
ਉਦਯੋਗਿਕ ਕ੍ਰਾਂਤੀ ਦੀ ਸ਼ੁਰੂਆਤ ਤੋਂ ਹੀ ਸਾਡੀ ਧਰਤੀ ਤੇਜ਼ੀ ਨਾਲ ਗਰਮ ਹੋ ਰਹੀ ਹੈ। 1850 ਤੋਂ ਧਰਤੀ ਦੀ ਸਤ੍ਹਾ ‘ਤੇ ਔਸਤ ਤਾਪਮਾਨ ਲਗਭਗ 1.1 ਡਿਗਰੀ ਸੈਲਸੀਅਸ ਵਧਿਆ ਹੈ। ਇਸ ਤੋਂ ਇਲਾਵਾ ਪਿਛਲੇ ਚਾਰ ਦਹਾਕਿਆਂ ਦੌਰਾਨ, ਹਰੇਕ ਦਹਾਕਾ ਪਿਛਲੇ ਦੇ ਮੁਕਾਬਲੇ ਜ਼ਿਆਦਾ ਗਰਮ ਰਿਹਾ ਹੈ। ਇਹ ਸਿੱਟੇ ਦੁਨੀਆ ਦੇ ਲੱਖਾਂ ਹਿੱਸਿਆਂ ਵਿੱਚ ਇਕੱਠੇ ਕੀਤੇ ਤਾਪਮਾਨ ਦੇ ਆਂਕੜਿਆਂ ਦੇ ਵਿਸ਼ਲੇਸ਼ਣ ਤੋਂ ਨਿਕਲੇ ਹਨ। ਤਾਪਮਾਨ ਦੀਆਂ ਪੜ੍ਹਤਾਂ ਮੌਸਮ ਸਟੇਸ਼ਨਾਂ ਵੱਲੋਂ ਜ਼ਮੀਨ ‘ਤੇ, ਸਮੁੰਦਰੀ ਜਹਾਜ਼ਾਂ ‘ਤੇ ਅਤੇ ਉਪਗ੍ਰਹਿਾਂ ਦੁਆਰਾ ਲਈਆਂ ਜਾਂਦੀਆਂ ਹਨ। ਵਿਗਿਆਨੀਆਂ ਦੀਆਂ ਕਈ ਸੁਤੰਤਰ ਟੀਮਾਂ ਇੱਕੋ ਨਤੀਜੇ ‘ਤੇ ਪਹੁੰਚੀਆਂ ਹਨ – ਕਿ ਉਦਯੋਗਿਕ ਯੁੱਗ ਦੀ ਸ਼ੁਰੂਆਤ ਦੇ ਨਾਲ ਤਾਪਮਾਨ ਵਿੱਚ ਵਾਧਾ ਹੋਇਆ ਹੈ। ਤੁਰਕੀ ਵਿੱਚ ਇਸ ਸਾਲ ਦੀਆਂ ਗਰਮੀਆਂ ਕਾਰਨ ਪਹਿਲਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਜੰਗਲੀ ਅੱਗ ਦੀਆਂ ਘਟਨਾਵਾਂ ਵਾਪਰੀਆਂ। ਵਿਗਿਆਨੀ ਸਮੇਂ ਤੋਂ ਪਹਿਲਾਂ ਵੀ ਤਾਪਮਾਨ ਵਿੱਚ ਉਤਰਾਅ-ਚੜ੍ਹਾਅ ਦਾ ਪੁਨਰਨਿਰਮਾਣ ਕਰ ਸਕਦੇ ਹਨ। ਦਰੱਖਤਾਂ ਦੇ ਛੱਲੇ, ਬਰਫ਼ ਦੇ ਟੁਕੜੇ, ਝੀਲ ਦੇ ਤਲਛਟ ਅਤੇ ਕੋਰਲ ਸਾਰੇ ਸਦੀਆਂ ਤੋਂ ਤਾਪਮਾਨ ਨੂੰ ਰਿਕਾਰਡ ਕਰਦੇ ਆਏ ਹਨ। ਇਹ ਤਪਸ਼ ਦੇ ਮੌਜੂਦਾ ਪੜਾਅ ਲਈ ਬਹੁਤ ਜ਼ਰੂਰੀ ਸੰਦਰਭ ਪ੍ਰਦਾਨ ਕਰਦਾ ਹੈ। ਅਸਲ ਵਿੱਚ ਵਿਗਿਆਨੀਆਂ ਦਾ ਅੰਦਾਜ਼ਾ ਹੈ ਕਿ ਧਰਤੀ ਲਗਭਗ ਸਵਾ ਲੱਖ ਸਾਲਾਂ ਵਿੱਚ ਕਦੇ ਵੀ ਇੰਨੀ ਗਰਮ ਨਹੀਂ ਰਹੀ ਹੈ।