ਉਮਰ ਦਾ 45ਵਾਂ ਸਾਉਣ ਅਗਲੇ ਵਰ੍ਹੇ ਵੇਖਣਾ ਹੈ। ਗੁੜ ਦਾ ਪਾਣੀ ਕਸ਼ੀਦ ਕੇ ਤਿਆਰ ਕੀਤਾਂ ਗਿਆ ਉਤਪਾਦ ਦੀ ਵਰਤੋਂ ਕਰਨ ਲੱਗਿਆਂ ਸਰੀਰ ਇੱਕ ਵਾਰ ਜਰੂਰ ਕਹਿੰਦਾ ਕਿ ਮਿੱਤਰਾਂ ਤੂੰ ਮੇਰੇ ਨਾਲ ਧੱਕਾ ਕਰਦਾ ਪਿਆਂ। ਕਈ ਤਰ੍ਹਾਂ ਦੀ ਖੇਹ-ਸੁਆਹ ਖਾਧੀ, ਸਿਰਫ ਖਾਧੀ ਹੀ ਨਹੀਂ ਆਪਣੇ ਸਿਰ ਵਿੱਚ ਵੀ ਪੁਆਈ।
ਲਿਵਰ ਭਾਅ ਜੀ ਤਾਂ ਲੜਨ ਹੀ ਲੱਗ ਪਏ। ਹੜਤਾਲ ਕਰ ਦਿੱਤੀ ਅਤੇ ਕਹਿੰਦੇ, ਮੈ ਵੀ ਹੁਣ ਕੰਮ ਨਹੀਂ ਕਰਨਾ, ਮੈਂ ਥੱਕ ਗਿਆਂ ਹਾਂ। ਪਹਿਲ਼ਾਂ ਹੀ 20-25 ਸਾਉਣ ਲੰਘਾ ਦਿੱਤੇ ਹਨ ਤੇ ਇੱਕ ਪਲ਼ ਵੀ ਸੌਂਅ ਕੇ ਨਹੀਂ ਵੇਖਿਆ। ਓਵਰ ਟਾਈਮ ਤੇ ਨਾਈਟ ਸ਼ਿਫਟਾ ਲਾਈਆਂ ਤੇ ਮੇਰਾ ਕਾਲਜਾ ਠਾਰਨ ਲਈ ਕਦੀ ਦਸਾਂ ਰੁਪਈਆਂ ਦੀ ਗੰਨੇ ਦੀ ਰਹੁ ਵੀ ਨਹੀਂ ਸੁੰਘਾਈ। ਲਿਵਰ ਨੇ ਹੜਤਾਲ ਕਾਹਦੀ ਕੀਤੀ ਧਰਮਰਾਜ ਦੇ ਵੀ ਕੰਨ ਖੜ੍ਹੇ ਹੋ ਗਏ ਕਿ ਕਿਸੇ ਦਾ ਐਮਰਜੈਂਸੀ ਵਿੱਚ ਲੇਖਾ-ਜੋਖਾ ਕਰਨਾ ਪੈਣਾ। ਪਹਿਲਾਂ ਮੈਂ ਲਿਵਰ ਭਾਅ ਨੂੰ ਤੰਗ ਕੀਤਾ ਤੇ ਫੇਰ ਲਿਵਰ ਨੇ ਮੇਰੀਆਂ ਰੜਕਾਂ ਕਢਾਈਆਂ। ਸੁਪਨੇ ਵੀ ਸਿਵਿਆਂ ਵਾਲੇ ਰਾਹ ਦੇ ਆਉਣ ਲਾ ਦਿੱਤੇ। ਆਪਾਂ ਦੋਵੇਂ ਹੱਥ ਜੋੜ ਲਿਵਰ ਭਾਅ ਜੀ ਦੀਆਂ ਮਿੰਨਤਾਂ ਕੀਤੀਆਂ, ਲਿਵਰ ਭਾਅ ਨੂੰ ਠੰਢੀ ਤਾਸੀਰ ਵਾਲੀਆਂ ਵੰਨ ਸੁਵੱਨੀਆਂ ਵਸਤਾਂ ਪੇਸ਼ ਕੀਤੀਆਂ ਤੇ ਨਾਲ ਤੌਬਾ ਕੀਤੀ ਕਿ ਅੱਗੇ ਤੋਂ ਗੁੜ ਦੀ ਬੱਚੀ ਨੂੰ ਹੱਥ ਵੀ ਨਹੀਂ ਲਾਉਂਦਾਂ। ਕਰਦਿਆਂ-ਕਰਾਂਉਂਦਿਆਂ ਲਿਵਰ ਵੀਰ ਨੇ ਭੁੱਲ ਬਖਸ਼ਾਉਣ ਦਾ ਇੱਕ ਮੌਕਾ ਦੇ ਹੀ ਦਿੱਤਾ।
ਲਿਵਰ ਮੰਨਿਆ ਤਾਂ ਦਿਲ ਤੇ ਫੇਫੜੇ ਦੋਵੇਂ ਭਰਾ ਇਕੱਠੇ ਰੁੱਸ ਗਏ, ਕਹਿੰਦੇ ਤੂੰ ਸਾਡੇ ਨਾਲ ਵੀ ਬੜਾ ਧੱਕਾ ਕੀਤਾ, ਨਾ ਕਿਤੇ ਤਾਜ਼ੀ ਹਵਾ ਦਾ ਸੁਆਦ ਵਿਖਾਇਆ ਨਾ ਕਦੀ ਸੈਰ ਤੇ ਨਾ ਕਦੀ ਕਸਰਤ ਕਰਵਾਈ, ਇਹਨਾਂ ਅਜੇ ਹੜਤਾਲ ਸ਼ੁਰੂ ਨਹੀਂ ਕੀਤੀ ਸੀ ਆਪਾਂ ਇਹਨਾਂ ਦੀ ਰਮਜ਼ ਸਮਝ ਗਏ ਤੇ ਤੜ੍ਹਕੇ ਮੂੰਹ ਹਨੇਰੇ ਹੀ ਸੈਰ ਕਰਨੀ, ਦੌੜ ਲਾਉਣੀ ਅਤੇ ਕਸਰਤ ਕਰਨੀ ਸ਼ੁਰੂ ਕਰ ਦਿੱਤੀ। ਇਹਨਾਂ ਦੋਵਾਂ ਭਰਾਵਾਂ ਨੇ ਲਿਵਰ ਭਾਅ ਜਿੰਨਾਂ ਤੰਗ ਨਹੀਂ ਕੀਤਾ ਛੇਤੀ ਹੀ ਮੰਨ ਗਏ ਤੇ ਆਪੋ ਆਪਣਾ ਕੰਮ ਪੂਰੀ ਸ਼ਿੱਦਤ ਨਾਲ ਕਰਨ ਲੱਗ ਪਏ।
ਹਜੇ ਲਿਵਰ, ਦਿਲ ਅਤੇ ਫੇਫੜਿਆਂ ਨੂੰ ਸਮਝਾ ਕੇ ਮਸਾਂ ਆਪੋ ਆਪਣੇ ਕੰਮਾਂ ‘ਤੇ ਦੁਬਾਰਾ ਲਾਇਆ ਹੀ ਸੀ ਕਿ ਅੱਖਾਂ ਅਤੇ ਕੰਨ ਇਹ ਭੈਣ-ਭਰਾ ਵੀ ਖਰਾਬੀ ਜਿਹੀ ਕਰਨ ਲੱਗ ਪਏ, ਇਹ ਵੀ ਆਪੋ ਆਪਣੀਆਂ ਡਿਊਟੀਆਂ ਕਰਨ ਲੱਗਿਆਂ ਫਰਲ੍ਹੋ ਮਾਰਨ ਲੱਗ ਪਏ। ਇਹਨਾਂ ਨਾਲ ਗੱਲਬਾਤ ਕੀਤੀ ਤਾਂ ਕਹਿੰਦੇਂ, ਤੂੰ ਕਿਹੜਾ ਸਾਡਾ ਖਿਆਲ ਰੱਖਦਾਂ। ਮੋਬਾਈਲ ਫੋਨ ਨਾਲ ਚੰਬੜਿਆ ਕੰਨਾਂ ਵਿੱਚ ਟੂਟੀਆਂ ਜਿਹਆਂ ਲਾ ਕੇ ਸਾਡੇ ਤੋਂ ਡਬਲ ਮਜਦੂਰੀ ਕਰਵਾਉਂਦੇ। ਤੂੰ ਕਦੀਂ ਸਮਝਿਅਆ ਹੀ ਨਹੀਂ ਕਿ ਸਾਨੂੰ ਰੱਬ ਨੇ ਕਿੰਨਾਂ ਕੋਮਲ ਬਣਾਇਆ। ਤੇਰੇ ਮੋਬਾਈਲ ਫੋਨ ਦੀ ਤਿੱਖੀ ਰੌਸ਼ਨੀ ਅਤੇ ਟੂਟੀਆਂ ਦੀ ਉੱਚੀ ਅਵਾਜ ਨੇ ਸਾਡੀ ਸਿਹਤ ਦੀ ਜਹੀ-ਤਹੀ ਫੇਰ ਦਿੱਤੀ ਆ। ਸਾਡਾ ਵੀ ਜੀਅ ਕਰਦਾ ਕੇ ਆਪਣਾ ਕੰਮ ਘਟਾ ਕੇ ਹੁਣ ਕੁਝ ਅਰਾਮ ਕਰੀਏ। ਅੱਖਾਂ ਤੇ ਕੰਨਾਂ ਦਾ ਇਹ ਹੜਤਾਲ ਤੇ ਜਾਣ ਵਰਗਾ ਉਲ੍ਹਾਮਾਂ ਸੁਣ ਕੇ ਮੇਰੇ ਪੈਰਾਂ ਹੇਠੋਂ ਜਮੀਨ ਨਿਕਲ ਗਈ। ਫਿਰ ਇਹਨਾਂ ਭੈਣ-ਭਰਾਵਾਂ ਦੇ ਵੀ ਬਹੁਤ ਤਰਲੇ ਮਿੰਨਤਾਂ ਕਰਨੇ ਪਏ। ਇਹਨਾਂ ਨਾਲ ਅੱਗੇ ਤੋਂ ਬਟਨਾਂ ਵਾਲਾ ਫੋਨ ਵਰਤਣ ਅਤੇ ਟੂਟੀਆਂ ਰੂੜੀ ਤੇ ਵਗਾਹ ਮਾਰਨ ਦਾ ਵਾਅਦਾ ਕਰਕੇ ਇਹਨਾਂ ਨੂੰ ਆਪਣਾ ਕੰਮ ਜਾਰੀ ਰੱਖਣ ਲਈ ਮਨਾਇਆ।
ਲਿਵਰ, ਦਿਲ, ਫੇਫੜਿਆਂ, ਅੱਖਾਂ ਅਤੇ ਕੰਨਾਂ ਦੀ ਮੇਰੇ ਨਾਲ ਕੀਤੀ ਗੱਲਬਾਤ ਸੁਣ ਕੇ ਮੇਰੇ ਸਰੀਰ ਦੇ ਸਾਰੇ ਅੰਗਾਂ ਰੀਸੋ-ਰੀਸ ਦਿੱਤੇ ਉਲ੍ਹਾਮਿਆਂ ਅਤੇ ਕੰਮ ਤੋਂ ਛੁੱਟੀਆਂ ਕਰਨ ਦੀਆਂ ਧਮਕੀਆਂ ਨਾਲ ਮੇਰੀ ਤਾਂ ਜਿਵੇਂ ਰਾਤਾਂ ਦੀ ਨੀਂਦ ਹੀ ਉਡਾ ਦਿੱਤੀ। ਆਦਰਾਂ ਤੇ ਢਿੱਡ ਨੇ ਤਾਂ ਬਾਹਲਾ ਡਰਾਇਆ ਅਤੇ ਬਾਹਲੇ ਗੰਦੇ ਉਲ੍ਹਾਮੇ ਦਿੱਤੇ। ਕਹਿੰਦੇ, ਅਸੀ ਦੱਸ ਤੇਰਾ ਕੀ ਵਿਗਾੜਿਆਂ। ਅਸੀਂ ਜਦੋਂ ਦੀਆਂ ਜੰਮੇ ਆ ਤੂੰ ਸਾਨੂੰ ਕੂੜਾ ਸੁੱਟਣ ਵਾਲਾ ਡਸਟਬਿਨ ਅਤੇ ਗਟਰ ਈ ਸਮਝਦੈਂ। ਤੈਨੂੰ ਜੋ ਵੀ ਗੰਦ-ਪਿੱਲ ਮਿਲਦਾ ਸਾਡੇ ਢਿੱਡ ਵਿੱਚ ਰਲਾਅ ਕੇ ਮਾਰਦਾਂ। ਐਸੀਆਂ-ਐਸੀਆਂ ਚੀਜਾਂ ਤੂੰ ਸਾਡੇ ਢਿੱਡ ਵਿੱਚ ਸੁੱਟਦਾਂ ਜਿਹੜੀਆਂ ਡੰਗਰ ਵੀ ਨਾ ਖਾਣ। ਤੂੰ ਨਾ-ਖਾਣਪੀਣ ਯੋਗ ਚੀਜਾਂ ਵੀ ਸਾਡੇ ਢਿੱਡ ਵਿੱਚ ਸੁੱਟ-ਸੁੱਟ ਕੇ ਸਾਡੀ ਸਿਹਤ ਵੀ ਖਰਾਬ ਕੀਤੀ ਪਈ ਆ। ਅਸੀ ਗੁਰਦੇ, ਪਂੈਕਰੀਆਂ, ਲਿਵਰ ਤੇ ਹੋਰ ਅੰਗਾਂ ਦੀ ਸਹਾਇਤਾ ਨਾਲ ਪਤਾ ਨਹੀਂ ਹੁਣ ਤੱਕ ਕਿਵੇਂ ਆਪਣੀ ਜਾਨ ਬਚਾਈ ਬੈਠੇ ਹਾਂ। ਆਂਦਰਾਂ ਤੇ ਢਿੱਡ ਫਿਰ ਸਿੱਧਾ ਧਮਕੀਆਂ ‘ਤੇ ਉੱਤਰ ਆਏ ਅਤੇ ਕਹਿੰਦ, ਬੰਦੇ ਦਾ ਪੁੱਤ ਬਣ ਜਾਹ ਜੇਕਰ ਅਸੀਂ ਵੀ ਆਪਣਾ ਕੰਮ ਕਰਨੋ ਜਵਾਬ ਦੇ ਦਿੱਤਾ ਤਾਂ ਡਾਕਟਰਾਂ ਨੇ ਢਿੱਡ ਪਾੜ ਕੇ ਗੰਦ ਵਾਲੀਆਂ ਥੈਲੀਆਂ ਨਾਲੇ-ਨਾਲ ਬੰਨ੍ਹ ਦੇਣੀਆਂ, ਲਮਕਾਉਂਦਾ ਫਿਰੀ ਫੇਰ।
ਲੈ ਬਾਈ ਜੀ ਮੈਂ ਹਿਸਾਬ ਲਾਇਆ ਹੁਣ ਮੇਰੇ ਸਾਰੇ ਅੰਗਾਂ ਨੇ ਮੈਨੂੰ ਉਲਾਮ੍ਹੇ ਅਤੇ ਕੰਮ ਨਾ ਕਰਨ ਦੀਆਂ ਧਮਕੀਆਂ ਦੇਣੀਆਂ ਹਨ। ਆਂਦਰਾਂ ਅਤੇ ਢਿੱਡ ਤੋਂ ਮੈਂ ਹਜੇ ਮੁਆਫੀ ਮੰਗਣੀ ਸੀ ਤਾਂ ਸੋਚਿਆ ਕਿ ਦੁਸਰੇ ਅੰਗ ਵੀ ਵੇਖੋ-ਵੇਖੀ ਇਹਨਾਂ ਦੇ ਪਿੱਛੇ ਨਾ ਲੱਗ ਜਾਣ। ਸੋ ਬਾਕੀ ਬਚੇ ਸਾਰੇ ਅੰਗਾਂ ਨੂੰ ਇਕੱਠਿਆਂ ਕਰ ਕੋਲ ਬਿਠਾ ਲਿਆ। ਸਾਰਿਆਂ ਨਾਲ ਗੱਲਬਾਤ ਕੀਤੀ। ਸਾਰਿਆਂ ਦੇ ਕੋਈ ਨਾ ਕੋਈ ਉਲ੍ਹਾਮੇਂ ਸਾਰਿਆਂ ਦੀਆਂ ਕੰਮ ਵਿੱਚੋਂ ਛੁੱਟੀਆਂ ਕਰਨ ਦੀਆਂ ਧਮਕੀਆਂ। ਆਖਰ ਆਂਦਰਾਂ ਅਤੇ ਢਿੱਡ ਦੇ ਨਾਲ-ਨਾਲ ਇਹਨਾਂ ਸਾਰਿਆਂ ਤੋਂ ਬਿਨਾਂ ਸ਼ਰਤ ਮੁਆਫ ਮੰਗੀ ਅਤੇ ਜਿਵੇ ਇਹ ਕਹਿਣਗੇ ਇਹਨਾਂ ਦੇ ਹਿਸਾਬ ਨਾਲ ਆਪਣੀ ਜਿੰਦਗੀ ਜਿEਣ ਦਾ ਵਾਅਦਾ ਕਰਕੇ ਇਹਨਾਂ ਸਾਰੇ ਅੰਗਾਂ ਨੂੰ ਆਪਣੇ-ਆਪਣੇ ਕੰਮ ਲਗਾਤਾਰ ਕਰਦੇ ਰਹਿਣ ਲਈ ਮਨਾਇਆ।