ਇਹ ਗੱਲ 1984 ਦੀ ਹੈ । ਉਦੋਂ ਅਧਿਆਪਕਾਂ ਦੀ ਨਿਯੁਕਤੀ ਛੇ ਮਹੀਨੇ ਦੇ ਆਧਾਰ ਉੱਪਰ ਜਿਲ੍ਹਾ ਪੱਧਰ ਉੱਪਰ ਜਿਲ੍ਹਾ ਸਿੱਖਿਆ ਅਫਸਰ ਵਲੋਂ ਨਿਰੋਲ ਮੈਰਿਟ ਦੇ ਅਧਾਰ ਉੱਪਰ ਵੱਖੋ-ਵੱਖਰੇ ਵਿਸ਼ਿਆਂ ਦੇ ਅਧਿਆਪਕਾਂ ਦੀਆਂ ਲਿਸਟਾਂ ਬਣਾ ਕੇ ਮੈਰਿਟ ਵਾਈਜ਼ ਖਾਲੀ , ਛੁੱਟੀ ਵਾਲੇ ਸਟੇਸ਼ਨਾਂ ਉੱਪਰ ਆਰਡਰ ਸਬੰਧਤ ਅਧਿਆਪਕ ਨੂੰ ਭੇਜੇ ਜਾਂਦੇ ਸੀ ।ਉਸ ਸਮੇਂ ਪੰਜਾਬ ਅੰਦਰ ਰਾਸਟਰਪਤੀ ਰਾਜ ਲਾਗੂ ਸੀ , ਸਾਰੀਆਂ ਸਕਤੀਆਂ ਰਾਜ ਦੇ ਗਵਰਨਰ ਬੀ.ਡੀ.ਪਾਂਡੇ ਕੋਲ ਸੀ ਜੋ ਸ਼ਾਸਨ ਚਲਾ ਰਹੇ ਸੀ ।ਇਸੀ ਕਰਕੇ ਉਸ ਸਮੇਂ ਕੋਈ ਰਾਜਨੀਤਕ ਨੇਤਾਵਾਂ ਦੀ ਕੋਈ ਪੁੱਛ-ਗਿੱਛ ਨਹੀਂ ਸੀ । ਨੌਕਰੀ ਲੈਣੀ ਆਸਾਨ ਸੀ । ਆਰਟ/ਕਰਾਫਟ ਟੀਚਰਾਂ ਦੀਆਂ ਪੋਸਟਾਂ ਸਾਰੇ ਜਿਲ੍ਹੇ ਵਿੱਚ ਖਾਲੀ ਤਾਂ ਕੀ ਹੋਣੀ ਸੀ ਸਿਰਫ ਛੁੱਟੀ ਵਾਲੇ ਦੋ ਸਟੇਸ਼ਨ ਖਾਲੀ ਸਨ ,ਜਿਨ੍ਹਾਂ ਉੱਪਰ ਮੈਰਿਟ ਅਨੁਸਾਰ ਆਏ ਪਹਿਲੇ ਦੋ ਅਧਿਆਪਕਾਂ ਦੇ ਆਰਡਰ ਹੋ ਗਏ । ਮੈਰਿਟ ਲਿਸਟ ਛੇ ਮਹੀਨੇ ਲਈ ਵੈਲਿਡ ਹੁੰਦੀ ਸੀ , ਮੇਰਾ ਤੀਸਰਾ ਨੰਬਰ ਸੀ ਕੋਈ ਪੋਸਟ ਖਾਲੀ ਨਹੀਂ ਸੀ । ਮੇਰਾ ਡੀ.ਈ.ੳ. ਦਫਤਰ ਦੂਜੇ ਦਿਨ ਤਕਰੀਬਨ ਗੇੜਾ ਸੀ , ਸਬੰਧਤ ਕਲਰਕ ‘ਕੋਈ ਪੋਸਟ ਖਾਲੀ ਨਹੀਂ’ ਕਹਿ ਦਿੰਦਾ । ਮੈਂ ਨਿਰਾਸ ਹੋ ਕੇ ਵਾਪਸ ਆ ਜਾਂਦਾ । ਮੈਨੂੰ ਦੋ ਨੰਬਰ ਵਾਲੇ ਮੇਰੇ ਦੋਸਤ ਬਲਬੀਰ ਸਿੰਘ ਅਧਿਆਪਕ ਨੇ ਦੱਸ ਦਿੱਤਾ ਕਿ ਕਲਰਕ ਨੂੰ ਪੰਜ ਸੌ ਦੇ ਦੇ ਆਰਡਰ ਦੇ ਦੇਵੇਗਾ । ਮੈਂ ਕਦੇ ਅਜਿਹਾ ਕਦੇ ਕੀਤਾ ਨਹੀਂ ਸੀ ।ਚਲੋ ਕਰਨਾ ਪਿਆ ।
ਡੀ.ਈ.ੳ. ਦਫਤਰ ਪਟਿਆਲੇ ਪੁਰਾਣੇ ਕਿਲ੍ਹੇ ਵਿੱਚ ਸੀ । ਪੁਰਾਣੀ ਬਿਲਡਿੰਗ , ਤੰਗ ਪੌੜੀਆਂ ਸਨ । ਮੈਂ ਹੇਠਾਂ ਛੁਟੇ ਜਿਹੇ ਪਾਰਕ ‘ਚ ਧੁੱਪੇ ਬੈਠ ਗਿਆ ਅਤੇ ਲੰਚ ਸਮੇਂ ਤੋਂ ਬਾਦ ਸਬੰਧਤ ਕਲਰਕ ਨੂੰ ਵਾਪਸ ਆਉਂਦੇ ਨੂੰ ਦੇਖ ਰਹਿਆ ਸੀ । ਮਨ ‘ਚ ਫੁਰਨਾ ਆਇਆ ਕਿ ਪੌੜੀਆਂ ਚੜ੍ਹਦੇ ਕਲਰਕ ਨੂੰ ਨੋਟ ਫੜ੍ਹਾ ਦੇਵਾਂ ਇਹੀ ਮੌਕਾ ਮੇਰੇ ਲਈ ਸੌਖਾ ਲੱਗਦਾ ਸੀ । ਕਲਰਕ ਦੇ ਪੌੜੀਆਂ ਚੜ੍ਹਦੇ ਸਮੇਂ ਮੈਂ ਵੀ ਨਾਲ ਹੀ ਮੁੱਠੀ ‘ਚ ਪੈਸੇ ਲੈ ਕੇ ਨਾਲ ਚੜ੍ਹ ਗਿਆ ਤੇ ਕਲਰਕ ਨੂੰ ਉਸਦੀ ਮੁੱਠੀ ‘ਚ ਫੈਸੇ ਫੜ੍ਹਾ ਦਿੱਤੇ । ਕਲਰਕ ਨੈ ਮੈਨੂੰ ਚਾਰ ਕੁ ਵਜੇ ਆ ਕੇ ਆਰਡਰ ਲਿਜਾਣ ਲਈ ਕਹਿਆ । ਮੈਂ ਹੇਠਾਂ ਆ ਕੇ ਘੰਟਾ ਕੁ ਬੈਠਿਆ ਪਰ ਸਮਾਂ ਲੰਘਾਉਣਾ ਔਖਾ ਲੱਗਦਾ ਸੀ ਮੈਂ ਉੱਪਰ ਵਰਾਂਡੇ ‘ਚ ਚਲਾ ਗਿਆ ।ਜਦੋਂ ਮੈਂ ਸਬੰਧਤ ਕਲਰਕ ਵੱਲ ਵੇਖਿਆ ਤਾਂ ਉਸ ਨੇ ਮੈਨੂੰ ਆਉਣ ਦਾ ਇਸ਼ਾਰਾ ਕਰ ਦਿੱਤਾ । ਮੈਂ ਗਿਆ ਤਾਂ ਮੈਨੂੰ ਸਬੰਧਤ ਕਲਰਕ ਨੇ ਦੋ ਕਾਪੀਆਂ ਆਰਡਰਾਂ ਦੀਆਂ ਜੋ ਕਿ ਸ.ਮਿ.ਸ. ਨਨਹੇੜਾ (ਸਮਾਣਾ) ਵਿਖੇ ਛੁੱਟੀ ਵਾਲੀ ਥਾਂ ਤੇ ਕੀਤੇ ਹੋਏ ਸਨ , ਦੇ ਕੇ ਰਸੀਟ ਵਜੋਂ ਦਸਤਖ ਕਰਵਾ ਲਏ ।ਮੈਂ ਆਰਡਰ ਲੈ ਕੇ ਪਿੰਡ ਆ ਗਿਆ ।ਮੈਂ ਸੋਚ ਰਿਹਾ ਸੀ ਕਿ ਖਾਲੀ ਪੋਸਟ ਤਾਂ ਪਹਿਲਾਂ ਹੀ ਪਈ ਸੀ ਪਰ ਇਹ ਤਾਂ ਉਸ ਸਮੇਂ ਦੇ ਬਾਬੂਆਂ ਦੀ ਪਰੰਪਰਾ ਹੀ ਸੀ ਕਿ ਕੰਮ ਬਿਨ੍ਹਾਂ ਪੈਸੇ ਦੇ ਨਹੀਂ ਕਰਨੇ । ਸਮਾਣੇ ਮੇਰੇ ਪਿੰਡੋਂ ਹੀ ਰਮਿੰਦਰ ਕੁਮਾਰ ਤਹਿਸੀਲ਼ ਵਿੱਚ ਨੌਕਰੀ ਕਰਦਾ ਸੀ ।ਇਸ ਕਰਕੇ ਮੈਂ ਨਨਹੇੜੇ ਸਕੂਲ ‘ਚ 18 ਜਨਵਰੀ 1984 ਨੂੰ ਆਪਣੀ ਪਹਿਲੀ ਹਾਜ਼ਰੀ ਦੇ ਕੇ ਉਸ ਨਾਲ ਰਾਬਤਾ ਕਰਕੇ ਉਸ ਕੋਲ ਹੀ ਰਹਿਣ ਲੱਗ ਪਿਆ ।ਪਤਾ ਲੱਗਿਆ ਸਕੂਲ ਦੀ ਮੈਡਮ ਅਬਾਰਸਨ ਲੀਵ ਉੱਪਰ ਸੀ ਜੋ ਹਰੇਕ ਸਾਲ ਐਵੇਂ ਹੀ ਇਹ ਲੀਵ ਲੈ ਲੈਂਦੀ ਸੀ ।ਇਹ ਲੀਵ ਇੱਕੀ ਦਿਨਾਂ ਦੀ ਸੀ ਅਤੇ ਡਾਕਟਰ ਦੀ ਪਰਚੀ ਨਾਲ ਵਧਾਈ ਜਾਂਦੀ ਸੀ । ਸੋ ਮੈਂ ਇੱਕ ਦਿਨ ਰਲੀਵ ਹੋ ਕੇ ਦੁਬਾਰਾ ਆਰਡਰ ਲੈ ਆਇਆ । ਮਹੀਨੇ ਤੋਂ ਉੱਪਰ ਇਥੇ ਡਿਊਟੀ ਦਿੱਤੀ ।ਰੀਲੀਵ ਹੋ ਕੇ ਦਫਤਰ ਰਿਪੋਰਟ ਦੇਣੀ ਹੁੰਦੀ ਸੀ ਤਾਂ ਜੋ ਕਿਸੇ ਹੋਰ ਖਾਲੀ ਪੋਸਟ ਤੇ ਆਰਡਰ ਮਿਲ ਸਕਣ । ਜ਼ਿਆਦਾ ਬ੍ਰੇਕ ਤੋਂ ਬਚਣ ਲਈ ਮੈਨੂੰ ਜ਼ਿਆਦਾ ਜਾਣਕਾਰ ਅਧਿਆਪਕਾਂ ਤੋਂ ਮੈਡੀਕਲ ਛੁੱਟੀਆਂ ਦਿਵਾ ਕੇ ਆਰਡਰ ਲੈ ਕੇ ਕਈ ਸਕੂਲਾਂ ‘ਚ ਜਾਣਾ ਪਿਆ । ਕਲਰਕ ਹੁਣ ਜਦੋਂ ਮੈਂ ਛੁੱਟੀ ਲਿਖਾ ਕੇ ਲਿਜਾਂਦਾ ਤਾਂ ਉਸ ਆਧਾਰ ਉੱਪਰ ਮੇਰੇ ਆਰਡਰ ਕਰ ਕੇ ਦੇ ਦਿੰਦਾ ।ਪਿੰਡ ਦੇ ਡਰਾਇੰਗ ਅਧਿਆਪਕ ਸ੍ਰ. ਮੇਜਰ ਸਿੰਘ ਨੂੰ ਮੈਂ ਕਹਿ ਰੱਖਿਆ ਸੀ ਕਿ ਜਦੋਂ ਮੈਨੂੰ ਲੋੜ ਪਈ ਤਾਂ ਥੌੜੇ ਦਿਨ ਛੁੱਟੀ ਲੈ ਲੈਣੀ , ਉਸ ਨੇ ਹਾਂ ਕਰ ਦਿੱਤੀ ਸੀ ।
ਮੈਂ ਕਈ ਦਿਨਾਂ ਤੋਂ ਹਫਤਾ ਕੁ ਪਿੰਡ ਦੇ ਹੀ ਟੀਚਰ ਸ੍ਰੀ ਤੇਜਪਾਲ ਵਰਮਾ ਦੀ ਥਾਂ ਛੁੱਟੀ ਦਿਵਾ ਕੇ ਬਰੇਕ ਤੋੜੀ ਸੀ ਹੁਣ ਫੇਰ ਲੋੜ ਸੀ ।ਮੈਂ ਦਫਤਰ ਅਰਡਰਾਂ ਬਾਰੇ ਪਤਾ ਕਰਨ ਗਿਆ ਪਰ ਕੋਈ ਪੋਸਟ ਨਹੀਂ ਸੀ । ਮੈਂ ਆਪਣੇ ਵਲੋਂ ਅਰਜ਼ੀ ਲਿਖ ਕੇ ਕਿ ਸ.ਮਿ.ਸ.ਨੌਹਰਾ ਵਿਖੇ ਅ/ਕ ਟੀਚਰ ਕਲ੍ਹ ਤੋਂ ਛੁੱਟੀ ਤੇ ਜਾ ਰਿਹਾ ਹੈ , ਕਲਰਕ ਨੂੰ ਦੇ ਦਿੱਤੀ ਤਾਂ ਉਸ ਨੇ ਮੈਨੂੰ ਅਰਡਰ ਬਣਾ ਕੇ ਦੇ ਦਿੱਤੇ । ਜਦੋਂ ਮੈਂ ਸਕੂਲ ਹਾਜ਼ਰ ਹੋਣ ਗਿਆ ਤਾਂ ਮੇਜਰ ਸਿੰਘ ਹਾਜ਼ਰ ਸੀ । ਇੰਚਾਰਜ਼ ਵੀ ਮੈਨੂੰ ਜਾਣਦੇ ਸੀ ਸੋ ਉਹ ਹੈਰਾ ਵੀ ਹੋ ਗੲੈ ਕਿ ਬਿਨ੍ਹਾਂ ਛੁੱਟੀ ਭੇਜੇ ਹੀ ਆਰਡਰ ਕਰ ਦਿੱਤੇ । ਚਲੋ ਉਨ੍ਹਾਂ ਮੇਜਰ ਸਿੰਘ ਦੀ ਛੁੱਟੀ ਭਰ ਕੇ ਮੈਨੂੰ ਹਾਜ਼ਰ ਕਰਵਾ ਲਿਆ । ਹਫਤਾ ਇਸ ਸਕੂਲ ‘ਚ ਲਾਇਆ ।ਇਹ ਦਿੱਤੇ ਪੈਸੇ ਦੀ ਕਰਾਮਾਤ ਸੀ । ਇਸੇ ਤਰ੍ਹਾਂ ਕੁਲਵੰਤ ਸਿੰਘ ਡਰਾਇੰਗ ਮਾਸਟਰ ਨੇ ਮੈਨੂੰ ਰਸਤੇ ‘ਚ ਮਿਲਦੇ ਸਮੇਂ ਹੀ ਆਪਣੇ ਵਲੋਂ ਛੁੱਟੀ ਦੀ ਅਰਜ਼ੀ ਲਿਖ ਦਿੱਤੀ ਕਲਰਕ ਨੇ ਉਸੀ ਅਰਜ਼ੀ ਦੇ ਆਧਾਰ ਤੇ ਰਾਜਗੜ੍ਹ ਵਿਖੇ ਮੇਰੇ ਆਰਡਰ ਕਰ ਦਿੱਤੇ ।ਇਸ ਤੋਂ ਬਾਅਦ ਕਾਫੀ ਬਰੇਕ ਬਾਅਦ ਹਾੜੀ ਦੇ ਦਿਨਾਂ ਵਿੱਚ ਮੈਨੂੰ ਛੁੱਟੀ ਵਾਲੀ ਥਾਂ ਬਡਾਲੀ ਮਾਈ ਕੀ ਮਿਡਲ ਸਕੂਲ ਦੇ ਆਰਡਰ ਮਿਲ ਗਏ । ਘਰੇ ਤੂੜੀ ਦਾ ਪ੍ਰਬੰਧ ਕਰਨਾ ਸੀ ਤਾਂ ਮੈਂ ਇੱਕ ਦਿਨ ਸਕੂਲ ਹਾਜ਼ਰ ਹੋਣ ਤੋਂ ਖੁੰਝ ਗਿਆ ਮੈਂ ਸੋਚਿਆ ਇੱਕ ਦਿਨ ਨਾਲ ਕੀ ਫਰਕ ਪੈਣਾ ।ਅਗਲੇ ਦਿਨ ਮੈਂ ਸੁਵੱਖਤੇ ਹੀ ਪਰੋਂਠੇ ਬੰਨ ਕੇ ਸਾਈਕਲ ਤੇ ਪਿੰਡਾਂ ਵਿੱਚ ਦੀ ਭਾਦਸੋਂ ਹੁੰਦਾ ਹੋਇਆ ਸਰਹੰਦ ਪਹੁੰਚ ਗਿਆ ਜਿਥੋਂ ਮੈਂ ਚੁੰਨੀ ਵਾਲੀ ਸੜਕ ਪੈ ਗਿਆ ਕਿਉਂ ਕਿ ਮੈਂ ਬਡਾਲੀ ਆਲਾ ਸਿੰਘ ਪਿੰਡ ਨੂੰ ਇਸ ਰੋਡ ਉੱਪਰ ਚੰਡੀਗੜ੍ਹ ਨੂੰ ਬਸ ‘ਚ ਜਾਂਦੇ ਸਮੇਂ ਦੇਖਿਆ ਹੋਇਆ ਸੀ । ਮੇਰਾ ਅੰਦਾਜ਼ਾ ਪਿੰਡ ਬਡਾਲੀ ਮਾਈ ਕੀ ਇਸ ਦੇ ਨੇੜੇ ਹੀ ਹੋਣ ਦਾ ਸੀ । ਜਿਉਂ ਹੀ ਦਿਨ ਚੜ੍ਹਦਾ ਗਿਆ ਹਵਾ ਵੀ ਮੂਹਰਲ਼ੀ ਚਲਣ ਲੱਗੀ ਸਾਈਕਲ ਜ਼ੋਰ ਨਾਲ ਚਲਾਉਣਾ ਪਿਆ । ਬਡਾਲੀ ਆਲਾ ਸਿੰਘ ਪੁੱਜ ਕੇ ਪਤਾ ਕੀਤਾ ਕਿ ਇਹ ਪਿੰਡ ਤਾਂ ਚੁੰਨੀ ਤੋਂ ਪਹਿਲਾਂ ਸੜਕ ਮੁੜ ਕੇ ਅੱਗੇ ਇਹ ਭਗੜਾਨਾ- ਜੀ.ਟੀ.ਰੋਡ ਉੱਪਰ ਜਾਕੇ ਉਸ ਸੜਕ ਉੱਪਰ ਹੈ । ਚਲੋ ਮੈਂ ਚਲ ਪਿਆ ਜੂਨ ਦਾ ਮਹੀਨਾ ਸੀ ਪਿਆਸ ਲੱਗੀ ਤਾਂ ਇੱਕ ਸੜਕ ਤੇ ਛੋਟੀ ਜਿਹੀ ਗਰੀਬ ਬਸਤੀ ਸੀ ਉਥੇ ਇੱਕ ਘਰ ਤੋਂ ਘੜੇ ਦਾ ਪਾਣੀ ਪੀਤਾ । ਜਦ ਸਕੂਲ਼ ਪੁੱਜਿਆ ਤਾਂ ਅੱਧੀ ਛੁੱਟੀ ਹੋ ਚੁੱਕੀ ਸੀ । ਸਕੂਲ ਦਾ ਸਟਾਫ ਖਾਣਾ ਖਾ ਰਿਹਾ ਸੀ । ਮੈਂ ਜਾ ਕੇ ਆਪਣੇ ਆਰਡਰਾਂ ਬਾਰੇ ਦੱਸਿਆ ਤਾਂ ਸਕੂਲ਼ ਮੁੱਖੀ ਨੇ ਦੱਸਿਆ ਕਿ ‘ਆਹ ਮੈਡਮ ਕਲ੍ਹ ਹਾਜ਼ਰ ਹੋ ਗਏ ਹਨ’ ।ਉਨ੍ਹਾਂ ਚਾਹ ਦਾ ਗਿਲਾਸ ਮੇਰੇ ਲਈ ਬਣਵਾ ਦਿੱਤਾ ਮੈਂ ਪਰੋਂਠੇ ਕੱਢ ਕੇ ਆਚਾਰ ਨਾਲ ਖਾ ਕੇ ਚਾਹ ਪੀਤੀ । ਇੰਚਾਰਜ਼ ਨੇ ਆਰਡਰਾਂ ਉੱਪਰ ਸਕੂਲ ‘ਚ ਪੋਸਟ ਖਾਲੀ ਨਾ ਹੋਣ ਬਾਰੇ ਲਿੱਖ ਦਿੱਤਾ ।
ਮੈਂ ਸਾਈਕਲ ਤੇ ਚੜ੍ਹਿਆ ਪਟਿਆਲੇ ਦਫਤਰ ਜਾਣ ਲਈ ।ਰਸਤੇ ‘ਚ ਸੋਚ ਰਿਹਾ ਸੀ ਕਿ ਮੇਰੇ ਮਗਰ ਹੀ ਕਲਰਕ ਨੇ ਹੋਰ ਆਰਡਰ ਵੀ ਮੇਰੀ ਵਾਲੀ ਥਾਂ ਉੱਪਰ ਕਰ ਦਿੱਤੇ ਇਸ ਰਾਜ਼ ਨੂੰ ਕੀ ਸਮਝੀਏ , ਜੇ ਮੈਂ ਕੱਲ੍ਹ ਆ ਕੇ ਜੁਆਇਨ ਕਰ ਲੈਂਦਾ । ਜੀ.ਟੀ.ਰੋਡ ਤੇ ਜਾ ਕੇ ਮੈਂ ਬਸ ਸਟਾਪ ‘ਤੇ ਰਾਜਪੁਰੇ ਦੀ ਬਸ ਲੈ ਕੇ ਸਾਈਕਲ ਕਿਸੇ ਸਵਾਰੀ ਦੀ ਮਦਦ ਨਾਲ ਉੱਪਰ ਚੜ੍ਹਵਾ ਕੇ ਬਸ ‘ਚ ਬੈਠ ਗਿਆ । ਰਾਜਪੁਰੇ ਤੋਂ ਫਿਰ ਪਟਿਆਲੇ ਦੀ ਬਸ ਲੈ ਲਈ । ਪਟਿਆਲਾ ਪਹੁੰਚ ਸਾਈਕਲ ਨੂੰ ਸਿੱਧਾ ਡੀ,ਈ.ੳ. ਦਫਤਰ ਵੱਲ ਕਰ ਲਿਆ ਦਫਤਰ ਪਹੁੰਚ ਕੇ ਕਲਰਕ ਨੂੰ ਆਰਡਰ ਵਾਪਸ ਦਿੱਤੇ ਤਾਂ ਉਸ ਨੇ ਨਵੇਂ ਆਰਡਰ ਖਾਲੀ ਥਾਂ ਸ.ਮਿ.ਸ.ਮਵੀ ਕਲਾਂ ਦੇ ਕਰ ਦਿੱਤੇ । ਇਥੇ ਮੈਂ ਹਾਜਰ ਹੋ ਕੇ ਡਿਊਟੀ ਨਿਭਾਉਣੀ ਸ਼ੁਰੂ ਕੀਤੀ । ਮੈਂ ਆਪਣੇ ਪਿੰਡ ਦੇ ਦੋਸਤ ਕੋਲ ਦੁਬਾਰਾ ਸਮਾਣੇ ਠਹਿਰ ਬਣਾ ਲਈ ।ਸ੍ਰੀ ਦਰਬਾਰ ੳਤੇ ਅਕਾਲ ਤਖਤ ਸਾਹਿਬ ਉੱਪਰ ਜਦੋਂ ਹਮਲਾ ਹੋਇਆ ਤਾਂ ਅਸੀਂ ਐਤਵਾਰ ਦੀ ਛੁੱਟੀ ਕਾਰਨ ਪਿੰਡ ਗਏ ਹੋਏ ਸੀ । ਪੰਜਾਬ ਅੰਦਰ ਕਰਫਿਊ ਲੱਗਾ ਹੋਇਆ ਸੀ । ਕਈ ਦਿਨ ਪਿੰਡ ਰੁਕਣਾ ਪਿਆ ।ਕਰਫਿਊ ‘ਚ ਢਿੱਲ ਹੋਣ ਤੇ ਮੈਂ ਅਤੇ ਰਮਿੰਦਰ ਸਾਈਕਲਾਂ ਉੱਪਰ ਪਿੰਡਾਂ ਵਿੱਚ ਦੀ ਸਮਾਣੇ ਪੁੱਜ ਗਏ । ਸਾਮ ਨੂੰ ਕਮਰੇ ‘ਚ ਬੈਠਿਆਂ ਨੂੰ ਗੁਆਂਢੀ ਦੇ ਘਰੋਂ ਟੀ.ਵੀ. ਦੀ ਅਵਾਜ਼ ਅਕਾਲ ਤੱਖਤ ਦੇ ਜਥੇਦਾਰ ਦੀ ਵਾਰ-ਵਾਰ ਸੁਣਾਈ ਦੇ ਰਹੀ ਸੀ ‘ਕੋਠਾ ਸਹਿਬ ਠੀਕ ਠਾਕ ਹੈ’ । ਅਗਲੇ ਦਿਨ ਦਿਨ ‘ਚ ਕਰਫਿਊ ‘ਚ ਢਿੱਲ ਦਿੱਤੀ ਹੋਈ ਸੀ ਮੈਂ ਸਕੂਲ ਜਾਣਾ ਸ਼ੁਰੂ ਕਰ ਦਿੱਤਾ ।ਮੈਨੂੰ 20 ਜੂਨ 1984 ਨੂੰ ਸੀਨੀਅਰ ਐਡਹਾਕ ਅਧਿਆਪਕਾ ਨੇ ਮੇਰੀ ਥਾਂ ਜੁਆਇਨ ਕਰ ਲਿਆ , ਮੈਂ ਰੀਲੀਵ ਹੋਣ ‘ਤੇ ਡੀ.ਈ.ੳ. ਦਫਤਰ ਜਾ ਕੇ ਰੀਲੀਵਿੰਗ ਚਿੱਟ ਅਤੇ ਦੁਬਾਰਾ ਨਿੁਯੁਕਤੀ ਲਈ ਬੇਨਤੀ ਪੱਤਰ-ਫਾਰਮ ਭਰ ਕੇ ਕਲਰਕ ਨੂੰ ਦੇ ਦਿੱਤਾ ਪਰ ਜਿਲ੍ਹੇ ‘ਚ ਕੋਈ ਪੋਸਟ ਕਿਸੇ ਕਿਸਮ ਦੀ ਵੀ ਖਾਲੀ ਨਹੀਂ ਸੀ ।
ਮੈਂ ਘਰ ਜੱਦੀ ਕੰਮ ਹੋਣ ਕਾਰਨ ਵਹਿਲੇ ਸਮੇਂ ਪਿਤਾ ਜੀ ਨਾਲ ਸਿਲਾਈ ਦਾ ਕੰਮ ਕਰਾਉਂਦਾ ਸੀ । ਕਾਜ-ਬਟਨ ਤੋਂ ਸ਼ੁਰੂ ਕਰ ਕੇ ਮੈਂ ਨਾਰਮਲ ਸਿਲਾਈ ਵੀ ਸਿੱਖ ਲਈ ਸੀ । ਸਿਲਾਈ ‘ਚ ਉਸ ਸਮੇਂ ਵਧੀਆ ਦਿਹਾੜੀ ਬਣਦੀ ਸੀ ਤਨਖਾਹ ਸਿਰਫ ਸੱਤ-ਅੱਠ ਸੌ ਰੁਪਏ ਵਿਚਕਾਰ ਹੀ ਸੀ ।ਮੇਰੇ ‘ਚ ਪਤਾ ਨਹੀਂ ਦੁਕਾਨ ਕਰਨ ਦਾ ਫੁਰਨਾ ਪੈਦਾ ਹੋਇਆ, ਸਾਇਦ ਮੇਰਾ ਦ੍ਰਿੜ-ਵਿਸ਼ਵਾਸ਼ ਹੀ ਮੈਨੂੰ ਏਧਰ ਲੈ ਗਿਆ ਜੋ ਅੱਜ ਵੀ ਮੇਰੀ ਜ਼ਿੰਦਗੀ ਵਿੱਚ ਅਹਿਮ ਯੋਗਦਾਨ ਪਾਉਂਦਾ ਆ ਰਿਹਾ ਹੈ ।ਨਿਯੁਕਤੀ ਲਈ ਕਈ ਮਹੀਨੇ ਦੀ ਉਡੀਕ ਪਿਛੋਂ ਮੈਂ ਅਕਤੂਬਰ ਦੇ ਅਖੀਰ ‘ਚ ਸਿਲਾਈ ਦੀ ਦੁਕਾਨ ਐਮ.ਸੀ. ਮਾਰਕੀਟ ਘਾਹ ਮੰਡੀ ਨਾਭਾ ਵਿਖੇ ਕਿਰਾਏ ਤੇ ਦੁਕਾਨ ਲੈ ਕੇ ਆਪਣੇ ਦੋਹਾਂ ਭਰਾਵਾਂ ਹਰਭਜਨ ਸਿੰਘ ਅਤੇ ਸੁੱਖਵਿੰਦਰ ਸਿੰਘ ਬਿੱਲਾ ਨਾਲ ‘ਸਟੂਡੈਂਟ ਟੇਲਰਜ਼’ ਖੋਲ੍ਹ ਕੇ ਕੰਮ ਸ਼ੁਰੂ ਕਰ ਦਿੱਤਾ । ਕੰਮ ਚੰਗਾ ਚਲਣ ਲੱਗ ਪਿਆ , ਦੁਕਾਨ ਤੇ ਦਸ ਦਸ ਕਾਰੀਗਰ ਕੰਮ ਕਰਨ ਲੱਗ ਪਏ ਸੀ ਦਿਨ ਰਾਤ ਡੱਟ ਕੇ ਕੰਮ ਕੀਤਾ , ਨਾਲ ਹੀ ਰੈਗੂਲਰ ਨੌਕਰੀ ਲਈ ਬੇਰੁਜਗਾਰ ਯੂਨੀਅਨ ਵਿੱਚ ਵੀ ਸਰਗਰਮ ਹੋ ਕੇ ਕੰਮ ਕੀਤਾ ਅਤੇ ਤਕਰੀਬਨ ਤੇਰਾਂ ਸਾਲ ਤੋਂ ਵੱਧ ਵਕਫੇ ਬਾਦ 30 ਅਪ੍ਰੈਲ 1997 ਨੂੰ ਮੁੜ ਰੈਗੂਲਰ ਨਿਯੁਕਤੀ ਹੋਣ ਤੇ ਸ.ਹ.ਸ. ਉਲਾਣਾ (ਘਨੌਰ) ਤੋਂ ਅਧਿਆਪਕ ਸੇਵਾ ਸ਼ੁਰੂ ਕੀਤੀ ।ਨਹੀਂ ਤਾਂ ਕੂਝ ਹੋਰ ਹੋਣਾ ਸੀ ਸੋ ਜਿਥੇ ਵਾਹਿਗੁਰੂ ਜੀ ਨੇ ਸੇਵਾ ਕਰਾਉਣੀ ਹੈ ਉਹ ਹਰ ਹੀਲੇ ਕਰਨੀ ਹੀ ਹੁੰਦੀ ਭਾਵੇਂ ਅਸੀਂ ਕਦੇ ਉਸ ਸੇਵਾ ਬਾਰੇ ਸੋਚਿਆਂ ਵੀ ਨਹੀਂ ਹੁੰਦਾ । ਇਸ ਕਰਕੇ ਹਮੇਸ਼ਾ ਉੇਸਾਰੂ ਸੋਚ ਖੁਸ਼ਹਾਲ ਜੀਵਨ ਲਈ ਸਹਾਈ ਰਹਿੰਦੀ ਹੈ ।