ਰੱਖਿਆ ਮੰਤਰੀ ਯਸ਼ਵੰਤਰਾਓ ਚੌਹਾਨ, ਏਅਰ ਮਾਰਸ਼ਲ ਅਰਜਨ ਸਿੰਘ ਤੇ ਰੱਖਿਆ ਮੰਤਰਾਲੇ ਵਿੱਚ ਵਿਸ਼ੇਸ਼ ਸਕੱਤਰ ਐੱਚਸੀ ਸਰੀਨ, ਏਡਜੁਟੈਂਟ ਜਨਰਲ ਲੈਫਟਿਨੈਂਟ ਜਨਰਲ ਕੁਮਾਰਮੰਗਲਮ ਦੇ ਨਾਲ ਗਹਿਰੇ ਸਲਾਹ ਮਸ਼ਵਰਾ ਵਿੱਚ ਰੁੱਝੇ ਹੋਏ ਸਨ। ਉਸੇ ਦਿਨ ਛੰਬ ਸੈਕਟਰ ਵਿੱਚ ਪਾਕਿਸਤਾਨੀ ਟੈਂਕਾਂ ਤੇ ਤੋਪਾਂ ਨੇ ਹਮਲਾ ਕੀਤਾ ਸੀ।
ਮੰਨੇ-ਪਰਮੰਨੇ ਹਵਾਈ ਸੈਨਾ ਦੇ ਇਤਿਹਾਸਕਾਰ ਪੁਸ਼ਪਿੰਦਰ ਸਿੰਘ ਨੇ ਦੱਸਿਆ, “1 ਸਤੰਬਰ, 1965 ਨੂੰ ਜਦੋਂ ਛੰਬ ਵਿੱਚ ਲੜਾਈ ਸ਼ੁਰੂ ਹੋਈ ਤਾਂ ਰੱਖਿਆ ਮੰਤਰੀ ਚੌਹਾਨ ਨੇ ਅਰਜਨ ਸਿੰਘ ਨੂੰ ਸੱਦਿਆ। ਉਨ੍ਹਾਂ ਨੇ ਅਰਜਨ ਸਿੰਘ ਤੋਂ ਪੁੱਛਿਆ ਕਿ ਉਹ ਕੀ ਕਰ ਸਕਦੇ ਹਨ ਤੇ ਅਰਜਨ ਸਿੰਘ ਨੇ 45 ਮਿੰਟਾਂ ਦੇ ਅੰਦਰ ਸਭ ਤੋਂ ਕਰੀਬੀ ਠਿਕਾਣੇ ਪਠਾਨਕੋਟ ਤੋਂ ਆਪਣੇ ਜਹਾਜ਼ ਉਡਾ ਦਿੱਤੇ।
ਅਰਜਨ ਸਿੰਘ ਨੇ ਸਭ ਤੋਂ ਵੱਡਾ ਨਾਂ 1944 ਦੀ ਬਰਮਾ ਦੀ ਲੜਾਈ ਵਿੱਚ ਬਣਾਇਆ ਜਿੱਥੇ ਉਨ੍ਹਾਂ ਨੂੰ ਲੌਰਡ ਮਾਊਂਟਬੈਟਨ ਨੇ ‘ਡਿਸਟਿੰਗੁਇਸ਼ਡ ਫਲਾਈਂਗ ਕਰੌਸ’ ਨਾਲ ਸਨਮਾਨਿਤ ਕੀਤਾ ਸੀ। ਡਿਸਟਿੰਗਵਿਸ਼ਡ ਫਲਾਈਂਗ ਕਰੌਸ ਹਵਾਈ ਸੈਨਾ ਦਾ ਬਹੁਤ ਵੱਡਾ ਸਨਮਾਨ ਹੁੰਦਾ ਹੈ।
ਪੁਸ਼ਪਿੰਦਰ ਸਿੰਘ ਨੇ ਦੱਸਿਆ, ”ਜਦੋਂ ਜਾਪਾਨ ਨੇ ਬਰਮਾ ‘ਤੇ ਹਮਲਾ ਕੀਤਾ ਤਾਂ ਕਾਫੀ ਭਾਰਤੀ ਫੌਜੀ ਭੇਜੇ ਗਏ। ਅਰਜਨ ਸਿੰਘ ਨੰਬਰ 1 ਸਕੁਆਡਰਨ ਨੂੰ ਲੀਡ ਕਰ ਰਹੇ ਸਨ। ਉਹ ਸਿਰਫ 25 ਸਾਲ ਦੇ ਸਨ। ਉਨ੍ਹਾਂ ਨੂੰ ਇੰਫਾਲ ਭੇਜਿਆ ਗਿਆ, 15 ਮਹੀਨਿਆਂ ਤੱਕ ਉਨ੍ਹਾਂ ਨੇ ਬਹੁਤ ਸਪੋਰਟ ਕੀਤਾ। ਉਨ੍ਹਾਂ ਨੂੰ ਇੰਫਾਲ ਦਾ ਰੱਖਿਅਕ’ ਤੇ ‘ਟਾਈਗਰਜ਼ ਆਫ ਇੰਫਾਲ’ ਵੀ ਕਿਹਾ ਗਿਆ।
ਇਸ ਤੋਂ ਪਹਿਲਾਂ ਅਰਜਨ ਸਿੰਘ ਵਜ਼ੀਰਸਤਾਨ ਵਿੱਚ ਤੈਅਨਾਤ ਸਨ। ਸਿਤੰਬਰ 1940 ਵਿੱਚ ਉਨ੍ਹਾਂ ਨੇ ਉੱਥੋਂ 50 ਉਡਾਨਾਂ ਭਰੀਆਂ ਅਤੇ ਅਗਲੇ ਮਹੀਨੇ 80। ਇਸ ਦੌਰਾਨ ਜ਼ਮੀਨ ਤੋਂ ਉਨ੍ਹਾਂ ‘ਤੇ ਕਾਫੀ ਗੋਲੀਬਾਰੀ ਵੀ ਹੋਈ। ਤੀਜਾ ਗੋਤਾ ਲਾਉਂਦੇ ਹੋਏ ਅਰਜਨ ਸਿੰਘ ਨੂੰ ਮਹਿਸੂਸ ਹੋਇਆ ਕਿ ਉਨ੍ਹਾਂ ਦੇ ਇੰਜਨ ‘ਤੇ ਗੋਲੀ ਲੱਗੀ ਹੈ। ਉਸ ਵੇਲੇ ਜਹਾਜ਼ ਕਾਫੀ ਥੱਲੇ ਸੀ। ਉਨ੍ਹਾਂ ਨੇ ਆਪਣੇ ਜਹਾਜ਼ ਨੂੰ ਖੌਸੋਰਾ ਨਦੀ ਦੇ ਕੋਲ੍ਹ ਉਤਾਰ ਦਿੱਤਾ। ਰੈਸ਼ ਲੈਂਡਿੰਗ ਦੌਰਾਨ ਅਰਜਨ ਸਿੰਘ ਦਾ ਚਿਹਰਾ ਜਹਾਜ਼ ਦੇ ਇੰਨਸਟਰੂਮੈਂਟ ਪੈਨਲ ਨਾਲ ਟਕਰਾਇਆ ਤੇ ਡੂੰਘੀ ਸੱਟ ਵੀ ਆਈ। ਜਿਵੇਂ ਹੀ ਜਹਾਜ਼ ਕਰੈਸ਼ ਲੈਂਡ ਕੀਤਾ, ਉਨ੍ਹਾਂ ਦਾ ਗਨਰ ਗੁਲਾਮ ਅਲੀ ਭੱਜਣ ਲੱਗਿਆ। ਅਰਜਨ ਨੇ ਦੇਖਿਆ ਕਿ ਉਹ ਉਸੇ ਤਰਫ ਜਾ ਰਿਹਾ ਸੀ ਜਿੱਥੇ ਕਬੀਲੇ ਦੇ ਲੋਕ ਗੋਲੀਬਾਰੀ ਕਰ ਰਹੇ ਸਨ। ਇੱਕ ਵੀ ਪਲ ਗੁਆਏ ਬਿਨਾਂ ਅਰਜਨ ਸਿੰਘ ਨੱਕ ਤੋਂ ਬਹਿੰਦੇ ਖੂਨ ਦੇ ਬਾਵਜੂਦ ਤੇਜ਼ੀ ਨਾਲ ਉਸਦੇ ਪਿੱਛੇ ਭੱਜਣ ਲੱਗੇ ਤੇ ਚਾਰੋਂ ਪਾਸਿਓਂ ਚੱਲ ਰਹੀਆਂ ਗੋਲੀਆਂ ਵਿਚਾਲੇ 50 ਗਜ਼ ਅੱਗੇ ਦੌੜ ਕੇ ਉਸ ਨੂੰ ਫੜ ਲਿਆ ਅਤੇ ਉਸ ਨੂੰ ਪੁੱਠੀ ਤਰਫ ਭੱਜਣ ਲਈ ਕਿਹਾ।
2002 ਵਿੱਚ ਭਾਰਤ ਸਰਕਾਰ ਨੇ ਅਰਜਨ ਸਿੰਘ ਨੂੰ ‘ਮਾਰਸ਼ਲ ਆਫ ਦਿ ਏਅਰਫੋਰਸ’ ਨਿਯੁਕਤ ਕੀਤਾ ਸੀ। ਦੁਨੀਆਂ ‘ਚ ਅਜਿਹੇ ਬਹੁਤ ਘੱਟ ਹਵਾਈ ਸੈਨਾ ਪ੍ਰਧਾਨ ਹੋਣਗੇ ਜਿਨ੍ਹਾਂ ਨੇ 40 ਸਾਲ ਦੀ ਉਮਰ ਵਿੱਚ ਇਹ ਅਹੁਦਾ ਸਾਂਭਿਆ ਹੋਵੇ ਅਤੇ ਸਿਰਫ 45 ਸਾਲ ਦੀ ਉਮਰ ਵਿੱਚ ਰਿਟਾਇਰ ਵੀ ਹੋ ਗਏ ਹੋਣ। ਏਅਰ ਚੀਫ ਮਾਰਸ਼ਲ ਅਰਜਨ ਸਿੰਘ ਦੀ ਖਾਸੀਅਤ ਉਨ੍ਹਾਂ ਦੀ ਆਕਰਸ਼ਿਤ ਸ਼ਖਸੀਅਤ, ਲੰਬਾ ਚੌੜਾ ਸਰੀਰ, ਗੱਲ ਕਰਨ ਦਾ ਸ਼ਾਨਦਾਰ ਸਲੀਕਾ ਤੇ ਕਮਾਲ ਦੀ ਲੀਡਰਸ਼ਿੱਪ ਸੀ।
ਅਰਜਨ ਸਿੰਘ ਨੂੰ ਕਰੀਬੀ ਨਾਲ ਜਾਣਨ ਵਾਲੇ ਏਅਰ ਵਾਈਸ ਮਾਰਸ਼ਲ ਕਪਿਲ ਕਾਕ ਨੇ ਕਿਹਾ, ਉਹ ਖੇਡਣ ਦੇ ਵੀ ਬਹੁਤ ਸ਼ੌਕੀਨ ਸੀ ਤੇ ਸਮਾਜਕ ਰੂਪ ਨਾਲ ਮਿਲਨਸਾਰ ਸੀ। ਇੱਕ ਆਮ ਫੌਜੀ ਨੂੰ ਇਹ ਨਹੀਂ ਲੱਗਦਾ ਸੀ ਕਿ ਉਹ ਮੁਖੀ ਨਾਲ ਗੱਲ ਕਰ ਰਿਹਾ ਹੈ। ਉਨ੍ਹਾਂ ਦੇ ਦਿਮਾਗ ਵਿੱਚ ਕਿਸੇ ਤਰ੍ਹਾਂ ਦੀ ਗਰਮੀ ਨਹੀਂ ਹੁੰਦੀ ਸੀ। ਅਰਜਨ ਸਿੰਘ ਹਮੇਸ਼ਾ ਤੋਂ ਹੀ ਜੂਨੀਅਰਜ਼ ਲਈ ਰੋਲ ਮਾਡਲ ਰਹੇ।
1965 ਦੀ ਜੰਗ ਤੋਂ ਤਿੰਨ ਦਿਨ ਪਹਿਲਾਂ ਇੱਕ ਅਖਬਾਰ ਵਿੱਚ ਇਹ ਛਪਿਆ ਸੀ ਕਿ ਪਾਕਿਸਤਾਨੀ ਹਵਾਈ ਫੌਜ ਦੇ ਏਅਰ ਮਾਰਸ਼ਲ ਅਸਗਰ ਖਾਨ ਨੇ ਆਪਣੇ ਪੁਰਾਣੇ ਦੋਸਤ ਅਰਜਨ ਸਿੰਘ ਨੂੰ ਇੱਕ ਗੁਪਤ ਕਾਲ ਕੀਤਾ ਜਿਸ ਕਾਰਨ ਦੋਹਾਂ ਦੇਸਾਂ ਵਿਚਾਲੇ ਜੰਗ ਨਹੀਂ ਹੋਈ। ਪੁਸ਼ਪਿੰਦਰ ਸਿੰਘ ਨੇ ਦੱਸਿਆ, ਦੋਵੇਂ ਇੰਫਾਲ ਵਿੱਚ ਨਾਲ ਕੰਮ ਕਰਦੇ ਸਨ। ਜਦੋਂ ਰਣ ਆਫ ਕੱਛ ਦੀ ਲੜਾਈ ਸ਼ੁਰੂ ਹੋਈ ਤਾਂ ਅਸਗਰ ਖਾਨ ਨੇ ਅਰਜਨ ਸਿੰਘ ਨੂੰ ਫੋਨ ਕਰਕੇ ਕਿਹਾ ਕਿ ਸਾਨੂੰ ਆਪਣੀ ਹਵਾਈ ਫੌਜ ਨੂੰ ਇਸ ਲੜਾਈ ਤੋਂ ਦੂਰ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ, ਫੋਨ ਤੋਂ ਬਾਅਦ ਭਾਰਤ ਨੇ ਵੀ ਇਹ ਤੈਅ ਕੀਤਾ ਕਿ ਉਹ ਆਪਣੀ ਫੌਜ ਦਾ ਇਸਤੇਮਾਲ ਨਹੀਂ ਕਰੇਗਾ। ਉਸ ਤੋਂ ਬਾਅਦ ਇਹ ਅਫਵਾਹ ਫੈਲੀ ਕਿ ਇਸ ਕਾਲ ਕਾਰਨ ਪਾਕਿਸਤਾਨੀ ਦੀ ਸਰਕਾਰ ਨੇ ਉਨ੍ਹਾਂ ਨੂੰ ਕੱਢ ਦਿੱਤਾ ਸੀ। ਪਰ ਇਹ ਸੱਚ ਨਹੀਂ ਸੀ, ਕਿਉਂਕਿ ਅਸਗਰ ਖਾਨ ਰਿਟਾਇਰ ਹੋਣ ਵਾਲੇ ਸਨ ਤੇ ਕਾਰਜਕਾਲ ਖਤਮ ਹੋ ਚੁੱਕਿਆ ਸੀ।
ਪੁਸ਼ਪਿੰਦਰ ਸਿੰਘ ਨੇ ਦੱਸਿਆ, ”ਇੱਕ ਵਾਰ ਮੈਂ ਪਾਕਿਸਤਾਨੀ ਹਵਾਈ ਫੌਜੀਆਂ ਦਾ ਇੰਟਰਵਿਊ ਕਰਨ ਲਈ ਪਾਕਿਸਤਾਨ ਜਾ ਰਿਹਾ ਸੀ ਤਾਂ ਉਥੋਂ ਸੁਝਾਅ ਆਇਆ ਕਿ ਮੈਂ ਰਿਸਾਲ ਪੁਰ ਚਲਿਆ ਜਾਵਾਂ। ਰਿਸਾਲ ਪੁਰ ਫਲਾਈਂਗ ਅਕਾਦਮੀ ਹੈ ਜਿੱਥੇ ਪਾਕਿਸਤਾਨੀ ਪਾਇਲਟਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ, ”ਮੈਂ ਪਾਕਿਸਤਾਨ ਜਾਣ ਤੋਂ ਪਹਿਲਾਂ ਅਰਜਨ ਸਿੰਘ ਨੂੰ ਪੁੱਛਿਆ ਕਿ ਕੀ ਮੈਂ ਤੁਹਾਡੀ ਤਸਵੀਰ ਤੋਹਫੇ ਵਿੱਚ ਦੇ ਸਕਦਾ ਹਾਂ। ਮੈਂ ਉਨ੍ਹਾਂ ਦੀ ਤਸਵੀਰ ਖਿੱਚੀ ਤੇ ਉਨ੍ਹਾਂ ਨੇ ਉਸ ‘ਤੇ ਦਸਤਖਤ ਵੀ ਕੀਤੇ। ਫਿਰ ਰਿਸਾਲਪੁਰ ਦੇ ਸਟੇਸ਼ਨ ਕਮਾਂਡਰ ਨੂੰ ਤੋਹਫੇ ਵਿੱਚ ਦੇ ਦਿੱਤੀ। ਅਰਜਨ ਸਿੰਘ ਦੀ ਉਹ ਤਸਵੀਰ ਅੱਜ ਵੀ ਪਾਕਿਸਤਾਨ ਦੀ ਰਿਸਾਲ ਪੁਰ ਫਲਾਈਂਗ ਅਕਾਦਮੀ ਵਿੱਚ ਲੱਗੀ ਹੋਈ ਹੈ।
ਰਿਟਾਇਰ ਹੋਣ ‘ਤੇ ਅਰਜਨ ਸਿੰਘ ਨੇ ਹਰ ਹਵਾਈ ਸਟੇਸ਼ਨ ‘ਤੇ ਫੇਅਰਵੈੱਲ ਵਿਜ਼ਿਟ ਕੀਤੀ। ਉਹ ਅੰਬਾਲਾ ਵੀ ਗਏ ਜਿੱਥੇ ਉਸ ਵੇਲੇ ਏਅਰ ਮਾਰਸ਼ਲ ਸਤੀਸ਼ ਈਨਾਮਦਾਰ ਫਲਾਈਟ ਲੈਫਟਿਨੈਂਟ ਦੇ ਤੌਰ ‘ਤੇ ਤਾਇਨਾਤ ਸਨ।
ਉਨ੍ਹਾਂ ਕਿਹਾ, ਅਸੀਂ ਉਨ੍ਹਾਂ ਨੂੰ ਲੈਣ ਲਈ ਗਏ ਤਾਂ ਮੈਂ ਪਿੱਛੇ ਦੀ ਸੀਟ ਦਾ ਦਰਵਾਜ਼ਾ ਖੋਲ੍ਹਣ ਲਈ ਗਿਆ। ਉਨ੍ਹਾਂ ਕਿਹਾ, ਭਾਰਤੀ ਹਵਾਈ ਫੌਜ ਦਾ ਕਮੀਸ਼ੰਡ ਅਫਸਰ ਮੇਰੀ ਗੱਡੀ ਦਾ ਦਰਵਾਜ਼ਾ ਨਹੀਂ ਖੋਲੇਗਾ। ਮੈਂ ਦੂਜੀ ਤਰਫ ਜਾਕੇ ਗੱਡੀ ਦੀ ਅਗਲੀ ਸੀਟ ‘ਤੇ ਬੈਠਣ ਲੱਗਿਆ। ਉਨ੍ਹਾਂ ਫਿਰ ਮੈਨੂੰ ਕਿਹਾ, ਇੱਕ ਗੱਲ ਹਮੇਸ਼ਾ ਯਾਦ ਰੱਖਣਾ। ਕਦੇ ਵੀ ਤੁਸੀਂ ਕਿੰਨੇ ਹੀ ਵੱਡੇ ਅਫਸਰ ਨੂੰ ਐਸਕੌਰਟ ਕਰ ਰਹੇ ਹੋ, ਚਾਹੇ ਤੁਸੀਂ ਜਿੰਨੇ ਹੀ ਛੋਟੇ ਅਫਸਰ ਹੋ, ਕਦੇ ਵੀ ਅੱਗੇ ਦੀ ਸੀਟ ‘ਤੇ ਨਾ ਬੈਠਣਾ। ਹਮੇਸ਼ਾ ਉਸਦੇ ਨਾਲ ਬੈਠ ਕੇ ਜਾਣਾ।
ਏਅਰ ਵਾਈਸ ਮਾਰਸ਼ਲ ਕਪਿਲ ਕਾਕ ਨੇ ਕਿਹਾ, ”ਉਹ ਇੱਕ ਨੰਬਰ ਦੇ ਲੜਾਕੂ ਪਾਇਲਟ ਸੀ। ਉਹ ਪਹਿਲਾਂ ਆਪ ਕੰਮ ਕਰਕੇ ਵਿਖਾਉਂਦੇ ਸੀ ਤੇ ਫਿਰ ਲੋਕਾਂ ਨੂੰ ਕਹਿੰਦੇ ਸੀ ਕਿ ਇਸ ਨੂੰ ਕਰੋ। ਸ਼ਾਇਦ ਇਸੇ ਕਰਕੇ ਉਹ ਭਾਰਤੀ ਹਵਾਈ ਫੌਜ ਵਿੱਚ ਕਾਫੀ ਪ੍ਰਸਿੱਧ ਰਹੇ।
ਏਅਰ ਚੀਫ ਮਾਰਸ਼ਲ ਅਰਜਨ ਸਿੰਘ ਨੂੰ ਰਿਟਾਇਰਮੈਂਟ ਤੋਂ ਬਾਅਦ ਪਹਿਲਾਂ ਸਵਿਟਜ਼ਰਲੈਂਡ ਦਾ ਰਾਜਦੂਤ ਬਣਾਇਆ ਗਿਆ ਤੇ ਫਿਰ ਕੀਨੀਆ ਵਿੱਚ ਹਾਈ ਕਮਿਸ਼ਨਰ। ਉਹ ਘੱਟ ਗਿਣਤੀ ਆਯੋਗ ਦੇ ਸਦੱਸ ਤੇ ਦਿੱਲੀ ਦੇ ਲੈਫਟਿਨੈਂਟ ਗਵਰਨਰ ਵੀ ਰਹੇ। ਹਵਾਈ ਜਹਾਜ਼ਾਂ ਤੋਂ ਇਲਾਵਾ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਜਨੂੰਨ ਗੋਲਫ ਸੀ। ਉਹ ਆਪਣੀ ਜ਼ਿੰਦਗੀ ਦੇ ਅੰਤਿਮ ਦਿਨਾਂ ਤੱਕ ਗੋਲਫ ਖੇਡਦੇ ਰਹੇ। ਆਖਰੀ ਦਿਨਾਂ ਵਿੱਚ ਜਦੋਂ ਉਹ ਚੱਲ ਨਹੀਂ ਪਾਂਦੇ ਸੀ, ਉਦੋਂ ਵੀ ਉਨ੍ਹਾਂ ਦੀ ਪੰਜ ਸਿਤਾਰਿਆਂ ਵਾਲੀ ਗੱਡੀ ਦਿੱਲੀ ਗੋਲਫ ਕੋਰਸ ਦੇ ਅਖੀਰ ਤੱਕ ਜਾਂਦੀ ਸੀ ਤੇ ਉਹ ਆਪਣੀ ਵਹ੍ਹੀਲ ਚੇਅਰ ‘ਤੇ ਬੈਠ ਕੇ ਲੋਕਾਂ ਨੂੰ ਗੋਲਫ ਖੇਡਦੇ ਹੋਏ ਵੇਖਿਆ ਕਰਦੇ ਸੀ।
previous post