ਭਾਰਤ ਦੇ ਉਪ-ਰਾਸ਼ਟਰਪਤੀ ਜਗਦੀਪ ਧਨਖੜ ਨੇ ਸੋਮਵਾਰ 22 ਜੁਲਾਈ 2025 ਨੂੰ ਅਚਾਨਕ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਉਹਨਾਂ ਆਪਣੇ ਅਸਤੀਫ਼ੇ ਦਾ ਕਾਰਣ ਸਿਹਤ ਕਾਰਣਾਂ ਨੂੰ ਦੱਸਿਆ ਹੈ। ਪਰ ਕੀ ਉਪ-ਰਾਸ਼ਟਰਪਤੀ ਜਗਦੀਪ ਧਨਖੜ ਨੇ ਆਪਣਾ ਅਸਤੀਫ਼ਾ ਬਿਮਾਰੀ ਦੀ ਵਜ੍ਹਾ ਦੇ ਕਰਕੇ ਹੀ ਦਿੱਤਾ? ਕਿਸੇ ਦਬਾਅ ਦੇ ਕਾਰਣ ਦਿੱਤਾ? ਕੀ ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਜਗਦੀਪ ਧਨਖੜ ਤੋਂ ਨਾਰਾਜ਼ ਸੀ? ਕੀ ਧਨਖੜ ਵਿਰੋਧੀ ਆਗੂਆਂ ਦੇ ਨੇੜੇ ਆ ਰਹੇ ਸਨ? ਜਾਂ ਇਸ ਪਿੱਛੇ ਕੋਈ ਹੋਰ ਕਾਰਣ ਹਨ? ਭਾਰਤੀ ਸਿਆਸਤ ਦੇ ਵਿੱਚ ਇਹਨਾਂ ਸਵਾਲਾਂ ਦੇ ਜਵਾਬ ਜਾਨਣ ਦੇ ਯਤਨ ਤੇਜ਼ ਹੋ ਗਏ ਹਨ।
ਭਾਰਤ ਦੇ 14ਵੇਂ ਉਪ-ਰਾਸ਼ਟਰਪਤੀ ਜਗਦੀਪ ਧਨਖੜ ਤੋਂ ਪਹਿਲਾਂ ਦੋ ਹੋਰ ਉਪ-ਰਾਸ਼ਟਰਪਤੀ ਆਪਣਾ ਕਾਰਜਕਾਲ ਪੂਰਾ ਨਹੀਂ ਕਰ ਸਕੇ ਸਨ। ਕ੍ਰਿਸ਼ਨ ਕਾਂਤ ਨੇ 21 ਅਗਸਤ 1997 ਨੂੰ ਉਪ-ਰਾਸ਼ਟਰਪਤੀ ਵਜੋਂ ਸਹੁੰ ਚੁੱਕੀ ਪਰ 27 ਜੁਲਾਈ 2002 ਨੂੰ ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਇਸ ਕਾਰਨ ਉਹ ਆਪਣਾ ਕਾਰਜਕਾਲ ਪੂਰਾ ਨਹੀਂ ਕਰ ਸਕੇ। ਇਸ ਤੋਂ ਇਲਾਵਾ, ਵਰਾਹਗਿਰੀ ਵੈਂਕਟ ਗਿਰੀ (ਵੀ.ਵੀ. ਗਿਰੀ) ਨੇ ਵੀ 1969 ਵਿੱਚ ਉਪ-ਰਾਸ਼ਟਰਪਤੀ ਵਜੋਂ ਆਪਣੇ ਕਾਰਜਕਾਲ ਦੌਰਾਨ ਅਸਤੀਫਾ ਦੇ ਦਿੱਤਾ ਸੀ ਤਾਂ ਜੋ ਉਹ ਰਾਸ਼ਟਰਪਤੀ ਚੋਣ ਲੜ ਸਕਣ।
ਉਪ-ਰਾਸ਼ਟਰਪਤੀ ਜਗਦੀਪ ਧਨਖੜ ਨੇ ਜੈਪੁਰ ਦਾ 23 ਜੁਲਾਈ ਨੂੰ ਦੌਰਾ ਕਰਨਾ ਤੈਅ ਸੀ ਪਰ ਉਹਨਾਂ ਨੇ ਰਾਤ ਨੂੰ ਅਚਾਨਕ ਅਸਤੀਫ਼ਾ ਦੇ ਦਿੱਤਾ। ਭਾਰਤ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਮੰਗਲਵਾਰ ਨੂੰ ਹੀ ਉਪ-ਰਾਸ਼ਟਰਪਤੀ ਜਗਦੀਪ ਧਨਖੜ ਦਾ ਅਸਤੀਫ਼ਾ ਸਵੀਕਾਰ ਵੀ ਕਰ ਲਿਆ। ਗ੍ਰਹਿ ਮੰਤਰਾਲੇ ਨੇ ਉਨ੍ਹਾਂ ਦਾ ਗਜ਼ਟ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਉਨ੍ਹਾਂ ਦੀ ਚੰਗੀ ਸਿਹਤ ਦੀ ਕਾਮਨਾ ਕੀਤੀ। ਰਾਜ ਸਭਾ ਦੇ ਉਪ ਚੇਅਰਮੈਨ ਹਰੀਵੰਸ਼ ਰਾਸ਼ਟਰਪਤੀ ਨਾਲ ਮਿਲੇ। ਉਨ੍ਹਾਂ ਨੇ ਹੀ ਸਵੇਰੇ 11 ਵਜੇ ਰਾਜ ਸਭਾ ਦੀ ਕਾਰਵਾਈ ਸ਼ੁਰੂ ਕੀਤੀ ਜਦਕਿ ਧਨਖੜ ਨੇ ਅੱਜ ਸਦਨ ਦੀ ਕਾਰਵਾਈ ਵਿੱਚ ਹਿੱਸਾ ਨਹੀਂ ਲਿਆ।
ਕਾਂਗਰਸ ਦੇ ਨੇਤਾ ਜੈਰਾਮ ਰਮੇਸ਼ ਨੇ ਇਸ ਸਬੰਧੀ ਦੱਸਿਆ ਹੈ ਕਿ, ‘ਜਗਦੀਪ ਧਨਖੜ ਨੇ ਕੱਲ੍ਹ ਦੁਪਹਿਰ 12:30 ਵਜੇ ਰਾਜ ਸਭਾ ਦੀ ਵਪਾਰ ਸਲਾਹਕਾਰ ਕਮੇਟੀ ਦੀ ਪ੍ਰਧਾਨਗੀ ਕੀਤੀ ਸੀ। ਇਸ ਮੀਟਿੰਗ ਵਿੱਚ ਜੇਪੀ ਨੱਡਾ ਅਤੇ ਕਿਰਨ ਰਿਜਿਜੂ ਸਮੇਤ ਜ਼ਿਆਦਾਤਰ ਮੈਂਬਰ ਮੌਜੂਦ ਸਨ। ਮੀਟਿੰਗ ਸ਼ਾਮ 4:30 ਵਜੇ ਦੁਬਾਰਾ ਹੋਈ, ਪਰ ਜੇਪੀ ਨੱਡਾ ਅਤੇ ਰਿਜਿਜੂ ਨਹੀਂ ਆਏ। ਇਸ ਤੋਂ ਸਪੱਸ਼ਟ ਹੈ ਕਿ ਦੁਪਹਿਰ 1 ਵਜੇ ਤੋਂ 4:30 ਵਜੇ ਦੇ ਵਿਚਕਾਰ ਕੁਝ ਗੰਭੀਰ ਵਾਪਰਿਆ, ਜਿਸ ਕਾਰਣ ਦੋ ਵੱਡੇ ਭਾਜਪਾ ਨੇਤਾ ਮੀਟਿੰਗ ਵਿੱਚੋਂ ਗੈਰਹਾਜ਼ਰ ਰਹੇ। ਇਹ ਅਸਤੀਫ਼ਾ ਧਨਖੜ ਬਾਰੇ ਬਹੁਤ ਕੁੱਝ ਕਹਿੰਦਾ ਹੈ ਅਤੇ ਉਨ੍ਹਾਂ ਲੋਕਾਂ ਦੇ ਇਰਾਦਿਆਂ ‘ਤੇ ਵੀ ਸਵਾਲ ਉਠਾਉਂਦਾ ਹੈ ਜਿਨ੍ਹਾਂ ਨੇ ਉਨ੍ਹਾਂ ਨੂੰ ਉਪ-ਰਾਸ਼ਟਰਪਤੀ ਦੇ ਅਹੁਦੇ ‘ਤੇ ਲਿਆਂਦਾ।’
ਜੇਕਰ ਮੰਗਲਵਾਰ 22 ਜੁਲਾਈ ਵਾਲੇ ਦਿਨ ਦੀ ਰਾਜ ਸਭਾ ਸੈਸ਼ਨ ਦੀ ਕਾਰਵਾਈ ‘ਤੇ ਨਜ਼ਰ ਮਾਰੀਏ, ਤਾਂ ਵਿਵਾਦ ਸਵੇਰੇ 11:35 ਵਜੇ ਦੇ ਕਰੀਬ ਸ਼ੁਰੂ ਹੋਇਆ, ਜਦੋਂ ਮਲਿਕਾਰੁਜਨ ਖੜਗੇ ਨੇ ਪਹਿਲਗਾਮ ਹਮਲੇ ਅਤੇ ਆਪ੍ਰੇਸ਼ਨ ਸਿੰਦੂਰ ‘ਤੇ ਚਰਚਾ ਦੀ ਮੰਗ ਕੀਤੀ। ਵਿਰੋਧੀ ਧਿਰ ਲਗਾਤਾਰ ਹੰਗਾਮਾ ਕਰ ਰਹੀ ਸੀ। ਖੜਗੇ ਨੇ ਕਿਹਾ ਕਿ ਅੱਤਵਾਦੀ ਨਹੀਂ ਫੜੇ ਗਏ, ਅਮਰੀਕਾ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਕਰਵਾਈ, ਆਦਿ … ਆਦਿ। ਇਸ ਦੌਰਾਨ ਸਰਕਾਰ ਵੱਲੋਂ ਲਗਾਤਾਰ ਦਖਲਅੰਦਾਜ਼ੀ ਕੀਤੀ ਗਈ ਪਰ ਉਪ-ਰਾਸ਼ਟਰਪਤੀ ਜਗਦੀਪ ਧਨਖੜ ਨੇ ਭਾਜਪਾ ਦੇ ਹੀ ਆਗੂ ਜੇਪੀ ਨੱਡਾ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ। ਫਿਰ ਲਗਭਗ 4 ਮਿੰਟ ਬਾਅਦ ਜੇਪੀ ਨੱਡਾ ਨੂੰ ਬੋਲਣ ਦਾ ਮੌਕਾ ਮਿਲਿਆ। ਇਸ ਤੋਂ ਬਾਅਦ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਵੱਲੋਂ ਰੌਲਾ ਪਾ ਦਿੱਤਾ ਗਿਆ। ਭਾਜਪਾ ਆਗੂ ਨੱਡਾ ਨੇ ਕਿਹਾ ਕਿ, ਸਿਰਫ਼ ਮੈਂ ਜੋ ਕਹਿੰਦਾ ਹਾਂ ਉਹ ਰਿਕਾਰਡ ‘ਤੇ ਰਹੇਗਾ।’ ਉਨ੍ਹਾਂ ਨੇ ਇਹ ਟਿੱਪਣੀ ਵਿਰੋਧੀ ਧਿਰ ਨੂੰ ਕੀਤੀ ਜਦਕਿ ਸਪੀਕਰ ਨੂੰ ਨਹੀਂ।
ਜਗਦੀਪ ਧਨਖੜ ਦੇ ਅਸਤੀਫ਼ੇ ਦਾ ਇਹੀ ਇਕਲੌਤਾ ਕਾਰਨ ਨਹੀਂ ਹੋ ਸਕਦਾ। ਇਸ ਤੋਂ ਬਾਅਦ ਜੋ ਹੋਇਆ ਉਸ ਨੇ ਸਰਕਾਰ ਨੂੰ ਬੇਚੈਨ ਕਰ ਦਿੱਤਾ। ਮੰਗਲਵਾਰ ਸ਼ਾਮ 4:07 ਵਜੇ, ਸਪੀਕਰ ਜਗਦੀਪ ਧਨਖੜ ਨੇ ਜਸਟਿਸ ਵਰਮਾ ਵਿਰੁੱਧ ਮਹਾਂਦੋਸ਼ ਪ੍ਰਸਤਾਵ ‘ਤੇ 63 ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਤੋਂ ਨੋਟਿਸ ਪ੍ਰਾਪਤ ਹੋਣ ਬਾਰੇ ਜਾਣਕਾਰੀ ਦਿੱਤੀ ਸੀ। ਉਨ੍ਹਾਂ ਇਸ ਨਾਲ ਸਬੰਧਤ ਨਿਯਮਾਂ ਦਾ ਹਵਾਲਾ ਦਿੱਤਾ ਅਤੇ ਇਹ ਵੀ ਪੁੱਛਿਆ ਕਿ ਕੀ ਇਹੀ ਪ੍ਰਸਤਾਵ ਲੋਕ ਸਭਾ ਵਿੱਚ ਵੀ ਲਿਆਂਦਾ ਗਿਆ ਹੈ? ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਜਵਾਬ ਦਿੱਤਾ ਕਿ ਲੋਕ ਸਭਾ ਸਪੀਕਰ ਨੂੰ ਵਿਰੋਧੀ ਧਿਰ ਅਤੇ ਭਾਜਪਾ ਸੰਸਦ ਮੈਂਬਰਾਂ ਤੋਂ ਨੋਟਿਸ ਪ੍ਰਾਪਤ ਹੋਏ ਹਨ। ਦੱਸਿਆ ਜਾਂਦਾ ਹੈ ਕਿ ਇਸ ਤੋਂ ਬਾਅਦ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਦਫ਼ਤਰ ਵਿੱਚ ਭਾਜਪਾ ਦੇ ਰਾਜ ਸਭਾ ਦੇ ਸੰਸਦ ਮੈਂਬਰਾਂ ਦੀ ਇੱਕ ਮੀਟਿੰਗ ਹੋਈ। ਉਨ੍ਹਾਂ ਤੋਂ ਇੱਕ ਕੋਰੇ ਕਾਗਜ਼ ‘ਤੇ ਦਸਤਖਤ ਕਰਵਾਏ ਗਏ, ਬਿਨਾਂ ਇਹ ਦੱਸੇ ਕਿ ਦਸਤਖਤ ਕਿਸ ਲਈ ਸਨ। ਕਿਹਾ ਜਾਂਦਾ ਹੈ ਕਿ ਸਰਕਾਰ ਨੂੰ ਇਸ ਮਹਾਂਦੋਸ਼ ਪ੍ਰਸਤਾਵ ਬਾਰੇ ਪਤਾ ਨਹੀਂ ਸੀ। ਇਹ ਸਰਕਾਰ ਲਈ ਬਹੁਤ ਸ਼ਰਮਨਾਕ ਪਲ ਸੀ। ਸ਼ਾਇਦ ਇਸੇ ਲਈ ਜੇਪੀ ਨੱਡਾ ਅਤੇ ਕਿਰਨ ਰਿਜੀਜੂ ਬੀਏਸੀ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ ਅਤੇ ਉਸ ਤੋਂ ਬਾਅਦ ਧਨਖੜ ਨੇ ਅਸਤੀਫਾ ਦੇ ਦਿੱਤਾ।
ਵੈਸੇ ਦੇਖਿਆ ਜਾਵੇ ਤਾਂ ਜਗਦੀਪ ਧਨਖੜ ਦਾ ਕਾਰਜਕਾਲ ਪਹਿਲਾਂ ਹੀ ਵਿਵਾਦਾਂ ਨਾਲ ਭਰਿਆ ਰਿਹਾ ਹੈ। ਇਸ ਤੋਂ ਪਹਿਲਾਂ ਪੱਛਮੀ ਬੰਗਾਲ ਦੇ ਰਾਜਪਾਲ ਹੁੰਦਿਆਂ ਉਹ ਮਮਤਾ ਬੈਨਰਜੀ ਨਾਲ ਟਕਰਾਉਂਦੇ ਰਹੇ ਹਨ। ਉਪ-ਰਾਸ਼ਟਰਪਤੀ ਬਣਨ ਤੋਂ ਬਾਅਦ ਵੀ ਵਿਰੋਧੀ ਧਿਰ ਨੇ ਉਨ੍ਹਾਂ ‘ਤੇ ਕਈ ਵਾਰ ਭਾਜਪਾ ਦਾ ਪੱਖ ਲੈਣ ਦਾ ਦੋਸ਼ ਲਗਾਇਆ ਸੀ। 2023 ਵਿੱਚ ਕਿਸਾਨ ਅੰਦੋਲਨ ‘ਤੇ ਉਨ੍ਹਾਂ ਨੇ ਕਿਹਾ ਸੀ ਕਿ ਇਹ ਲੋਕ ਅਸਲ ਕਿਸਾਨ ਨਹੀਂ ਹਨ ਅਤੇ ਦੇਸ਼ ਨੂੰ ਬਦਨਾਮ ਕਰ ਰਹੇ ਹਨ। ਕਿਸਾਨ ਸੰਗਠਨਾਂ ਨੇ ਇਸ ‘ਤੇ ਇਤਰਾਜ਼ ਜਿਤਾਇਆ ਸੀ।
ਦਸੰਬਰ 2023 ਦੇ ਸਰਦ ਰੁੱਤ ਸੈਸ਼ਨ ਵਿੱਚ 141 ਸੰਸਦ ਮੈਂਬਰਾਂ ਨੂੰ ਮੁਅੱਤਲ ਕੀਤਾ ਗਿਆ ਸੀ, ਜਿਸ ਵਿੱਚ ਧਨਖੜ ਨੇ 34 ਸੰਸਦ ਮੈਂਬਰਾਂ ਨੂੰ ਰਾਜ ਸਭਾ ਤੋਂ ਮੁਅੱਤਲ ਕਰ ਦਿੱਤਾ ਸੀ। ਇਸਦਾ ਵਿਰੋਧ ਕਰਦੇ ਹੋਏ, ਟੀਐਮਸੀ ਸੰਸਦ ਮੈਂਬਰ ਕਲਿਆਣ ਬੈਨਰਜੀ ਨੇ ਉਨ੍ਹਾਂ ਦੀ ਨਕਲ ਕੀਤੀ ਜਿਸਨੂੰ ਰਾਹੁਲ ਗਾਂਧੀ ਨੇ ਦਰਜ ਕੀਤਾ ਸੀ। ਅਗਲੇ ਦਿਨ ਧਨਖੜ ਨੇ ਇਸਨੂੰ ਆਪਣੇ ਜਾਟ ਅਤੇ ਕਿਸਾਨ ਪਿਛੋਕੜ ਦਾ ਅਪਮਾਨ ਕਿਹਾ ਸੀ।
ਕੀ ਹੁਣ ਕਾਰਜਕਾਰੀ ਉਪ-ਰਾਸ਼ਟਰਪਤੀ ਨਿਯੁਕਤ ਕੀਤਾ ਜਾਵੇਗਾ? ਉਪ-ਰਾਸ਼ਟਰਪਤੀ ਦੀ ਚੋਣ ਕਦੋਂ ਹੋਵੇਗੀ? ਕੀ ਨਵੇਂ ਉਪ-ਰਾਸ਼ਟਰਪਤੀ ਦਾ ਕਾਰਜਕਾਲ ਪੰਜ ਸਾਲ ਹੋਵੇਗਾ 2027 ਤੱਕ ਨਹੀਂ? ਇਸ ਸਬੰਧੀ ਸੰਵਿਧਾਨ ਦੇ ਵਿੱਚ ਸਪੱਸ਼ਟਤਾ ਨਹੀਂ ਹੈ। ਉਪ-ਰਾਸ਼ਟਰਪਤੀ ਦੀ ਚੋਣ ਚੋਣ-ਕਮਿਸ਼ਨ ਦੁਆਰਾ ਕੀਤੀ ਜਾਵੇਗੀ। ਆਮ ਜਨਤਾ ਉਪ-ਰਾਸ਼ਟਰਪਤੀ ਦੀ ਚੋਣ ਨਹੀਂ ਕਰਦੀ, ਸਗੋਂ ਰਾਜ ਸਭਾ ਅਤੇ ਲੋਕ ਸਭਾ ਦੇ ਸੰਸਦ ਮੈਂਬਰ ਵੋਟ ਪਾਉਂਦੇ ਹਨ। ਆਉਣ ਵਾਲੇ ਦਿਨਾਂ ਵਿੱਚ ਚੋਣ ਕਮਿਸ਼ਨ ਚੋਣ ਸ਼ਡਿਊਲ ਜਾਰੀ ਕਰੇਗਾ। ਇਸ ਤੋਂ ਬਾਅਦ ਨਾਮਜ਼ਦਗੀਆਂ ਕੀਤੀਆਂ ਜਾਣਗੀਆਂ ਅਤੇ ਸੰਸਦ ਮੈਂਬਰਾਂ ਨੂੰ ਤਰਜੀਹ ਦੇ ਆਧਾਰ ‘ਤੇ ਦਰਜਾ ਦਿੱਤਾ ਜਾਵੇਗਾ। ਇਸ ਵੇਲੇ ਭਾਰਤੀ ਸੰਸਦ ਵਿੱਚ ਕੁੱਲ 782 ਸੰਸਦ ਮੈਂਬਰ ਹਨ ਅਤੇ ਕਿਸੇ ਵੀ ਮਤੇ ਨੂੰ ਪਾਸ ਕਰਾਉਣ ਲਈ 392 ਸੰਸਦ ਮੈਂਬਰਾਂ ਦੀ ਹਾਂ ਚਾਹੀਦੀ ਹੈ। ਭਾਰਤ ਦਾ ਅਗਲਾ ਉਪ-ਰਾਸ਼ਟਰਪਤੀ ਕੌਣ ਬਣੇਗਾ? ਇਸ ਸਬੰਧੀ ਹਾਲੇ ਕੁੱਝ ਦਿਨ ਹੋਰ ਇੰਤਜ਼ਾਰ ਕਰਨਾ ਹੋਵੇਗਾ। ਪਰ ਹਾਲ ਦੀ ਘੜੀ ਉਪ-ਰਾਸ਼ਟਰਪਤੀ ਦੇ ਅਹੁਦੇ ਨੂੰ ਲੈ ਕੇ ਰਾਜਨੀਤਕ ਸਰਗਰਮੀਆਂ ਤੇਜ਼ ਹੋ ਗਈਆਂ ਹਨ।