ਇੱਕ ਨਸ਼ੇ ਨਾਲ ਟੱਲੀ ਯਾਤਰੀ, ਜਿਸਨੇ ਆਸਟ੍ਰੇਲੀਆ ਤੋਂ ਨਿਊਜ਼ੀਲੈਂਡ ਲਈ ਆਪਣੇ ਹਵਾਈ ਸਫ਼ਰ ਦੇ ਦੌਰਾਨ, ਇੱਕ ਫਲਾਈਟ ਅਟੈਂਡੈਂਟ ਦੇ ਮੁੱਕਾ ਮਾਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਨਤੀਜੇ ਵਜੋਂ ਜਹਾਜ਼ ਨੂੰ ਵਾਪਸ ਹਵਾਈ ਅੱਡੇ ਵੱਲ ਮੋੜ ਦਿੱਤਾ ਗਿਆ ਸੀ, ਨੂੰ 6 ਮਹੀਨੇ ਦੀ ਕੈਦ ਤੇ ਜੁਰਮਾਨਾ ਦੇਣ ਦਾ ਹੁਕਮ ਦਿੱਤਾ ਗਿਆ ਹੈ।
ਸਵਾਲਿਨ ਮਲਾਇਸ ਜੈਕਸਨ ਬਾਰਟਨ-ਕੁੱਕਸ ਸਾਲਾਂ ਦਾ ਯਾਤਰੀ 23 ਅਕਤੂਬਰ, 2024 ਨੂੰ ਪਰਥ ਤੋਂ ਆਕਲੈਂਡ ਜਾ ਰਹੀ ਉਡਾਣ ਦੇ ਵਿੱਚ ਸਵਾਰ ਸੀ ਜਦੋਂ ਉਸਨੇ ਹਮਲਾਵਰ ਢੰਗ ਨਾਲ ਉੱਚੀ-ਉੱਚੀ ਗਾਲਾਂ ਕੱਢੀਆਂ ਅਤੇ ਹੋਰ ਯਾਤਰੀਆਂ ਨੂੰ ਖੂਬ ਪਰੇਸ਼ਾਨ ਕੀਤਾ। ਕੈਬਿਨ ਕਰੂ ਮੈਨੇਜਰ ਦੁਆਰਾ ਜ਼ੁਬਾਨੀ ਚੇਤਾਵਨੀ ਦਿੱਤੇ ਜਾਣ ਤੋਂ ਬਾਅਦ ਬਾਰਟਨ-ਕੁੱਕਸ ਨੇ ਉਸਦੀ ਬਾਂਹ ਫੜ ਲਈ ਅਤੇ ਸਟਾਫ ਮੈਂਬਰ ਦੇ ਸਿਰ ਵਿੱਚ ਕਈ ਵਾਰ ਮੁੱਕਾ ਮਾਰਨ ਦੀ ਕੋਸ਼ਿਸ਼ ਕੀਤੀ। ਜਹਾਜ਼ ਦੇ ਸਟਾਫ਼ ਅਤੇ ਹੋਰ ਯਾਤਰੀਆਂ ਨੂੰ ਜਹਾਜ਼ ਦੇ ਪਿਛਲੇ ਪਾਸੇ ਬਾਰਟਨ-ਕੁੱਕਸ ਨੂੰ ਰੋਕਣ ਲਈ ਮਜਬੂਰ ਕੀਤਾ ਗਿਆ, ਜਿਸਨੂੰ ਮੈਲਬੌਰਨ ਹਵਾਈ ਅੱਡੇ ‘ਤੇ ਵਾਪਸ ਉਤਾਰਨਾ ਪਿਆ ਸੀ। ਅਦਾਲਤ ਨੇ ਉਸ ਨੂੰ ਜਹਾਜ਼ ਚਾਲਕ ਦਲ ‘ਤੇ ਹਮਲਾ ਕਰਨ ਦੇ ਦੋ ਮਾਮਲਿਆਂ ਵਿੱਚ ਦੋਸ਼ੀ ਮੰਨਿਆ ਅਤੇ ਉਸ ਨੂੰ 6 ਮਹੀਨੇ ਦੀ ਕੈਦ ਅਤੇ ਏਅਰਲਾਈਨ ਨੂੰ 10,824 ਡਾਲਰ ਮੁਆਵਜ਼ੇ ਦਾ ਭੁਗਤਾਨ ਕਰਨ ਦਾ ਵੀ ਹੁਕਮ ਦਿੱਤਾ ਗਿਆ। ਪਰ ਹਿਰਾਸਤ ਵਿੱਚ ਪਹਿਲਾਂ ਹੀ ਸਮਾਂ ਬਿਤਾਉਣ ਕਾਰਣ ਉਸਨੂੰ ਤੁਰੰਤ ਰਿਹਾਅ ਕਰ ਦਿੱਤਾ ਗਿਆ।
ਆਸਟ੍ਰੇਲੀਅਨ ਫੈਡਰਲ ਪੁਲਿਸ ਦੇ ਡਿਟੈਕਟਿਵ ਸੁਪਰਡੈਂਟ ਸਟੀਫਨ ਕੁੱਕ ਨੇ ਕਿਹਾ ਹੈ ਕਿ, ‘ਏਅਰਲਾਈਨ ਕਰਮਚਾਰੀ ਆਪਣੇ ਕੰਮ ਵਾਲੀ ਥਾਂ ‘ਤੇ ਸੁਰੱਖਿਅਤ ਮਹਿਸੂਸ ਕਰਨ ਦੇ ਹੱਕਦਾਰ ਹਨ ਅਤੇ ਉਨ੍ਹਾਂ ਨੂੰ ਯਾਤਰੀਆਂ ਤੋਂ ਹਿੰਸਾ ਅਤੇ ਹਮਲਾਵਰ ਰੁੱਖ ਦਾ ਸਾਹਮਣਾ ਨਹੀਂ ਕਰਨਾ ਚਾਹੀਦਾ। ਉਡਾਣ ਦੌਰਾਨ ਸਮਾਜ ਵਿਰੋਧੀ ਵਿਵਹਾਰ ਜਹਾਜ਼ ਦੀ ਸੁਰੱਖਿਆ ਲਈ ਸਿੱਧਾ ਖ਼ਤਰਾ ਪੈਦਾ ਕਰ ਸਕਦਾ ਹੈ ਅਤੇ ਇਸ ਸਥਿਤੀ ਵਿੱਚ ਜਹਾਜ਼ ਵਿੱਚ ਸਵਾਰ ਯਾਤਰੀਆਂ ਲਈ ਅਸੁਵਿਧਾ ਪੈਦਾ ਕਰ ਸਕਦਾ ਹੈ। ਆਸਟ੍ਰੇਲੀਅਨ ਫੈਡਰਲ ਪੁਲਿਸ ਏਅਰਲਾਈਨ ਉਦਯੋਗ ਨਾਲ ਮਿਲ ਕੇ ਕੰਮ ਕਰਦੀ ਹੈ ਅਤੇ ਜਦੋਂ ਕਿਸੇ ਦਾ ਵਿਵਹਾਰ ਹਵਾਈ ਅੱਡੇ ਦੇ ਅੰਦਰ ਜਾਂ ਆਲੇ-ਦੁਆਲੇ, ਜਾਂ ਉਡਾਣਾਂ ਵਿੱਚ ਸਟਾਫ ਜਾਂ ਜਨਤਾ ਦੀ ਸੁਰੱਖਿਆ ਵਿੱਚ ਰੁਕਾਵਟ ਪਾਉਂਦਾ ਹੈ ਤਾਂ ਸਮੇਂ ਸਿਰ ਦਖਲ ਦਿੱਤਾ ਜਾ ਸਕੇ।”