
ਬੱਚੇ ਘਰ ਦੀ ਫੁਲਵਾੜੀ ਦੇ ਫੁੱਲ ਹਨ, ਜਿੰਨਾ ਦੀ ਖੁਸ਼ਬੂ ਨਾਲ ਸਾਰਾ ਘਰ ਮਹਿਕਦਾ ਰਹਿੰਦਾ ਹੈ। ਘਰ ਵਿੱਚ ਸੁਣਦੀਆਂ ਬੱਚੇ ਦੀਆਂ ਕਿਲਕਾਰੀਆਂ ਸਾਰਾ ਦਿਨ ਕੰਮਾਂ ਨਾਲ ਥੱਕੇ ਬਾਪ ਦੀ ਥਕਾਵਟ ਦੂਰ ਕਰ ਦਿੰਦੀਆਂ ਹਨ। ਘਰ ਵਿੱਚ ਬੱਚਿਆਂ ਦੇ ਹੋਣ ਨਾਲ ਘਰ ਦੇ ਸਿਆਣੇ ਵੀ ਇੱਕ ਵਾਰ ਫਿਰ ਤੋਂ ਬਚਪਨ ਜੀਉ ਲੈਂਦੇ ਹਨ। ਹਰ ਇੱਕ ਨੂੰ ਆਪਣੇ ਬੱਚੇ ਬਹੁਤ ਪਿਆਰੇ ਹੁੰਦੇ ਹਨ। ਪਰ ਪਿਆਰ ਦੇ ਨਾਲ ਨਾਲ ਮਾਪਿਆਂ ਦੇ ਸਿਰ ਉਹਨਾਂ ਦੀ ਇੱਕ ਬਹੁਤ ਵੱਡੀ ਜਿੰਮੇਵਾਰੀ ਵੀ ਹੁੰਦੀ ਹੈ ਖਾਸ ਕਰ ਜਿੰਨੀ ਦੇਰ ਬੱਚੇ ਬਾਲਗ ਨਹੀ ਹੁੰਦੇ। ਬਚਪਨ ਤੋਂ ਕਿਸ਼ੋਰ ਅਵਸਥਾ ਮਾਪਿਆਂ ਲਈ ਜਿੰਮੇਵਾਰੀ ਨਿਭਾਉਣ ਦਾ ਅਹਿਮ ਸਮਾਂ ਹੁੰਦਾ ਹੈ। ਬਚਪਨ ਅਵਸਥਾ ਤੋਂ ਬੱਚਾ ਜਦ ਹੋਲੀ ਹੋਲੀ ਕਿਸ਼ੋਰ ਅਵਸਥਾ ਵੱਲ ਵੱਧਦਾ ਹੈ ਤਾਂ ਆਪਣੇ ਆਪ ਨੂੰ ਜਿੰਮੇਵਾਰ ਵਿਅਕਤੀ ਸਮਝਣ ਲੱਗ ਜਾਂਦਾ ਹੈ। ਸਰੀਰਕ ਵਿਕਾਸ ਦੇ ਨਾਲ ਨਾਲ ਉਸ ਵਿੱਚ ਮਾਨਸਿਕ ਤਬਦੀਲੀਆਂ ਵੀ ਆਉਂਦੀਆਂ ਹਨ। ਉਸ ਵਿੱਚ ਚੜ੍ਹ ਰਹੀ ਜਵਾਨੀ ਦੀਆਂ ਉਮੰਗਾਂ ਠਾਠਾਂ ਮਾਰਦੀਆਂ ਹਨ।ਇਸ ਅਵਸਥਾ ਵਿੱਚ ਕਈ ਵਾਰ ਬੱਚਾ ਕਈ ਪੱਖਾਂ ਦੀ ਅਧੂਰੀ ਜਾਣਕਾਰੀ ਹੋਣ ਦੇ ਬਾਵਜੂਦ ਵੀ ਆਪਣੇ ਆਪ ਨੂੰ ਸਿਆਣਾ ਤੇ ਹਰ ਗੱਲ ਤੇ ਸਹੀ ਸਮਝਣ ਲੱਗ ਜਾਂਦਾ ਹੈ। ਲੋਕਾਂ ਨਾਲ ਉਸਦੀ ਨੇੜਤਾ ਵੱਧਣ ਲੱਗਦੀ ਹੈ ਤੇ ਉਸਦੇ ਦੋਸਤਾਂ ਦਾ ਦਾਇਰਾ ਵਿਸ਼ਾਲ ਹੋਣ ਲੱਗਦਾ ਹੈ। ਉਹ ਆਪਣੇ ਫੈਸਲੇ ਆਪ ਲੈਣਾ ਚਾਹੁੰਦਾ ਹੈ।ਹੋਲੀ ਹੋਲੀ ਜਦੋਂ ਇਸ ਅਵਸਥਾ ਵਿੱਚ ਬੱਚੇ ਦੀ ਸੋਚ ਅਤੇ ਸਮਝ ਵਿੱਚ ਕੁਝ ਪਕਿਆਈ ਹੋਣੀ ਸ਼ੁਰੂ ਹੋ ਜਾਂਦੀ ਹੈ ਅਤੇ ਜੀਵਨ ਦੇ ਉਦੇਸ਼ ਉਸਨੂੰ ਸਪੱਸ਼ਟ ਹੋਣੇ ਸ਼ੁਰੂ ਹੋ ਜਾਂਦੇ ਹਨ। ਇਸ ਅਵਸਥਾ ਵਿੱਚ ਬੱਚਿਆਂ ਵੱਲ ਖਾਸ ਧਿਆਨ ਦੇਣ ਦੀ ਜਰੂਰਤ ਹੁੰਦੀ ਹੈ। ਜਵਾਨ ਹੋ ਰਹੇ ਬੱਚਿਆਂ ਨੂੰ ਅਜਿਹੀ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ ਕਿ ਉਹ ਸਹੀ ਗਲਤ ਦਾ ਫ਼ੈਸਲਾ ਕਰ ਸਕਣ।