Articles

ਜਥੇਦਾਰ ਹਰਪ੍ਰੀਤ ਸਿੰਘ ਜੀ ਬਾਦਲਾਂ ਦਾ ਮਾਊਥ ਪੀਸ ਨਾ ਬਣਨ !

ਲੇਖਕ: ਕੁਲਵੰਤ ਸਿੰਘ ਢੇਸੀ, ਯੂ ਕੇ

ਤੁਮ੍ਹਾਰੇ ਪਾਓਂ ਕੇ ਨੀਚੇ ਜ਼ਮੀਨ ਨਹੀਂ, ਕਮਾਲ ਯਹ ਹੈ ਕਿ ਫਿਰ ਵੀ ਤੁਮ੍ਹੇਂ ਯਕੀਨ ਨਹੀਂ

ਸਿੱਖ ਪੰਥ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਚੋਣ ਸ਼੍ਰੋਮਣੀ ਕਮੇਟੀ ਕਰਦੀ ਹੈ ਅਤੇ ਜਥੇਦਾਰ ਦੀ ਸ਼੍ਰੋਮਣੀ ਕਮੇਟੀ ਰਾਹੀਂ ਕੀਤੀ ਗਈ ਚੋਣ ਪਿੱਛੇ ਬਾਦਲਕੇ ਹੁੰਦੇ ਹਨ। ਜੇਕਰ ਕਾਨੂੰਨੀ ਤੌਰ ‘ਤੇ ਜਥੇਦਾਰ ਦੀ ਹੈਸੀਅਤ ਨੂੰ ਦੇਖਣਾ ਹੋਵੇ ਤਾਂ ਉਹ ਸ੍ਰੀ ਅਕਾਲ ਤਖਤ ਦਾ ਗ੍ਰੰਥੀ ਹੈ ਭਾਵੇਂ ਕਿ ਉਸ ਦੇ ਰੁਤਬੇ ਦੀ ਵਿਆਖਿਆ ਸਿੱਖ ਪੰਥ ਦੇ ਸਰਬੋਤਮ ਵਿਅਕਤੀ ਵਜੋਂ ਕੀਤੀ ਜਾਂਦੀ ਹੈ। ਸਾਲ 2022 ਜਨਵਰੀ ਦੀ 2 ਤਾਰੀਖ ਨੂੰ ਜਥੇਦਾਰ ਜੀ ਵਲੋਂ ਮੰਜੀ ਸਾਹਿਬ ਦੀਵਾਨ ਹਾਲ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਰੋਸ ਵਿਚ ਅਤੇ ਪੰਥਕ ਇੱਕਠ ਦੇ ਨਾਮ ‘ਤੇ ਕੀਤਾ ਗਿਆ ਭਾਸ਼ਣ ਚਰਚਾ ਵਿਚ ਹੈ, ਜਿਸ ਦੀ ਸ਼ੁਰੂਆਤ ਵਿਚ ਜਥੇਦਾਰ ਜੀ ਨੇ ਕਿਹਾ ਕਿ ਉਹਨਾ ਦੇ ਇਸ ਭਾਸ਼ਣ ਨਾਲ ਕਈਆਂ ਨੂੰ ਢਿੱਡ ਪੀੜ ਹੋਣੀ ਲਾਜ਼ਮੀ ਹੈ। ਢਿੱਡ ਪੀੜ ਤੋਂ ਉਹਨਾ ਦਾ ਮਕਸਦ ਰਾਜਨੀਤਕ ਤੌਰ ‘ਤੇ ਜੋ ਧਿਰਾਂ ਬਾਦਲਾਂ ਦੇ ਖਿਲਾਫ ਹਨ ਉਹਨਾ ਦੇ ਢਿੱਡ ਜਰੂਰ ਦੁਖਣਗੇ। ਜਥੇਦਾਰ ਜੀ ਨੇ ਇਹ ਗੱਲ ਬੜੇ ਹੀ ਵਜ਼ਨ ਨਾਲ ਕਹੀ ਕਿ ਸਿੱਖਾਂ ਦੀ ਰਾਜਨੀਤੀ ਤੇ ਧਰਮ ਭਾਵ ਕਿ ਮੀਰੀ ਅਤੇ ਪੀਰੀ ਹਮੇਸ਼ਾਂ ਇਕੱਠੇ ਸਨ, ਹੁਣ ਵੀ ਹਨ ਅਤੇ ਹਮੇਸ਼ਾਂ ਰਹਿਣਗੇ। ਹੁਣ ਸਵਾਲ ਇਹ ਹੈ ਕਿ ਜਦੋਂ ਜਥੇਦਾਰ ਅਕਾਲ ਤਖਤ ਸਿੱਖਾਂ ਦੀ ਮੀਰੀ ਅਤੇ ਪੀਰੀ ਨੂੰ ਕੁਨਬਾ ਪ੍ਰਵਰ, ਭ੍ਰਿਸ਼ਟ ਅਤੇ ਸਵਾਰਥੀ ਲੋਕਾਂ ਦੇ ਹੱਕ ਵਿਚ ਭੁਗਤਾਉਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਇਸ ਨਾਲ ਢਿੱਡ ਪੀੜ ਤਾਂ ਸਿੱਖ ਪੰਥ ਦੇ ਹਰ ਮਾਈ ਭਾਈ ਨੂੰ ਹੋਵੇਗੀ ਅਤੇ ਸਵਾਲ ਫਿਰ ਸਵਾਲ ਉੱਠਦਾ ਹੈ ਕਿ ਕੀ ਸਿੱਖ ਪੰਥ ਵਿਚ ਜਥੇਦਾਰ ਸ੍ਰੀ ਅਕਾਲ ਤਖਤ ਦਾ ਕਾਰਜ ਖੇਤਰ ਸਿੱਖ ਮਾਈ ਭਾਈ ਨੂੰ ਢਿੱਡ ਪੀੜ ਦੇਣ ਤਕ ਸੀਮਤ ਹੈ?

ਸਿੱਖੀ ਵਿਚ ਮੀਰੀ ਪੀਰੀ ਦਾ ਸਿਧਾਂਤ ਅਤੇ ਅਮਲ

ਦੁਨੀਆਂ ਦੀਆਂ ਵਿਕਸਤ ਕੌਮਾਂ ਨੇ ਸਮੇਂ ਦੇ ਨਾਲ ਇਹ ਸਬਕ ਲੈ ਲਿਆ ਸੀ ਕਿ ਜੇਕਰ ਕਿਸੇ ਵੀ ਖਿੱਤੇ ਦੇ ਲੋਕਾਂ ਨੂੰ ਇਨਸਾਫ ਦੇਣਾ ਹੈ ਤਾਂ ਜਰੂਰੀ ਹੈ ਕਿ ਸਰਕਾਰਾਂ ਰਾਜਨੀਤੀ ਅਤੇ ਧਰਮ ਨੂੰ ਵੱਖੋ ਵੱਖਰੇ ਰੱਖਣ। ਮਿਸਾਲ ਦੇ ਤੌਰ ‘ਤੇ ਡੈਮੋਕ੍ਰੇਸੀ ਦਾ ਪੰਘੂੜਾਂ ਆਖੀ ਜਾਣ ਵਾਲੀ ਅਤੇ ਸਾਰੀ ਦੁਨੀਆਂ ‘ਤੇ ਆਪਣੇ ਬਸਤੀਵਾਦੀ ਰਾਜ ਦੇ ਝੰਡੇ ਝਲਾਉਣ ਵਾਲੀ ਅੰਗ੍ਰੇਜ਼ ਕੌਮ ਆਪਣੇ ਦੇਸ਼ ਬਰਤਾਨੀਆ ਦੇ ਰਾਜਨੀਤਕ ਅਮਲਾਂ ਨੂੰ ਇਸਾਈਅਤ ‘ਤੇ ਅਧਾਰਤ ਨਹੀਂ ਰੱਖਦੀ ਭਾਵੇਂ ਕਿ ਮਹਾਰਾਣੀ ਹੈੱਡ ਆਫ ਚਰਚ ਹੋਣ ਦੇ ਨਾਲ ਨਾਲ ਨਾ ਕੇਵਲ ਯੂ ਕੇ ਦੀ ਹੀ ਸਗੋਂ ਉਹ ਕਾਮਨਵਲਥ ਦੇਸ਼ਾਂ ਦੀ ਵੀ ਮੁਖੀ ਹੈ। ਇਹ ਗੱਲ ਸਮਝਣੀ ਜਰੂਰੀ ਹੈ ਕਿ ਜਥੇਦਾਰ ਸ੍ਰੀ ਅਕਾਲ ਤਖਤ ਗਿਆਨੀ ਹਰਪ੍ਰੀਤ ਸਿੰਘ ਜੀ ਜਿਸ ਰਾਜਨੀਤੀ ਨੂੰ ਸਿੱਖ ਮੀਰੀ ਕਹਿ ਕੇ ਪ੍ਰਚਾਰਦੇ ਹਨ ਉਹ ਉਸ ਕਾਨੂੰਨ ਦੇ ਤਹਿਤ ਹੈ ਜਿਸ ਦੀ ਬਣਤਰ ਬਰਤਾਨਵੀ ਬਸਤੀਵਾਦੀ ਹਾਕਮ ਭਾਰਤ ਛੱਡਣ ਤੋਂ ਪਹਿਲਾਂ ਬਣਾ ਕੇ ਗਏ ਸਨ। ਜਿਵੇਂ ਕਿ ਜੇ ਜਥੇਦਾਰ ਦੇ ਆਪਣੇ ਰੁਤਬੇ ਦੀ ਵੀ ਗੱਲ ਕਰਨੀ ਹੋਵੇ ਤਾਂ ਉਸ ਦੇ ਸਬੰਧ ਵਿਚ ਇਹ ਸਮਝਣਾ ਜਰੂਰੀ ਹੈ ਕਿ ਜਥੇਦਾਰ ਦੀ ਚੋਣ ਕਰਨ ਵਾਲੀ ਸ਼੍ਰੋਮਣੀ ਕਮੇਟੀ ਦੀ ਆਪਣੀ ਚੋਣ ਅੰਮ੍ਰਿਤਸਰ ਦੇ ਡੀ ਸੀ ਦੀ ਅਗਵਾਈ ਵਿਚ ਹੁੰਦੀ ਹੈ। ਇਹ ਡੀ ਸੀ ਉਹੀ ਹਨ ਜੋ ਅੰਗ੍ਰੇਜ਼ ਨੇ ਬਣਾਏ ਸੀ। ਡਾ: ਅੰਬੇਦਕਰ ਨੇ ਭਾਰਤ ਦਾ ਸੰਵਿਧਾਨ ਜਰੂਰ ਲਿਖਿਆ ਪਰ ਭਾਰਤ ਦਾ ਪੁਲਸ ਪ੍ਰਸ਼ਾਸਨ ਉਸੇ ਤਰਜ਼ ‘ਤੇ ਕੰਮ ਕਰਦੇ ਹਨ ਜਿਵੇ ਕਿ ਫਿਰੰਗੀ ਦੇ ਰਾਜਕਾਲ ਸਮੇਂ ਕੰਮ ਕਰਦੇ ਸਨ। ਸੰਖੇਪ ਵਿਚ ਇਹ ਸਮਝਣਾ ਜਰੂਰੀ ਹੈ ਕਿ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਜਿਸ ਮੀਰੀ ਨੂੰ ਸਿੱਖ ਮੀਰੀ ਕਹਿ ਕੇ ਉੱਚੀ ਸੁਰ ਵਿਚ ਭਾਸ਼ਣ ਕਰਦੇ ਹਨ ਉਹ ਮੀਰੀ ਭਾਰਤੀ ਮੀਰੀ ਦੀ ਦੁਬੇਲ ਹੈ। ਜੇਕਰ ਸਿੱਖਾਂ ਨੂੰ ਕਦੀ ਸਿੱਖ ਮੀਰੀ ਦਾ ਮਾਸਾ ਭਰ ਵੀ ਅਹਿਸਾਸ ਹੁੰਦਾ ਤਾਂ ਉਹ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ ਦੀ ਇਸ ਗੱਲ ਵਲ ਧਿਆਨ ਜਰੂਰ ਦਿੰਦੇ ਜਿਸ ਵੇਲੇ ਉਹਾਨ ਨੇ ਮਾਸਟਰ ਤਾਰਾ ਸਿੰਘ ਨੂੰ ਕਿਹਾ ਸੀ ਕਿ ਜਿਸ ਹਿੰਦੂ ਦੇ ਅੱਗੇ ਤੁਸੀਂ ਆਪਣੀ ਸਿੱਖ ਮੀਰੀ ਦਾ ਆਤਮ ਸਮਰਪਣ ਕਰ ਰਹੇ ਹੋ ਤੁਸੀਂ ਤਾਂ ਉਸ ਹਿੰਦੂ ਨੂੰ ਗੁਲਾਮ ਦੇ ਰੂਪ ਵਿਚ ਹੀ ਦੇਖਿਆ ਹੈ ਪਰ ਜਦੋਂ ਉਸ ਹਿੰਦੂ ਦਾ ਅਜ਼ਾਦ ਰੂਪ ਦੇਖੋਗੇ ਤਾਂ ਉਸ ਦਾ ਅਸਲ ਰੂਪ ਪ੍ਰਗਟ ਹੁੰਦਿਆਂ ਹੀ ਤੁਹਾਨੂੰ ਪਤਾ ਲੱਗਣਾ ਹੈ ਕਿ ਤੁਸੀਂ ਉਸ ਦੇ ਹਮੇਸ਼ਾਂ ਵਾਸਤੇ ਗੁਲਾਮ ਹੋ ਗਏ ਹੋ।

ਇਸੇ ਤਰਾਂ ਜੇਕਰ ਕਦੀ ਸਿੱਖਾਂ ਨੂੰ ਆਪਣੀ ਪੀਰੀ ਦੀ ਅਜ਼ਾਦੀ ਦਾ ਵੀ ਥੋੜਾ ਬਹੁਤ ਅਹਿਸਾਸ ਹੁੰਦਾ ਤਾਂ ਉਹ ਸਰ ਸਿਕੰਦਰ ਹਯਾਤ ਖਾਨ ਦੀ ਗੱਲ ਮੰਨ ਕੇ ਆਲ ਇੰਡੀਆ ਗੁਰਦੁਆਰਾ ਐਕਟ ਦੀ ਮੰਗ ਕਦੀ ਨਾ ਕਰਦੇ। ਭਾਰਤ ਦੀ ਅਜ਼ਾਦੀ ਸਮੇਂ ਸਿੱਖ ਮੀਰੀ ਪੀਰੀ ਕੁਝ ਐਸੇ ਹੀ ਬਚਕਾਨੇ ਤਰੀਕੇ ਨਾਲ ਕੰਮ ਕਰਦੀ ਸੀ ਕਿ ਕਿ ਉਹ ਭਾਰਤੀ ਸਰਹੱਦ ਤੋਂ ਕੇਵਲ ੪ ਕਿਲੋਮੀਟਰ ਦੂਰ ਆਪਣੇ ਰਹਿਬਰ ਗੁਰੂ ਨਾਨਕ ਸਾਹਿਬ ਦੇ ਕਰਤਾਰਪੁਰ ਸਾਹਿਬ ਨੂੰ ਵੀ ਭਾਰਤੀ ਸਰਹੱਦ ਦੇ ਅੰਦਰ ਨਾ ਲਿਆ ਸਕੇ ਅਤੇ ਮਗਰੋਂ ਆਪਣੀ ਰਾਜਨੀਤਕ ਜਲਾਲਤ ਨੂੰ ਸਿੱਖ ਅਰਦਾਸ ਦਾ ਹੀ ਹਿੱਸਾ ਬਣਾ ਦਿੱਤਾ ਕਿ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਜਿਹਨਾ ਨੂੰ ਪੰਥ ਤੋਂ ਵਿਛੋੜ ਦਿੱਤਾ ਗਿਆ ਹੈ ਉਹਨਾ ਦੇ ਮਹਾਂਰਾਜ ਖੁਲ੍ਹੇ ਦਰਸ਼ਨ ਦੀਦਾਰੇ ਆਪਣੇ ਖਾਲਸੇ ਨੂੰ ਬਖਸ਼ਣ।

ਬਾਦਲਾਂ ਦੀ ਮੀਰੀ ਅਤੇ ਪੀਰੀ ਦਾ ਖਾਸਾ

ਜਿਸ ਮੀਰੀ ਪੀਰੀ ਦੇ ਸੁਮੇਲ ਦਾ ਜਥੇਦਾਰ ਜੀ ਉੱਚੀ ਸੁਰ ਵਿਚ ਅੱਜਕਲ ਪ੍ਰਚਾਰ ਕਰ ਰਹੇ ਹਨ ਉਹ ਮੀਰੀ ਪੀਰੀ ਅਸਲ ਵਿਚ ਬਾਦਲ ਪਰਿਵਾਰ ਦੀ ਹੈ। ਜਥੇਦਾਰ ਨੂੰ ਪਤਾ ਹੈ ਕਿ ਬਾਦਲਾਂ ਦੀ ਪੀਰੀ ਦੀ ਇੱਕ ਤਿਊੜੀ ਨਾਲ ਉਸ ਦੀ ਆਪਣੀ ਜਥੇਦਾਰੀ  ਜ਼ੀਰੋ ਹੋ ਸਕਦੀ ਹੈ ਇਸ ਕਰਕੇ ਹੈਰਾਨੀ ਹੁੰਦੀ ਹੈ ਕਿ ਇੱਕ ਪੜ੍ਹਿਆ ਲਿਖਿਆ ਅਤੇ ਕਾਬਲ ਵਿਅਕਤੀ ਹੋਣ ਦੇ ਬਾਵਜੂਦ ਵੀ ਜਥੇਦਾਰ ਸਿੱਖ ਪੰਥ ਨੂੰ ਸਿਰਫ ਇਹਨਾ ਬਾਦਲਾਂ ਦੀ ਪੀਰੀ ਦਾ ਵਫਦਾਰ ਬਣਨ ਲਈ ਉੱਚੀ ਸੁਰ ਵਿਚ ਭਾਸ਼ਣ ਕਰ ਰਿਹਾ ਹੈ ਜਦ ਕਿ ਸਿੱਖ ਸਮੂਹ ਤਾਂ ਕਾਂਗਰਸ, ਭਾਜਪਾ,ਬਸਪਾ, ਆਮ ਆਦਮੀ ਪਾਰਟੀ, ਕਮਿਊਨਿਸਟ ਪਾਰਟੀ ਅਤੇ ਅਨੇਕਾਂ ਹੋਰ ਰਾਜਨੀਤਕ ਗੁੱਟਾਂ ਵਿਚ ਵੀ ਸ਼ਾਮਲ ਹੈ। ਜਿਥੋਂ ਤਕ ਬਾਦਲਾਂ ਦੀ ਪੀਰੀ ਦਾ ਸਵਾਲ ਹੈ ਉਸਦਾ ਪ੍ਰਭਾਵ ਸਿੱਖ ਪੰਥ ਵਿਚ ਕੀ ਹੈ ਹਰ ਕੋਈ ਜਾਣਦਾ ਹੈ। ਸੰਨ 1978 ਦੇ ਨਰਕਧਾਰੀ ਕਾਂਡ ਤੋਂ ਮਗਰੋਂ ਧਰਮ ਯੁੱਧ ਮੋਰਚੇ ਦੇ ਨਾਲ ਨਾਲ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੇ ਸਬੰਧ ਵਿਚ ਬਾਦਲਾਂ ਦਾ ਕਿਰਦਾਰ ਕੀ ਰਿਹਾ ਹੈ ਜੱਗ ਜਾਣੂ ਹੈ। ਜਥੇਦਾਰ ਜੀ ਭਾਵੇਂ ਦਰਬਾਰ ਸਾਹਿਬ ਵਿਚ ਹੋਈ ਬੇਅਦਬੀ ਦੀ ਘਟਨਾ ਤੇ ਬਹੁਤ ਖਫਾ ਹਨ ਪਰ ਉਹ ਇਹ ਤਾਂ ਜਾਣਦੇ ਹੋਣਗੇ ਕਿ ਪੰਜਾਬ ਭਰ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਸਬੰਧ ਵਿਚ ਪ੍ਰਮੁਖ ਦੋਸ਼ੀ ਧਿਰ ਡੇਰਾ ਸਿਰਸਾ ਦਾ ਸੌਦੇ ਵਾਲਾ ਹੈ ਜਿਹਨਾ ਦੀ ਪੁਸ਼ਤ ਪਨਾਹੀ ਹਮੇਸ਼ਾਂ ਹੀ ਬਾਦਲਕੇ ਅਤੇ ਉਹਨਾ ਦੇ ਮੰਤਰੀ ਸੰਤਰੀ ਕਰਦੇ ਆਏ ਹਨ। ਜਥੇਦਾਰ ਜੀ ਇਹ ਵੀ ਜਾਣਦੇ ਹੋਣਗੇ ਕਿ ਬਾਦਲਾਂ ਦੀ ਪੀਰੀ ਦੀ ਭਾਜਪਾਈਆਂ ਦੀ ਪੀਰੀ ਨੂੰ ਹਮੇਸ਼ਾਂ ਹੀ ਬੇਸ਼ਰਤ ਹਿਮਾਇਤ ਦਿੰਦੀ ਰਹੀ ਹੈ ਅਤੇ ਇਹ ਹਿਮਾਇਤ ਉਸ ਵੇਲੇ ਹੀ ਸੰਕਟ ਵਿਚ ਆਈ ਜਦੋਂ ਇਸ ਹਿਮਾਇਤ ਨੇ ਬਾਦਲਾਂ ਦੇ ਰਾਜਨੀਤਕ ਪਤਨ ਦੇ ਹਾਲਾਤ ਪੈਦਾ ਕਰ ਦਿੱਤੇ।

ਪੰਜਾਬ ਦੇ ਲੋਕ ਹੁਣ ਇਹ ਜਾਣ ਗਏ ਹਨ ਕਿ ਬਾਦਲਕਿਆਂ ਨੂੰ ਪੰਥ ਅਤੇ ਪੰਜਾਬ ਦਾ ਚੇਤਾ ਆਉਂਦਾ ਹੈ ਜਦੋਂ ਉਹ ਰਾਜਨਤੀਕ ਸੱਤਾ ਤੋਂ ਬਾਹਰ ਹੁੰਦੇ ਹਨ ਜਦ ਕਿ ਸੱਤਾ ਸੰਭਾਲਦੇ ਹੀ ਪੰਜਾਬ ਦੀਆਂ ਮੰਗਾਂ ਨੂੰ ਠੰਢੇ ਬਸਤੇ ਵਿਚ ਪਾ ਦਿੰਦੇ ਹਨ। ਰਾਜਨੀਤੀ ਹੁਣ ਵਿਗਿਆਨ ਬਣ ਗਈ ਹੈ ਅਤੇ ਪੁਲਿਟੀਕਲ ਸਾਂਇੰਸ ਬਕਾਇਦਾ ਪੜ੍ਹਾਈ ਜਾਂਦੀ ਹੈ। ਰਾਜਨਤੀ ਵਿਚ ਕੁਸ਼ਲ ਵਿਅਕਤੀਆਂ ਦੀ ਲੋੜ ਹੈ ਜਦ ਕਿ ਬਾਦਲਕੇ ਆਪਣੀ ਰਾਜਨੀਤੀ ਨੂੰ ਜ਼ਿਆਦਾ ਕਰਕੇ ਸਿੱਖਾਂ ਦੇ ਜਜ਼ਬਾਤੀ ਸ਼ੋਸ਼ਣ ਤਕ ਸੀਮਤ ਹਨ। ਪੰਜਾਬ ਵਿਚ ਦੇਹਧਾਰੀ ਡੇਰਿਆਂ ਦੀ ਚੜ੍ਹਤ ਦਾ ਕਾਰਨ ਵੀ ਇਹ ਹੀ ਹੈ ਕਿ ਕਾਂਗਰਸ ਵਾਂਗ ਬਾਦਲਕੇ ਵੀ ਇਹਨਾ ਸਾਧਾਂ ਦੇ ਪੈਰਾਂ ‘ਤੇ ਮੱਥੇ ਰਗੜਦੇ ਫਿਰਦੇ ਹਨ। ਜਿਵੇਂ ਪੰਜ ਸਾਲ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀਆਂ ਝੂਠੀਆਂ ਕਸਮਾਂ ਖਾ ਕੇ ਸਿੱਖ ਵੋਟ ਨੂੰ ਕੈਸ਼ ਕੀਤਾ ਸੀ ਉਸੇ ਤਰਜ਼ ‘ਤੇ ਬਾਦਲਕੇ ਵੀ ਸਿੱਖ ਪੰਥ ਦੀ ਸਰਬਸਾਂਝੀ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਅਤੇ ਤਖਤਾਂ ਦੇ ਜਥੇਦਾਰਾਂ ਨੂੰ ਆਪਣਾ ਮਾਊਥ ਪੀਸ ਬਣਾ ਕੇ ਇੱਕ ਇਖਲਾਕੀ ਧ੍ਰੋਹ ਕਰ ਰਹੇ ਹਨ। ਇਹ ਗੱਲ ਅਕਸਰ ਪ੍ਰਚਾਰੀ ਜਾਂਦੀ ਹੈ ਕਿ ਸਿੱਖ ਧਰਮ ਵਿਚ ਮੀਰੀ ਤਾਂ ਪੀਰੀ ਦੀ ਤਾਬਿਆ ਹੈ ਜਦ ਕਿ ਅਜੋਕੋ ਦੌਰ ਵਿਚ ਸਿੱਖ ਪੀਰੀ ਸਿੱਖ ਮੀਰਾਂ ਦੇ ਇਸ਼ਾਰਿਆਂ ‘ਤੇ ਕੰਮ ਕਰ ਰਹੀ ਹੈ ਅਤੇ ਬਾਦਲਕਿਆਂ ਦੀ ਤਾਬਿਆ ਹੈ।

ਜਥੇਦਾਰ ਜੀ ਆਪਣੀ ਢਿੱਡ ਪੀੜ ਦਾ ਜਰੂਰ ਸੋਚੋ

ਸ੍ਰੀ ਅਕਾਲ ਤਖਤ ਸਾਹਿਬ ਦੇ ਮੌਜੂਦਾ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਇਹ ਸਮਝਣਾ ਜਰੂਰੀ ਹੈ ਕਿ ਉਹ ਪੰਜਾਬ ਦੀਆਂ ਵਿਧਾਨ ਸਭਾ ਚੋਣਾ ਨੂੰ ਮੁਖ ਰੱਖਦਿਆਂ ਬਾਦਲਕਿਆਂ ਦੀ ਪੀਰੀ ਦੇ ਹੱਕ ਵਿਚ ਭੁਗਤ ਕੇ ਆਪਣੇ ਜਥੇਦਾਰੀ ਦੇ ਰੁਤਬੇ ਨੂੰ ਲਟਕਾ ਤਾਂ ਜਰੂਰ ਸਕਦੇ ਹਨ ਪਰ ਕੀ ਉਹ ਇਸ ਤਰਾਂ ਕਰਕੇ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਬੇਮੁਖ ਹੋਣ ਦਾ ਗੰਭੀਰ ਗੁਨਾਹ ਵੀ ਕਰ ਰਹੇ ਹੋਣਗੇ ਜਿਹਨਾ ਦੇ ਸਜਾਏ ਸ੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਦੇ ਉਹ ਦਾਅਵੇਦਾਰ ਹਨ। ਹੁਣੇ ਹੁਣੇ 3 ਜਨਵਰੀ 2022 ਨੂੰ ਪੰਜਾਬ ਦੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇੱਕ ਚਿੱਠੀ ਲਿਖ ਕੇ ਜਥੇਦਾਰ ਜੀ ਨੂੰ ਜਾਣੂ ਕਰਵਾਇਆ ਹੈ ਕਿ ਬੇਅਦਬੀ ਦੇ ਰੋਸ ਵਜੋਂ ਜਾਂ ਪੰਥਕ ਇਕੱਠ ਦੇ ਨਾਮ ‘ਤੇ ਜਥੇਦਾਰ ਜੀ ਜੋ ਬਾਦਲ ਦਲ ਨੂੰ ਤਕੜੇ ਕਰਨ ਦੀ ਪੰਥ ਨੂੰ ਅਪੀਲ ਕਰ ਰਹੇ ਹਨ ਕੀ ਜਥੇਦਾਰ ਜੀ ਇਹ ਨਹੀਂ ਜਾਣਦੇ ਕਿ , ‘ਬਾਦਲ ਦਲ ਨੇ ਆਪਣੇ ਆਪ ਨੂੰ ਪੰਥ ਅਤੇ ਪੰਥਕ ਹੋਣ ਤੋਂ ਸਾਲ 1993 ਦੀ ਮੋਗਾ ਕਾਨਫਰੰਸ ਵੇਲੇ ਅਤੇ ਬਾਅਦ ਵਿਚ ਭਾਰਤੀ ਚੋਣ ਕਮਿਸ਼ਨ ਕੋਲ ਸੰਵਿਧਾਨ ਪੇਸ਼ ਕਰਕੇ ਵੱਖ ਕਰ ਲਿਆ ਸੀ’। ਸ: ਸੁਖਜਿੰਦਰ ਸਿੰਘ ਨੇ ਜਥੇਦਾਰ ਜੀ ਤੋਂ ਇਹ ਵੀ ਪੁੱਛਿਆ ਹੈ ਕਿ ਤੁਸੀਂ ਜੋ ਪੰਥ ਨੂੰ ਮਸੰਦਾਂ ਤੋਂ ਸੁਚੇਤ ਹੋਣ ਸੱਦਾ ਦੇ ਰਹੇ ਹੋ ਕੀ ਤੁਸੀਂ ਸ਼੍ਰੋਮਣੀ ਕਮੇਟੀ ‘ਤੇ ਕਾਬਜ ਉਹਨਾ ਮਸੰਦਾਂ ਬਾਰੇ ਨਹੀਂ ਜਾਣਦੇ ਜਿਹਨਾ ਨੇ ‘ਜਾਮੇ-ਇ-ਇੰਸਾਂ’ ਡੇਰੇਦਾਰ ਵਿਚ ਸ਼ਾਮਲ ਹੋ ਕੇ ਸਾਂਝਾਂ ਪ੍ਰਗਟਾਈਆਂ ਅਤੇ ਉਸ ਨੂੰ ਬਠਿੰਡਾਂ ਕੇਸ ਵਿਚੋਂ ਖਾਰਜ ਕਰਨ ਲਈ 2012 ਵਿਚ ਖਾਰਜ ਰਿਪੋਰਟ ਭਰੀ ਅਤੇ ਆਪ ਜੀ ਦੇ ਹੁਕਮਨਾਮੇ ਦੀ ਉਲੰਘਣਾ ਕਰਦੇ ਹੋਏ ਉਸ ਦੀਆਂ ਵੋਟਾਂ ਲਈਆਂ।

ਪੰਜਾਬ ਦੇ ਉਪ ਮੁਖ ਮੰਤਰੀ ਰੰਧਾਵਾ ਵਲੋਂ ਇਸ ਚਿੱਠੀ ਵਿਚ ਇਹ ਵੀ ਸਵਾਲ ਕੀਤਾ ਹੈ ਕਿ ਕੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਇਹ ਨਹੀਂ ਜਾਣਦੇ ਕਿ ਜਿਸ ਸੌਦੇ ਵਾਲੇ ਸਾਧ ਨੂੰ ਬਾਦਲਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਕਲੀਨ ਚਿੱਟ ਦੇ ਕੇ ਉਸਦੇ ਹੌਸਲੇ ਬੁਲੰਦ ਕੀਤੇ ਅਤੇ ਪੰਜਾਬ ਵਿਚ ਉਸ ਦੀਆਂ ਫਿਲਮਾਂ ਚਲਾਈਆਂ, ਬਾਦਲਾਂ ਦੇ ਮੰਤਰੀਆਂ ਨੇ ਸੌਦੇ ਵਾਲਿਆਂ ਦੀ ਨਾਮ ਚਰਚਾ ਕਰਵਾਈ ਅਤੇ ਬਾਦਲਾਂ ਦੇ ਇਸੇ ਥਾਪੜੇ ਨੇ ਫਿਰ ਸੌਦੇ ਵਾਲੇ ਦੇ ਬਰਗਾੜੀ ,ਮਲਕੇ ਅਤੇ ਗੁਰੂਸਰ ਭਗਤਾ ਵਿਚ ਬਾਣੀ ਦੀ ਬੇਅਦਬੀ ਕਰਨ ਲਈ ਹੌਸਲੇ ਬੁਲੰਦ ਕੀਤੇ। ਅਖੀਰ ‘ਤੇ ਇਸ ਚਿੱਠੀ ਵਿਚ ਗ੍ਰਹਿ ਮੰਤਰੀ ਅਤੇ ਉਪ ਮੁਖ ਮੰਤਰੀ ਪੰਜਾਬ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਅਪੀਲ ਕੀਤੀ ਹੈ ਕਿ ਉਹ ਪੰਥਕ ਰਿਵਾਇਤਾਂ ਅਨੁਸਾਰ ਬਾਦਲ ਪਿਓ ਪੁੱਤ ਨੂੰ ਸ੍ਰੀ ਅਕਾਲ ਤਖਤ ਸਾਹਿਬ ‘ਤੇ ਤਲਬ ਕਰਕੇ ਪੰਥ ਵਿਚੋਂ ਖਾਰਜ ਕਰਨ ਦੀ ਕ੍ਰਿਪਾਲਤਾ ਕਰਨ।

ਜਥੇਦਾਰ ਸਾਹਿਬ ਨੂੰ ਜਨਤਕ ਅਪੀਲ

ਭਾਵੇਂ ਸਿੱਖ ਕੌਮ ਇਹ ਜਾਣਦੀ ਹੈ ਕਿ ਹੋਰ ਜਥੇਦਾਰਾਂ ਵਾਂਗ ਹੀ ਮੌਜੂਦਾ ਜਥੇਦਾਰ ਦੀ ਹੈਸੀਅਤ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਦੀ ਹੀ ਹੈ ਜਦ ਕਿ ਸ਼੍ਰੋਮਣੀ ਕਮੇਟੀ ਦੇ ਫੈਸਲੇ ਬਾਦਲਾਂ ਦੇ ਰਾਖਵੇਂ ਹਨ ਪਰ ਤਾਂ ਵੀ ਸਿੱਖ ਪੰਥ ਦੇ ਇੱਕ ਹਿੱਸੇ ਨੂੰ ਜਥੇਦਾਰ ਹਰਪ੍ਰੀਤ ਸਿੰਘ ਦੀ ਕਾਬਲੀਅਤ ਨੂੰ ਦੇਖਦਿਆਂ ਹਾਲੇ ਵੀ ਕੁਝ ਨਾ ਕੁਝ ਉਮੀਦ ਬਾਕੀ ਹੈ। ਜਥੇਦਾਰ ਸਾਹਿਬ ਨੂੰ ਬੇਨਤੀ ਹੈ ਕਿ ਉਹ ਬਾਦਲਾਂ ਦੇ ਹੱਕ ਵਿਚ ਰੋਹਬੀਲੇ ਭਾਸ਼ਣ ਦੇਣ ਵੇਲੇ ਇਹ ਖਿਆਲ ਜਰੂਰ ਕਰਨ ਕਿ ਇਹ ਯੁੱਗ ਹੁਣ ਸੋਸ਼ਲ ਮੀਡੀਏ ਦੇ ਬੋਲਬਾਲੇ ਦਾ ਯੁੱਗ ਹੈ ਅਤੇ ਲੋਕਾਂ ਨੇ ਉਹਨਾ ਦੇ ਅੰਧਾਧੁੰਦ ਅਤੇ ਉਲਾਰ ਲਹਿਜੇ ਦੀ ਜਵਾਬ ਤਲਬੀ ਵੀ ਕਰਨੀ ਹੈ। ਰਾਜਨੀਤਕ ਸ਼ਤਰੰਜ ਵਿਚ ਭਾਵੇਂ ਬਾਦਲਕੇ ਮੁੜ ਪੰਜਾਬ ਦੀ ਰਾਜਨੀਤੀ ‘ਤੇ ਕਾਬਜ ਹੋ ਜਾਣ ਪਰ ਇਹ ਗੱਲ ਜੱਗ ਜਾਣਦਾ ਹੈ ਕਿ ਉਹ ਨਾ ਤਾਂ ਹੁਣ ਪੰਥ ਅਤੇ ਨਾ ਹੀ ਪੰਜਾਬ ਦੀ ਵਫਾਦਰੀ ਦਾ ਪ੍ਰਭਾਵ ਰੱਖਦੇ ਹਨ। ਪੰਜਾਬ ਵਿਚ ਬਾਣੀ ਦੀ ਬੇਅਦਬੀ ਦਾ ਮੁੱਦਾ ਅੱਤ ਦੁਖਦਾਇਕ ਅਤੇ ਗੰਭੀਰ ਹੈ ਪਰ ਇਹਨਾ ਘਟਨਾਵਾਂ ਦੀ ਹੌਸਲਾ ਅਫਜਾਈ ਕਰਨ ਵਾਲੇ ਰਾਜਨੀਤਕ ਲੋਕ ਸਾਰੀਆਂ ਹੀ ਸਿਆਸੀ ਪਾਰਟੀਆਂ ਵਿਚ ਬੈਠੇ ਹਨ ਜਦ ਕਿ ਬਾਦਲਾਂ ਦੀ ਹਿੱਸੇਦਾਰੀ ਬੇਅਦਬੀਆਂ ਵਿਚ ਸਭ ਤੋਂ ਵੱਧ ਹੈ। ਜਥੇਦਾਰ ਜੀ ਕਿੰਨਾ ਚੰਗਾ ਹੋਵੇ ਕਿ ਤੁਸੀਂ ਬਾਦਲਾਂ ਦੀ ਜੀ ਹਜੂਰੀ ਕਰਨ ਨਾਲੋਂ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਵੱਖ ਕਰਨ ਦੀ ਗੱਲ ਕਰੋ। ਤੁਹਾਡੇ ਸੱਚ ਬੋਲਣ ਦੀ ਜੁਰਅੱਤ ਨਾਲ ਪੰਥਕ ਹੌਸਲੇ ਬੁਲੰਦ ਹੋਣਗੇ ਅਤੇ ਤੁਹਾਡਾ ਸਤਿਕਾਰ ਵੀ ਵਧੇਗਾ। ਇਸ ਤੋਂ ਪਹਿਲਾਂ ਕਿ ਬਾਦਲਕੇ ਦੂਜੇ ਜਥੇਦਾਰਾਂ ਵਾਂਗ ਹੀ ਤੁਹਾਡੇ ਰੁਤਬੇ ਨਾਲ ਖੇਡਣ ਦੀ ਕੋਸ਼ਿਸ਼ ਕਰਨ ਤੁਸੀਂ ਪੰਥ ਨੂੰ ਲਾਮਬੰਦ ਕਰੋ। ਪੰਥ ਨੂੰ ਜਿਸ ਅਕਾਲੀ ਫੂਲਾ ਸਿੰਘ ਦੇ ਪਰਤਣ ਦੀ ਉਡੀਕ ਹੈ ਉਸ ਦੀ ਝਲਕ ਕੁਝ ਲੋਕ ਤੁਹਾਡੇ ਵਿਚ ਦੇਖਦੇ ਹਨ। ਕਿਧਰੇ ਇੰਝ ਨਾ ਹੋਵੇ ਕਿ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਬਾਦਲਾਂ ਦਾ ਗੁੱਡਾ ਬੰਨ੍ਹਦੇ ਬੰਨ੍ਹਦੇ ਤੁਸੀਂ ਸਿੱਖ ਪੰਥ ਦੀਆਂ ਨਜ਼ਰਾਂ ਵਿਚੋਂ ਉੱਕਾ ਹੀ ਡਿੱਗ ਜਾਵੋ।

Related posts

ਚੰਡੀਗੜ੍ਹ ਵਿਵਾਦ ਵੇਲੇ ਦੀ ਵੰਗਾਰ ਹੈ !

admin

ਵਿਦਵਤਾ ਦੇ ਸਜੀਵ ਤੇ ਸਾਕਾਰ ਸਰੂਪ ਕਾਨ੍ਹ  ਸਿੰਘ ਨਾਭਾ !

admin

ਵਿਗਿਆਨ ਦੀ ਤਰੱਕੀ ਵਿੱਚ ਚੂਹਿਆਂ ਦਾ ਅਹਿਮ ਯੋਗਦਾਨ !

admin