
ਜ਼ਿੰਦਗੀ ਰੱਬ ਵੱਲੋਂ ਬਖਸ਼ਿਆ ਸਭ ਤੋਂ ਖੂਬਸੂਰਤ ਤੋਹਫ਼ਾ ਹੈ। ਕੁਦਰਤ ਨੂੰ ਪੂਰੀ ਨੀਝ ਲਾ ਕੇ ਬਣਾਉਣ ਵਾਲੇ ਕਾਦਰ ਨੇ ਮਨੁੱਖੀ ਜਾਮੇ ਨੂੰ ਬ੍ਰਹਿਮੰਡ ਦਾ ਸਰਵਉੱਚ ਪ੍ਰਾਣੀ ਹੋਣ ਦਾ ਮਾਣ ਬਖਸ਼ਿਆ। ਇਸੇ ਕਰਕੇ ਮਨੁੱਖ ਦੇ ਹਿੱਸੇ ਕੇਵਲ ਖਾਣ ਪੀਣ ਤੇ ਸੌਣਾ ਹੀ ਨਹੀਂ ਆਇਆ। ਮਨੁੱਖ ਦੇ ਹਿੱਸੇ ਜਜ਼ਬਾਤ ਆਏ, ਮਨੁੱਖ ਦੇ ਹਿੱਸੇ ਰਿਸ਼ਤੇਦਾਰੀਆਂ ਆਈਆਂ, ਭਾਵਨਾਵਾਂ ਨੂੰ ਸਮਝਣ ਦੀ ਸੋਝੀ ਆਈ। ਜੇਕਰ ਜਜ਼ਬਾਤਾ ਦੀ ਗੱਲ ਕੀਤੀ ਜਾਵੇ ਤਾਂ ਸਾਡੀ ਜ਼ਿੰਦਗੀ ਵਿੱਚ ਹਰ ਰਿਸ਼ਤੇ ਦੀ ਆਪਣੀ ਇੱਕ ਅਹਿਮੀਅਤ ਹੈ। ਹਰ ਰਿਸ਼ਤੇ ਦਾ ਆਪਣਾ ਆਪਣਾ ਰੋਲ ਹੈ। ਮਾਤਾ ਪਿਤਾ ਭੈਣ ਭਾਈ ਸਾਰੇ ਹਰ ਇੱਕ ਦੇ ਸਭ ਤੋਂ ਪਿਆਰੇ ਰਿਸ਼ਤੇ ਹੁੰਦੇ ਹਨ। ਇਹਨਾਂ ਤੋਂ ਇਲਾਵਾ ਇੱਕ ਰਿਸ਼ਤਾ ਦੋਸਤੀ ਦਾ ਵੀ ਹੈ। ਜੋ ਸਭ ਤੋਂ ਵੱਧ ਭਰੋਸੇਯੋਗ ਅਤੇ ਪਿਆਰ ਭਰਿਆ ਮੰਨਿਆ ਜਾਂਦਾ ਹੈ। ਇੱਕ ਚੰਗਾ ਦੋਸਤ ਬਿਪਤਾ ਪੈਣ ਉੱਪਰ ਪਿੱਛੇ ਕਦਮ ਪੁੱਟਣ ਵਾਲਿਆਂ ਵਿੱਚੋਂ ਨਹੀਂ ਹੁੰਦਾ ਬਲਕਿ ਦੁੱਖ ਵਿੱਚ ਮਾਰਗ ਦਰਸ਼ਨ ਕਰਨ ਵਾਲਾ ਹੁੰਦਾ ਹੈ। ਦੋਸਤ ਦੇ ਰੂਪ ਵਿੱਚ ਸਾਨੂੰ ਇੱਕ ਅਜਿਹਾ ਇਨਸਾਨ ਮਿਲਦਾ ਹੈ, ਜਿਸ ਨਾਲ ਅਸੀਂ ਹਮੇਸ਼ਾ ਆਪਣੇ ਦੁੱਖ ਸੁੱਖ ਸਾਂਝੇ ਕਰ ਸਕਦੇ ਹਾਂ , ਬੇਝਿਜਕ ਆਪਣੇ ਦਿਲ ਦੇ ਜਜਬਾਤ ਇੱਕ ਦੂਸਰੇ ਨਾਲ ਵੰਡ ਸਕਦੇ ਹਾਂ। ਸਾਡੀ ਜ਼ਿੰਦਗੀ ਵਿੱਚ ਦੋਸਤਾਂ ਦਾ ਹੋਣਾ ਬਹੁਤ ਜਰੂਰੀ ਹੈ, ਸਕੂਲ, ਕਾਲਜ ਵਿੱਚ ਪੜਦਿਆਂ ਸਾਡੇ ਦੋਸਤ ਹੀ ਹੁੰਦੇ ਹਨ ਜਿੰਨਾ ਨਾਲ ਉਹ ਪਲ ਸਾਡੀ ਜ਼ਿੰਦਗੀ ਦੇ ਸੁਨਿਹਰੀ ਪਲ ਬਣ ਜਾਂਦੇ ਹਨ। ਸਾਡੇ ਜੀਵਨ ਦੀਆਂ ਅਹਿਮ ਯਾਦਾਂ ਸਾਡੇ ਦੋਸਤਾਂ ਨਾਲ ਬਿਤਾਏ ਪਲਾਂ ਦੀਆਂ ਹੀ ਸਰਮਾਇਆ ਹੁੰਦੀਆਂ ਹਨ।