ਬਰਤਾਨੀਆ ਦੇ ਮੋਟਰ ਕਾਰ ਮਾਲਕਾਂ ਨੂੰ ਹਮੇਸ਼ਾ ਮਕੈਨਿਕਾਂ ਤੋਂ ਸਾਵਧਾਨ ਰਹਿਣ ਦੀ ਸਖਤ ਲੋੜ ।
ਬਰਤਾਨੀਆ ਦੁਨੀਆ ਦਾ ਉਹ ਮੁਲਕ ਹੈ ਜਿੱਥੇ ਸੱਚ ਤੇ ਇਮਾਨਦਾਰੀ ਕਦਮ ਨਾਲ ਕਦਮ ਮਿਲਾ ਕੇ ਚੱਲਦੇ ਹਨ । ਸਰਕਾਰੀ ਅਦਾਰਿਆਂ ਵਿੱਚ ਕੋਈ ਕੰਮ ਹੋਵੇ ਤਾਂ ਸੱਚ ਬੋਲਣ ਨਾਲ ਜੇਕਰ ਕਿਸੇ ਦਾ ਕੋਈ ਮਾੜਾ ਮੋਟਾ ਨੁਕਸਾਨ ਵੀ ਹੁੰਦਾ ਹੋਵੇ ਤਾਂ ਬਹੁਤੀ ਵਾਰ ਬਚਾਅ ਹੋ ਜਾਂਦਾ ਹੈ ਜਦ ਕਿ ਝੂਠ ਬੋਲਣ ਵਾਲਾ ਅਜਿਹੀ ਕੜਿੱਕੀ ‘ਚ ਫਸਦਾ ਹੈ ਕਿ ਉਹ ਇਕ ਵਾਰ ਝੂਠ ਬੋਲਦਾ ਫੜਿਆਂ ਜਾਣ ਤੋਂ ਬਾਅਦ ਬੇਸ਼ੱਕ ਫਿਰ ਵਾਰ-ਵਾਰ ਸੱਚ ਹੀ ਬੋਲਦਾ ਰਹੇ, ਪਰ ਉਸ ‘ਤੇ ਦੁਬਾਰਾ ਫੇਰ ਨਾ ਹੀ ਕੋਈ ਭਰੋਸਾ ਕਰਦਾ ਹੈ ਤੇ ਨਾ ਹੀ ਉਸ ਦੇ ਬੋਲੇ ਹੋਏ ਇਕ ਝੂਠ ਤੋਂ ਉਸਦਾ ਛੇਤੀਂ ਕੀਤਿਆ ਛੁਟਕਾਰਾ ਹੁੰਦਾ ਹੈ । ਸੋ ਇੱਥੋਂ ਦੇ ਲੋਕੀਂ ਵਾਹ ਲਗਦੀ ਨੂੰ ਝੂਠ ਬੋਲਣ ਤੋਂ ਹਮੇਸ਼ਾ ਪਰਹੇਜ਼ ਹੀ ਕਰਦੇ ਹਨ । ਇਹ ਗੱਲ ਵੀ ਸੱਚੀ ਹੈ ਕਿ ਕਿਧਰੇ ਵੀ ਕਿਸੇ ਗੁਣ ਜਾਂ ਅਵਗੁਣ ਦਾ ਨਾਸ਼ ਨਹੀਂ ਹੁੰਦਾ ਸੋ ਹੇਰਾ-ਫੇਰੀ ਕਰਨ ਵਾਲੇ ਝੂਠੇ ਤੇ ਨੌਸਰਬਾਜ਼ ਇਸ ਮੁਲਕ ਵਿੱਚ ਵੀ ਬਥੇਰੇ ਹਨ ਤੇ ਆਮ ਹੀ ਮਿਲ ਜਾਂਦੇ ਹਨ, ਪਰ ਸ਼ਰਤ ਇਹ ਹੈ ਕਿ ਉਹਨਾਂ ਨੂੰ ਫੜਨ ਵਾਸਤੇ ਬੰਦਾ, ਬਾਜ ਅੱਖ ਕੇ ਪਾਰਖੂ ਦਿਮਾਗ ਵਾਲਾ ਹੋਣਾ ਚਾਹੀਦਾ ਹੈ ।
ਇਸ ਸੰਬੰਧ ਚ ਇਕ ਆਪ ਬੀਤੀ ਤਾਜ਼ੀ ਘਟਨਾ ਦਾ ਹਵਾਲਾ ਦੇਣਾ ਚਾਹਾਂਗਾ । ਗੱਲ ਕੁੱਜ ਕੁ ਦਿਨ ਪਹਿਲਾਂ ਦੀ ਹੈ ਕਿ ਮੇਰੀ ਕਾਰ ਚੱਲਦਿਆਂ ਚੱਲਦਿਆਂ ਇਕ ਦਮ ਲਿੰਪ ਮੋਡ (Limp Mode) ‘ਚ ਚਲੇ ਗਈ ਜਿਸ ਦਾ ਭਾਵ ਇਹ ਹੁੰਦਾ ਹੈ ਕਿ ਕਾਰ ਵਿੱਚ ਕੋਈ ਨੁਕਸ ਪੈ ਗਿਆ ਜਿਸ ਕਾਰਨ ਕਾਰ ਦੇ ਇੰਜਨ ਦਾ ਜਾਂ ਹੋਰ ਕੋਈ ਜਾਨੀ ਨੁਕਸਾਨ ਨਾ ਹੋਵੇ, ਇਸ ਕਰਕੇ ਕਾਰ ਕੰਟਰੋਲ ਸਿਸਟਮ ਦਾ ਮੈਕਾਨਿਜਮ ਕੰਪਿਊਟਰ ਉਸ ਨੂੰ ਦੂਜੇ ਜਾਂ ਤੀਜੇ ਗੇਅਰ ਤੋਂ ਉੱਤੋਂ ਚਲਾਉਣ ਤੋਂ ਰੋਕ ਦਿੰਦਾ ਹੈ । ਅਜਿਹੀ ਹਾਲਤ ਵਿੱਚ ਕਾਰ ਸਿਰਫ ਛੋਟੇ ਗੇਅਰ ਚ ਚਲਾ ਕੇ ਜਾਂ ਫੇਰ ਟੋਅ ਕਰਕੇ ਸਾਵਧਾਨੀ ਵਰਤਦਿਆਂ ਹੋਇਆਂ ਵਰਕਸ਼ਾਪ ਤੱਕ ਹੀ ਲਿਜਾਈ ਸਕਦੀ ਹੈ ।
ਖ਼ੈਰ ! ਲਿੰਪ ਮੋਡ ‘ਚ ਲੱਗੀ ਹੋਈ ਕਾਰ ਮੈਂ ਹੌਲੀ ਰਫ਼ਤਾਰ ਚ ਚਲਾ ਕੇ ਘਰ ਤੱਕ ਲੈ ਆਇਆ । ਇਸੇ ਦੌਰਾਨ ਕਾਰ ਦੇ ਡੈਸ਼ ਬੋਰਡ ‘ਤੇ ਇੰਜਨ ਲਾਇਟ ਵੀ ਆ ਗਈ ਤੇ “ਗੇਅਰ ਬਾਕਸ ਫੌਲਟ” ਦੀ ਕੈਪਸ਼ਨ ਵੀ । ਘਰ ਪਹੁੰਚ ਕੇ ਕਈ ਵਰਕਸ਼ਾਪਾਂ ਨੂੰ ਫ਼ੋਨ ਕੀਤੇ ਜਿਹਨਾ ਵਿੱਚੋਂ ਬਹੁਤਿਆਂ ਨੇ ਕੋਰੋਨਾ ਵਾਇਰਸ ਦੀਆ ਗਾਈਡ ਲਾਈਨਜ ਦੀ ਮਜਬੂਰੀ ਦੱਸਕੇ ਮੁਆਫੀ ਮੰਗ ਲਈ, ਕਈਆ ਨੇ ਇਹ ਕਹਿਕੇ ਸੌਰੀ ਆਖ ਦਿੱਤਾ ਕਿ ਉਹ ਗੇਅਰ ਬਾਕਸ ਤੇ ਕਿਸੇ ਵੀ ਇਲੈਕਟਰਾਨਿਕ ਫੌਲਟ ਦਾ ਕੰਮ ਹੀ ਨਹੀਂ ਕਰਦੇ । ਇਸੇ ਤਰਾਂ ਕਰਦਿਆਂ ਤਿੰਨ ਚਾਰ ਦਿਨ ਨਿਕਲ ਗਏ ਤੇ ਪਰੇਸ਼ਾਨੀ ਨਿਰੰਤਰ ਵਧਦੀ ਗਈ ।
ਚੌਥੇ ਕੁ ਦਿਨ ਕਾਰ ਦੇ ਅਸਲ ਡੀਲਰ ਦੀ ਗੈਰੇਜ ਫ਼ੋਨ ਲਗਾਇਆ ਤੇ ਫ਼ੋਨ ਅਟੈਂਡ ਕਰਨ ਵਾਲੇ ਗੋਰੇ ਨੂੰ ਸਾਰੀ ਸਮੱਸਿਆ ਦੱਸੀ ਤਾਂ ਉਸ ਨੇ ਪਹਿਲੀ ਸਲਾਹ ਹੀ ਇਹ ਦਿੱਤੀ ਕਿ ਅਜਿਹੀ ਹਾਲਤ ਚ ਕਾਰ ਨੂੰ ਚਲਾਉਣਾ ਬਹੁਤ ਖਤਰਨਾਕ ਹੈ ਤੇ ਦੂਜੀ ਗੱਲ ਉਸ ਨੇ ਇਹ ਕਹੀ ਕਿ ਕਾਰ ਰਿਕਵਰੀ ਦੀ ਸਰਵਿਸ ਲੈ ਕੇ ਕਾਰ ਉਹਨਾਂ ਦੇ ਗੈਰੇਜ ਚ ਪਹੁੰਚਾ ਦਿੱਤੀ ਜਾਵੇ ਜਿਸ ਤੋ ਬਾਅਦ ਉਹਨਾ ਦੇ ਮਕੈਨਿਕ, ਕਾਰ ਦਾ ਅਸਲ ਨੁਕਸ ਲੱਭਣਗੇ, ਜਿਸ ਦਾ £198.00 ਘੰਟੇ ਦੇ ਹਿਸਾਬ ਵਸੂਲਿਆ ਜਾਵੇਗਾ । ਉਸ ਨੇ ਇਹ ਵੀ ਦੱਸਿਆ ਕਿ ਨੁਕਸ ਲੱਭ ਜਾਣ ਤੋ ਬਾਦ ਪਾਰਟ ਤੇ ਲੇਬਰ ਦੇ ਅਲੱਗ ਪੈਸੇ ਵਸੂਲੇ ਜਾਣਗੇ । ਉਸ ਗੈਰੇਜ ਵਾਲੇ ਗੋਰੇ ਦੀਆ ਉਕਤ ਗੱਲਾਂ ਸੁਣਕੇ ਮੇਰਾ ਬਲੱਡ ਪਰੈਸ਼ਰ ਬੜਾ ਉਤੇ ਥੱਲੇ ਹੋਇਆ, ਪਰ ਕਾਹਲੀ ਨਾ ਕੀਤੀ ਤੇ ਅਗਲੇ ਦਿਨ ਕੁਜ ਕੁ ਹੋਰ ਵਰਕਸ਼ਾਪਾਂ ਨੂੰ ਫੋਨ ਕੀਤੇ ਜਿਹਨਾ ਚੋ ਇਕ ਨੇ £2400.00 ਉਰੇ ਪੁੱਕੇ, ਦੂਸਰੇ ਨੇ £1860.00, ਤੀਸਰੇ ਨੇ £1500.00, ਚੌਥੇ ਨੇ £1375.00 ਪਲੱਸ ਵੀਹ ਫੀਸਦੀ ਟੈਕਸ ਤੇ ਇਕ ਗੈਰੇਜ ਵਾਲਾ ਅਜਿਹਾ ਵੀ ਸੀ ਜਿਸ ਨੇ ਦਸਿਆ ਕਿ ਉਹ £500.00 ਪਲੱਸ ਪਾਰਟ ਦੀ ਕੀਮਤ ਦੇ ਚਾਰਜ ‘ਤੇ ਕਾਰ ਠੀਕ ਕਰ ਦੇਵੇਗਾ । ਉਸ ਮੁਤਾਬਿਕ ਹਰ ਕਾਰ ਗੈਰੇਜ ਦਾ ਆਪੋ ਆਪਣਾ ਭਾਅ ਦੇਖ ਸੁਣਕੇ ਇਸ ਤਰਾਂ ਲੱਗਾ ਕਿ ਜਿਵੇਂ, ਇਸ ਕਿੱਤੇ ਵਿਚਲਾ ਹਰ ਕੋਈ ਦੁਕਾਨਗਾਰ ਲੱਗੀ ਰਗੜ ਤੇ ਦਾਅ ਲਗਾਉਣ ਚ ਰੁਝਿਆ ਹੋਇਆ ਹੋਵੇ । ਮਨ ਚ ਇਹ ਖਿਆਲ ਵੀ ਆਇਆ ਕਿ ਕੋਰੋਨਾ ਕਾਰਨ ਮੰਦਾ ਲੱਗਾ ਹੋਣ ਕਰਕੇ ਹੋ ਸਕਦਾ ਹੈ ਕਿ ਹਰ ਕਾਰ ਗੈਰੇਜਾਂ ਵਾਲਾ, ਜੋ ਵੀ ਗਰਾਹਕ ਇਕ ਵਾਰ ਇਹਨਾਂ ਦੇ ਹੱਥ ਜਾਂ ਅੜਿੱਕੇ ਆ ਜਾਵੇ, ਉਸ ਕੋਲੋਂ ਹੀ ਸਾਰੇ ਅਗਲੇ ਪਿਛਲੇ ਘਾਟੇ ਦੀ ਭਰਪਾਈ ਕਰਨ ਦੀ ਤਾਕ ਲੱਗਾ ਹੋਵੇ ।
ਮਨ ਚ ਖਿਆਲ ਇਹ ਵੀ ਆਇਆ ਕਿ ਹੋ ਸਕਦਾ ਹੈ ਕਾਰ ਚ ਨੁਕਸ ਹੀ ਵੱਡਾ ਪੈ ਗਿਆ ਹੋਵੇ ਜਿਸ ਕਰਕੇ ਨੁਕਸ ਨੂੰ ਠੀਕ ਕਰਨ ਵਾਸਤੇ ਹਰ ਮਕੈਨਿਕ ਆਪੋ ਆਪਣੇ ਹਿਸਾਬ ਨਾਲ ਏਨੀ ਵੱਡੀ ਰਕਮ ਦੀ ਮੰਗਕਰ ਰਿਹਾ ਹੋਵੇ । ਇਸ ਦੇ ਹੀ ਨਾਲ ਆਪਣੀ ਕਾਰ ਬਦਲ ਦੇਣ ਦਾ ਵਿਚਾਰ ਵੀ ਕਈ ਵਾਰ ਆਇਆ । ਇਸੇ ਤਰਾਂ ਕਰਦਿਆ ਕਰਾਉਦਿਆ ਦੋ ਹਫਤੇ ਨਿਕਲ ਗਏ, ਪਰ ਕਾਰ ਦੀ ਮੁਰੰਮਤ ਦਾ ਕੋਈ ਹੀਲਾ ਵਸੀਲਾ ਨ ਹੋ ਸਕਿਆ ਤੇ ਮੈ ਲੰਗੜੇ ਮੋਡ ਚ ਲੱਗੀ ਕਾਰ ਨੂੰ ਸਾਵਧਾਨੀ ਨਾਲ ਆਪਣੇ ਏਧਰ ਓਧਰ ਦਾਣ ਆਉਣ ਵਾਸਤੇ ਖਿਚੀ ਧੂਈ ਫਿਰਦਾ ਰਿਹਾ ।
ਇਕ ਦਿਨ ਸਵੇਰੇ ਵੇਲੇ ਸਿਰ ਉਠਿਆ ਤੇ ਜੈਗੁਅਰ ਕਾਰ ਫੈਨ ਕਲੱਬ ‘ਤੇ ਆਪਣੀ ਕਾਰ ਚ ਚੱਲ ਰਹੇ ਨੁਕਸ ਬਾਰੇ ਸਵਾਲ ਪਾ ਦਿੱਤਾ । ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਕਿ ਜਦ ਅੱਧੇ ਕੁ ਘੰਟੇ ਬਾਦ ਹੀ ਇਕ ਗੋਰੇ ਨੇ ਮੈਨੂੰ ਮੇਰੀ ਰਾਰ ਵਿਚਲੇ ਅਸਲ ਨੁਕਸ ਦੀ ਜਾਣਕਾਰੀ ਦੇਣ ਦੇ ਨਾਲ ਨਾਲ ਉਸ ਨੁਕਸ ਨੂੰ ਠੀਕ ਕਰਨ ਵਾਲੇ ਮਾਹਿਰ ਮਕੈਨਿਕ ਦਾ ਫੋਨ ਨੰਬਰ ਵੀ ਦੇ ਦਿੱਤਾ । ਮੈ ਉਸ ਗੋਰੇ ਦਾ ਧਨਵਾਦ ਕੀਤਾ ਤੇ ਤੁਰੰਤ ਉਸ ਦੁਆਰਾ ਦਿੱਤੇ ਗਏ ਨੰਬਰ ‘ਤੇ ਫੋਨ ਮਿਲਾਕੇ ਮਕੈਨਿਕ ਨਾਲ ਗੱਲ ਕੀਤੀ । ਮਕੈਨਿਕ ਨੇ ਮੈਨੂੰ ਕਾਰ ਵਿਚਲੇ ਨੁਕਸ ਬਾਰੇ ਪੂਰੀ ਤਫਸੀਲ ਨਾਲ ਜਾਣਕਾਰੀ ਦਿੰਦਿਆ ਖਰਾਬ ਹੋਏ ਇਲੈਕਟਰਾਨਿਕ ਪਾਰਟ ਦਾ ਨਾਮ ਤੇ ਉਹ ਪਾਰਟ ਇੰਜਣ ਦੇ ਕਿਹੜੇ ਹਿੱਸੇ ਚ ਹੈ ਬਾਰੇ ਦੱਸਦਿਆ ਕਿਹਾ ਕਿ ਜੇਕਰ ਉਹ ਪਾਰਟ ਮੈਂ ਆਪ ਖੋਹਲਕੇ ਉਸ ਦੇ ਕੋਲ ਲੈ ਜਾਵਾਂ ਤਾਂ ਉਸ ਨੂੰ ਠੀਕ ਕਰਨ ਦੇ ਸਿਰਫ £75.00 ਲੱਗਣਗੇ ਤੇ ਜੇਕਰ ਕਾਰ ਉਸਦੀ ਗੈਰੇਜ ਚ ਲੈ ਕੇ ਜਾਵਾਂ ਤਾ ਕੁਲ ਖਰਚਾ ਸਮੇਤ ਪਾਰਟ ਦੀ ਮੁਰੰਮਤ ਅਤੇ ਫਿਟਿੰਗ £120.00 ਹੋਵੇਗਾ । ਮੈ ਅਗਲੇ ਦਿਨ ਕਾਰ ਉਸ ਦੀ ਗੈਰੇਜ ਚ ਲੈ ਕੇ ਜਾਣ ਵਾਸਤੇ ਮਕੈਨਿਕ ਨਾਲ ਸਮਾ ਤਹਿ ਕਰ ਲਿਆ ।
ਤਹਿ ਕੀਤੇ ਸਮੇਂ ਮੁਤਾਬਿਕ ਅਗਲੇ ਦਿਨ ਮੈ ਆਪਣੀ ਕਾਰ ਉਕਤ ਮਕੈਨਿਕ ਦੀ ਗੈਰੇਜ ਚ ਲੈ ਗਿਆ ਜਿੱਥੇ ਉਸ ਮਕੈਨਿਕ ਨੇ ਅੱਧੇ ਘੰਟੇ ਦੇ ਅੰਦਰ ਅੰਦਰ ਕਾਰ ਦਾ ਪਾਰਟ ਬਦਲਕੇ ਸਾਰਾ ਨੁਕਸ ਦੂਰ ਕਰ ਦਿੱਤਾ ਤੇ ਮੈਂ ਖ਼ੁਸ਼ੀ ਨਾਲ ਉਸ ਨੂੰ ਕੁਲ £120.00 ਅਦਾ ਕਰਕੇ ਸੁੱਖ ਦਾ ਸਾਹ ਲਿਆ । ਘਰ ਵੱਲ ਵਾਪਸ ਮੁੜਦਿਆਂ ਜਿੱਥੇ ਮੈਂ ਸਾਰਾ ਰਸਤਾ ਵੱਖ ਵੱਖ ਗੈਰੇਜਾਂ ਵਾਲਿਆਂ ਵੱਲੋਂ ਮਚਾਈ ਜਾ ਰਹੀ ਲੁੱਟ ਖਸੁੱਟ ਬਾਰੇ ਸੋਚ ਰਿਹਾ ਸੀ ਉੱਥੇ ਨਾਲ ਹੀ ਜੈਗੁਅਰ ਫੈਨ ਕਲੱਬ ਵਾਲੇ ਉਸ ਅਣਜਾਣ ਗੋਰੇ ਮਿੱਤਰ ਦਾ ਜਿਸ ਨੇ ਮੈਨੂੰ ਸਹੀ ਜਾਣਕਾਰੀ ਦੇ ਮੇਰੀ ਕਈ ਦਿਨਾਂ ਤੋ ਕਾਰ ‘ਚ ਪਏ ਨੁਕਸ ਦੀ ਵਜਹ ਕਰਕੇ ਚਲ ਰਹੀ ਮਾਨਸਿਕ ਪਰੇਸ਼ਾਨੀ ਦੂਰ ਕੀਤੀ, ਦਾ ਕੋਟੀ ਕੋਟੀ ਸ਼ੁਕਰਾਨਾ ਵੀ ਕਰ ਰਿਹਾ ਸੀ ਤੇ ਘਰ ਪਹੁੰਚਕੇ ਦੁਬਾਰਾ ਇਕ ਵਾਰ ਫੇਰ ਉਸ ਗੋਰੇ ਨੂੰ ਇਕ ਦਿਲੀ ਧੰਨਵਾਦ ਦਾ ਸੁਨੇਹਾ ਭੇਜ ਕੇ ਆਪਣਾ ਉਸ ਪ੍ਰਤੀ ਆਦਰ ਸਤਿਕਾਰ ਪ੍ਰਗਟ ਕਰਕੇ ਹਲਕਾ ਫੁੱਲ ਮਹਿਸੂਸ ਕੀਤਾ ।
ਇਸ ਤਰਾਂ ਦੀਆ ਹੋਰ ਵੀ ਬਹੁਤ ਸਾਰੀਆਂ ਘਟਨਾਵਾਂ ਬਹੁਤ ਸਾਰੇ ਕਾਰਾਂ ਮੋਟਰਾਂ ਦੇ ਮਾਲਕਾਂ ਨਾਲ ਹੁੰਦੀਆਂ ਵਾਪਰਦੀਆਂ ਹੋਣਗੀਆਂ, ਪਰ ਕਿੰਨੀਆਂ ਕੁ ਹਨ ਜੋ ਅਸੀਂ ਆਪਣੇ ਭਾਈਚਾਰੇ ਨਾਲ ਸਾਂਝੀਆਂ ਕਰਦੇ ਹਾਂ ਤਾਂ ਕਿ ਇਸ ਮਹਿੰਗਾਈ ਦੇ ਜੁੱਗ ਵਿੱਚ ਕਿਸੇ ਹੋਰ ਨੂੰ ਚੌਕੰਨਾ ਕਰਕੇ ਇਸ ਤਰਾਂ ਦੀ ਹੋ ਰਹੀ ਲੁੱਟ ਖਸੁੱਟ ਤੋਂ ਬਚਾਇਆ ਜਾ ਸਕੇ, ਮੇਪੀ ਜਾਚੇ ਬਹੁਤ ਘੱਟ ਹੋਣਗੇ ਜੋ ਅਜਿਹਾ ਕਰਤੇ ਹੋਣਗੇ । ਇਸ ਕਰਕੇ ਇਹ ਵੀ ਇਕ ਸੋਚਣ ਦਾ ਵਿਸ਼ਾ ਹੈ । ਸਾਡੇ ਵਿੱਚੋਂ ਬਹੁਤ ਸਾਰੇ MOT ਵੇਲੇ ਕਾਫ਼ੀ ਛਿੱਲ ਲੁਹਾਉਂਦੇ ਹਨ ਤੇ ਬਹੁਤ ਸਾਰੇ ਸਲਾਨਾ ਜਾਂ ਛਿਮਾਹੀ ਕਾਰ ਸਰਵਿਸ ਵੇਲੇ ਮੇਰੇ ਧਿਆਨ ‘ਚ ਇਸ ਤਰਾਂ ਦੀਆ ਹੋਰ ਵੀ ਬਹੁਤ ਸਾਰੀਆਂ ਘਟਨਾਵਾਂ ਆਈਆ ਹਨ, ਜਿਹਨਾਂ ਵਿਚੋ ਕਈਆ ਦਾ ਨਿਪਟਾਰਾ ਮੈਂ ਕੋਰਟ ਕਚਹਿਰੀਆਂ ਦੇ ਰਾਹੀਂ ਵੀ ਕਰਵਾ ਚੁੱਕਾਂ ਹਾਂ । ਉਹਨਾ ਵਿੱਚੋਂ ਕਈ ਚੁਨਿੰਦਾ ਘਟਨਾਵਾਂ ਦਾ ਜ਼ਿਕਰ ਆਪਣੀਆ ਅਗਲੇਰੀਆਂ ਲਿਖਤਾਂ ਚ ਗਾਹੇ ਵਗਾਹੇ ਜਰੂਰ ਕਰਾਂਗਾ ।
ਇਸ ਉਕਤ ਘਟਨਾ ਕ੍ਰਮ ਤੋਂ ਇਹ ਨੁਕਤਾ ਵੀ ਉਭਰਵੇਂ ਰੂਪ ਚ ਸਾਹਮਣੇ ਆਉਦਾ ਹੈ ਕਿ ਇਕ ਗਰਾਹਕ ਨੂੰ ਕੋਈ ਵੀ ਸਰਵਿਸ ਪ੍ਰਾਪਤ ਕਰਨ ਵੇਲੇ ਕਦੇ ਵੀ ਇੱਕੋ ਰਿਟੇਲਰ ਉੱਤੇ ਅੱਖਾਂ ਮੀਟ ਕੇ ਭਰੋਸਾ ਨਹੀਂ ਕਰਨਾ ਚਾਹੀਦਾ ਬਲਕਿ ਕੋਈ ਵੀ ਸਰਵਿਸ ਪ੍ਰਾਪਤ ਕਰਨ ਤੋਂ ਪਹਿਲਾਂ ਅੱਖਾਂ ਖੋਹਲਕੇ ਤੇ ਪੂਰੀ ਸਮਝਦਾਰੀ ਨਾਲ ਹਰ ਕਦਮ ਫੂਕ ਫੂਕ ਕੇ ਚੁੱਕਣਾ ਚਾਹੀਦਾ ਹੈ ਤੇ ਲੋੜ ਪੈਣ ‘ਤੇ ਆਪਣੇ ਕਾਨੂੰਨੀ ਅਧਿਕਾਰਾਂ ਦੀ ਵਰਤੋ ਕਰਨ ਵਾਸਤੇ ਵੀ ਤਿਆਰ ਰਹਿਣਾ ਚਾਹੀਦਾ ਹੈ । ਇਥੇ ਇਹ ਨੁਕਤਾ ਵੀ ਉਭਰਕੇ ਸਾਹਮਣੇ ਆਉਂਦਾ ਹੈ ਕਿ ਹਰ ਮਕੈਨਿਕ ਜਾਂ ਰਿਟੇਲਰ ਦਾ ਕੰਮ ਕਰਨ ਤੇ ਗਰਾਹਕ ਨੂੰ ਡੀਲ ਕਰਨ ਦਾ ਤਰੀਕਾ ਵੱਖੋ ਵੱਖਰਾ ਹੁੰਦਾ ਹੈ ਸੋ ਕਿਲੇ ਵੀ ਸਰਵਿਸ ਨੂੰ ਵੈਣ ਵਾਸਤੇ ਕਾਹਲ ਨਹੀ ਕਰਨੀ ਚਾਹੀਦੀ ਸਭ ਤੋ ਪਹਿਲੀ ਲੋੜ ਠੋਕ ਵਜਾ ਕੇ ਕੱਚਾ ਜਾਂ ਪੱਕਾ ਪਰਖਣ ਦੀ ਹੁੰਦੀ ਹੈ ਨਹੀ ਤਾਂ ਝੁੱਗਾ ਚੌੜ ਹੋ ਜਾਣ ਦੇ ਚਾਨਸ ਵਧੇਰੇ ਹੁੰਦੇ ਹਨ । ਇਹ ਗੱਲ ਵੀ ਸਹੀ ਹੈ ਕਿ ਆਪਣੀ ਕੋਈ ਸਮੱਸਿਆ ਦੂਸਰਿਆ ਨਾਲ ਸਾਂਝੀ ਕਰਨ ਨਾਲ ਜਿਥੇ ਰਾਹੋ ਕੁਰਾਹੇ ਪਾਉਣ ਵਾਲੇ ਮਿਲਣਗੇ ਉਥੇ ਅਣਜਾਣ ਗੋਰੇ ਵਰਗੇ ਕਈ ਚੰਗੇ ਰਾਹ ਦਸੇਰੇ ਵੀ ਮਿਲ ਜਾਂਦੇ ਹਨ । ਮੁਕਦੀ ਗੱਲ ਸਾਵਧਾਨ, ਜਰਾ ਬਚਕੇ ਮੋੜ ਤੋਂ ! … (ਚੱਲਦਾ)