Automobile Articles

ਜ਼ਰਾ ਬਚਕੇ ਮੋੜ ਤੋਂ . . . ਭਾਗ – 10

ਲੇਖਕ: ਪ੍ਰੋ. ਸ਼ਿੰਗਾਰਾ ਸਿੰਘ ਢਿਲੋਂ, ਯੂ ਕੇ
ਪਹਿਲਾਂ ਵਾਲੇ ਲੇਖ ਦੇ ਵਿੱਚ ਜਿੱਥੇ ਕਾਰਾਂ ਦੇ ਆਪ ਕੀਤੇ ਜਾਣ ਵਾਲੇ ਨਿੱਕੇ ਮੋਟੇ ਕੰਮਾਂ ਬਾਰੇ ਚਰਚਾ ਕਰਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਸੀ ਕਿ ਅਜਿਹਾ ਕਰਕੇ ਜਿੱਥੇ ਅਸੀਂ ਕਾਰਾਂ ਦੀ ਸਾਂਭ ਸੰਭਾਲ਼ ਸੰਬੰਧੀ ਖਰਚਿਆ ਨੂੰ ਕਾਫੀ ਘੱਟ ਕਰ ਸਰਕੇ ਹਾਂ, ਉੱਥੇ ਇਸਦੇ ਨਾਲ ਹੀ ਸਮੇਂ ਦੀ ਵੀ ਕਾਫ਼ੀ ਬੱਚਤ ਕਰ ਸਕਦੇ ਹਾਂ । ਉਸ ਚਰਚਾ ਵਿੱਚ ਕਾਰ ਦੀ ਨਵੀਂ ਬੈਟਰੀ ਫਿੱਟ ਕਰਨ ਬਾਰੇ ਵੀ ਚਰਚਾ ਕੀਤੀ ਗਈ ਸੀ ਤਾਂ ਕਿ ਦੱਸਿਆ ਜਾ ਸਕੇ ਕਿ ਉਹ ਕੰਮ ਵੀ ਕੋਈ ਬਹੁਤਾ ਔਖਾ ਨਹੀਂ ਹੁੰਦਾ, ਬੱਸ ਉਸਨੂੰ ਕਰਨ ਵਾਸਤੇ, ਲੋੜ ਸਾਵਧਾਨੀ ਵਰਤਣ ਦੀ ਹੁੰਦੀ ਹੈ ।
ਹਥਲੀ ਚਰਚਾ ਵਿੱਚ ਕਾਰ ਬੈਟਰੀ ਨੂੰ ਲੈ ਕੇ ਇਸ ਨਾਲ ਸੰਬੰਧਿਤ ਇਕ ਬਹੁਤ ਹੀ ਅਹਿਮ ਮੁੱਦੇ ‘ਤੇ ਚਰਚਾ ਕੀਤੀ ਜਾਵੇਗੀ । ਜਿਵੇਂ ਕਿ ਅਸੀਂ ਜਾਣਦੇ ਹੀ ਹਾਂ ਕਿ ਯੂ ਕੇ ਤੇ ਯੂਰਪ ਵਿੱਚ ਨਵੇਂ ਮਕੈਨੀਕਲ ਤੇ ਇਲੈਕਟਰਾਨਿਕ ਕਾਰ ਪਾਰਟ ਘੱਟੋ ਘੱਟ ਇਕ ਸਾਲ ਦੀ ਸਟੈਂਡਰਡ ਗਰੰਟੀ ਨਾਲ ਵੇਚੇ ਜਾਂਦੇ ਹਨ, ਜਿਸ ਦਾ ਭਾਵ ਇਹ ਹੁੰਦਾ ਹੈ ਕਿ ਉਕਤ ਦੋ ਸ਼ਰੇਣੀਆ ਨਾਲ ਸੰਬੰਧਿਤ ਕਿਸੇ ਵੀ ਖਰੀਦੇ ਹੋਏ ਪਾਰਟ ਵਿੱਚ ਇਕ ਸਾਲ ਦੇ ਅੰਦਰ ਅੰਦਰ ਜੇਕਰ ਕੋਈ ਮੈਨੂੰਫੈਕਚਰਿੰਗ ਨੁਕਸ ਪੈ ਜਾਵੇ ਤਾਂ ਉਸ ਦੇ ਬਦਲੇ ਸੰਬੰਧਿਤ ਸਟੋਰ ਤੋਂ ਨਵਾਂ ਪਾਰਟ ਬਿਨਾ ਕਿਸੇ ਵਾਧੂ ਕੀਮਤ ਅਦਾ ਕੀਤੇ ਪ੍ਰਾਪਤ ਕੀਤਾ ਜਾ ਸਕਦਾ ਹੈ, ਪਰ ਅਜਿਹਾ ਕਰਨ ਵਾਸਤੇ ਨੁਕਸਦਾਰ ਪਾਰਟ ਦੀ ਖਰੀਦ ਵਜੋਂ ਸਬੂਤ ਦੇਣਾ ਜ਼ਰੂਰੀ ਹੁੰਦਾ ਹੈ । ਕਹਿਣ ਦਾ ਭਾਵ ਇਹ ਹੈ ਕਿ ਕੋਈ ਵੀ ਕਾਰ ਪਾਰਟ ਜੋ ਖ਼ਰੀਦਿਆ ਗਿਆ ਹੈ ਉਸ ਦਾ ਬਿਲ ਘੱਟੋ ਘੱਟ ਇਕ ਸਾਲ ਵਾਸਤੇ ਜ਼ਰੂਰ ਸੰਭਾਲ਼ਿਆ ਜਾਣਾ ਚਾਹੀਦਾ ਹੈ ਤਾਂ ਕਿ ਲੋੜ ਪੈਣ ‘ਤੇ ਵਰਤਿਆਂ ਜਾ ਸਕੇ ।
ਉਕਤ ਨਕਤੇ ਨੂੰ ਹੋਰ ਸ਼ਪੱਸ਼ਟ ਕਰਨ ਵਾਸਤੇ ਇੱਥੇ ਇਕ ਆਪ ਬੀਤੀ ਘਟਨਾ ਦਾ ਜ਼ਿਕਰ ਕਰਨਾ ਜ਼ਰੂਰੀ ਜਾਪਦਾ ਹੈ … ਗੱਲ 2019 ਦੇ ਜੁਲਾਈ ਮਹੀਨੇ ਦੀ ਹੈ ਕਿ ਜਦ ਸਵੇਰੇ ਉਠਕੇ ਕਿਧਰੇ ਜ਼ਰੂਰੀ ਕੰਮ ‘ਤੇ ਜਾਣ ਲੱਗਿਆਂ ਕਾਰ ਚ ਬੈਠਕੇ ਸੈਲਫ ਮਾਰੀ ਤਾਂ ਕਾਰ ਸਟਾਰਟ ਹੋਣੋਂ ਉੱਕਾ ਹੀ ਜਵਾਬ ਦੇ ਗਈ …… ਬੋਨਟ ਖੋਹਲਕੇ ਇੰਜਨ ਦੇ ਆਸ ਪਾਸ ਤਾਰਾਂ ਨੂੰ ਹੱਥ ਮਾਰਕੇ ਦੇਖਿਆ ਪਰ ਗੱਲ ਨਾ ਬਣੀ …… ਅਖੀਰ ਰੋਡ ਰਿਕਵਰੀ ਵਾਲਿਆਂ ਨੂੰ ਫੋਨ ਕੀਤਾ ਤੇ ਉਹਨਾਂ ਦਾ ਮਕੈਨਿਕ ਅੱਧੇ ਘੰਟੇ ਦੇ ਅੰਦਰ ਅੰਦਰ ਪਹੁੰਚ ਗਿਆ । ਰੋਡ ਰਿਕਵਰੀ ਮਕੈਨਿਕ ਨੇ ਕਾਰ ਨੂੰ ਡਾਇਗਨੋਸ ਕੀਤਾ ਤੇ ਬੈਟਰੀ ਡਾਊਨ ਹੋ ਜਾਣ ਦਾ ਨੁਕਸ ਦੱਸਕੇ ਜੰਪ ਲੀਡ ਲਗਾ ਕੇ ਬੈਟਰੀ ਚਾਰਜ ਕਰਨ ਲੱਗ ਪਿਆ । ਮੈਂ ਉਸ ਨੂੰ ਦੱਸਿਆ ਕਿ ਕਾਰ ਦੀ ਬੈਟਰੀ ਅਜੇ ਦੋ ਤੋਂ ਢਾਈ ਕੁ ਸਾਲ ਪੁਰਾਣੀ ਹੈ ਤੇ ਉਸ ਬੈਟਰੀ  ਦੀ ਪੰਜ ਸਾਲ ਦੀ ਗਰੰਟੀ ਹੈ ਜਿਸ ਕਰਕੇ ਅਜੇ ਵੀ ਬੈਟਰੀ ਅੰਡਰ ਗਰੰਟੀ ਹੈ ।
ਰੋਡ ਰਿਕਵਰੀ ਮੈਕੇਨਿਕ ਨੇ ਵੀਹ ਕੁ ਮਿੰਟਾਂ ਚ ਮੇਰੀ ਕਾਰ ਸਟਾਰਟ ਕਰ ਦਿੱਤੀ ਤੇ ਆਪਣੇ ਰਸਤੇ ਪੈ ਗਿਆ, ਪਰ ਜਾਂਦਾ ਹੋਇਆ ਕਾਰ ਦੀ ਨਵੀਂ ਬੈਟਰੀ ਪੁਆਉਣ ਦੀ ਜ਼ਰੂਰੀ ਤਾਕੀਦ ਕਰ ਗਿਆ, ਜਦ ਕਿ ਮੈਂ ਉਸ ਦੀ ਉਕਤ ਗੱਲ ਨੂੰ ਕੰਨ ਪਿੱਛੇ ਮਾਰ ਗਿਆ । ਮੈਂ ਕੁਜ ਕੁ ਮੀਲ ਕਾਰ ਚਲਾ ਕੇ ਕਾਰ ਨੂੰ ਇਕ ਜਗਾ ਖੜੀ ਕਰਕੇ ਸ਼ਾਪਿੰਗ ਸੈਂਟਰ ਵਿੱਚੋਂ ਸ਼ਟੇਸ਼ਨਰੀ ਦਾ ਨਿਕ-ਸੁਕ ਖਰੀਦਣ ਚਲਾ ਗਿਆ …… ਜਦੋਂ ਅੱਧੇ ਕੁ ਘੰਟੇ ਬਾਦ ਆਇਆ ਤੇ ਕਾਰ ਸਟਾਰਟ ਹੋਣੋਂ ਫਿਰ ਜਵਾਬ ਦੇ ਗਈ … ਦੁਬਾਰਾ ਫਿਰ ਰਿਕਵਰੀ ਸਰਵਿਸ ਦੀ ਮੱਦਦ ਲੈਣ ਤੋਂ ਬਾਦ ਕਾਰ ਸਿੱਧੀ ਇਕ ਮਿੱਤਰ ਦੀ ਕਾਰ ਗੈਰੇਜ ਚ ਲੈ ਗਿਆ, ਜਿਸ ਨੇ ਬਿਨਾ ਕੁੱਜ ਪੈਸੇ ਚਾਰਜ ਕੀਤਿਆਂ ਕਾਰ ਨੂੰ ਚੰਗੀ ਤਰਾਂ ਚੈੱਕ ਕਰਨ ਤੋਂ ਬਾਅਦ ਬੈਟਰੀ ਦੀ ਹੀ ਸਮੱਸ਼ਿਆ ਦੱਸੀ ਤੇ ਮੈਂ ਉਸ ਨੂੰ ਦੱਸਿਆ ਕਿ ਬੈਟਰੀ ਅਜੇ ਅੰਡਰ ਗਰੰਟੀ ਹੈ ਤਾਂ ਉਸ ਨੇ ਕਿਹਾ ਕਿ ਜੇਕਰ ਅਜਿਹਾ ਹੈ ਤਾਂ ਆਪਣੀ ਕਾਰ ਸਿੱਧੀ ਉਸੇ ਸਟੋਰ ਚ ਲੈ ਜਾਓ, ਜਿੱਥੋਂ ਬੈਟਰੀ ਖਰੀਦੀ ਸੀ ਤੇ ਨਵੀਂ ਬੈਟਰੀ ਬਦਲੀ ਕਰਵਾ ਲਓ ।
ਉਸ ਮਿੱਤਰ ਦੀ ਗੈਰੇਜ ਤੋਂ ਮੈਂ ਕਾਰ ਸਿੱਧੀ ਬੈਟਰੀ ਵਾਲੇ ਸਟੋਰ ਨੂੰ ਪਾ ਲਈ … ਸਟੋਰ ਪਹੁੰਚ ਕੇ ਕਸਟਮਰ ਸਰਵਿਸ ‘ਤੇ ਸਾਰੀ ਗੱਲ ਕੀਤੀ, ਉਹਨਾਂ ਦੇ ਸਟੋਰ ਤੋਂ ਦੋ ਢਾਈ ਸਾਲ ਪਹਿਲਾ ਪੰਜ ਸਾਲ ਦੀ ਗਰੰਟੀ ਵਾਲੀ ਨਵੀਂ ਖਰੀਦੀ ਹੋਈ ਬੈਟਰੀ ਦਾ ਹਵਾਲਾ ਦਿੱਤਾ, ਪਰ ਉਹ ਪੈਰਾਂ ‘ਤੇ ਪਾਣੀ ਨਾ ਪੈਣ ਦੇਣ, ਕਹਿੰਦੇ ਖਰੀਦ ਵਾਲੀ ਪਰਚੀ ਦੇ ਬਿਨਾ ਅਸੀਂ ਬੈਟਰੀ ਨਹੀਂ ਬਦਲ ਸਕਦੇ, ਮੈ ਬਥੇਰਾ ਕਿਹਾ ਕਿ ਤੁਸੀ ਸਿਕਊਰਟੀ ਵਜੋਂ ਕੁੱਜ ਪੈਸੇ ਰੱਖ ਲਓ, ਕਾਰ ਦਾ ਨੰਬਰ ਨੋਟ ਕਰ ਲਓ, ਮੇਰੇ ਡਰਾਇਵਿੰਗ ਲਾਇਸੰਸ ਦੀ ਕਾਪੀ ਰੱਖ ਲਓ, ਮੇਰੇ ਪਾਸ ਬੈਟਰੀ ਦੀ ਰਸੀਦ ਹੈ, ਤੁਸੀ ਬੈਟਰੀ ਬਦਲ ਦਿਓ ਮੈ ਰਸੀਦ ਲੈ ਆਵਾਂਗਾ , ਪਰ ਸਟੋਰ ਵਾਲੇ ਨਾ ਮੰਨੇ । ਫਿਰ ਉਹਨਾਂ  ਤੋਂ ਨਵੀਂ ਬੈਟਰੀ ਦੀ ਕੀਮਤ ਪੁੱਛੀ ਤਾਂ ਉਹਨਾਂ ਸਮੇਤ ਫਿਟਿੰਗ £230.00 ਦੱਸੀ ਤੇ ਮੈਂ ਉਹਨਾਂ ਨੂੰ £230.00 ਅਦਾ ਕਰਕੇ ਆਪਣੀ ਕਾਰ ਚ ਨਵੀਂ ਬੈਟਰੀ ਪਾਉਣ ਦਾ ਆਰਡਰ ਕੀਤਾ ਤੇ ਉਹਨਾਂ ਨੇ ਦਸਾਂ ਕੁ ਮਿੰਟਾਂ ਚ ਝਟਾ ਝੱਟ ਫਿੱਟ ਕਰ ਦਿੱਤੀ । ਮੈਂ ਪੁਰਾਣੀ ਬੈਟਰੀ ਬੂਟ ਚ ਰੱਖੀ ਤੇ ਉਹਨਾ ਨੂੰ ਉਸ ਨੁਕਸਦਾਰ ਹੋਈ ਬੈਟਰੀ ਦੀ ਰਸੀਦ ਲੱਭਕੇ ਵਾਪਸ ਮੋੜਨ ਬਾਰੇ ਸੂਚਿਤ ਕਰਨ ਤੋਂ ਬਾਅਦ ਘਰ ਪਹੁੰਚ ਗਿਆ ।
ਘਰ ਪਹੁੰਚ ਕੇ ਸਭ ਤੋਂ ਪਹਿਲਾਂ ਕਾਗ਼ਜ਼ਾਂ ਦੀ ਫੋਲਾ ਫਾਲੀ ਕਰਨ ਤੋਂ ਬਾਅਦ ਪੁਰਾਣੀ ਬੈਟਰੀ ਦਾ ਖਰੀਦ ਬਿੱਲ ਲੱਭਿਆ ਤੇ ਫਿਰ ਇਕ ਕੱਪ ਚਾਹ ਦਾ ਪੀਣ ਤੋਂ ਬਾਦ ਵਾਪਸ ਫਿਰ ਉਸੇ ਸਟੋਰ ਜਾ ਪਹੁੰਚਾ । ਹੁਣ ਮੇਰੇ ਕੋਲ ਦੋ ਬਿੱਲ ਸਨ – ਇਕ ਨਵੀਂ ਪੁਆਈ ਬੈਟਰੀ ਦਾ ਤੇ ਦੂਸਰਾ ਸਵਾ ਕੁ ਦੋ ਸਾਲ ਪਹਿਲਾ ਉਸੇ ਸਟੋਰ ਤੋਂ ਪੁਆਈ ਪੰਜ ਸਾਲ ਦੀ ਗਰੰਟੀ ਵਾਲੀ ਬੈਟਰੀ ਦਾ । ਨਵੀਂ ਪੁਆਈ ਬੈਟਰੀ ਵੀ ਪੰਜ ਸਾਲ ਦੀ ਗਰੰਟੀ ਵਾਲੀ ਹੀ ਸੀ ਤੇ ਸੀ ਵੀ ਪਹਿਲੀ ਬੈਟਰੀ ਦੇ ਮੇਕ ਦੀ … ਦੋਹਾਂ ਬਿੱਲਾਂ ਵਿਚਕਾਰ ਨੋਟ ਕਰਨ ਵਾਲੀ ਗੱਲ ਇਹ ਸੀ ਕਿ ਪੁਰਾਣੇ ਬਿਲ ਦੀ ਬੈਟਰੀ ਮੈਨੂੰ £250.00 ਦੀ ਸਮੇਤ ਫਿਟਿੰਗ ਵੇਚੀ ਗਈ ਸੀ ਜਦ ਕਿ ਨਵੀਂ £230.00 ਚ ਤੇ ਉਹ ਵੀ ਫਿਟਿੰਗ ਸਮੇਤ । ਕਹਿਣ ਦਾ ਭਾਵ ਮੈਂ ਸਟੋਰ ਵਾਲਿਆਂ ਤੋਂ ਜਾਂ ਤਾਂ £250.00 ਵਾਪਸ ਲੈ ਸਕਦਾ ਸੀ ਜਾਂ ਫਿਰ £230.00 । ਇਹ ਦੋਵੇਂ ਬਿਲ ਦੇਖ ਕੇ ਸਟੋਰ ਵਾਲਿਆਂ ਦੇ ਦਿਲ ਨੂੰ ਡੋਬੂ ਪੈਣਾ ਸ਼ੁਰੂ ਹੋ ਗਿਆ । ਕਸਟਮਰ ਸਰਵਿਸ ‘ਤੇ ਖੜੀ ਗੋਰੀ ਨੇ ਦੋਵੇਂ ਬਿੱਲ ਫੜੇ, ਬੜੇ ਧਿਆਨ ਨਾਲ ਦੇਖਣ ਤੋਂ ਬਾਦ ਉਹ ਮੈਨੂੰ ਥੋੜੀ ਦੇਰ ਇੰਤਜ਼ਾਰ ਕਰਨ ਵਾਸਤੇ ਕਹਿਕੇ ਆਪਣੇ ਮੈਨੇਜਰ ਨੂੰ ਮਿਲਣ ਗਈ ਤੇ ਕੁੱਜ ਦੇਰ ਬਾਅਦ ਵਾਪਸ ਆ ਕੇ ਕਹਿੰਦੀ ਕਿ ਅਸੀਂ ਤੁਹਾਨੂੰ ਨਵੀਂ ਬੈਟਰੀ ਦੇ £230.00 ਵਾਪਸ ਕਰ ਦਿੰਦੇ ਹਾਂ, ਪਰ ਮੈਂ ਉਸ ਨੂੰ ਕਿਹਾ ਕਿ ਮੈਨੂੰ ਨਵੀਂ ਬੈਟਰੀ ਦੇ ਪੈਸੇ ਨਹੀਂ ਚਾਹੀਦੇ ਕਿਉਂਕਿ ਉਹ ਮੈਂ ਹੁਣ ਤੁਹਾਥੋਂ ਖਰੀਦ ਚੁੱਕਾ ਹਾਂ ਜਿਸ ਕਰਕੇ ਤੁਸੀ ਪੁਰਾਣੀ ਨੁਕਸਦਾਰ ਬੈਟਰੀ ਰੱਖੋ ਤੇ ਮੇਰੇ ਪੂਰੇ ਦੇ ਪੂਰੇ £250.00 ਮਿਹਰਬਾਨੀ ਕਰਕੇ ਵਾਪਸ ਕਰੋ ਦਿਓ ਦੇ ਜਵਾਬ ਚ ਉਸ ਨੇ ਕਿਹਾ ਕਿ ਸਾਡੇ ਸਟੋਰ ਦੀ ਅਜਿਹੀ ਕੋਈ ਪਾਲਿਸੀ ਨਹੀਂ ਹੈ ਕਿ ਨੁਕਸਦਾਰ ਬੈਟਰੀ ਦੀ ਰਿਪਲੇਸਮੈਂਟ ਤੋ ਬਾਦ ਪੁਰਾਣੀ ਬੈਟਰੀ ਦੇ ਪੈਸੇ ਵਾਪਸ ਕਰੀਏ, ਪਰ ਮੇਰੀ ਦਲੀਲ ਸੀ ਕਿ ਤੁਸੀ ਮੇਰੇ ਵਾਰ ਵਾਰ ਬੇਨਤੀ ਕਰਨ ਦੇ ਬਾਵਜੂਦ ਵੀ ਬੈਟਰੀ ਰਿਪਲੇਸ ਨਹੀਂ ਕੀਤੀ ਸਗੋਂ ਨਵੀਂ ਬੈਟਰੀ ਮੈਂ ਖਰੀਦੀ ਹੈ ਤੇ ਹੁਣ ਤੁਹਾਡੇ ਤੋਂ ਖਰੀਦੀ ਪੁਰਾਣੀ ਨੁਕਸਦਾਰ ਬੈਟਰੀ ਮੋੜਨ ਆਇਆ ਹਾਂ । ਕੁੱਜ ਸਮਾਂ ਬਹਿਸ ਚਲਦੀ ਰਹੀ, ਆਖਿਰ ਚ ਮੈ ਸਟੋਰ ਦੇ ਮੈਨੇਜਰ ਨਾਲ ਗੱਲ ਕਰਨ ਵਾਸਤੇ ਬੇਨਤੀ ਕੀਤੀ ਤੇ ਗੋਰੀ ਲੇਡੀ ਉਸ ਨੂੰ ਬੁਲਾ ਕੇ ਲਿਆਈ । ਉਸ ਮੈਨੇਜਰ ਨੂੰ ਮੈ ਦੋ ਟੁੱਕ ਗੱਲ ਸਮਝਾਉਦਿਆ ਕਿਹਾ ਕਿ ਜਾਂ ਤਾਂ ਪੁਰਾਣੀ ਬੈਟਰੀ ਦਾ £250.00 ਵਾਪਸ ਕਰੋ ਜਾਂ ਫਿਰ £230.00 ਵਾਲੀ ਨਵੀਂ ਬੈਟਰੀ ਵੀ ਮੇਰੀ ਕਾਰ ਚੋ ਬਾਹਰ ਕੱਢ ਲਓ ਤੇ ਮੈ ਕਿਸੇ ਹੋਰ ਸਟੋਰ ਚੋ ਬੈਟਰੀ ਖਰੀਦ ਕੇ ਫਿੱਟ ਕਰ ਲਵਾਂਗਾ । ਅੱਗੋਂ ਮੈਨੇਜਰ ਦਾ ਜਵਾਬ ਸੀ ਕਿ ਤੁਸੀ ਸਟੋਰ ਦੇ ਕਾਰ ਪਾਰਕ ਵਿੱਚ ਅਜਿਹਾ ਨਹੀਂ ਕਰ ਸਕਦੇ ਤਾਂ ਮੈ ਉਸ ਨੂੰ ਸਾਫ ਦਿੱਤਾ ਇਸ ਦੀ ਚਿੰਤਾ ਨਾ ਕਰੇ ਮੈਂ ਕਾਰ ਬਾਹਰ ਕੌਮਨ ਰੋਡ ‘ਤੇ ਪਾਰਕ ਕਰਕੇ ਬੈਟਰੀ ਉਕਾਰ ਕੇ ਵਾਪਸ ਕਰ ਦੇਵਾਂਗਾ ।… ਕਸਟਮਰ ਦੇ ਤਿੱਖੇ ਤੇਵਰ ਦੇਖ ਕੇ ਮੈਨੇਜਰ ਸਮਝ ਕਿਹਾ ਕਿ ਇਹ ਕਸਟਮਰ ਚੱਲਣ ਹਟਣ ਵਾਲਾ ਨਹੀਂ, ਸੋ ਉਸ ਨੇ ਤੁਰੰਤ ਫੈਸਲਾ ਲਿਆ ਤੇ ਕਸਟਮਰ ਸਰਵਿਸ ‘ਤੇ ਖੜ੍ਹੀ ਗੋਰੀ ਨੂੰ ਉਸ ਨੇ ਕਿਹਾ ਕਿ ਉਹ £250.00 ਵਾਪਸ ਕਰ ਦੇਵੇ । ਇਸ ਤਰਾਂ ਨਾਲ ਮਾਮਲਾ ਹੱਲ ਹੋ ਗਿਆ, ਪੰਜ ਸਾਲ ਦੀ ਗਰੰਟੀ ਵਾਲੀ ਨਵੀਂ ਬੈਟਰੀ ਵੀ ਪੁਆ ਲਈ ਗਈ ਕੇ £20.00 ਦੀ ਬੱਚਤ ਵੀ ਕਰ ਲਈ ਗਈ ।
ਉਕਤ ਘਟਨਾ ਤੋਂ ਇਹ ਗੱਲ ਸ਼ਪੱਸ਼ਟ ਹੋ ਜਾਂਦੀ ਹੈ ਕਿ ਥੋੜ੍ਹੀ ਜਿਹੀ ਸਾਵਧਾਨੀ ਅਤੇ ਆਪਣੇ ਹੱਕਾਂ ਪ੍ਰਤੀ ਜਾਗਰੂਕਤਾ ਨਾਲ ਕਿਸੇ ਵੀ ਸਮੱਸਿਆ ਦਾ ਹੱਲ ਕੱਢਿਆ ਵੀ ਜਾ ਸਕਦਾ ਤੇ ਦਲੀਲ ਦੀ ਵਰਤੋ ਕਰਕੇ ਕਢਵਾਇਆ ਵੀ ਜਾ ਸਕਦਾ ਹੈ ।

. . . (ਚੱਲਦਾ)

Related posts

If Division Is What You’re About, Division Is What You’ll Get

admin

Study Finds Dementia Patients Less Likely to Be Referred to Allied Health by GPs

admin

ਵਿਸ਼ਵ ਪੇਂਡੂ ਮਹਿਲਾ ਦਿਵਸ: ਪੇਂਡੂ ਔਰਤਾਂ ਸਮਾਜ ਦੀਆਂ ਆਰਕੀਟੈਕਟ ਹਨ

admin