Articles

ਜਥੇਦਾਰ ਅਕਾਲ ਤਖਤ ਗਿਆਨੀ ਹਰਪ੍ਰੀਤ ਸਿੰਘ ਵਲੋਂ ਹਵਾਲਦਾਰ ਈਸ਼ਰ ਸਿੰਘ ਦੇ ਬੁੱਤ ਦੇ ਉਦਘਾਟਨ ‘ਤੇ ਹਾਲ ਪਾਹਰਿਆ

ਲੇਖਕ: ਕੁਲਵੰਤ ਸਿੰਘ ਢੇਸੀ, ਯੂ ਕੇ

ਨਹੀਂ ਜੇ ਸ਼ੌਂਕ ਮੱਚਣ ਦਾ ਤਾਂ ਅੱਗ ਤੋਂ ਫਾਸਿਲਾ ਰੱਖੀਂ, ਨਾ ਬਲਦੇ ਸੂਰਜਾਂ ਦੇ ਨਾਲ ਆਪਣਾ ਰਾਬਤਾ ਰੱਖੀਂ

ਅੱਜਕਲ ਗੁਰੂ ਨਾਨਕ ਗੁਰਦੁਆਰਾ ਵੈਂਨਸਫੀਲਡ (ਵੁਲਵਰਹੈਂਪਟਨ)ਦੀ ਕਮੇਟੀ ਦੇ ਸੱਦੇ ‘ਤੇ ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਯੂ ਕੇ ਦੇ ਦੌਰੇ ‘ਤੇ ਹੈ। ਗਿਆਨੀ ਹਰਪ੍ਰੀਤ ਸਿੰਘ ਵਲੋਂ ਸਾਰਾਗੜ੍ਹੀ ਜੰਗ ਦੇ ਹਵਾਲਦਾਰ ਈਸ਼ਰ ਸਿੰਘ ਦੇ ਬੁੱਤ ਦਾ ਜੋ ਉਦਘਾਟਨ ਕੀਤਾ ਜਾ ਰਿਹਾ ਹੈ ਇਸ ‘ਤੇ ਮੀਡੀਏ ਵਿਚ ਬਵਾਲ ਖੜ੍ਹਾ ਹੋ ਗਿਆ ਹੈ ਕਿ ਜਿਸ ਫਿਰੰਗੀ ਨਾਲ ਲੜਦਿਆਂ ਪੰਥ ਨੇ ਲਾਸਾਨੀ ਕੁਰਬਾਨੀਆਂ ਦਿੱਤੀਆਂ ਕੀ ਉਸੇ ਫਿਰੰਗੀ ਦੀ ਫੌਜ ਦੇ ਤਨਖਾਹਦਾਰ ਹਵਾਲਦਾਰ ਦੇ ਬੁੱਤ ਦਾ ਉਦਘਾਟਨ ਜਥੇਦਾਰ ਸ੍ਰੀ ਅਕਾਲ ਤਖਤ ਵਲੋਂ ਕਰਨਾ ਜਾਇਜ਼ ਹੈ ਜਾਂ ਨਹੀਂ। ਉਦਘਾਟਨ ਦੇ ਹੱਕ ਵਿਚ ਅਤੇ ਵਿਰੋਧ ਵਿਚ ਸੋਸ਼ਲ ਮੀਡੀਏ ਤੇ ਜ਼ੋਰ ਅਜਮਾਈ ਕੀਤੀ ਜਾ ਰਹੀ ਹੈ। ਇਸ ਬਹਿੰਸ ਵਿਚ ਜ਼ਿਆਦਾਤਰ ਪੰਥਕ ਅਖਵਾਉਣ ਵਾਲੀਆਂ ਜਥੇਬੰਦੀਆਂ ਦੇ ਆਗੂਆਂ ਦੀ ਰੱਸਾਕਸ਼ੀ ਹੋ ਰਹੀ ਹੈ ਜਿਹਨਾ ਦਾ ਮਨੋਰਥ ਸਿਧਾਂਤਕ ਘੱਟ ਅਤੇ ਧੜੇਬੰਦਕ ਬਹੁਤਾ ਹੁੰਦਾ ਹੈ। ਆਓ ਪਹਿਲਾਂ ਸੰਖੇਪ ਵਿਚ ਸਾਰਾਗੜ੍ਹੀ ਦੀ ਜੰਗ ‘ਤੇ ਨਜ਼ਰ ਮਾਰ ਲਈਏ –

ਦੁਨੀਆਂ ਦੀਆਂ 8 ਅਹਿਮ ਜੰਗਾਂ ਵਿਚ ਸ਼ੁਮਾਰ ਹੈ ਨਾਮ ਸਾਰਾਗੜ੍ਹੀ ਦੀ ਜੰਗ ਦਾ

ਜਿਸ ਧਜ ਸੇ ਕੋਈ ਮਕਤਲ ਮੇਂ ਗਿਆ, ਵੋ ਸ਼ਾਨ ਸਲਾਮਤ ਰਹਿਤੀ ਹੈ

ਯਿਹ ਜਾਨ ਤੋ ਆਨੀ ਜਾਨੀ ਹੈ, ਇਸ  ਜਾਨ  ਕੀ  ਕੋਈ  ਬਾਤ  ਨਹੀਂ

ਇਹ ਲੜਾਈ 12 ਸਤੰਬਰ 1897 ਨੂੰ ਬ੍ਰਿਟਿਸ਼ ਭਾਰਤੀ ਫੌਜ ਦੇ 21 ਸਿੱਖ ਜਵਾਨਾਂ ਵਲੋਂ ਅਫਗਾਨੀ ਸਰਹੱਦ ‘ਤੇ ਪਠਾਣਾ ਤੇ ਅਫਰੀਦੀ ਕਬਾਈਲੀਆਂ ਨਾਲ ਲੜੀ ਗਈ ਸੀ ਜਿਹਨਾ ਦੀ ਗਿਣਤੀ 10 ਹਜ਼ਾਰ ਤੋਂ ਵੱਧ ਦੱਸੀ ਜਾਂਦੀ ਹੈ।

ਹਵਾਲਦਾਰ ਈਸ਼ਰ ਸਿੰਘ 36 ਸਿੱਖ ਰਜਮੈਂਟ ਦੀ ਅਗਵਾਈ ਕਰ ਰਹੇ ਸਨ ਜਿਸ ਨੂੰ ਅੱਜਕਲ 4 ਸਿੱਖ ਰਜਮੈਟ ਕਿਹਾ ਜਾਂਦਾ ਹੈ। ਉਹ ਪਿੱਛਿਓਂ ਪਿੰਡ ਝੋਰੜਾਂ ਜ਼ਿਲਾ ਲੁਧਿਆਣਾ ਤੋਂ ਗਿੱਲ ਸਰਦਾਰ ਸਨ। ਸਾਰਾਗੜ੍ਹੀ ਦੀ ਜੰਗ ਦੁਨੀਆਂ ਦੀ ਸਿਰਕੱਢ ਅਸਾਵੀਂ ਤੇ ਜਾਂਬਾਜੀ ਵਾਲੀ ਜੰਗ ਮੰਨੀ ਜਾਂਦੀ ਹੈ ਜਦੋਂ ਕਿ ਕੇਵਲ 21 ਸਿੱਖ ਫੌਜੀ ਹਜ਼ਾਰਾਂ ਅਫਗਾਨੀਆਂ ਨਾਲ ਲੜਦੇ ਜਾਨਾਂ ਵਾਰ ਜਾਂਦੇ ਹਨ ਭਾਵੇਂ ਕਿ ਉਹਨਾ ਨੂੰ ਪਿੱਛੇ ਹਟ ਜਾਣ ਦੇ ਅਦੇਸ਼ ਦਿੱਤੇ ਗਏ ਸਨ ਪਰ ਉਹਨਾ ਨੇ ਆਪਣੇ ਸਿੱਖੀ ਸਿਦਕ ਦੀ ਸਾਬਤੀ ਲਈ ਪਿੱਠ ਵਿਖਾਉਣ ਨਾਲੋਂ ਆਪਾ ਵਾਰਨ ਨੂੰ ਪਹਿਲ ਦਿੱਤੀ।

12ਸਤੰਬਰ 1897 ਦੀ ਸਵੇਰ ਦੇ ਸਾਢੇ ਨੌ ਵਜੇ ਕਬਾਇਲੀਆਂ ਨੇ ਸਾਰਾਗੜ੍ਹੀ ਕਿਲੇ ਨੂੰ ਚੌਫੇਰਿਓ ਘੇਰ ਕੇ ਹਮਲਾ ਕਰ ਦਿੱਤਾ। 36 ਸਿੱਖ ਰੈਜਮੈਂਟ ਦੇ ਇਹ 21 ਸਰਦਾਰ ਏਨੀ ਦਲੇਰੀ ਨਾਲ ਲੜੇ ਕਿ ਉਹਨਾ ਨੇ 6 ਘੰਟੇ ਪਠਾਣਾ ਨੂੰ ਗੜੀ ਦੇ ਨੇੜੇ ਨਾ ਫਟਕਣ ਦਿੱਤਾ ਭਾਂਵੇ ਕਿ ਇਸ ਗਹਿਗੱਚ ਵਿਚ 12 ਸਿੱਖ ਫੌਜੀ 600 ਕਬਾਇਲੀਆਂ ਨੂੰ ਮਾਰ ਕੇ ਸ਼ਹਾਦਤ ਦਾ ਜਾਮ ਪੀ ਗਏ। ਗੜ੍ਹੀ ਵਿਚ ਬਾਕੀ ਰਹਿੰਦੇ 9 ਜਵਾਨ ਚੜ੍ਹਦੀ ਕਲਾ ਵਿਚ ਸਨ ਅਤੇ ਮੌਤ ਦਾ ਖੌਫ ਉਹਨਾ ਦੇ ਨੇੜੇ ਤੇੜੇ ਵੀ ਨਹੀਂ ਸੀ। ਪਠਾਣਾਂ ਨੇ ਗੜ੍ਹੀ ਦੀ ਕੰਧ ਵਿਚ ਪਾੜ ਪਾ ਲਿਆ ਅਤੇ ਅੰਦਰ ਅੱਗ ਲਾ ਦਿੱਤੀ। ਅੰਦਰ ਜਵਾਨਾਂ ਦਾ ਗੋਲੀ ਸਿੱਕਾ ਵੀ ਖਤਮ ਹੋ ਚੁੱਕਾ ਸੀ। ਭਾਵੇਂ ਗੜ੍ਹੀ ਵਿਚ ਧੂੰਆਂ ਹੀ ਧੂੰਆ ਹੋ ਚੁੱਕਾ ਸੀ ਪਰ ਸਿੱਖ ਜਵਾਨ ਬੋਨਟਾਂ ਨਾਲ ਜੂਝਦੇ ਇੱਕ ਇੱਕ ਕਰਕੇ ਸ਼ਹਾਦਤ ਦਾ ਜਾਮ ਪੀਂਦੇ ਗਏ। ਜਦੋਂ 20 ਫੌਜੀ ਸ਼ਹਾਦਤ ਦੇ ਗਏ ਤਾਂ ਸਿਗਨਲਮੈਨ ਗੁਰਮੁਖ ਸਿੰਘ ਨੇ ਆਪਣੇ ਕਰਨਲ ਹਾਰਟ ਨੂੰ ਸੁਨੇਹਾ ਭੇਜਿਆ ਕਿ ਮੇਰੇ ਸਾਰੇ ਸਾਥੀ ਸ਼ਹੀਦ ਹੋ ਚੁੱਕੇ ਹਨ ਅਤੇ ਹੁਣ ਮੈਨੂੰ ਇਜਾਜ਼ਤ ਦਿੱਤੀ ਜਾਵੇ ਕਿ ਮੈਂ ਸਿਗਨਲ ਬੰਦ ਕਰਕੇ ਸ਼ਹੀਦੀ ਪ੍ਰਾਪਤ ਕਰਾਂ। ਇਸ ਤਰਾਂ ਸਾਰਾਗੜ੍ਹੀ ਦਾ ਇਹ ਆਖਰੀ ਜਵਾਨ ਵੀ ਜੈਕਾਰੇ ਲਾਉਂਦਿਆਂ ਬੋਨਟ ਨਾਲ 20 ਤੋਂ ਵੱਧ ਵਿਰੋਧੀਆਂ ਨੂੰ ਢੇਰੀ ਕਰਕੇ ਸੂਰਬਤੀ ਦਾ ਇੱਕ ਨਿਵੇਕਲਾ ਇਤਹਾਸ ਸਿਰਜ ਕੇ ਸ਼ਹੀਦ ਹੋ ਗਿਆ।

ਇਹ ਗੱਲ ਖਿਆਲ ਕਰਨ ਵਾਲੀ ਹੈ ਕਿ ਕੋਈ ਸਮਾਂ ਸੀ ਜਦੋਂ ਅਫਗਾਨਿਸਤਾਨ ਦੀ ਇਸੇ ਧਰਤੀ ਤੋਂ ਬਾਬਰ, ਗਜਨਵੀ, ਦੁਰਾਨੀ ਅਤੇ ਅਬਦਾਲੀ ਵਰਗੇ ਧਾੜਵੀ ਆ ਕੇ ਸਦੀਆਂ ਬੱਧੀ ਭਾਰਤ ਦੀ ਜਰ ਜੋਰੂ ਨੂੰ ਲੁੱਟਦੇ ਰਹੇ ਸਨ। ਪਰ ਮਹਾਰਾਜਾ ਰਣਜੀਤ ਸਿੰਘ ਨੇ ਸੰਨ 1813 ਨੂੰ ਪੇਸ਼ਾਵਰ ਨੂੰ ਫਤਹਿ ਕਰਕੇ ਆਪਣੀਆਂ ਸਰਹੱਦਾਂ ਦਰਾ ਖੈਬਰ ਤਕ ਵਧਾ ਲਈਆਂ ਸਨ ਅਤੇ ਇਹ ਉਹ ਸਮਾਂ ਸੀ ਜਦੋਂ ਅਫਗਾਨੀ ਔਰਤਾਂ ਹਰੀ ਸਿੰਘ ਨਲਵਾ ਦਾ ਨਾਮ ‘ਹਰਿਆ ਰਾਂਗਲਾ’ ਕਹਿ ਕੇ ਆਪਣੇ ਬੱਚਿਆਂ ਨੂੰ ਡਰਾਇਆ ਕਰਦੀਆਂ ਸਨ।

ਯੂਨੈਸਕੋ ਨੇ ਇਸ ਜੰਗ ਦਾ ਨਾਮ ਦੁਨੀਆਂ ਦੀਆਂ 8 ਅਹਿਮ ਜੰਗਾਂ ਵਿਚ ਸ਼ਾਮਲ ਕੀਤਾ ਹੈ। ਇੰਗਲੈਂਡ ਅਤੇ ਕਨੇਡਾ ਵਿਚ ਇਸ ਦਿਨ ‘ਤੇ ਸ਼ਹੀਦ ਸਿੱਖ ਫੌਜੀਆਂ ਨੂੰ ਸਦਨ ਵਿਚ ਯਾਦ ਕੀਤਾ ਜਾਂਦਾ ਹੈ ਜਾਂ ਇੰਝ ਕਹਿ ਲਓ ਕਿ ਸਲਾਮੀ ਦਿੱਤੀ ਜਾਂਦੀ ਹੈ ਅਤੇ ਫਰਾਂਸ ਦੇ ਸਕੂਲਾਂ ਵਿਚ ਇਸ ਜੰਗ ਨੂੰ ਪੜ੍ਹਾਇਆ ਜਾਂਦਾ ਹੈ। ਇੰਗਲੈਂਡ ਦੀ ਸੈਂਡਰਸ ਆਰਮੀ ਅਕੈਡਮੀ ਵਿਚ ਸਾਰਾਗੜ੍ਹੀ ਸਬੰਧਤ ਲੈਕਚਰ ਕਰਵਾਏ ਜਾਂਦੇ ਹਨ। ਭਾਰਤ ਵਿਚ ਇਸ ਜੰਗ ਨੂੰ ਅਣਗੌਲਿਆਂ ਕੀਤਾ ਹੋਇਆ ਹੈ ਅਤੇ ਭਾਰਤੀ ਵਿੱਦਿਅਕ ਅਦਾਰਿਆਂ ਵਿਚ ਇਸ ਦਾ ਜ਼ਿਕਰ ਤਕ ਗਾਇਬ ਹੈ। ਬ੍ਰਿਟਿਸ਼ ਸਰਕਾਰ ਨੇ 36 ਸਿੱਖ ਰੈਜਮੈਂਟ ਦੇ 21 ਸ਼ਹੀਦਾਂ ਨੂੰ ‘ਇੰਡੀਅਨ ਆਡਰ ਆਫ ਮੈਰਿਟ’ ਦਾ ਸਨਮਾਨ ਦਿੱਤਾ ਅਤੇ ਹਰ ਸਿੱਖ ਫੌਜੀ ਦੇ ਪਰਿਵਾਰ ਨੂੰ ਦੋ ਦੋ ਮੁਰੱਬੇ ਜ਼ਮੀਨ ਅਤੇ 500 ਰੁਪਏ ਦਿਤੇ ਗਏ ਜੋ ਕਿ ਇਹ ਉਸ ਸਮੇਂ ਬਹੁਤ ਵੱਡੀ ਰਾਸ਼ੀ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਬਰਤਾਨਵੀ ਫੌਜ ਵਿਚ ਜੋ ਸਨਮਾਨ 36 ਸਿੱਖ ਰੈਜਮੈਂਟ ਦੇ ਸ਼ਹੀਦ ਜਵਾਨਾਂ ਨੂੰ ਦਿੱਤਾ ਗਿਆ ਏਨਾ ਵੱਡਾ ਸਨਮਾਨ ਸਾਰਾਗੜ੍ਹੀ ਦੀ ਜੰਗ ਤੋਂ ਪਹਿਲਾਂ ਅਤੇ ਮਗਰੋਂ ਅੱਜ ਤਕ ਹੋਰ ਕਿਸੇ ਪਲਟਨ ਨੂੰ ਨਹੀਂ ਦਿੱਤਾ ਗਿਆ। ਭਾਰਤ ਵਿਚ ਸਾਰਾਗੜ੍ਹੀ ਬਾਰੇ ‘ਕੇਸਰੀ’ ਨਾਮ ਦੀ ਫਿਲਮ ਵਿਚ ਕਮਾਲ ਦੀ ਪੇਸ਼ਕਾਰੀ ਕੀਤੀ ਗਈ ਅਤੇ ਬਹੁਤ ਪ੍ਰਸ਼ੰਸਾ ਵੀ ਪ੍ਰਾਪਤ ਕੀਤੀ ਅਤੇ ਇਸ ਜੰਗ ਸਬੰਧੀ ਹੋਰ ਫਿਲਮਾ ਬਣਨ ਦੇ ਵੀ ਚਰਚੇ ਹਨ।

ਗੁਰੂ ਨਾਨਕ ਗੁਰਦਵਾਰਾ ਵੈਨਸਫੀਲਡ (ਵੁਲਵਰਹੈਂਪਟਨ) ਦੀ ਕਮੇਟੀ ਵਲੋਂ ਹੌਲਦਾਰ ਈਸ਼ਰ ਸਿੰਘ ਦਾ 9 ਫੁੱਟ ਉੱਚਾ ਬੁੱਤ ਸਥਾਪਤ ਕੀਤਾ ਗਿਆ ਹੈ ਉਹ ਕਲਪਤ ਹੈ ਕਿਓਂਕਿ ਉਸ ਦੀ ਸਹੀ ਅਤੇ ਸਪੱਸ਼ਟ ਕੋਈ ਤਸਵੀਰ ਹਾਸਲ ਨਹੀਂ ਹੈ। ਇਹ ਬੁੱਤ 6 ਫੁੱਟ ਉੱਚੇ ਜਿਸ ਚਬੂਤਰੇ ਤੇ ਸਥਾਪਤ ਕੀਤਾ ਗਿਆ ਹੈ ਉਸ ‘ਤੇ ਗੁਰਬਾਣੀ ਦੀ ਤੁਕ ਲਿਖੀ ਗਈ ਹੈ –

ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕਟਿ ਮਰੈ ਕਬਹੂ  ਛਾਡੈ ਖੇਤੁ 

ਗੁਰਬਾਣੀ ਦੀ ਇਹ ਤੁਕ ਕਿਓਂਕਿ ਹਵਾਲਦਾਰ ਦੇ ਪੈਰਾਂ ਹੇਠ ਹੈ ਇਸ ਕਰਕੇ ਇਸ ਸਬੰਧੀ ਸੋਸ਼ਲ ਮੀਡੀਏ ‘ਤੇ ਗੁਰਬਾਣੀ ਦੇ ਸਤਿਕਾਰ ਦਾ ਮੁੱਦਾ ਵੀ ਭਖ ਪਿਆ ਹੈ ਕਿ ਇਹ ਤੁਕ ਜਰੂਰੀ ਲਿਖਣੀ ਸੀ ਤਾਂ ਘੱਟੋ ਘੱਟ ਬੁੱਤ ਦੇ ਉਪਰ ਲਿਖੀ ਹੋਣੀ ਚਾਹੀਦੀ ਸੀ ਨਾ ਕਿ ਹੇਠਾਂ। ਸਾਰਾਗੜ੍ਹੀ ਨਾਲ ਸਬੰਧਤ ਯੂ ਕੇ ਵਿਚ ਇਹ ਪਹਿਲੀ ਯਾਦਗਾਰ ਹੈ ਇਸ ਦੀ ਸਥਾਪਤੀ ਵਿਚ ਗੁਰਦੁਆਰਾ ਕਮੇਟੀ, ਲੋਕਲ ਕੌਂਸਲ ਜਾਂ ਹੋਰ ਜੋ ਵੀ ਵਿਅਕਤੀ ਅਤੇ ਸੰਸਥਾਵਾਂ ਸ਼ਾਮਲ ਹਨ ਉਹਨਾ ਦਾ ਫਰਜ਼ ਬਣਦਾ ਸੀ ਕਿ ਇਸ ਨੂੰ ਗੁਰਦੁਆਰੇ ਨਾਲ ਸਬੰਧਤ ਕਰਨ ਦੀ ਬਜਾਏ ਦੇਸ਼ ਦੀ ਕਿਸੇ ਜਨਥਕ ਥਾਂ ਵਿਚ ਸਥਾਪਤ ਕਰਕੇ ਇਸ ਦਾ ਉਦਘਾਟਨ ਦੇਸ਼ ਦੀ ਮਲਕਾ ਜਾਂ ਪ੍ਰਧਾਨ ਮੰਤਰੀ ਤੋਂ ਕਰਵਾਇਆ ਜਾਂਦਾ ਤਾਂ ਵਧੇਰੇ ਮੁਨਾਸਿਬ ਹੁੰਦਾ। ਜਿਵੇਂ ਕਿ ਸਾਡੇ ਸ਼ਹਿਰ ਕਾਵੈਂਟਰੀ ਵਿਚ ਵਿਸ਼ਵ ਜੰਗ ਵਿਚ ਸਿੱਖਾਂ ਦੀ ਦੇਣ ਸਬੰਧੀ ਯਾਦਗਾਰ ਸ਼ਹਿਰ ਦੇ ਇੱਕ ਚੌਂਕ ਵਿਚ ਸਥਾਪਤ ਕੀਤੀ ਗਈ ਸੀ ਜਿਸ ਨੂੰ ਖੰਡੇ ਵਾਲਾ ਚੌਂਕ ਕਿਹਾ ਜਾਂਦਾ ਹੈ। ਇਹ ਯਾਦਗਾਰ ਇਸ ਇਤਹਾਸਕ ਤੱਥ ਦੀ ਸੂਚਕ ਹੈ ਕਿ ਹਿਟਲਰ ਅਤੇ ਮੂਸੋਲੀਨੀਆਂ ਵਰਗੇ ਫਾਸ਼ੀਆਂ ਨਾਲ ਜੂਝਦਿਆਂ ਸੰਸਾਰ ਵਿਚ ਅਮਨ ਅਮਾਨ ਕਾਇਮ ਕਰਨ ਵਿਚ ਸਿੱਖਾਂ ਦੇ ਵੀ 80,000 ਤੋਂ ਵੱਧ ਸਿਰ ਲੱਗੇ ਸਨ।

ਇਸੇ ਤਰਾਂ ਕਿਓਂਕ 36 ਸਿੱਖ ਬਟਾਲੀਅਨ ਦੇ ਫੌਜੀ ਉਸ ਸਮੇਂ ਮਲਕਾ ਵਿਕਟੋਰੀਆ ਦੇ ਬਸਤੀਵਾਦੀ ਪ੍ਰਬੰਧ ਦੇ ਤਨਖਾਹਦਾਰ ਸਿਪਾਹੀ ਸਨ ਜਿਹਨਾ ਦੀਆਂ ਸੇਵਾਵਾਂ ਫਿਰੰਗੀ ਲਈ ਸਨ ਨਾ ਕਿ ਖਾਲਸਾ ਪੰਥ ਲਈ ਇਸ ਲਈ ਇਸ ਤੱਥ ਨੂੰ ਨਜ਼ਰ ਅੰਦਾਜ਼ ਕਰਨਾ ਮੁਨਾਸਿਬ ਨਹੀਂ ਹੈ।

ਇਸ ਵਿਚ ਕੋਈ ਸ਼ੱਕ ਨਹੀਂ ਕਿ ਸਾਰਾਗੜ੍ਹੀ ਦੇ ਸ਼ਹੀਦਾਂ ਦੀ ਬਹਾਦਰੀ ਵਾਕਿਆ ਹੀ ਆਪਣੇ ਆਪ ਵਿਚ ਇੱਕ ਆਲਮੀ ਪੱਧਰ ਦੀ ਸਿਰਕੱਢ ਇਤਹਾਸਕ ਮਿਸਾਲ ਹੈ। ਪਰ ਇਹ ਗੱਲ ਕਦੇ ਨਹੀਂ ਭੁੱਲਣੀ ਚਾਹੀਦੀ ਕਿ ਸਿੱਖ ਫੌਜੀਆਂ ਦੀ ਇਹ ਸੇਵਾ ਫਿਰੰਗੀ ਜਾਂ ਉਹਨਾ ਦੀ ਮਹਾਂਰਾਣੀ ਦੇ ਰਾਜ ਨੂੰ ਸਮਰਪਿਤ ਸੀ ਜਿਹਨਾ ਦੇ ਬਸਤੀਵਾਦੀ ਨਿਜਾਮ ਨੇ ਦੁਨੀਆਂ ਦੇ ਅਨੇਕਾਂ ਦੇਸ਼ਾਂ ਦੀ ਅਜ਼ਾਦੀ ਅਤੇ ਸਭਿਆਚਾਰ ਨੂੰ ਕੁਚਲ ਦਿੱਤਾ ਸੀ ਸਮੇਤ ਮਹਾਂਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਨੂੰ। ਇਹ ਉਹ ਹੀ ਫਿਰੰਗੀ ਸੀ ਜਿਸ ਨੇ ਕਮੀਨੀਆਂ ਚਾਲਾਂ ਚੱਲ ਕੇ ਸਿੱਖ ਰਾਜ ਹਥਿਆਇਆ, ਮਹਾਂਰਾਣੀ ਜਿੰਦਾਂ ਨੂੰ ਨਜ਼ਰਬੰਦ ਕਰਕੇ ਨਬਾਲਗ ਦਲੀਪ ਸਿੰਘ ਨੂੰ ਦੇਸ਼ ਨਿਕਾਲਾ ਦੇ ਕੇ ਉਸ ਨੂੰ ਇਸਾਈ ਬਣਾ ਦਿੱਤਾ ਸੀ ਤਾਂ ਕਿ ਭਵਿੱਖ ਵਿਚ ਸਿੱਖ ਰਾਜ ਦਾ ਕੋਈ ਵਾਰਸ ਨਾ ਰਹੇ।

ਵਿਰਾਸਤ ਦੀ ਪਹਿਰੇਦਾਰੀ ਵਿਚ ਢੁੱਠਾਂ ਵਾਲਿਆਂ ਦਾ ਸ਼ਰੀਕਾ

ਤੁਮ੍ਹਾਰੇ ਪਾਓਂ ਕੇ ਨੀਚੇ ਜ਼ਮੀਨ ਨਹੀਂ, ਕਮਾਲ ਯਹ ਹੈ ਕਿ ਫਿਰ ਵੀ ਤੁਮ੍ਹੇਂ ਯਕੀਨ ਨਹੀਂ

ਸਾਡੇ ਪਾਠਕਾਂ ਨੂੰ ਸ਼ਾਇਦ ਚੇਤੇ ਹੋਵੇ ਕਿ ਅੰਗ੍ਰੇਜ਼ਾਂ ਅਤੇ ਸਿੱਖਾਂ ਦੀ ਇਤਹਾਸਕ ਪਿੱਠ ਭੂਮੀ ਵਿਚ ਆਪਸੀ ਰਿਸ਼ਤੇ ਦੀ ਨੇੜਤਾ ਦਾ ਫਾਇਦਾ ਲੈਂਦੇ ਹੋਏ ਇੱਕ ‘ਐਂਗਲੋ ਸਿੱਖ ਹੈਰੀਟੇਜ ਟਰੇਲ’ ਨਾਮ ਦੀ ਜਥੇਬੰਦੀ ਵਲੋਂ ਥੈਟਫੋਰਡ ਵਿਖੇ ਮਹਾਂਰਾਜਾ ਦਲੀਪ ਸਿੰਘ ਦਾ ਬੁੱਤ ਸਥਾਪਤ ਕਰਨ ਦੇ ਨਾਲ ਨਾਲ ਬਹੁਤ ਕੰਮ ਕੀਤਾ ਗਿਆ ਸੀ। ਉਸ ਸਮੇਂ ਆਪਣੇ ਆਪ ਨੂੰ ਯੂ ਕੇ ਵਿਚ ਪੰਥਕ ਅਗਵਾਈ ਦੇ ਦਾਅਵੇਦਾਰਾਂ ਵਲੋਂ ‘ਐਗਲੋ ਸਿੱਖ ਹੈਰੀਟੇਜ ਟਰੇਲ’ ਦੇ ਆਗੂ ਸ: ਹਰਬਿੰਦ ਸਿੰਘ ਰਾਣੇ ਦਾ ਵਿਰੋਧ ਕਰਨ ਲਈ ਟਿੱਲ ਲਾ ਦਿੱਤਾ ਜਦੋਂ ਉਹ ਪ੍ਰਿੰਸ ਚਾਰਲਸ ਨੂੰ ਪੰਜਾਬ ਲਿਜਾ ਕੇ ਪੰਜਾਬੀ ਕਿਸਾਨੀ ਦੇ ਸੰਕਟ ਪ੍ਰਤੀ ਦੁਨੀਆਂ ਭਰ ਦਾ ਧਿਆਨ ਦਿਵਾਉਣ ਵਲ ਜਾ ਰਿਹਾ ਸੀ। ਵਿਅਕਤੀ ਕੋਈ ਵੀ ਹੋਵੇ ਉਸ ਦੀਆਂ ਇਖਲਾਕੀ ਕਮਜ਼ੋਰੀਆਂ ਦੇ ਨਾਲ ਨਾਲ ਉਸ ਦੀ ਪੰਥਕ ਪ੍ਰਤੀਬਧਤਾ ਨੂੰ ਵੀ ਧਿਆਨ ਵਿਚ ਰੱਖਣ ਦੀ ਲੋੜ ਹੁੰਦੀ ਹੈ ਪਰ ਇਹ ਗੱਲ ਬੜੇ ਹੀ ਅਫਸੋਸ ਨਾਲ ਕਹਿਣੀ ਪੈ ਰਹੀ ਹੈ ਕਿ ਅਜੋਕੇ ਪੰਥਕ ਧੜਿਆਂ ਦੀ ਕਤਾਰਬੰਦੀ ਵਿਚ ਸ਼ਰੀਕਾ ਅਤੇ ਵੈਰ ਵਿਰੋਧ ਸਿਖਰ ‘ਤੇ ਹੈ। ਢੁੱਠਾਂ ਵਾਲੇ ਧੜਿਆਂ ਵਿਚ ਜਦੋਂ ਉਹਨਾ ਦੇ ਆਪਣੇ ਕਿਸੇ ਬੰਦੇ ਵਿਚ ਇਖਲਾਕੀ ਗਿਰਾਵਟ ਆਉਂਦੀ ਹੈ ਤਾਂ ਉਹ ਉਸ ਨੂੰ ਬਚਾਉਣ ਲਈ ਸਿਰ ਧੜ ਦੀ ਲਾ ਦਿੰਦੇ ਹਨ ਭਾਵੇਂ ਕਿ ਉਸ ਦੇ ਇਤਹਾਸਕ ਝੂਠ ‘ਤੇ ਸਾਰੇ ਪੰਥ ਵਲੋਂ ਹੀ ਫਿਟਕਾਰਾਂ ਪੈ ਰਹੀਆਂ ਹੋਣ ਪਰ ਜਦੋਂ ਇਹਨਾ ਲੱਠਮਾਰਾਂ ਦੇ ਸਾਹਮਣੇ ਕੋਈ ਵਰੋਧੀ ਧਿਰ ਦਾ ਆਗੂ ਆ ਜਾਵੇ ਤਾਂ ਉਸ ਦਾ ਚਰਿੱਤਰ ਘਾਤ ਕਰਨ ਲਈ ਵੀ ਇਹ ਸਿਰ ਧੜ ਦੀ ਲਾ ਦਿੰਦੇ ਹਨ।

ਸਿਧਾਂਤਕ ਤੱਥ ਬਾਰੇ ਸੋਚਣਾ ਜਥੇਦਾਰ ਦਾ ਫਰਜ਼ ਬਣਦਾ ਸੀ!

ਕਿਸ ਸੇ ਪਤਾ ਪੂਛੇਂ ਮੰਜ਼ਿਲੇ ਜਾ ਕੇ, ਜਿਸ ਕੋ ਖਬਰ ਥੀ ਤੇਰੀ ਵੋਹ ਬੇਖਬਰ ਮਿਲਾ

ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਿੱਖੀ ਸੇਵਕੀ ਦੇ ਨਾਲ ਨਾਲ ਦੁਨਿਆਵੀ ਵਿੱਦਿਆ ਵਿਚ ਪ੍ਰਬੀਨ ਮੰਨੇ ਜਾਂਦੇ ਹਨ। ਪਰ ਇੰਝ ਜਾਪਦਾ ਹੈ ਕਿ ਉਹਨਾ ਨੇ ਸਬੰਧਤ ਮਾਮਲੇ ਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਲਿਆ। ਜਦੋਂ ਅੰਗ੍ਰੇਜ਼ਾਂ ਦਾ ਭਾਰਤ ‘ਤੇ ਰਾਜ ਸੀ ਤਾਂ ਉਹਨਾ ਤੋਂ ਅਜ਼ਾਦੀ ਦੇ ਸੰਘਰਸ਼ ਵਿਚ ਗਦਰੀ ਬਾਬਿਆਂ ਅਤੇ ਅਨੇਕਾਂ ਹੋਰ ਸੂਰਮਿਆਂ ਨੇ ਫਾਂਸੀ ਦੇ ਰੱਸਿਆਂ ਨੂੰ ਚੁੰਮਿਆਂ, ਕਾਲੇ ਪਾਣੀ ਦੀਆਂ ਕੈਦਾਂ ਕੱਟੀਆਂ ਅਤੇ ਸ਼ਹੀਦੀਆਂ ਦਿੱਤੀਆਂ। ਜਨਰਲ ਮੋਹਣ ਸਿੰਘ ਵਲੋਂ ਅਜ਼ਾਦ ਹਿੰਦ ਫੌਜ ਬਣਾ ਕੇ ਫਿਰੰਗੀ ਦੇ ਪੈਰਾਂ ਹੇਠੋਂ ਜਮੀਨ ਖਿਸਕਾ ਦੇਣ ਦਾ ਆਪਣਾ ਇਤਹਾਸ ਹੈ। ਸਿੱਖ ਕੌਮ ਇਹ ਗੱਲ ਮਾਣ ਨਾਲ ਕਹਿੰਦਾ ਰਿਹਾ ਹੈ ਕਿ ਭਾਰਤ ਦੀ ਅਜ਼ਾਦੀ ਵਿਚ ਸਿੱਖਾਂ ਦੀ ਕੁਰਬਾਨੀ 90% ਹੈ। ਜਿਥੋਂ ਤਕ ਫਿਰੰਗੀ ਦੇ ਬਸਤੀਵਾਦੀ ਸਾਮਰਾਜ ਦਾ ਸਬੰਧ ਹੈ ਇਸ ਨੇ ਅਮਰੀਕਾ, ਕਨੇਡਾ, ਅਸਟਰੇਲੀਆ ਅਤੇ ਦੁਨੀਆਂ ਦੇ ਪਤਾ ਨਹੀਂ ਕਿੰਨੀਆਂ ਕੁ ਕੌਮਾਂ ਦੀ ਪਛਾਣ ਤਕ ਖਤਮ ਕਰ ਦਿੱਤੀ। ਸੱਚ ਤਾਂ ਇਹ ਹੈ ਕਿ ਯੂ ਕੇ ਦੇ ਸੱਚੇ ਸਚਿਆਰੇ ਇੰਗਲਿਸ਼ ਲੋਕ ਇਸ ਇਤਹਾਸਕ ਤੱਥ ਨੂੰ ਸਮਝਦੇ ਹੋਏ ਆਪਣੇ ਬਸਤੀਵਾਦੀ ਪ੍ਰਬੰਧ ਸਬੰਧੀ ਗਿਲਾਨੀ ਨਾਲ ਭਰ ਜਾਂਦੇ ਹਨ। ਇਸ ਇਤਹਾਸਕ ਸੱਚਾਈ ਨੂੰ ਸਮਝਣ ਲਈ ਗਿ: ਹਰਪ੍ਰੀਤ ਸਿੰਘ ਨੂੰ ‘ਰੂਟਸ’ ਵਰਗੀਆਂ ਫਿਲਮਾਂ ਜਰੂਰ ਦੇਖਣੀਆਂ ਚਾਹੀਦੀਆਂ ਹਨ। ਇਹ ਜਰੂਰ ਖੋਜ ਕਰਨੀ ਚਾਹੀਦੀ ਹੈ ਕਿ ਜਿਸ ਵੇਲੇ ਫਿਰੰਗੀ ਨੇ ਸਿੱਖ ਰਾਜ ਹਥਿਆ ਲਿਆ ਸੀ ਫਿਰ 6 ਆਨੇ ਪੰਜਾਬੀ ਕੈਦੇ ਦਾ ਲਾਲਚ ਦੇ ਕੇ ਅਤੇ 3 ਆਨੇ ਕਿਸੇ ਵੀ ਕਿਸਮ ਦੇ ਹਥਿਆਰ ਦਾ ਲਾਲਚ ਦੇ ਕੇ ਬਹਾਦਰੀ ਅਤੇ ਸਾਖਰਤਾ ਦੀਆਂ ਬੁਲੰਦੀਆਂ ਵਲ ਵਧ ਰਹੀ ਕੌਮ ਨੂੰ ਅਨਪੜ੍ਹਤਾ ਅਤੇ ਗੁਲਾਮੀ ਦੀ ਜਲਾਲਤ ਵਲ ਧੱਕ ਦਿੱਤਾ ਸੀ।

ਸਰਾਗੜ੍ਹੀ ਦੇ ਸਿਪਾਹੀ ਭਾਂਵੇਂ ਕਿੰਨੀ ਵੀ ਬਹਾਦਰੀ ਨਾਲ ਲੜੇ ਹੋਣ ਪਰ ਜਥੇਦਾਰ ਨੂੰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਉਹ ਫਿਰੰਗੀ ਦੇ ਬਸਤੀਵਾਦੀ ਸਾਮਰਾਜ ਦੇ ਤਨਖਾਹਦਾਰ ਨੌਕਰ ਸਨ। ਇਹ ਤੱਥ ਵੀ ਖਿਆਲ ਕਰਨ ਵਾਲਾ ਹੈ ਕਿ ਅਫਗਾਨਿਸਤਾਨ ਦੀ ਸਰ ਜਮੀਨ ਤੋਂ ਦੁਰਾਨੀ ਤੇ ਅਬਦਾਲੀ ਵਰਗੇ ਲੁਟੇਰਆਂ ਵਲੋਂ ਕੀਤੇ ਹਮਲਿਆਂ ਦੀ ਪਿੱਠ ਭੂਮੀ ਵਿਚ ਇਹ ਮੁਨਾਸਿਬ ਨਹੀਂ ਹੈ ਕਿ ਅਸੀਂ ਅਫਗਾਨੀ ਖਾੜਕੂਆਂ ਵਲੋਂ ਬਰਤਾਨੀਆਂ, ਰੂਸ ਜਾਂ ਅਮਰੀਕਾ ਖਿਲਾਫ ਵਿੱਢੇ ਜੰਗ ਵਿਚ ਬਰਤਾਨੀਆਂ ਦੇ ਹੱਕ ਵਿਚ ਭੁਗਤਣ ਦੇ ਤੱਥ ਨੂੰ ਤੂਲ ਦੇਈਏ । ਹਾਂ ਅਫਗਾਨੀ ਤਾਲਿਬਾਨਾਂ ਵਲੋਂ ਸ਼ਰੀਆ ਕਾਨੂੰਨਾਂ ਦੀ ਆੜ ਵਿਚ ਮਨੁੱਖੀ ਹੱਕਾਂ ਨੂੰ ਕੁਚਲਿਆ ਜਾਣਾ ਗਲਤ ਹੋਵੇਗਾ।

ਜਾਪਦਾ ਹੈ ਕਿ ਗਿ: ਹਰਪ੍ਰੀਤ ਸਿੰਘ ਨੂੰ ਐਨ ਮੌਕੇ ‘ਤੇ ਇਹਨਾ ਸੱਚਾਈਆਂ ਦਾ ਅਹਿਸਾਸ ਹੋ ਗਿਆ ਸੀ ਇਸੇ ਕਰਕੇ ਉਸ ਨੇ ਬੁੱਤ ਦਾ ਉਦਘਾਟਨ ਆਪ ਤਾਂ ਨਾ ਕੀਤਾ ਪਰ ਇਹ ਕਾਰਾ ਪੰਜਾਂ ਸਿੰਘਾਂ ਤੋਂ ਕਰਵਾ ਦਿਤਾ। ਇਹ ਤਾਂ ਸਗੋਂ ਇੱਕ ਹੋਰ ਗੰਭੀਰ ਗੁਨਾਹ ਹੋ ਗਿਆ। ਖਾਲਸਾ ਪੰਥ ਵਿਚ ਪੰਜ ਪਿਆਰੇ ਜਾਂ ਪੰਜ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਨਮੁਖ ਹੁੰਦੇ ਹਨ ਮਾਨਵੀ ਸਰੋਕਾਰਾਂ ਨੂੰ ਸਮਰਪਿਤ ਹੁੰਦੇ ਹਨ। ਇਹਨਾ ਸਿੰਘਾਂ ਵਲੋਂ ਉਸ ਤਨਖਾਹਦਾਰ ਵਿਅਕਤੀ ਦੇ ਬੁੱਤ ਦਾ ਉਦਘਾਟਨ ਹਰਗਿਜ਼ ਮੁਨਾਸਬ ਨਹੀਂ ਸੀ ਜਿਸ ਦੀਆਂ ਸੇਵਾਵਾਂ ਮਲਕਾ ਵਿਕਟੋਰੀਆ ਦੇ ਸਾਮਰਾਜ ਦੀ ਰਾਖੀ ਕਰਨਾ ਸੀ ਜਿਸ ਦਾ ਮਨੋਰਥ ਸਿੱਖ ਰਾਜ ਨੂੰ ਜਬਤ ਕਰਕੇ ਸਿੱਖਾਂ ਨੂੰ ਗੁਲਾਮ ਬਨਾਉਣਾ ਸੀ। ਹੈਰਾਨੀ ਦੀ ਗੱਲ ਹੈ ਕਿ ਇਸ ਸਮਾਰੋਹ ਵਿਚ ਸ਼ਾਮਲ ਕਿਸੇ ਪੰਥਕ ਪ੍ਰਚਾਰਕ, ਆਗੂ ਜਾਂ ਜਥੇਦਾਰ ਨੂੰ ਗੁਰਬਾਣੀ ਦੀ ਕੀਤੀ ਗਈ ਬੇਅਦਬੀ ਅਤੇ ਸਿੱਖ ਪੰਥ ਦੀਆਂ ਕੀਮਤਾਂ ਦੀ ਕੀਤੀ ਗਈ ਬੇਅਦਬੀ ਦਾ ਅਹਿਸਾਸ ਤਕ ਨਾ ਹੋਇਆ।

ਅਖੀਰ ‘ਤੇ ਇਹ ਗੱਲ ਹੋਰ ਵੀ ਅਫਸੋਸ ਨਾਲ ਕਹਿਣੀ ਪੈ ਰਹੀ ਹੈ ਕਿ ਗਿ: ਹਰਪ੍ਰੀਤ ਸਿੰਘ ਨੇ ਸਾਰਾਗੜ੍ਹੀ ਦੀ ਜੰਗ ਦੀ ਚਮਕੌਰ ਸਾਹਿਬ ਦੀ ਜੰਗ ਨਾਲ ਤੁਲਨਾ ਕਰਕੇ ਪੰਥਕ ਧ੍ਰੋਹ ਕੀਤਾ ਹੈ। ਇਹ ਸਿੱਖ ਪੰਥ ਦੇ ਸੱਚ ਅਤੇ ਸਿਧਾਂਤ ਦੀ ਘੋਰ ਬੇਅਦਬੀ ਹੈ। ਚਮਕੌਰ ਦੇ ਸ਼ਹੀਦਾਂ ਦੀ ਸ਼ਹਾਦਤ ਉਸ ਸਮੇਂ ਦੇ ਜਾਬਰ ਰਾਜ ਪ੍ਰਬੰਧ ਉਲਟਾ ਦੇਣ ਲਈ ਸੀ ਜਦ ਕਿ ਸਾਰਾ ਗੜ੍ਹੀ ਦੇ ਸ਼ਹੀਦਾਂ ਦੀ ਸ਼ਹਾਦਤ ਫਿਰੰਗੀ ਦੇ ਜਾਬਰ ਰਾਜ ਪ੍ਰਬੰਧ ਦੀ ਸਲਾਮਤੀ ਲਈ ਸੀ। ਜੇ ਕੇਵਲ ਬਹਾਦਰੀ ਹੀ ਆਪਣੇ ਆਪ ਵਿਚ ਵੱਡੀ ਮਨੁੱਖੀ ਸਿਫਤ ਹੈ ਤਾਂ ਫਿਰ ਚੰਗੇਜ਼ਾਂ, ਦੁਰਾਨੀਆਂ ਅਤੇ ਅਬਦਾਲੀਆਂ ਦੀਆਂ ਮਾਰੀਆਂ ਹੋਈਆਂ ਮਾਰੀਆਂ ਨੂੰ ਅਸੀਂ ਮਾੜਾ ਕਿਓਂ ਕਹਿੰਦੇ ਹਾਂ?

ਅਜਕਲ ਸ਼੍ਰੋਮਣੀ ਕਮੇਟੀ ਵਲੋਂ ਗੁਰੂ ਗ੍ਰੰਥ ਸਾਹਿਬ ਦੀਆਂ ਗਾਇਬ ਕੀਤੀਆਂ 350 ਬੀੜਾਂ ਨੂੰ ਮਹਿਜ਼ ਇੱਕ ਦਫਤਰੀ ਉਕਾਈ (Error) ਕਹਿ ਕੇ ਨਜ਼ਰ ਅੰਦਾਜ਼ ਕਰਨ ਲਈ ਗਿ: ਹਰਪ੍ਰੀਤ ਸਿੰਘ ਵਲੋਂ ਦਿੱਤੇ ਹੋਏ ਭਾਸ਼ਣ ਜਾਂ ਲੋਕਾਂ ਵਿਚ ਅਕਾਲੀ ਦਲ ਬਾਦਲ ਦੀ ਮਰ ਰਹੀ ਸਾਖ ਨੂੰ ਜਿੰਦਾ ਕਰਨ ਲਈ ਇਹ ਕਹਿਣਾ ਕਿ ਇਹ ਪੰਥ ਦਾ ਬੱਚਾ ਹੈ ਵੀ ਨਜ਼ਰ ਗੋਚਰੇ ਹੈ। ਇਸ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੀ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਵਿਚ ਉਹਨਾ ਨੇ ਗਿ: ਹਰਪ੍ਰੀਤ ਸਿੰਘ ਦੇ ਰੋਹਬੀਲੇ ਭਾਸ਼ਣ ਦਾ ਜਿਕਰ ਕੀਤਾ ਹੈ ਜਿਸ ਵਿਚ ਬਾਦਲਾਂ ਦੀ ਜੀ ਹਜੂਰੀ ਕਰਦਿਆਂ ਗਿ: ਹਰਪ੍ਰੀਤ ਸਿੰਘ ਨੇ ਲਾਪਤਾ ਕੀਤੀਆਂ ਬੀੜਾਂ ਸਬੰਧੀ ਸੜਕ ‘ਤੇ ਬੈਠੇ ਰੋਸ ਕਰਦੇ ਸਿੰਘਾਂ ਖਿਲਾਫ ਸਿੱਖ ਸੰਗਤਾਂ ਨੂੰ ਲਲਕਾਰਿਆ ਸੀ ਕਿ ਉਹ ਡਾਂਗਾਂ ਲੈ ਕੇ ਹਮਲਾ ਕਰਨ। ਭਾਈ ਰਣਜੀਤ ਸਿੰਘ ਨੇ ਗਿ: ਹਰਪ੍ਰੀਤ ਸਿੰਘ ਨੂੰ ਸ਼ੀਸ਼ਾ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਵੇਂ ਉਹ ਲਾਪਤਾ ਕੀਤੀਆਂ ਗਈਆਂ ਪਾਵਨ ਬੀੜਾਂ ਪ੍ਰਤੀ ਆਪਣੇ ਫਰਜ਼ ਤੋਂ ਮੁਨਕਰ ਹੋ ਰਿਹਾ ਹੈ ਜਦ ਕਿ ਭਾਜਪਾ ਨੂੰ ਬੇਸ਼ਰਤ ਦੇਣ ਵਾਲਾ ਬਾਦਲ ਦਲ ਅੱਜ ਜਦ ਮੂਧੇ ਮੂੰਹ ਡਿਗ ਪਿਆ ਹੈ ਤਾਂ ਗਿ: ਹਰਪ੍ਰੀਤ ਸਿੰਘ ਵਲੋਂ ਉਸ ਨੂੰ ਪੰਥ ਦਾ ਬੱਚਾ ਸਿੱਧ ਕਰਨ ਦੀ ਕੋਸ਼ਿਸ਼ ਕਰਨਾ ਅਹਮਕਾਨਾ ਹੈ। ਇਹ ਸਭ ਸਿੱਧ ਕਰਦਾ ਹੈ ਕਿ ਗਿ: ਹਰਪ੍ਰੀਤ ਸਿੰਘ ਅਕਾਲ ਤਖਤ ਦੇ ਜਥੇਦਾਰ ਵਜੋਂ ਨਹੀਂ ਸਗੋਂ ਸਿਰਫ ਬਾਦਲਾਂ ਦਾ ਤਾਬਿਆਦਾਰ ਹੋਣ ਦੀ ਭੂਮਿਕਾ ਵਧੇਰੇ ਨਿਭਾ ਰਹੇ ਹਨ। ਅਸੀਂ ਤਾਂ ਸਿਰਫ ਬੇਨਤੀ ਕਰ ਸਕਦੇ ਹਾਂ ਕਿ ਆਪਣੀ ਵਿਦਿਅੱਕ ਪ੍ਰਬੀਨਤਾ ਨਾਲ ਰੋਹਬੀਲੇ ਭਾਸ਼ਣ ਦੇਣ ਵੇਲੇ ਗਿ: ਹਰਪ੍ਰੀਤ ਸਿੰਘ ਜੀ ਇਹ ਖਿਆਲ ਜਰੂਰ ਰੱਖਣ ਕਿ ਉਹ ਸਿੱਖ ਸਿਧਾਂਤਾਂ ਦੇ ਹੱਕ ਵਿਚ ਭੁਗਤ ਰਹੇ ਹਨ ਜਾਂ ਵਿਰੋਧ ਵਿਚ!

Related posts

ਨੌਜਵਾਨ ਰੁਜ਼ਗਾਰ ਪ੍ਰਾਪਤ ਕਰਨ ਦੀ ਬਜਾਏ ਰੁਜ਼ਗਾਰ ਦੇਣ ਵਾਲੇ ਬਣਨ: ਰਾਸ਼ਟਰਪਤੀ

admin

ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ’10ਵੇਂ ਰਾਏਸੀਨਾ ਡਾਇਲਾਗ 2025′ ਦੇ ਮੁੱਖ-ਮਹਿਮਾਨ ਹੋਣਗੇ !

admin

ਇੰਡੀਆ ਜੈਨਰਿਕ ਦਵਾਈਆਂ ਦਾ ਦੁਨੀਆ ਦਾ ਸਭ ਤੋਂ ਵੱਡਾ ਸਪਲਾਇਰ ਬਣਿਆ !

admin