
ਤਾਲਿਬਾਨ ਦੇ ਖਿਲਾਫ 20 ਸਾਲ ਦੀ ਨਿਰੰਤਰ ਅਤੇ ਨਿਰਾਥਰਕ ਲੜਾਈ ਤੋਂ ਬਾਅਦ ਜੂਨ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਿਡੇਨ ਨੇ ਅੇੈਲਾਨ ਕੀਤਾ ਸੀ ਕਿ ਅਮਰੀਕਾ ਅਫਗਾਨਿਸਤਾਨ ਨੂੰ ਰਾਸ਼ਟਰਪਤੀ ਅਸ਼ਰਫ ਗਨੀ ਦੀ ਸਰਕਾਰ ਦੇ ਹਵਾਲੇ ਕਰ ਕੇ ਆਪਣੀ ਫੌਜ ਵਾਪਿਸ ਬੁਲਾ ਰਿਹਾ ਹੈ। ਸਿਰਫ 650 ਸੈਨਿਕ ਅਮਰੀਕੀ ਦੂਤਘਰ ਦੀ ਰਾਖੀ ਲਈ ਪਿੱਛੇ ਛੱਡੇ ਜਾਣਗੇ ਤੇ ਬਾਕੀ ਸਾਰੀ ਫੌਜ 11 ਸਤੰਬਰ ਤੱਕ ਵਾਪਿਸ ਚਲੀ ਜਾਵੇਗੀ। ਅਮਰੀਕਾ ਨੇ ਕਾਬਲ ਦੇ ਨਜ਼ਦੀਕ ਸਥਿੱਤ ਬਰਗਾਮ ਹਵਾਈ ਅੱਡਾ, ਜੋ ਅਫਗਾਨਿਸਤਾਨ ਵਿੱਚ ਅਮਰੀਕੀ ਫੌਜ ਦਾ ਹੈੱਡਕਵਾਟਰ ਸੀ ਤੇ ਜਿੱਥੋਂ ਅਮਰੀਕੀ ਹਵਾਈ ਅਤੇ ਪੈਦਲ ਸੈਨਾ ਤਾਲਿਬਾਨ ਦੇ ਖਿਲਾਫ ਆਪਣੇ ਸਾਰੇ ਅਭਿਆਨ ਚਲਾਉਂਦੀ ਸੀ, 2 ਜੁਲਾਈ ਨੂੰ ਅਫਗਾਨ ਫੌਜ ਦੇ ਹਵਾਲੇ ਕਰ ਦਿੱਤਾ ਹੈ। 25 ਜੂਨ ਨੂੰ ਰਾਸ਼ਟਰਪਤੀ ਜੋਅ ਬਿਡੇਨ ਨੇ ਵਾਈਟ ਹਾਊਸ ਵਿਖੇ ਅਫਗਾਨ ਰਾਸ਼ਟਰਪਤੀ ਅਸ਼ਰਫ ਗਨੀ ਨਾਲ ਇਹ ਭਰੋਸਾ ਦੇਣ ਲਈ ਮੀਟਿੰਗ ਕੀਤੀ ਸੀ ਕਿ ਅਮਰੀਕਾ ਅਫਗਾਨਿਸਤਾਨ ਨੂੰ ਰੱਬ ਦੇ ਭਰੋਸੇ ਨਹੀਂ ਛੱਡ ਰਿਹਾ, ਬਲਕਿ ਉਹ ਹਮੇਸ਼ਾਂ ਅਫਗਾਨਿਸਤਾਨ ਨੂੰ ਆਰਥਿਕ ਅਤੇ ਫੌਜੀ ਮਦਦ ਦਿੰਦਾ ਰਹੇਗਾ ਤੇ ਹਰ ਮੁਸੀਬਤ ਸਮੇਂ ਸਾਥ ਦੇਵੇਗਾ। ਪਰ ਅਮਰੀਕਾ ਦੇ ਇਸ ਭਰੋਸੇ ‘ਤੇ ਯਕੀਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਸ ਨੇ ਆਪਣੀ ਮੂਰਖਾਨਾ ਦਖਲਅੰਦਾਜ਼ੀ ਕਾਰਨ ਤਬਾਹ ਹੋ ਚੁੱਕੇ ਲੀਬੀਆ, ਸੀਰੀਆ ਅਤੇ ਇਰਾਕ ਦੀ ਮੁੜ ਕੇ ਵਾਤ ਨਹੀਂ ਪੁੱਛੀ। ਇਸ ਲਈ ਇਹ ਆਸ ਨਹੀਂ ਰੱਖੀ ਜਾ ਸਕਦੀ ਕਿ ਉਹ 11 ਸਤੰਬਰ ਤੋਂ ਬਾਅਦ ਯੁੱਧ ਦੇ ਨਪੀੜੇ ਹੋਏ ਅਫਗਾਨ ਲੋਕਾਂ ਦੀ ਸਾਰ ਲਵੇਗਾ। ਅਮਰੀਕਾ ਨੇ ਉਹ ਕੰਮ ਕੀਤਾ ਹੈ ਕਿ ਅੱਗ ਲਾਈ ਤੇ ਡੱਬੂ ਕੰਧ ‘ਤੇ। ਸਭ ਜਾਣਦੇ ਹਨ ਕਿ ਇਹ ਅਮਰੀਕੀ ਰਾਸ਼ਟਰਪਤੀ ਦੀ ਕਿਸੇ ਅਮਰੀਕਾ ਪੱਖੀ ਅਫਗਾਨ ਰਾਸ਼ਟਰਪਤੀ ਨਾਲ ਵਾਈਟ ਹਾਊਸ ਵਿੱਚ ਆਖਰੀ ਮੁਲਾਕਾਤ ਹੈ।
ਅਮਰੀਕੀ ਫੌਜ ਦੇ ਨਿਕਲਦੇ ਸਾਰ ਹੀ ਤਾਲਿਬਾਨ ਨੇ ਆਪਣੇ ਮੌਜੂਦਾ ਮੁਖੀ ਮੌਲਾਣਾ ਹੈਬਤੁੱਲਾ ਅਖੁਨਜ਼ਾਦਾ ਦੀ ਅਗਵਾਈ ਹੇਠ ਅਫਗਾਨ ਫੌਜ ‘ਤੇ ਚੁਫੇਰਿਉਂ ਹਮਲਾ ਬੋਲ ਦਿੱਤਾ ਹੈ। 2-3 ਦਿਨ ਪਹਿਲਾਂ ਹੀ ਤਾਲਿਬਾਨ ਦੇ ਮੁੱਖ ਬੁਲਾਰੇ ਜ਼ੈਬੁੱਲਾਹ ਮੁਜ਼ਾਹਿਦ ਨੇ ਬਿਆਨ ਜਾਰੀ ਕੀਤਾ ਸੀ ਕਿ ਤਾਲਿਬਾਨ ਨੇ 80% ਅਫਗਾਨਿਸਤਾਨ ‘ਤੇ ਕਬਜ਼ਾ ਜਮਾ ਲਿਆ ਹੈ ਤੇ ਈਰਾਨ, ਪਾਕਿਸਤਾਨ, ਚੀਨ, ਤੁਰਮੇਨਿਸਤਾਨ ਅਤੇ ਉਜ਼ਬੇਕਿਸਤਾਨ ਨਾਲ ਲੱਗਦੀਆਂ ਸਾਰੀਆਂ ਸਰਹੱਦੀ ਚੌਂਕੀਆਂ ਉਸ ਦੇ ਕਬਜ਼ੇ ਹੇਠ ਆ ਚੁੱਕੀਆਂ ਹਨ। ਪਿਛਲੇ ਹਫਤੇ ਅਮਰੀਕੀ ਖੁਫੀਆ ਏਜੰਸੀਆਂ ਨੇ ਭਵਿੱਖਬਾਣੀ ਕੀਤੀ ਸੀ ਅਮਰੀਕਾ ਦੇ ਜਾਣ ਤੋਂ ਛੇ ਮਹੀਨੇ ਬਾਅਦ ਅਫਗਾਨਿਸਤਾਨ ‘ਤੇ ਤਾਲਿਬਾਨ ਦਾ ਕਬਜ਼ਾ ਹੋ ਜਾਵੇਗਾ। ਪਰ ਜਿਸ ਬਿਜਲੀ ਵਰਗੀ ਤੇਜ਼ੀ ਨਾਲ ਤਾਲਿਬਾਨ ਅੱਗੇ ਵਧ ਰਹੇ ਹਨ ਤੇ ਅਫਗਾਨ ਫੌਜ ਦੀ ਲੜਨ ਦੀ ਇੱਛਾ ਸ਼ਕਤੀ ਖਤਮ ਹੋ ਗਈ ਹੈ, ਲੱਗਦਾ ਹੈ ਕਿ ਇਸ ਕੰਮ ਨੂੰ ਛੇ ਹਫਤੇ ਵੀ ਨਹੀਂ ਲੱਗਣੇ। ਅਫਗਾਨ ਫੌਜ ਅਮਰੀਕੀ ਹਵਾਈ ਫੌਜ ਦੀ ਛੱਤਰੀ ਹੇਠ ਲੜਨ ਦੀ ਆਦੀ ਸੀ ਤੇ ਹੁਣ ਆਪਣੇ ਆਪ ਨੂੰ ਬੇਵੱਸ ਮਹਿਸੂਸ ਕਰ ਰਹੀ ਹੈ। ਹਜ਼ਾਰਾਂ ਸੈਨਿਕਾਂ ਨੇ ਭੱਜ ਕੇ ਤੁਰਕਮੇਨਿਸਤਾਨ ਅਤੇ ਤਾਜ਼ਿਕਸਤਾਨ ਵਿੱਚ ਸ਼ਰਨ ਲੈ ਲਈ ਹੈ। ਤਾਲਿਬਾਨ ਨੇ ਇਸ ਵੇਲੇ ਸਿਰਫ ਕਾਬਲ ਨੂੰ ਛੱਡ ਕੇ ਬਾਕੀ ਸਾਰੇ ਵੱਡੇ ਸ਼ਹਿਰਾਂ ‘ਤੇ ਜਾਂ ਤਾਂ ਕਬਜ਼ਾ ਕਰ ਲਿਆ ਜਾਂ ਘੇਰੇ ਵਿੱਚ ਲਏ ਹੋਏ ਹਨ। ਮਜ਼ਾਰੇ ਸ਼ਰੀਫ, ਜਲਾਲਾਬਾਦ, ਕੰਧਾਰ ਅਤੇ ਕੁੰਦੁਜ਼ ਨੂੰ ਘੇਰਾ ਪਿਆ ਹੋਇਆ ਹੈ ਜੋ ਕਿਸੇ ਵੇਲੇ ਵੀ ਆਤਮ ਸਮਰਪਣ ਕਰ ਸਕਦੇ ਹਨ। ਅਫਗਾਨ ਫੌਜੀ ਤਾਲਿਬਾਨ ਤੋਂ ਸੁਰੱਖਿਆ ਦੀ ਗਰੰਟੀ ਲੈ ਕੇ ਆਪਣੇ ਹਥਿਆਰ, ਟੈਂਕ, ਬਖਤਰਬੰਦ ਗੱਡੀਆਂ ਤੇ ਭਾਰੀ ਤੋਪਖਾਨਾ ਉਨ੍ਹਾਂ ਦੇ ਹਵਾਲੇ ਕਰ ਕੇ ਘਰਾਂ ਨੂੰ ਪਰਤ ਰਹੇ ਹਨ। ਤਾਲਿਬਾਨ ਨੇ ਐਲਾਨ ਕੀਤਾ ਹੈ ਕਿ ਹਥਿਆਰ ਸੁੱਟਣ ਵਾਲੇ ਫੌਜੀਆਂ ਨੂੰ ਸੁਰੱਖਿਅਤ ਲਾਂਘਾ ਦਿੱਤਾ ਜਾਵੇਗਾ ਤੇ ਜੇ ਉਹ ਚਾਹੁਣ ਤਾਂ ਤਾਲਿਬਾਨ ਫੌਜ ਵਿੱਚ ਸ਼ਾਮਲ ਹੋ ਸਕਦੇ ਹਨ। ਅਫਗਾਨ ਫੌਜੀਆਂ ਨੂੰ ਕਈ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਤੇ ਉਹ ਹਜ਼ਾਰਾਂ ਦੀ ਗਿਣਤੀ ਵਿੱਚ ਖੁਸ਼ੀ ਖੁਸ਼ੀ ਤਾਲਿਬਾਨ ਫੌਜ ਵਿੱਚ ਸ਼ਾਮਲ ਹੋ ਰਹੇ ਹਨ। ਉਹ ਜਾਣਦੇ ਹਨ ਕਿ ਤਾਲਿਬਾਨ ਨਾਲ ਲੜਨ ਦਾ ਕੋਈ ਫਾਇਦਾ ਨਹੀਂ ਕਿਉਂਕਿ ਉਹ ਹੀ ਕੁਝ ਦਿਨਾਂ ਬਾਅਦ ਅਫਗਾਨਿਸਤਾਨ ਦੇ ਹਾਕਮ ਬਣਨ ਵਾਲੇ ਹਨ।
ਅਮਰੀਕੀ ਫੌਜ ਅਫਗਾਨਿਸਤਾਨ ਤੋਂ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਤਾਲਿਬਾਨ ਦਰਮਿਆਨ ਫਰਵਰੀ 2020 ਵਿੱਚ ਹੋਈ ਇੱਕ ਸੰਧੀ ਦੇ ਮੁਤਾਬਕ ਵਾਪਸ ਜਾ ਰਹੀ ਹੈ। ਵਾਈਟ ਹਾਊਸ ਦੇ ਪ੍ਰੈਸ ਸੈਕਟਰੀ ਜੇਨ ਸਾਕੀ ਨੇ ਇਸ ਦਾ ਕਾਰਨ ਇਹ ਦੱਸਿਆ ਹੈ ਪਿਛਲੇ ਕੁਝ ਮਹੀਨਿਆਂ ਤੋਂ ਤਾਲਿਬਾਨ ਦੇ ਅਫਗਾਨ ਫੌਜ ਦੇ ਖਿਲਾਫ ਹਮਲੇ ਬਹੁਤ ਤੇਜ਼ ਹੋ ਗਏ ਹਨ ਪਰ ਫਿਲਹਾਲ ਉਹ ਅਮਰੀਕੀ ਫੌਜ ‘ਤੇ ਹਮਲੇ ਕਰਨ ਤੋਂ ਗੁਰੇਜ਼ ਕਰ ਰਹੇ ਸਨ। ਜੇ ਅਸੀਂ ਫੌਜ ਵਾਪਸ ਨਹੀਂ ਬੁਲਾਉਂਦੇ ਤਾਂ ਸਾਡੇ ਖਿਲਾਫ ਵੀ ਹਮਲੇ ਤੇਜ਼ ਹੋ ਜਾਣਗੇ। ਇਸ ਲਈ ਫੌਜ ਵਾਪਸ ਬੁਲਾਉਣੀ ਸਾਡੀ ਮਜ਼ਬੂਰੀ ਬਣ ਗਈ ਹੈ। ਪਰ ਅਜੇ ਵੀ ਅਫਗਾਨਿਸਤਾਨ ਵਿੱਚ ਹਜ਼ਾਰਾਂ ਅਮਰੀਕੀ ਫੌਜੀ, ਸਰਕਾਰੀ ਠੇਕੇਦਾਰ ਅਤੇ ਕੂਟਨੀਤਕ ਰੁਕੇ ਹੋਏ ਹਨ ਜਿਨ੍ਹਾਂ ਨੂੰ ਜਲਦੀ ਤੋਂ ਜਲਦੀ ਬਾਹਰ ਕੱਢਿਆ ਜਾ ਰਿਹਾ ਹੈ। ਇਸ ਤੋਂ ਇਲਾਵਾ 55000 ਦੇ ਕਰੀਬ ਦੋਭਾਸ਼ੀਏ, ਮੁਖਬਰ ਅਤੇ ਅਜਿਹੇ ਹੋਰ ਅਮਰੀਕਾ ਪੱਖੀ ਅਫਗਾਨ ਹਨ ਜਿਨ੍ਹਾਂ ਦੀ ਤਾਲਿਬਾਨ ਹੱਥੋਂ ਮੌਤ ਨਿਸ਼ਚਿਤ ਹੈ। ਇਨ੍ਹਾਂ ਨੂੰ ਪਰਿਵਾਰਾਂ ਸਮੇਤ ਬਾਹਰ ਕੱਢਣ ਲਈ ਅਮਰੀਕਾ ਸਪੈਸ਼ਲ ਵੀਜ਼ੇ ਜਾਰੀ ਕਰ ਰਿਹਾ ਹੈ ਤੇ ਸਾਊਦੀ ਅਰਬ, ਦੁਬਈ, ਕਤਰ, ਦੋਹਾ ਅਤੇ ਅਮਰੀਕਾ ਸਮੇਤ ਹੋਰ ਕਈ ਮਿੱਤਰ ਦੇਸ਼ਾਂ ਵਿੱਚ ਵਸਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਅਫਗਾਨਿਸਤਾਨ ਪ੍ਰਤੀ ਅਮਰੀਕੀ ਵਿਦੇਸ਼ ਨੀਤੀ ਵਿੱਚ ਐਨਾ ਵੱਡਾ ਬਦਲਾਉ ਆਉਣ ਦੇ ਕਈ ਕਾਰਨ ਹਨ। ਅਮਰੀਕਾ 9 ਸਤੰਬਰ 2001 ਨੂੰ ਉਸਾਮਾ ਬਿਨ ਲਾਦੇਨ ਦੁਆਰਾ ਕੀਤੇ ਗਏ ਹਮਲਿਆਂ ਦਾ ਬਦਲਾ ਲੈਣ ਅਤੇ ਅਲ ਕਾਇਦਾ ਤੇ ਤਾਲਿਬਾਨ ਨੂੰ ਤਬਾਹ ਕਰਨ ਲਈ ਅਫਗਾਨਿਸਤਾਨ ਵਿੱਚ ਦਾਖਲ ਹੋਇਆ ਸੀ। ਪਰ ਪਰ ਜਿਉਂ ਜਿਉਂ ਸਮਾਂ ਬੀਤਦਾ ਗਿਆ, ਉਹ ਰੂਸ ਵਾਂਗ ਉਥੇ ਫਸ ਕੇ ਰਹਿ ਗਿਆ। ਜੰਗ ਕਰਨੀ ਅਫਗਾਨਾਂ ਦਾ ਨੈਸ਼ਨਲ ਟਾਈਮ ਪਾਸ ਹੈ। ਉਹ ਹਜ਼ਾਰਾਂ ਸਾਲਾਂ ਤੋਂ ਵਿਦੇਸ਼ੀ ਧਾੜਵੀਆਂ ਨਾਲ ਲੜਦੇ ਆਏ ਹਨ ਤੇ ਕਦੇ ਵੀ ਕੋਈ ਹਮਲਾਵਰ ਇਥੇ ਕਾਮਯਾਬ ਨਹੀਂ ਹੋ ਸਕਿਆ। ਉਸਾਮਾ ਬਿਨ ਲਾਦੇਨ ਨੂੰ ਮਾਰਨ ਤੋਂ ਇਲਾਵਾ ਅਮਰੀਕਾ ਨੂੰ ਅਫਗਾਨਿਸਤਾਨ ਵਿੱਚ ਕੋਈ ਖਾਸ ਕਾਮਯਾਬੀ ਹਾਸਲ ਨਹੀਂ ਹੋ ਸਕੀ। 20 ਸਾਲ ਦੀ ਥਕਾ ਦੇਣ ਵਾਲੀ ਲੜਾਈ ਵਿੱਚ ਅਮਰੀਕਾ 2400 ਸੈਨਿਕ ਮਰਵਾ ਕੇ ਅਤੇ ਖਰਬਾਂ ਡਾਲਰ ਖਰਚਣ ਦੇ ਬਾਵਜੂਦ ਤਾਲਿਬਾਨ ਨੂੰ ਖਤਮ ਨਹੀਂ ਕਰ ਸਕਿਆ। ਅਮਰੀਕਾ ਦੀ ਹਮਾਇਤ ਵਿੱਚ ਤਾਲਿਬਾਨ ਦੇ ਖਿਲਾਫ ਲੜਦੇ ਹੋਏ 70000 ਅਫਗਾਨ ਸੈਨਿਕ ਤੇ ਆਮ ਸ਼ਹਿਰੀ ਵੀ ਮਾਰੇ ਜਾ ਚੁੱਕੇ ਹਨ ਤੇ 27 ਲੱਖ ਬੇਘਰ ਹੋ ਗਏ ਹਨ। ਇਸ ਤੋਂ ਇਲਾਵਾ 9 – 11 ਦੇ ਹਮਲੇ ਵੇਲੇ ਅਮਰੀਕੀਆਂ ਦੇ ਦਿਲਾਂ ਵਿੱਚ ਤਾਲਿਬਾਨ ਅਤੇ ਅਲ ਕਾਇਦਾ ਦੇ ਖਿਲਾਫ ਜੋ ਗੁੱਸਾ ਅਤੇ ਨਫਰਤ ਸੀ, ਸਮੇਂ ਦੇ ਨਾਲ ਨਾਲ ਉਹ ਹੁਣ ਠੰਡੇ ਪੈ ਗਏ ਹਨ। ਇਸ ਵੇਲੇ ਅਮਰੀਕੀਆਂ ਦੀ ਬਹੁਗਿਣਤੀ ਅਫਗਾਨਿਸਤਾਨ ਵਿੱਚ ਅਮਰੀਕੀ ਦਖਲ ਦੇ ਸਖਤ ਖਿਲਾਫ ਹੈ।
ਅਫਗਾਨਿਸਤਾਨ ਦੇ ਗੁਆਂਢੀ ਦੇਸ਼ਾਂ ਨੂੰ ਉਸ ਦੇ ਭਵਿੱਖ ਬਾਰੇ ਕੋਈ ਸ਼ੱਕ ਨਹੀਂ ਹੈ। ਭਾਰਤ ਨੇ ਅਫਗਾਨਿਸਤਾਨ ਵਿੱਚੋਂ ਆਪਣੇ ਕੂਟਨੀਤਕਾਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਪਾਕਿਸਤਾਨ ਦੇ ਕੱਟੜ ਹਮਾਇਤੀ ਹੋਣ ਕਾਰਨ ਤਾਲਿਬਾਨ ਦੇ ਭਾਰਤ ਨਾਲ ਸਬੰਧ ਠੀਕ ਨਹੀਂ ਹਨ। ਇਸ ਤੋਂ ਇਲਾਵਾ ਅਫਗਾਨਿਸਤਾਨ ਦੇ ਤੇਜ਼ੀ ਨਾਲ ਬਦਲ ਰਹੇ ਰਾਜਨੀਤਕ ਹਾਲਾਤ ਨੂੰ ਵੇਖਦੇ ਹੋਏ ਇਰਾਨ, ਚੀਨ, ਰੂਸ, ਤੁਰਕੀ, ਤੁਰਮੇਨਿਸਤਾਨ, ਉਜ਼ਬੇਕਿਸਤਾਨ ਅਤੇ ਤਾਜ਼ਿਕਸਤਾਨ ਦੀਆਂ ਸਰਕਾਰਾਂ ਨੇ ਹੁਣ ਤੋਂ ਹੀ ਤਾਲਿਬਾਨ ਨਾਲ ਕੂਟਨੀਤਕ ਗੱਲਬਾਤ ਸ਼ੁਰੂ ਕਰ ਦਿੱਤੀ ਹੈ। ਚੀਨ ਅਤੇ ਰੂਸ ਨੇ ਤਾਂ ਤਾਲਿਬਾਨ ਨੂੰ ਹਥਿਆਰ ਅਤੇ ਹੋਰ ਮਦਦ ਵੀ ਭੇਜਣੀ ਸ਼ੁਰੂ ਕਰ ਦਿੱਤੀ ਹੈ। ਇਸ ਗੜਬੜ ਦਾ ਸਭ ਤੋਂ ਜਿਆਦਾ ਫਾਇਦਾ ਪਾਕਿਸਤਾਨ ਨੂੰ ਮਿਲਣ ਵਾਲਾ ਹੈ ਕਿਉਂਕਿ ਉਸ ਦੇ ਅਸ਼ਰਫ ਗਨੀ ਸਰਕਾਰ ਨਾਲ ਸਬੰਧ ਬੇਹੱਦ ਖਰਾਬ ਸਨ। ਅਸ਼ਰਫ ਗਨੀ ਨੇ ਅਨੇਕਾਂ ਵਾਰ ਪਾਕਿਸਤਾਨ ‘ਤੇ ਅਫਗਾਨਿਸਤਾਨ ਵਿੱਚ ਅੱਤਵਾਦ ਨੂੰ ਸ਼ਹਿ ਦੇਣ ਦੇ ਗੰਭੀਰ ਦੋਸ਼ ਲਗਾਏ ਸਨ। ਤਾਲਿਬਾਨ ਨੂੰ ਕਾਮਯਾਬ ਹੋਣ ਲਈ ਪਾਕਿਸਤਾਨੀ ਆਰਥਿਕ, ਸੈਨਿਕ ਅਤੇ ਕੂਟਨੀਤਕ ਮਦਦ ਦੀ ਸਖਤ ਜਰੂਰਤ ਹੈ। ਇਸ ਲਈ ਅਫਗਾਨਿਸਤਾਨ ਇੱਕ ਤਰਾਂ ਨਾਲ ਪਾਕਿਸਤਾਨ ਦੀ ਬਸਤੀ ਬਣਨ ਵੱਲ ਵਧ ਇਹਾ ਹੈ।
ਤਾਲਿਬਾਨ ਦੇ ਕਬਜ਼ੇ ਦਾ ਸਭ ਤੋਂ ਵੱਧ ਨੁਕਸਾਨ ਵਿਦਿਅਕ ਖੇਤਰ ਅਤੇ ਮਹਿਲਾਵਾਂ ਨੂੰ ਹੋਵੇਗਾ। ਅਫਗਾਨਿਸਤਾਨ ਨੂੰ ਮੱਧ ਯੁੱਗ ਵਿੱਚ ਧੱਕ ਕੇ ਸਕੂਲ ਕਾਲਜਾਂ ਦੀ ਬਜਾਏ ਮਦਰੱਸੇ ਖੋਲ੍ਹ ਦਿੱਤੇ ਜਾਣਗੇ ਅਤੇ ਔਰਤਾਂ ਨੂੰ ਘਰਾਂ ਵਿੱਚ ਕੈਦ ਕਰ ਦਿੱਤਾ ਜਾਵੇਗਾ। ਅਫਗਾਨਿਸਤਾਨ ਦੁਬਾਰਾ ਅਲ ਕਾਇਦਾ, ਆਈ.ਐਸ., ਜੈਸ਼ੇ ਮੁਹੰਮਦ ਅਤੇ ਹਿਜ਼ਬੁਲ ਮੁਜ਼ਾਹਦੀਨ ਵਰਗੀਆਂ ਜਥੇਬੰਦੀਆਂ ਦੀ ਨਰਸਰੀ ਬਣ ਜਾਵੇਗਾ ਜਿੱਥੇ ਬਿਨਾਂ ਕਿਸੇ ਡਰ ਭੈਅ ਦੇ ਅੱਤਵਾਦੀ ਤੇ ਮਨੁੱਖੀ ਬੰਬ ਤਿਆਰ ਕਰ ਕੇ ਸਾਰੇ ਸੰਸਾਰ ਵਿੱਚ ਭੇਜੇ ਜਾਣਗੇ। ਇਸ ਵੇਲੇ ਅਫਗਾਨ ਸਰਕਾਰ ਅਤੇ ਤਾਲਿਬਾਨ ਵਿੱਚਕਾਰ ਕਿਸੇ ਵੀ ਸਮਝੌਤੇ ਦੇ ਆਸਾਰ ਬਿਲਕੁਲ ਖਤਮ ਹੋ ਚੁੱਕੇ ਹਨ। ਅਮਰੀਕੀ ਫੌਜ ਦੇ ਦੇਸ਼ ਤੋਂ ਬਾਹਰ ਨਿਕਲ ਜਾਣ ਕਾਰਨ ਤਾਲਿਬਾਨ ਨੂੰ ਬੇਹੱਦ ਅਸਾਨ ਜਿੱਤਾਂ ਪ੍ਰਾਪਤ ਹੋ ਰਹੀਆਂ ਹਨ ਤੇ ਉਹ ਇਸ ਸਫਲਤਾ ਨੂੰ ਅੱਧਵਾਟੇ ਛੱਡਣ ਲਈ ਤਿਆਰ ਨਹੀਂ। ਪਰ ਇਸ ਸਭ ਦੇ ਬਾਵਜੂਦ ਇਹ ਅਟੱਲ ਸੱਚਾਈ ਹੈ ਕਿ ਹਰ ਮਸਲੇ ਦਾ ਹੱਲ ਆਖਰ ਗੱਲਬਾਤ ਨਾਲ ਹੀ ਹੋ ਸਕਦਾ ਹੈ। ਇਸ ਵੇਲੇ ਤਾਲਿਬਾਨ ਸਿਰਫ ਅਮਰੀਕਾ ਅਤੇ ਪਾਕਿਸਤਾਨ ਦੀ ਗੱਲ ਮੰਨ ਸਕਦੇ ਹਨ। ਇਸ ਲਈ ਇਨ੍ਹਾਂ ਦੇਸ਼ਾਂ ਨੂੰ ਚਾਹੀਦਾ ਹੈ ਉਹ ਇਸ ਮਸਲੇ ਦਾ ਕੋਈ ਠੋਸ ਹੱਲ ਕਰਨ।