Articles

ਜਦੋਂ ਪ੍ਰੇਮੀ ਜੋੜੇ ਨੂੰ ਪੁਲਿਸ ਸੁਰੱਖਿਆ ਮਹਿੰਗੀ ਪਈ !

ਲੇਖਕ: ਬਲਰਾਜ ਸਿੰਘ ਸਿੱਧੂ ਕਮਾਂਡੈਂਟ, ਪੰਡੋਰੀ ਸਿੱਧਵਾਂ

ਪੰਜਾਬ ਪੁਲਿਸ ਦੀ ਅੱਧੀ ਤੋਂ ਵੱਧ ਨਫਰੀ ਲੀਡਰਾਂ, ਲੀਡਰਾਂ ਦੇ ਰਿਸ਼ਤੇਦਾਰਾਂ, ਜਿਲ੍ਹਾ ਪ੍ਰਧਾਨਾਂ, ਬਲਾਕ ਪ੍ਰਧਾਨਾਂ, ਫਿਰਕੂ ਪ੍ਰਧਾਨਾਂ, ਵਿਹਲੜ ਬਾਬਿਆਂ ਅਤੇ ਗੰਨਮੈਨ ਲੈ ਕੇ ਫੁਕਰੀ ਮਾਰਨ ਵਾਲੇ ਵਿਅਕਤੀਆਂ ਦੀ ਸੁਰੱਖਿਆ ਵਾਸਤੇ ਤਾਇਨਾਤ ਹੈ। ਜਦੋਂ ਵੀ ਕਿਸੇ ਵਿਅਕਤੀ ਨੂੰ ਕੋਈ ਸਿਆਸੀ ਅਹੁਦਾ ਮਿਲਦਾ ਹੈ ਤਾਂ ਉਸ ਨੂੰ ਦਫਤਰ ਅਤੇ ਸਟਾਫ ਦੀ ਬਜਾਏ ਸਭ ਤੋਂ ਵੱਧ ਚਾਅ ਏ.ਕੇ. 47 ਵਾਲੇ ਗੰਨਮੈਨ ਲੈਣ ਦਾ ਹੁੰਦਾ ਹੈ। ਜੇ ਗੰਨਮੈਨ ਹੀ ਨਾ ਮਿਲੇ ਤਾਂ ਫਿਰ ਅਹੁਦੇ ਦਾ ਕੀ ਫਾਇਦਾ? ਲੋਕਾਂ ਨੂੰ ਕਿਵੇਂ ਪਤਾ ਚੱਲੇਗਾ ਕਿ ਉਹ ਹੁਣ ਸਧਾਰਨ ਲੋਕਾਂ ਦੀ ਸ਼ਰੇਣੀ ਵਿੱਚੋਂ ਨਿਕਲ ਕੇ ਵੀ.ਆਈ.ਪੀ. ਦੀ ਸ਼ਰੇਣੀ ਵਿੱਚ ਪਹੁੰਚ ਗਿਆ ਹੈ। ਕਈ ਸੂਰਮੇ ਤਾਂ ਅਜਿਹੇ ਹਨ ਜੋ ਕਿਸੇ ਹੋਰ ਤਰੀਕੇ ਨਾਲ ਗੰਨਮੈਨ ਲੈਣ ਤੋਂ ਅਸਫਲ ਰਹਿਣ ‘ਤੇ ਹਰੇਕ ਅਸੈਂਬਲੀ ਅਤੇ ਪਾਰਲੀਮੈਂਟ ਚੋਣਾਂ ਵਿੱਚ ਨਾਮਜ਼ਦਗੀ ਕਾਗਜ਼ ਭਰ ਦੇਂਦੇ ਹਨ। ਇਸ ਤਰਾਂ ਕਰਨ ਨਾਲ ਉਨ੍ਹਾਂ ਦਾ ਮਹੀਨੇ – ਦੋ ਮਹੀਨੇ ਲਈ ਗੰਨਮੈਨ ਲੈਣ ਦਾ ਝੱਸ ਪੂਰ ਹੋ ਜਾਂਦਾ ਹੈ। ਪਰ ਕੁਝ ਸਾਲਾਂ ਤੋਂ ਹੁਣ ਪੁਲਿਸ ਸੁਰੱਖਿਆ ਲੈਣ ਲਈ ਇੱਕ ਨਵੀਂ ਤਰਾਂ ਦੇ ਜੀਵ ਪ੍ਰਗਟ ਹੋ ਗਏ ਹਨ, ਘਰ ਤੋਂ ਦੌੜ ਕੇ ਵਿਆਹ ਕਰਾਉਣ ਵਾਲੇ ਕਥਿੱਤ ਪ੍ਰੇਮੀ। ਉਹ ਗੱਲ ਵੱਖਰੀ ਹੈ ਕਿ ਇਸ ਤਰਾਂ ਦਾ ਵਿਆਹ ਦੋ ਚਾਰ ਸਾਲ ਤੋਂ ਵੱਧ ਨਹੀਂ ਟਿਕਦਾ। ਪੰਜਾਬ ਵਿੱਚ ਭਾਰਤ ਭਰ ਵਿੱਚੋਂ ਸਭ ਤੋਂ ਵੱਧ ਅਣਖ ਖਾਤਰ ਕਤਲ ਹੁੰਦੇ ਹਨ। ਇਸ ਲਈ ਹਾਈ ਕੋਰਟ ਸੁਰੱਖਿਆ ਮੰਗਣ ਵਾਲੇ ਹਰੇਕ ਪ੍ਰੇਮੀ ਜੋੜੇ ਨੂੰ ਘੱਟੋ ਘੱਟ ਦੋ ਸੁਰੱਖਿਆ ਮੁਲਾਜ਼ਮ ਤਾਂ ਅਲਾਟ ਕਰ ਹੀ ਦੇਂਦਾ ਹੈ।
ਜੇ ਤੁਸੀਂ ਸਵੇਰੇ 10 – 11 ਵਜੇ ਹਾਈਕੋਰਟ ਜਾਉਗੇ ਤਾਂ ਵੇਖੋਗੇ ਕਿ ਚੀਫ ਜਸਟਿਸ ਦੀ ਅਦਾਲਤ ਪੁਲਿਸ ਸੁਰੱਖਿਆ ਮੰਗਣ ਵਾਲੇ ਜੋੜਿਆਂ ਨਾਲ ਭਰੀ ਪਈ ਹੁੰਦੀ ਹੈ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਲੜਕੀਆਂ ਜਿਸ ਪਰਿਵਾਰ ਵਿੱਚ 20 – 21 ਸਾਲ ਪਲੀਆਂ ਵਧੀਆਂ ਹੁੰਦੀਆਂ ਹਨ, ਉਸ ਹੀ ਪਰਿਵਾਰ ਤੋਂ ਉਨ੍ਹਾਂ ਨੂੰ ਪ੍ਰੇਮ ਵਿਆਹ ਤੋਂ ਬਾਅਦ ਖਤਰਾ ਪੈਦਾ ਹੋ ਜਾਂਦਾ ਹੈ। ਸਾਰੀ ਉਮਰ ਜਿਸ ਮਾਂ ਪਿਉ ਤੇ ਭਰਾਵਾਂ ਨੇ ਉਨ੍ਹਾਂ ਨੂੰ ਲਾਡ ਲਡਾਏ ਹੁੰਦੇ ਹਨ, ਉਹ ਦੁਸ਼ਮਣ ਅਤੇ ਸਾਲ ਦੋ ਸਾਲ ਤੋਂ ਜ਼ਿੰਦਗੀ ਵਿੱਚ ਆਇਆ ਕੋਈ ਅਣਜਾਣ ਪ੍ਰੇਮੀ ਆਪਣਾ ਸਭ ਤੋਂ ਵੱਡਾ ਹਿਤੈਸ਼ੀ ਲੱਗਣ ਲੱਗ ਜਾਂਦਾ ਹੈ। 2003 – 04 ਦੀ ਗੱਲ ਹੈ ਕਿ ਮੈਂ ਮਾਝੇ ਦੀ ਕਿਸੇ ਸਬ ਡਵੀਜ਼ਨ ਵਿੱਚ ਡੀ.ਐਸ.ਪੀ. ਲੱਗਾ ਹੋਇਆ ਸੀ। ਸਬ ਡਵੀਜ਼ਨ ਦੇ ਇੱਕ ਪਿੰਡ ਦੇ ਦੋ ਨਿਮਨ ਮੱਧ ਵਰਗੀ ਪਰਿਵਾਰਾਂ ਦੇ ਲੜਕਾ ਲੜਕੀ, ਜੋ ਆਪਸ ਵਿੱਚ ਗੁਆਂਢੀ ਸਨ ਤੇ ਆਹਮੋ ਸਾਹਮਣੇ ਘਰਾਂ ਵਿੱਚ ਰਹਿੰਦੇ ਸਨ, ਨੇ ਘਰੋਂ ਦੌੜ ਕੇ ਪ੍ਰੇਮ ਵਿਆਹ ਕਰਵਾ ਲਿਆ। ਵਿਆਹ ਤੋਂ ਬਾਅਦ ਉਹ ਪਿੰਡ ਆਉਣ ਦੀ ਬਜਾਏ ਅੰਮ੍ਰਿਤਸਰ ਕਿਰਾਏ ਦਾ ਕਮਰਾ ਲੈ ਕੇ ਰਹਿਣ ਲੱਗ ਪਏ ਤੇ ਮਿਹਨਤ ਮਜ਼ਦੂਰੀ ਕਰ ਕੇ ਆਪਣਾ ਗੁਜ਼ਾਰਾ ਕਰਨ ਲੱਗੇ। ਲੜਕੀ ਦੇ ਪਰਿਵਾਰ ਵਾਲੇ ਸ਼ਰੀਫ ਕਿਸਮ ਦੇ ਇਨਸਾਨ ਸਨ, ਇਸ ਲਈ ਉਨ੍ਹਾਂ ਨੇ ਸਬਰ ਦਾ ਘੁੱਟ ਭਰ ਲਿਆ। ਲੜਕੇ ਵਾਲਿਆਂ ਨੇ ਵੀ ਪਿੰਡ ਨੂੰ ਜਚਾਉਣ ਦੀ ਖਾਤਰ ਲੜਕੇ ਤੋਂ ਆਪਣਾ ਨਾਤਾ ਤੋੜ ਲਿਆ ਤੇ ਅਖਬਾਰ ਵਿੱਚ ਬੇਦਖਲੀ ਦਾ ਨੋਟਿਸ ਦੇ ਦਿੱਤਾ।
ਪਰ ਪ੍ਰੇਮੀਆਂ ਦਾ ਇਸ਼ਕ ਦਾ ਭੂਤ ਜਲਦੀ ਹੀ ਉੱਤਰ ਗਿਆ। ਪਿੰਡ ਵਿੱਚ ਲੜਕੇ ਦੀ ਕਰਿਆਨੇ ਦੀ ਦੁਕਾਨ ਸੀ ਤੇ ਗੁਜ਼ਾਰਾ ਠੀਕ ਚੱਲਦਾ ਸੀ। ਪਰ ਜਦੋਂ ਸ਼ਹਿਰ ਵਿੱਚ ਆਟਾ ਤੇ ਸਾਗ ਸਬਜ਼ੀ ਵੀ ਮੁੱਲ ਦੀ ਲੈਣੀ ਪਈ ਤਾਂ ਉਨ੍ਹਾਂ ਨੂੰ ਪਿੰਡ ਚੇਤੇ ਆਉਣ ਲੱਗ ਪਿਆ। ਇੱਕ ਰਾਤ ਉਹ ਚੁੱਪ ਚੁਪੀਤੇ ਵਾਪਸ ਪਿੰਡ ਪਹੁੰਚ ਗਏ। ਸਾਰੇ ਪਿੰਡ ਵਿੱਚ ਹਾਹਾਕਾਰ ਮੱਚ ਗਈ। ਪਿੰਡ ਦੇ ਵਿਹਲੜ ਮੁਸ਼ਟੰਡੇ ਲੜਕੀ ਦੇ ਭਰਾਵਾਂ ਦਾ ਮਖੌਲ ਉਡਾਉਣ ਲੱਗੇ ਤੇ ਗੱਲ ਮਰਨ ਮਾਰਨ ਤੱਕ ਪਹੁੰਚ ਗਈ। ਦੋ ਦਿਨਾਂ ਬਾਅਦ ਲੜਕੀ ਦਾ ਬਾਪ ਪੰਚਾਇਤ ਲੈ ਕੇ ਮੇਰੇ ਦਫਤਰ ਆ ਗਿਆ ਤੇ ਲੱਗਭੱਗ ਰੋਂਦੇ ਹੋਏ ਬੋਲਿਆ ਕਿ ਉਸ ਨੇ ਲੜਕੀ ਦਾ ਵਿਆਹ ਉਸ ਲੜਕੇ ਨਾਲ ਹੋਣ ਨੂੰ ਬਰਦਾਸ਼ਤ ਕਰ ਲਿਆ ਸੀ। ਪਰ ਹੁਣ ਜਦੋਂ ਲੜਕੀ ਉਸ ਦੇ ਘਰ ਦੇ ਸਾਹਮਣੇ ਹੀ ਰਹਿਣ ਲੱਗ ਪਈ ਤਾਂ ਉਸ ਤੋਂ ਪਿੰਡ ਵਾਲਿਆਂ ਦੇ ਤਾਹਨੇ ਮਿਹਣੇ ਬਰਦਾਸ਼ਤ ਨਹੀਂ ਹੋ ਰਹੇ। ਲੜਕੇ ਲੜਕੀ ਨੂੰ ਕਿਹਾ ਜਾਵੇ ਕਿ ਉਹ ਜਿੱਥੇ ਮਰਜ਼ੀ ਵੱਸਣ ਪਰ ਪਿੰਡ ਵਿੱਚ ਨਾ ਰਹਿਣ, ਨਹੀਂ ਤਾਂ ਮੇਰੇ ਬੇਟਿਆਂ ਨੇ ਕੁਝ ਕਰ ਬੈਠਣਾ ਹੈ। ਪੰਚਾਇਤ ਨੇ ਵੀ ਉਸ ਦੀ ਗੱਲ ਦੀ ਪ੍ਰੋੜਤਾ ਕੀਤੀ। ਲੜਕੀ ਵਾਲਿਆਂ ਤੋਂ ਦਰਖਾਸਤ ਲੈ ਕੇ ਮੈਂ ਪ੍ਰੇਮੀ ਜੋੜੇ ਤੇ ਉਸ ਦੇ ਪਰਿਵਾਰ ਨੂੰ ਅਗਲੇ ਦਿਨ ਬੁਲਾ ਭੇਜਿਆ। ਪਰ ਉਹ ਪਰਿਵਾਰ ਐਨਾ ਢੀਠ ਨਿਕਲਿਆ ਕਿ ਹਫਤਾ ਭਰ ਮੇਰੇ ਕੋਲ ਨਾ ਆਇਆ।
ਪੰਜ ਸੱਤ ਦਿਨਾਂ ਬਾਅਦ ਲੜਕੇ ਦਾ ਪਿਉ ਪ੍ਰੇਮੀ ਜੋੜੇ ਨੂੰ ਮੇਰੇ ਦਫਤਰ ਲੈ ਆਇਆ। ਜਦੋਂ ਮੈਂ ਲੜਕੀ ਦੇ ਪਰਿਵਾਰ ਦੀ ਦਰਖਾਸਤ ਦੀ ਗੱਲ ਕੀਤੀ ਤਾਂ ਪ੍ਰੇਮੀ ਨੇ ਹਾਈ ਕੋਰਟ ਦੇ ਹੁਕਮ ਮੇਰੇ ਮੇਜ਼ ‘ਤੇ ਰੱਖ ਦਿੱਤੇ ਕਿ ਇਨ੍ਹਾਂ ਨੂੰ ਸਹੁਰਾ ਪਰਿਵਾਰ ਤੋਂ ਖਤਰਾ ਹੈ, ਇਸ ਲਈ ਦੋ ਸੁਰੱਖਿਆ ਮੁਲਾਜ਼ਮ ਮੁਹੱਈਆ ਕਰਵਾਏ ਜਾਣ। ਲੜਕੇ ਲੜਕੀ ਨੇ ਪਿੰਡ ਛੱਡ ਕੇ ਜਾਣ ਤੋਂ ਸਾਫ ਇਨਕਾਰ ਕਰ ਦਿੱਤਾ। ਹੁਣ ਹਾਈ ਕੋਰਟ ਦੇ ਆਰਡਰ ਤਾਂ ਸਭ ਨੂੰ ਮੰਨਣੇ ਹੀ ਪੈਂਦੇ ਹਨ। ਮੈਂ ਸਬੰਧਿਤ ਥਾਣੇ ਦੇ ਐਸ.ਐਚ.ਉ. ਨੂੰ ਦਫਤਰ ਬੁਲਾ ਲਿਆ ਤੇ ਆਰਡਰ ਤਾਮੀਲ ਕਰਨ ਲਈ ਉਸ ਦੇ ਅੱਗੇ ਰੱਖ ਦਿੱਤੇ। ਐਸ.ਐਚ.ਉ. ਦੋ ਦਿਨ ਪਹਿਲਾਂ ਹੀ ਕਰਾਈਮ ਮੀਟਿੰਗ ਦੌਰਾਨ ਥਾਣੇ ਵਿੱਚ ਵਧਦੀਆਂ ਜਾ ਰਹੀਆਂ ਚੋਰੀ ਦੀਆਂ ਵਾਰਦਾਤਾਂ ਕਾਰਨ ਐਸ.ਐਸ.ਪੀ. ਤੋਂ ਚੰਗੀ ਬੇਇੱਜ਼ਤੀ ਕਰਵਾ ਕੇ ਆਇਆ ਸੀ। ਆਰਡਰ ਪੜ੍ਹ ਕੇ ਉਸ ਦੇ ਤਨ ਬਦਨ ਨੂੰ ਅੱਗ ਲੱਗ ਗਈ। ਕਹਿਣ ਲੱਗਾ ਕਿ ਜ਼ਨਾਬ ਥਾਣੇ ਵਿੱਚ ਤਾਂ ਪਹਿਲਾਂ ਹੀ ਕੋਈ ਮੁਲਾਜ਼ਮ ਨਹੀਂ ਹੈਗਾ, ਹੁਣ ਮੈਂ ਇਨ੍ਹਾਂ ਦੀ ਰਾਖੀ ਲਈ ਗਾਰਦ ਕਿੱਥੋਂ ਲਿਆਵਾਂ? ਮੈਂ ਉਸ ਨੂੰ ਸਮਝਾਇਆ ਕਿ ਇਹ ਆਰਡਰ ਤਾਂ ਮੰਨਣੇ ਹੀ ਪੈਣੇ ਹਨ। ਜੇ ਕੋਈ ਜਾਹ ਜਾਂਦੀ ਹੋ ਗਈ ਤਾਂ ਆਪਾਂ ਦੋਵੇਂ ਨੌਕਰੀ ਤੋਂ ਜਾਵਾਂਗੇ। ਉਹ ਸੜਿਆ ਬਲਿਆ ਮੁਲਾਜ਼ਮ ਲੈਣ ਲਈ ਥਾਣੇ ਚਲਾ ਗਿਆ। ਮੈਂ ਪ੍ਰੇਮੀ ਜੋੜੇ ਨੂੰ ਬਾਹਰ ਇੰਤਜ਼ਾਰ ਕਰਨ ਲਈ ਕਹਿ ਦਿੱਤਾ।
ਘੰਟੇ ਕੁ ਬਾਅਦ ਐਸ.ਐਚ.ਉ. ਥਾਣੇ ਦੇ ਦੋ ਸਭ ਤੋਂ ਛਟੇ ਹੋਏ ਡਿਫਾਲਟਰ ਸਿਪਾਹੀ ਥਰੀ ਨਾਟ ਥਰੀ ਰਾਈਫਲਾਂ ਸਮੇਤ ਲੈ ਕੇ ਵਾਪਸ ਆ ਗਿਆ। ਸ਼ਾਇਦ ਉਹ ਉਨ੍ਹਾਂ ਦੇ ਕੰਨ ਵਿੱਚ ਕੋਈ ਫੂਕ ਮਾਰ ਕੇ ਲਿਆਇਆ ਸੀ। ਉਨ੍ਹਾਂ ਸਿਪਾਹੀਆਂ ਦੀ ਚਾਲ ਢਾਲ ਤੋਂ ਸਾਫ ਲੱਗਦਾ ਸੀ ਕਿ ਉਹ ਵੀ ਧੱਕੇ ਨਾਲ ਹੀ ਲਿਆਂਦੇ ਗਏ ਹਨ। ਪ੍ਰੇਮੀ ਜੋੜਾ ਖੁਸ਼ੀ ਖੁਸ਼ੀ ਦੋਵਾਂ ਸਿਪਾਹੀਆਂ ਨੂੰ ਆਪਣੇ ਨਾਲ ਲੈ ਗਿਆ ਕਿ ਹੁਣ ਪਿੰਡ ਵਿੱਚੋਂ ਕੋਈ ਕੁਸਕ ਕੇ ਤਾਂ ਵਿਖਾਵੇ। ਦੋਵਾਂ ਸਿਪਾਹੀਆਂ ਨੇ ਜਾਂਦਿਆਂ ਹੀ ਆਪਣੇ ਰੰਗ ਵਿਖਾਉਣੇ ਸ਼ੁਰੂ ਕਰ ਦਿੱਤੇ। ਤਿੰਨ ਟਾਇਮ ਪੰਦਰਾਂ ਪੰਦਰਾਂ ਰੋਟੀਆਂ ਖਾਣ ਤੋਂ ਬਾਅਦ ਰਾਤ ਨੂੰ ਪੈੱਗ ਪਿਆਲੇ ਦੀ ਵੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਰਾਤ ਸੌਣ ਲੱਗਿਆਂ ਆਖਣ ਕੇ ਅਸੀਂ ਤਾਂ ਤੁਹਾਡੇ ਲਾਗੇ ਮੰਜਾ ਡਾਹਵਾਂਗੇ। ਜੇ ਕੋਈ ਰਾਤ ਨੂੰ ਤੁਹਾਨੂੰ ਮਾਰ ਗਿਆ ਤਾਂ ਫਿਰ ਅਸੀਂ ਕਿਸ ਦੀ ਮਾਂ ਨੂੰ ਮਾਸੀ ਆਖਾਂਗੇ, ਸਾਡੀ ਨੌਕਰੀ ਦਾ ਸਵਾਲ ਹੈ। ਦਿਨ ਵੇਲੇ ਦੋਵੇਂ ਲੜਕੇ ਦੀ ਦੁਕਾਨ ਅੱਗੇ ਅਟੈੱਨਸ਼ਨ ਹੋ ਕੇ ਖੜੇ ਹੋ ਜਾਂਦੇ ਤੇ ਆਉਣ ਵਾਲੇ ਗਾਹਕਾਂ ਦੀ ਜਾਮਾਤਲਾਸ਼ੀ ਲੈ ਕੇ ਹੀ ਅੰਦਰ ਵੜਨ ਦੇਂਦੇ। ਗਾਹਕ ਦੁਕਾਨ ਵੱਲ ਆਉਣ ਤੋਂ ਡਰਨ ਲੱਗੇ ਕਿ ਕਿਹੜਾ ਪੈਸੇ ਦੇ ਕੇ ਆਪਣੀ ਬੇਇੱਜ਼ਤੀ ਕਰਵਾਵੇ? ਉਨ੍ਹਾਂ ਨੇ ਦਸ ਦਿਨ ਦੇ ਅੰਦਰ ਹੀ ਪ੍ਰੇਮੀ ਜੋੜੇ ਦੀ ਭੂਤਨੀ ਭਵਾਂ ਦੇ ਰੱਖ ਦਿੱਤੀ। ਲੜਕੀ ਰੋਟੀਆਂ ਪਕਾ ਪਕਾ ਕੇ ਮਰਨ ਵਾਲੀ ਹੋ ਗਈ ਤੇ ਲੜਕੇ ਦੀ ਦੁਕਾਨ ਬੰਦ ਹੋਣ ਕਿਨਾਰੇ ਪਹੁੰਚ ਗਈ।
ਪੰਦਰਾਂ ਕੁ ਦਿਨਾਂ ਬਾਅਦ ਹੀ ਪ੍ਰੇਮੀ ਜੋੜਾ ਦੁਬਾਰਾ ਪੰਚਾਇਤ ਅਤੇ ਆਪਣੇ ਪਰਿਵਾਰ ਨੂੰ ਲੈ ਕੇ ਮੇਰੇ ਦਫਤਰ ਆ ਗਿਆ ਤੇ ਤਰਲੇ ਪਾਉਣ ਲੱਗੇ ਕਿ ਰੱਬ ਦਾ ਵਾਸਤਾ ਸਾਨੂੰ ਨਹੀਂ ਗੰਨਮੈਨ ਚਾਹੀਦੇ। ਅਸੀਂ ਤਾਂ ਕਲ੍ਹ ਹੀ ਸਮਾਨ ਬੰਨ੍ਹ ਕੇ ਅੰਮ੍ਰਿਤਸਰ ਚਲੇ ਜਾਵਾਂਗੇ। ਮੈਂ ਦੋਵਾਂ ਕੋਲੋਂ ਪੰਚਾਇਤਨਾਮਾ ਅਤੇ ਐਫੀਡੈਵਿਟ ਲਿਖਵਾ ਕੇ ਲੈ ਲਿਆ ਕਿ ਸਾਨੂੰ ਸੁਰੱਖਿਆ ਦੀ ਜਰੂਰਤ ਨਹੀਂ ਹੈ। ਦੋ ਕੁ ਦਿਨਾਂ ਬਾਅਦ ਹੀ ਉਹ ਸਚਮੁੱਚ ਹੀ ਪਿੰਡ ਛੱਡ ਕੇ ਚਲੇ ਗਏ। ਪਿੰਡ ਵਾਲਿਆਂ ਤੇ ਲੜਕੀ ਦੇ ਪਰਿਵਾਰ ਨੇ ਸ਼ੁਕਰ ਮਨਾਇਆ ਕੇ ਸਭ ਕੁਝ ਸ਼ਾਂਤੀ ਨਾਲ ਹੀ ਨਿਪਟ ਗਿਆ।

Related posts

ਦਿਲਜੀਤ ਨੂੰ ‘ਬਾਰਡਰ 2’ ਤੋਂ ਕਿਉਂ ਨਹੀਂ ਹਟਾਇਆ ਤੇ ਪਾਬੰਦੀ ਬਰਕਰਾਰ ਕਿਉਂ ?

admin

ਬੁੱਝੋ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕੌਣ ਹੋਇਆ ?

admin

ਭਾਰਤ ਵਿੱਚ ਨਸ਼ਾ ਵੇਚਣ ਵਾਲਿਆਂ ਦਾ ਵਧਦਾ ਨੈੱਟਵਰਕ !

admin