ਤੇਲ ਲਗਾ ਸਕਦੇ ਹੋ ਅਤੇ ਨਾਲ ਹੀ ਰੋਗੀ ਨੂੰ ਦਵਾਈ ਲਿਆਉਣ ਵਾਲੇ ਪਿੰਡ ਜਿੱਥੇ ਚੰਬਲ ਗੋਤ ਦੇ ਵਸਨੀਕ ਹੋਣ ਦੀ ਜੂਹ ਅੰਦਰੋਂ ਕੁਝ ਵੀ ਖਾਣ-ਪੀਣ ਦੀ ਮਨਾਹੀ ਦੱਸੀ ਜਾਂਦੀ ਹੈ।

ਤੁਸੀ ਵੇਖ ਸਕਦੇ ਹੋ ਕਿ ਚੰਬਲ ਇੱਕ ਬਹੁਪੱਖੀ ਇਤਿਹਾਸਕ ਸ਼ਬਦ ਵੱਖੋ-ਵੱਖਰੇ ਦਸਤੂਰਾਂ ਵਜੋਂ ਸਦਾ ਪ੍ਰਚੱਲਿਤ ਰਿਹਾ ਹੈ। ਇਤਿਹਾਸ ਤੌਰ ਤੇ ਚੰਬਲ ਦਾ ਵਹਿਣ ਸਾਡੇ ਦੇਸ਼ ਵਿੱਚ ਜੰਗਲ-ਬੇਲਿਆਂ, ਦਰਿਆਵਾਂ, ਸਮਾਜਿਕ-ਕੁਰੀਤੀਆਂ, ਰਾਜਨੀਤਿਕ-ਸਮੀਕਰਣਾਂ ਅਤੇ ਡੂੰਘੀਆਂ ਸੋਚਾਂ ਦੇ ਸਮਾਨ ਘਾਟੀਆਂ ਦੇ ਪ੍ਰਤੀਕਾਤਮਕ ਰੂਪ ਵਿੱਚ ਲਗਾਤਾਰ ਵਹਿੰਦਾ ਆ ਰਿਹਾ ਹੈ। ਚੰਬਲ-ਘਾਟੀ ਨੇ ਹਰ ਤਰ੍ਹਾਂ ਦਾ ਸੰਤਾਪ ਆਪਣੇ ਪਿੰਡੇ ਤੇ ਹੰਢਾਇਆ ਹੈ ਅਤੇ ਅਸੀਂ ਲੋਕ ਅੱਜ ਤੱਕ ਚੰਬਲ ਦੇ ਰੋਗ ਨੂੰ ਆਪਣੇ ਪਿੰਡੇ ਤੇ ਹੰਢਾ ਰਹੇ ਹਾਂ। ਜਿਸ ਤਰ੍ਹਾਂ ਚੰਬਲ ਦਾ ਰੋਗ ਸਰੀਰ ਵਿੱਚੋਂ ਆਪਣੀਆਂ ਜੜ੍ਹਾਂ ਨਹੀਂ ਛੱਡਦਾ ਉਸੇ ਤਰ੍ਹਾਂ ਚੰਬਲ-ਘਾਟੀ, ਚੰਬਲ ਦਰਿਆ ਅਤੇ ਚੰਬਲ ਵੰਸ਼ਜ ਲੋਕ ਦੇਸ਼ ਭਾਰਤ ਵਿੱਚ ਆਪਣੀਆਂ ਡੂੰਘੀਆਂ ਇਤਿਹਾਸਕ ਜੜ੍ਹਾਂ ਕਾਰਨ ਹਮੇਸ਼ਾ ਨਵੀਆਂ ਪੈੜਾਂ ਪਾਉਂਦੇ ਰਹਿਣਗੇ। ਲੇਖਕ ਖੁਦ ਚੰਬਲ ਬਰਾਦਰੀ ਨਾਲ ਸਬੰਧਤ ਹੈ ਅਤੇ ਲੇਖਕ ਦਾ ਸਮੂਹ ਪਰਿਵਾਰ ਚੰਬਲ ਸ਼ਬਦ ਦੀ ਸੁਯੋਗ ਵਰਤੋਂ ਨਾਲ ਇਤਿਹਾਸ ਵਿੱਚ ਇੱਕ ਨਵੀਂ ਉਡਾਰੀ ਭਰਨ ਦਾ ਸ਼ੁਰੂ ਤੋਂ ਹੀ ਹਾਮੀ ਰਿਹਾ ਹੈ।

Related posts

ਸੰਸਦ ਦੇ ਦੂਸ਼ਿਤ ਵਾਤਾਵਰਨ ਲਈ ਕੌਣ ਜ਼ਿੰਮੇਵਾਰ ?

admin

ਵਿਸ਼ਵ ਸਾੜੀ ਦਿਵਸ 2024: ਸੁੰਦਰਤਾ, ਪਰੰਪਰਾ ਅਤੇ ਸ਼ਕਤੀਕਰਨ ਦਾ ਜਸ਼ਨ !

admin

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ “ਵੀਰ ਬਾਲ ਦਿਵਸ” ਕਹਿਣਾ: ਕੀ ਸਿੱਖ ਮਰਿਆਦਾ ਨਾਲ ਖਿਲਵਾੜ ਨਹੀਂ ?

admin