ਬੋਇੰਗ 737-800 ਜਹਾਜ਼, ਜਿਸ ਨੇ 190 ਲੋਕਾਂ ਨੂੰ ਦੁਬਈ ਤੋਂ ਭਾਰਤ ਲਿਆਂਦਾ ਸੀ, 7 ਅਗਸਤ ਨੂੰ ਕੋਜ਼ੀਕੋਡ (ਕੇਰਲਾ) ਵਿੱਚ ਲੈਂਡਿੰਗ ਕਰਦੇ ਸਮੇਂ ਟੇਬਲ-ਟਾਪ ਰਨਵੇ ਨੂੰ ਓਵਰਸ਼ੌਟ ਕਰ ਦਿੱਤਾ ਸੀ। ਜਹਾਜ਼ 35 ਫੁੱਟ ਡੂੰਘੇ ਖੱਡ ਵਿੱਚ ਡਿੱਗ ਗਿਆ ਤੇ ਦੋ ਟੁਕੜੇ ਹੋ ਗਿਆ ਸੀ। ਇਸ ਹਾਦਸੇ ਵਿੱਚ 18 ਲੋਕਾਂ ਦੀ ਮੌਤ ਹੋ ਗਈ। ਕਈ ਜ਼ਖਮੀ ਹੋ ਗਏ। ਜਾਂਚ ਕਰ ਰਹੇ ਅਧਿਕਾਰੀਆਂ ਨੂੰ ਹਾਦਸਾਗ੍ਰਸਤ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ ਦਾ ਬਲੈਕ ਬਾਕਸ ਮਿਲਿਆ ਹੈ। ਹੁਣ ਇਸ ਦੀ ਸਹਾਇਤਾ ਨਾਲ ਇਹ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਹਾਦਸਾ ਕਿਉਂ ਤੇ ਕਿਸ ਸਥਿਤੀ ਵਿੱਚ ਵਾਪਰਿਆ, ਜਹਾਜ਼ ਦੀ ਰਫਤਾਰ ਕੀ ਸੀ ਅਤੇ ਹਾਦਸੇ ਵੇਲੇ ਪਾਇਲਟ ਕਿਸ ਬਾਰੇ ਗੱਲਾਂ ਕਰ ਰਹੇ ਸਨ। ਇਥੇ ਅਸੀਂ ਜਹਾਜ਼ ਦੇ ਬਲੈਕ ਬਾਕਸ ਸਬੰਧੀ ਵਿਸਥਾਰ ਦੇ ਵਿੱਚ ਜਾਣਕਾਰੀ ਦੇ ਰਹੇ ਹਾਂ।
ਬਲੈਕ ਬਾਕਸ ਕੀ ਹੈ?
• ਜਹਾਜ਼ ਦਾ ਬਲੈਕ ਬਾਕਸ ਅਸਲ ਦੇ ਵਿੱਚ ਕਾਲੇ ਰੰਗ ਦਾ ਨਹੀਂ ਬਲਕਿ ਸੰਤਰੀ ਰੰਗ ਦਾ ਹੁੰਦਾ ਹੈ। ਇਹ ਸਟੀਲ ਜਾਂ ਟਾਈਟੇਨੀਅਮ ਦਾ ਬਣਿਆ ਇਲੈਕਟ੍ਰਾਨਿਕ ਰਿਕਾਰਡਿੰਗ ਉਪਕਰਣ ਹੈ ਜੋ ਜਾਂਚਕਰਤਾਵਾਂ ਨੂੰ ਇੱਕ ਜਹਾਜ਼ ਦੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਵਿੱਚ ਸਹਾਇਤਾ ਕਰਦਾ ਹੈ।
• ਬਲੈਕ ਬਾਕਸ ਨੂੰ ਫਲਾਈਟ ਰਿਕਾਰਡਰ ਵੀ ਕਿਹਾ ਜਾਂਦਾ ਹੈ। ਇਹ ਦੋ ਤਰ੍ਹਾਂ ਦੇ ਹੁੰਦੇ ਹਨ। ਫਲਾਈਟ ਡੇਟਾ ਰਿਕਾਰਡਰ (ਐਫ ਡੀ ਆਰ) ਅਤੇ ਕਾਕਪਿਟ ਵੌਇਸ ਰਿਕਾਰਡਰ (ਸੀ ਵੀ ਆਰ)। ਦੋਹਾਂ ਉਪਕਰਣਾਂ ਨੂੰ ਜੋੜਕੇ ਇੱਕ ਜੁੱਤੀਆਂ ਵਾਲੇ ਡੱਬੇ ਦੇ ਆਕਾਰ ਦਾ ਇਹ ਯੂਨਿਟ ਹੁੰਦਾ ਹੈ।
• ਐਫ ਡੀ ਆਰ ਹਵਾ ਦੀ ਸਪੀਡ, ਉਚਾਈ, ਉਪਰ ਜਾਣ ਦੀ ਸਪੀਡ ਗਤੀ ਅਤੇ ਤੇਲ ਦਾ ਪ੍ਰਵਾਹ ਵਰਗੀਆਂ 80 ਗਤੀਵਿਧੀਆਂ ਨੂੰ ਪ੍ਰਤੀ ਸਕਿੰਟ ਰਿਕਾਰਡ ਕਰਦਾ ਹੈ। ਇਸ ਵਿਚ 25 ਘੰਟੇ ਦੀ ਰਿਕਾਰਡਿੰਗ ਸਟੋਰ ਹੁੰਦੀ ਹੈ।
• ਸੀਵੀਆਰ ਕਾਕਪਿਟ ਦੀਆਂ ਆਵਾਜ਼ਾਂ ਰਿਕਾਰਡ ਕਰਦਾ ਹੈ। ਪਾਇਲਟਾਂ ਦੀ ਆਪਸੀ ਗੱਲਬਾਤ ਅਤੇ ਉਨ੍ਹਾਂ ਦੀ ਹਵਾਈ ਟ੍ਰੈਫਿਕ ਕੰਟਰੋਲ ਦੇ ਨਾਲ ਗੱਲਬਾਤ ਨੂੰ ਰਿਕਾਰਡ ਕਰਦਾ ਹੈ। ਇਸਦੇ ਨਾਲ ਹੀ ਸਵਿੱਚ ਅਤੇ ਇੰਜਣ ਦੀ ਆਵਾਜ਼ ਵੀ ਇਸ ਵਿਚ ਰਿਕਾਰਡ ਹੁੰਦੀ ਹੈ।
ਬਲੈਕ ਬਾਕਸ ਦੀ ਲੋੜ ਕਿਉਂ ਪਈ?
• ਦੂਜੇ ਵਿਸ਼ਵ ਯੁੱਧ ਦੌਰਾਨ ਬ੍ਰਿਟਿਸ਼ ਫੌਜੀ ਜਹਾਜ਼ਾਂ ਵਿੱਚ ਰੇਡੀਓ, ਰਾਡਾਰ ਅਤੇ ਇਲੈਕਟ੍ਰਾਨਿਕ ਨੇਵੀਗੇਸ਼ਨਲ ਟੂਲਜ਼ ਦੇ ਨਾਲ ਇਸ
ਬਕਸੇ ਦਾ ਜਨਮ ਹੋਇਆ ਸੀ। ਉਸ ਸਮੇਂ ਤੱਕ ਪਲੇਨ ਕਰੈਸ਼ ਹੋਣ ਦੇ ਮਾਮਲਿਆਂ ਵਿੱਚ ਜਾਂਚ ਕਰਨ ਵਾਲਿਆਂ ਨੂੰ ਕੁੱਝ ਵੀ ਹੱਥ ਨਹੀਂ ਲੱਗਦਾ ਸੀ।
• ਇਹ ਇਕ ਗੁਪਤ ਇਲੈਕਟ੍ਰਾਨਿਕ ਉਪਕਰਣ ਸੀ ਜਿਸ ਨੂੰ ਇੱਕ ਨਾਨ ਰਿਫ਼ਲੇਕਟਿਵ ਬਲੈਕ ਬਾਕਸ ਵਿਚ ਰੱਖਿਆ ਜਾਂਦਾ ਸੀ। ਬਾਅਦ ਵਿਚ ਇਸ ਨੇ ਸੰਤਰੀ ਰੰਗ ਦੇ ਦੋ ਡੱਬਿਆਂ ਦੀ ਸ਼ਕਲ ਲੈ ਲਈ ਤਾਂ ਜੋ ਕਿਸੇ ਹਾਦਸੇ ਦੀ ਹਾਲਤ ਵਿਚ ਇਹ ਦੂਰੋਂ ਹੀ ਦਿਸ ਪਵੇ ਤੇ ਇਸਨੂੰ ਜਲਦੀ ਤੋਂ ਜਲਦੀ ਲੱਭਿਆ ਜਾ ਸਕੇ।
• ਸ਼ੁਰੂਆਤੀ ਦਿਨਾਂ ਵਿੱਚ ਰਿਕਾਰਡਰ ਵਜੋਂ ਧਾਤ ਦੀਆਂ ਪੱਤੀਆਂ ਨੂੰ ਵਰਤਿਆ ਜਾਂਦਾ ਸੀ। ਜੋ ਬਾਅਦ ਵਿਚ ਮੈਗਨੈਟਿਕ ਸਟ੍ਰਿਪ ਅਤੇ ਫਿਰ ਸਾਲਿਡ ਸਟੇਟ ਮੈਮੋਰੀ ਚਿੱਪ ਬਣ ਗਈ। ਕਿਸੇ ਵੀ ਵਪਾਰਕ ਉਡਾਣ ਅਤੇ ਕਾਰਪੋਰੇਟ ਜੈੱਟ ਵਿਚ ਬਲੈਕ ਬਾਕਸ ਦਾ ਹੋਣਾ ਲਾਜ਼ਮੀ ਹੈ।
• ਇਹ ਬਲੈਕ ਬਾਕਸ ਜਹਾਜ਼ ਦੀ ਫਲਾਈਟ ਹਿਸਟਰੀ ਨੂੰ ਦਰਸਾਉਂਦਾ ਹੈ ਜਿਸਨੂੰ ਜਹਾਜ਼ ਦੀ ਪੂਛ ਵਿੱਚ ਰੱਖਿਆ ਜਾਂਦਾ ਹੈ ਤਾਂ ਜੋ ਹਾਦਸੇ ਦਾ ਇਸ ‘ਤੇ ਘੱਟ ਤੋਂ ਘੱਟ ਪ੍ਰਭਾਵ ਪਵੇ। ਸੀਵੀਆਰ ਕਾਕਪਿਟ ਦੀਆਂ ਆਵਾਜ਼ਾਂ ਨੂੰ 2 ਘੰਟਿਆਂ ਤੱਕ ਰਿਕਾਰਡ ਕਰ ਸਕਦਾ ਹੈ।
ਬਲੈਕ ਬਾਕਸ ਕਿਵੇਂ ਪ੍ਰਾਪਤ ਕਰੀਏ?
• ਬਲੈਕ ਬਾਕਸ ਇੱਕ ਅੰਡਰਵਾਟਰ ਲੋਕੇਟਰ ਬੀਕਨ (ਯੂ ਏ ਐਲ ਵੀ) ਨਾਲ ਲੈਸ ਹੈ। ਜੇ ਇਕ ਜਹਾਜ਼ ਪਾਣੀ ਵਿਚ ਡੁੱਬ ਜਾਵੇ ਤਾਂ ਬੀਕਨ 14,000 ਫੁੱਟ ਦੀ ਡੂੰਘਾਈ ਤੱਕ ਬੱਤੀ ਸੋਨਾਰ ਅਤੇ ਆਡੀਓ ਉਪਕਰਣਾਂ ਨਾਲ ਡਿਟੈਕਟ ਹੋਣ ਵਾਲੀ ਅਲਟਰਾਸੋਨਿਕ ਪੱਲਸ ਭੇਜਦਾ ਹੈ।
• ਇਹ ਬੀਕਨ ਬੈਟਰੀ ਨਾਲ ਚੱਲਦਾ ਹੈ ਜਿਸ ਦੀ ਸ਼ੈਲਫ ਲਾਈਫ 6 ਸਾਲ ਹੁੰਦੀ ਹੈ। ਇਕ ਵਾਰ ਜਦੋਂ ਇਹ ਸੰਕੇਤ ਦੇਣਾ ਸ਼ੁਰੂ ਕਰਦਾ ਹੈ ਤਾਂ ਇਹ 30 ਦਿਨ ਤੱਕ ਜਾਣੀ ਕਿ ਬੈਟਰੀ ਦੀ ਪਾਵਰ ਖ਼ਤਮ ਹੋਣ ਤੱਕ ਹਰ ਸਕਿੰਟ ਵਿੱਚ ਸੰਕੇਤ ਭੇਜਦਾ ਰਹਿੰਦਾ ਹੈ।
• ਬਲੈਕ ਬਾਕਸ ਖਾਰੇ ਪਾਣੀ ਵਿਚ 6,000 ਮੀਟਰ ਦੀ ਡੂੰਘਾਈ ‘ਤੇ ਵੀ ਕੰਮ ਕਰਦਾ ਹੈ। ਜੇ ਇਕ ਜਹਾਜ਼ ਜ਼ਮੀਨ ‘ਤੇ ਕ੍ਰੈਸ਼ ਹੋ ਜਾਂਦਾ ਹੈ ਤਾਂ ਇਹ ਇੱਕ ਅਲਟ੍ਰਾਸੋਨਿਕ ਪਿੰਗ ਨਹੀਂ ਭੇਜਦਾ। ਇਸ ਨਾਲ ਕਰੈਸ਼ ਸਾਈਟ ਦੇ ਦੁਆਲੇ ਹੀ ਜਾਂਚਕਰਤਾਵਾਂ ਨੂੰ ਖੋਜ ਕਰਨੀ ਪੈਂਦੀ ਹੈ।
ਕੀ ਕੋਈ ਹੋਰ ਡਿਵਾਈਸ ਬਲੈਕ ਬਾਕਸ ਨੂੰ ਬਦਲ ਸਕਦੀ ਹੈ?
• ਇਹਨਾਂ ਸੰਭਾਵਨਾਵਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਕਿ ਕਿਵੇਂ ਛੋਟੇ ਬਲੈਕ ਬਾਕਸ ਦੀ ਬਜਾਏ ਰੀਅਲ ਟਾਈਮ ਦੇ ਵਿੱਚ ਸਾਰੇ ਲੋੜੀਂਦੇ ਡੇਟਾ ਨੂੰ ਸਿੱਧੇ ਗਰਾਊਂਡ ਬੇਸ ਸਟੇਸ਼ਨ ‘ਤੇ ਕਿਸ ਤਰ੍ਹਾਂ ਭੇਜਿਆ ਜਾਏ।
• ਏਅਰ-ਟੂ-ਗਰਾਊਂਡ ਸਿਸਟਮ ਇਕ ਸੈਟੇਲਾਈਟ ਦੀ ਮਦਦ ਨਾਲ ਉਡਾਣ ਦੇ ਡੇਟਾ ਨੂੰ ਜ਼ਮੀਨ ‘ਤੇ ਭੇਜਦਾ ਹੈ। ਇਸ ਨਾਲ ਬਲੈਕ ਬਾਕਸ ਲੱਭਣ ਦੀ ਜ਼ਰੂਰਤ ਨਹੀਂਰਹੇਗੀ। ਜਾਂਚ ਦਾ ਸਮਾਂ ਬਚੇਗਾ। ਸੰਕਟ ਦੇ ਸਮੇਂ ਵਿੱਚ ਜਹਾਜ਼ ਨੂੰ ਵੀ ਬਚਾਇਆ ਜਾ ਸਕੇਗਾ।
• ਸੈਟੇਲਾਈਟ ਅਤੇ ਜੀਪੀਐਸ ਸਮਰੱਥਾ, ਡਾਟਾ ਸਟੋਰੇਜ ਦੀ ਸਪੀਡ ਅਤੇ ਬੈਟਰੀ ਦੀ ਉਮਰ ਆਦਿ ‘ਤੇ ਵੀ ਕੰਮ ਕਰ ਰਹੇ ਹਨ ਤਾਂ ਕਿ ਨਵੀਂ ਖੋਜ ਤੇਜ਼ ਅਤੇ ਹਲਕੀ ਹੋਵੇ।
• ਚੁਣੌਤੀ ਉਸ ਸਿਸਟਮ ਨੂੰ ਬਨਾਉਣ ਦੀ ਹੈ ਜੋ ਵੱਡੀ ਮਾਤਰਾ ਦੇ ਵਿੱਚ ਵਾਲਿਊਮ ਨੂੰ ਸਾਂਭ ਸਕੇ। ਵਪਾਰਕ ਉਡਾਣਾਂ ਦੀਆਂ ਸਾਰੀਆਂ ਗਤੀਵਿਧੀਆਂ ਨੂੰ ਟਰੈਕ ਕਰ ਸਕੇ। ਖ਼ਾਸਕਰ ਸੈਟੇਲਾਈਟ ਅਤੇ ਡਾਟਾ ਸਟੋਰੇਜ ਦੀ ਮਦਦ ਨਾਲ।
ਬਲੈਕ ਬਾਕਸ ਡੇਟਾ ਦਾ ਵਿਸ਼ਲੇਸ਼ਣ ਕਰਨ ਵਿਚ ਕਿੰਨਾ ਸਮਾਂ ਲਗਦਾ ਹੈ?
• ਆਮ ਤੌਰ ‘ਤੇ ਬਲੈਕ ਬਾਕਸ ਤੋਂ ਕੱਢੇ ਜਾਣ ਵਾਲੇ ਡੇਟਾ ਦਾ ਵਿਸ਼ਲੇਸ਼ਣ 10-15 ਦਿਨਾਂ ਵਿੱਚ ਕੀਤਾ ਜਾਂਦਾ ਹੈ। ਇਸ ਦੌਰਾਨ ਹਾਦਸੇ ਤੋਂ ਠੀਕ ਪਹਿਲਾਂ ਏਅਰ ਟ੍ਰੈਫਿਕ ਕੰਟਰੋਲਰ (ਏ ਟੀ ਸੀ) ਨਾਲ ਪਾਇਲਟਾਂ ਦੀ ਹੋਈ ਗੱਲਬਾਤ ਦਾ ਵਿਸ਼ਲੇਸ਼ਣ ਕਰਦੇ ਹਨ।
• ਜਾਂਚ ਅਧਿਕਾਰੀਆਂ ਨੂੰ ਇਹ ਸਮਝਾਉਣ ਵਿਚ ਸਹਾਇਤਾ ਕਰਦਾ ਹੈ ਕਿ ਕੀ ਪਾਇਲਟ ਜਾਣਦੇ ਸਨ ਕਿ ਜਹਾਜ਼ ਹਾਦਸੇ ਵੱਲ ਵਧ ਰਿਹਾ ਸੀ। ਇਸ ਨਾਲ ਇਹ ਵੀ ਪਤਾ ਲੱਗਦਾ ਹੈ ਕਿ ਕੀ ਪਾਇਲਟਾਂ ਨੂੰ ਜਹਾਜ਼ ਨੂੰ ਕੰਟਰੋਲ ਕਰਨ ਵਿੱਚ ਕੋਈ ਮੁਸ਼ਕਲ ਪੇਸ਼ ਆਈ।
• ਇਸ ਤੋਂ ਇਲਾਵਾ ਜਾਂਚ ਅਧਿਕਾਰੀ ਹਵਾਈ ਅੱਡੇ ‘ਤੇ ਵੱਖ-ਵੱਖ ਡੇਟਾ ਰਿਕਾਰਡਰਾਂ ਨੂੰ ਵੀ ਵੇਖਦੇ ਹਨ। ਇਹ ਰਨਵੇਅ ਉਪਰ ਟੱਚ ਡਾਉਨ ਦੇ ਪੁਆਇੰਟ ਅਤੇ ਇਸ ਵੇਲੇ ਹਵਾਈ ਜਹਾਜ਼ ਦੀ ਸਪੀਡ ਵਾਰੇ ਵੀ ਦੱਸਦੇ ਹਨ।