Automobile Articles

ਜ਼ਰਾ ਬਚਕੇ ਮੋੜ ਤੋਂ . . . ਭਾਗ – 12

ਲੇਖਕ: ਪ੍ਰੋ. ਸ਼ਿੰਗਾਰਾ ਸਿੰਘ ਢਿਲੋਂ, ਯੂ ਕੇ
ਇਕ ਘਟਨਾ ਨੂੰ ਆਪ ਸਭ ਨਾਲ ਸਾਂਝਾ ਕਰਨ ਵਾਸਤੇ ਸ਼ੁਰੂ ਕੀਤੀ ਇਸ ਲੇਖ ਲੜੀ ਨੂੰ ਆਪ ਵੱਲੋਂ ਏਨਾ ਵੱਡਾ ਹੁੰਗਾਰਾ ਮਿਲੇਗਾ, ਇਸ ਤਰਾਂ ਮੈਂ ਕਦੇ ਸੋਚਿਆ ਵੀ ਨਹੀਂ ਸੀ । ਤਕਲੀਫ਼ ਤਾਂ ਆਪਾਂ ਸਭਨਾ ਨੂੰ ਹੀ ਹੈ ਪਰ ਬੋਲਦੇ ਨਹੀਂ, ਆਪਸ ਵਿੱਚ ਸਾਂਝੀ ਨਹੀ ਕਰਦੇ, ਲੁੱਟ ਪੁੱਟ ਹੋ ਕੇ ਚੁੱਪ ਕਰ ਜਾਂਦੇ ਹਾਂ, ਕਿਸੇ ਨਾਲ ਸਲਾਹ ਕਰਕੇ ਮਸਲੇ ਦਾ ਹੱਲ ਕੱਢਣ ਦੀ ਬਜਾਏ ਅਗਲੀ ਲੁੱਟ ਵਾਸਤੇ ਮੁੜ ਤੋਂ ਇੰਤਜ਼ਾਰ ਕਰਨ ਲੱਗ ਜਾਂਦੇ ਹਾਂ । ਜਦ ਅਗਲੀ ਵਾਰ ਵੀ ਪਹਿਲਾਂ ਵਾਲਾ ਹੀ ਚਕਰ ਚੱਲਦਾ ਹੈ, ਫਿਰ ਥੋੜਾ ਸਮਾਂ ਪਰੇਸ਼ਾਨ ਹੋਣ ਤੋਂ ਬਾਅਦ ਫਿਰ ਭੁੱਲ ਜਾਂਦੇ ਹਾਂ, ਪਰ ਕਦੇ ਆਪਣੇ ਗਾੜ੍ਹੇ ਖ਼ੂਨ ਪਸੀਨੇ ਦੀ ਕਮਾਈ ਦੀ ਹੋ ਰਹੀ ਲੁੱਟ ਨੂੰ ਰੋਕਣ ਵਾਸਤੇ ਇਸ ਦਾ ਬਾਨਣੂ ਬੰਨ੍ਹਣ ਵਾਸਤੇ ਕੋਸ਼ਿਸ਼ ਨਹੀਂ ਕਰਦੇ । ਉਜ ਵੀ ਪੰਜਾਬੀਆਂ ਚ “ਮੈਨੂੰ ਕੀ” ਵਾਲੀ ਬਿਰਤੀ ਪ੍ਰਧਾਨ ਹੈ, ਸੋ ਬਹੁਤਾ ਪ੍ਰਵਾਹ ਵਗੈਰਾ ਨਹੀਂ ਕਰਦੇ ।
ਕੱਲ੍ਹ ਇਕ ਫ਼ੋਨ ਆਇਆ, ਫ਼ੋਨ ਕਰਤਾ ਨੇ ਪਹਿਲਾਂ ਤਾਂ ਮੇਰੇ ਇਸ ਕਾਲਮ ਦੀ ਰਾਜਵੀਂ ਤਾਰੀਫ਼ ਕੀਤੀ ਤੇ ਬਾਅਦ ਚ ਕਹਿੰਦਾ ਕਿ ਮੈਂ ਪਿਛਲੇ ਸਤਾਰਾਂ ਕੁ ਸਾਲਾਂ ਤੋਂ ਫਲਾਨੇ ਗੈਰੇਜ ਤੋਂ ਆਪਣੀ ਕਾਰ ਦੀ ਸਰਵਿਸ ਤੇ ਮੁਰੰਮਤ ਦਾ ਹਰ ਤਰਾਂ ਦਾ ਕੰਮ ਕਰਵਾਉਂਦਾ ਹਾਂ, ਤੁਸੀਂ ਵੀ ਉਥੋਂ ਕਰਵਾ ਲਿਆ ਕਰੋ, ਬੰਦਾ ਬੜਾ ਚੰਗਾ ਹੈ, ਕੰਮ ਤਸੱਲੀਬਖਸ਼ ਕਰਦਾ ਤੇ ਬਿਲਕੁਲ ਜਾਇਜ਼ ਪੈਸੇ ਚਾਰਜ ਕਰਦਾ ਹੈ । ਮੈ ਉਸ ਦੀ ਗੱਲ ਸੁਣਕੇ ਜਦ ਉਸ ਨੂੰ ਇਹ ਦੱਸਿਆ ਕਿ ਵੀਹ ਕੁ ਸਾਲ ਪਹਿਲਾਂ ਮੈਂ ਉਸ ਗੈਰੇਜ ਵਾਲੀ ਦੀ ਲੁੱਟ ਦਾ ਸ਼ਿਕਾਰ ਹੋ ਚੁੱਕਾ ਹਾਂ ਤਾਂ ਉਹ ਭਾਈਬੰਦ ਫ਼ੋਨ ਹੀ ਕੱਟ ਗਿਆ ।
ਜਿਸ ਗੈਰੇਜ ਦੀ ਫ਼ੋਨ ਕਰਤਾ ਬੜੀ ਤਾਰੀਫ਼ ਕਰ ਰਿਹਾ ਸੀ, ਉਸ ਦੇ ਗੈਰੇਜ ਚ ਮੈ ਵੀਹ ਕੁ ਸਾਲ ਪਹਿਲਾਂ ਕਿਸੇ ਦੀ ਸ਼ਿਫਾਰਸ਼ ਤੇ ਆਪਣੀ ਕਾਰ ਇਸ ਕਰਕੇ ਲੈ ਕੇ ਗਿਆ ਸੀ ਕਿ ਕਾਰ ਦਾ ਇੰਜਨ ਆਇਡਲ ਮੋਡ ‘ਤੇ ਬੰਦ ਹੋ ਜਾਂਦਾ ਸੀ । ਸੋ ਜਿੰਨੀ ਵਾਰ ਬਰੇਕ ਲਗਾਉਣੀ ਜਾਂ ਟ੍ਰੈਫ਼ਿਕ ਲਾਇਟਾਂ ‘ਕੇ ਰੁਕਣਾ ਓਨੀ ਵਾਰ ਹੀ ਕਾਰ ਦੁਬਾਰਾ ਸਟਾਰਟ ਕਰਨੀ ਪੈਂਦੀ ਸੀ ਜਿਸ ਕਾਰਨ ਕਾਰ ਚਲਾਉਦਿਆ ਹਮੇਸ਼ਾ ਹੀ ਪਰੇਸ਼ਾਨੀ ਬਣੀ ਰਹਿੰਦੀ ਸੀ । ਜਦੋਂ ਮੈ ਕਾਰ ਉਕਤ ਸਿਫ਼ਾਰਸ਼ ਕੀਤੇ ਗੈਰੇਜ ਵਿੱਚ ਮੁਰੰਮਤ ਵਾਸਤੇ ਛੱਡੀ ਤਾਂ ਉਸ ਨੇ ਤੀਜੇ ਦਿਨ ਇਹ ਕਹਿਕੇ £150.00 ਚਾਰਜ ਕਰ ਲਿਆ ਕਿ ਕਾਰ ਦਾ ਕਾਰਬੋਰੇਟਰ ਖ਼ਰਾਬ ਸੀ, ਉਹ ਨਵਾਂ ਪਾਇਆ ਹੈ ਤੇ ਹੁਣ ਕੋਈ ਪਰੇਸ਼ਾਨੀ ਪੇਸ਼ ਨਹੀਂ ਆਵੇਗੀ, ਪਰ ਜਦ ਕਾਰ ਉਸ ਦੀ ਗੈਰੇਜ ਚੋ ਬਾਹਰ ਕੱਢੀ ਤਾਂ ਕਾਰ ਨੇ ਅਗਲੀ ਟ੍ਰੈਫ਼ਿਕ ਲਾਇਟਾਂ ਉੱਤੇ ਫਿਰ ਤੋਂ ਪਹਿਲਾ ਵਾਲਾ ਹੀ ਜਲਵਾ ਦਿਖਾਉਣਾ ਸ਼ੁਰੂ ਕਰ ਦਿੱਤਾ । ਮੈ ਕਾਰ ਫਿਰ ਵਾਪਸ ਮੋੜਕੇ ਗੈਰੇਜ ਲੈ ਗਿਆ ਤੇ ਇਸ ਵਾਰ ਗੈਰੇਜ ਮਕੈਨਿਕ ਨੇ ਕਾਰਬੋਰੇਟਰ ਚ ਡਬਲਿਊ ਡੀ ਫੋਰਟੀ ਦੀ ਸਪਰੇਅ ਮਾਰਕੇ ਉਸ ਨੂੰ ਸਟਾਰਟ ਕਰਕੇ ਥੋੜਾ ਤੇਜ਼ ਹੌਲੀ ਕੀਤਾ ਤੇ ਕਹਿੰਦਾ, ਲ਼ਓ ਹੁਣ ਠੀਕ ਹੈ ਤੇ ਲੈ ਜਾਓ । ਘਰ ਵਾਪਸ ਆਉਂਦਿਆਂ ਤੱਕ ਕਾਰ ਰਸਤੇ ਵਿੱਚ ਪੰਜ ਛੇ ਵਾਰ ਬੰਦ ਹੋਈ । ਘਰ ਪਹੁੰਚਕੇ ਮੈ ਸੰਬੰਧਿਤ ਗੈਰੇਜ ਨੂੰ ਫ਼ੋਨ ਕਰਕੇ ਦੁਬਾਰਾ ਸੂਚਿਤ ਕੀਤਾ ਕਿ ਕਾਰ ਵਿੱਚ ਅਜੇ ਵੀ ਪਹਿਲਾਂ ਵਾਲਾ ਨੁਕਸ ਹੈ ਤਾਂ ਅੱਗੇ ਜਵਾਬ ਮਿਲਿਆ ਕਿ ਕਾਰਬੋਰੇਟਰ ਤਾਂ ਨਵਾਂ ਪਾ ਦਿੱਤਾ ਹੈ, ਹੁਣ ਤਾਂ ਇਸ ਤਰਾਂ ਨਹੀਂ ਹੋਣਾ ਚਾਹੀਦਾ ਸੀ , ਪਰ ਉਂਜ ਨਵੇਂ ਪਾਏ ਪਾਰਟ ਦੀ ਗਰੰਟੀ ਨਹੀਂ ਹੁੰਦੀ ਤੇ ਮੈ ਜਵਾਬ ਵਜੋਂ ਉਸ ਨੂੰ ਕਿਹਾ ਕਿ ਜੇਕਰ ਗਰੰਟੀ ਨਹੀਂ ਹੁੰਦੀ ਤਾਂ ਕੀ ਫਿਰ £150.00 ਮੰਗਣਾ ਹੀ ਤੁਹਾਡਾ ਕੰਮ ਹੁੰਦਾ ! ਕੁੱਜ ਬਹਿਸ ਹੋਈ ਤੇ ਮੈ ਆਖਿਰ ਉਸ ਮਕੈਨਿਕ ਨੂੰ ਇਹ ਕਹਿਕੇ ਫ਼ੋਨ ਬੰਦ ਕਰ ਦਿੱਤਾ ਕਿ ਮੈ ਵਾਪਸ ਤੇਰੀ ਗੈਰੇਜ ਕਦੇ ਨੀ ਨਹੀਂ ਆਵਾਂਗਾ ਤੇ ਨਾ ਹੀ ਕਿਸੇ ਹੋਰ ਨੂੰ ਤੇਰੀ ਗੈਰੇਜ ਦੀ ਸ਼ਿਫਾਰਸ਼ ਕਰਾਂਗਾ ।
ਹੁਣ ਆਉਦੇ ਕਾਰ ਦੇ ਉਸ ਨੁਕਸ ਵੱਲ ਜਿਸ ਦਾ ਮਕੈਨਿਕ ਨੂੰ ਅਸਲ ਵਿਚ ਪਤਾ ਹੀ ਨਾ ਲੱਗਾ । ਕਾਰ ਦੇ ਕਾਰਬੋਰੇਟਰ ਚ ਕੋਈ ਨੁਕਸ ਹੈ ਹੀ ਨਹੀਂ ਸੀ । ਉਹ ਨੁਕਸ ਇਗਨੀਸ਼ਨ ਵਾਲੀ ਟਾਇਮਿੰਗ ਕਰਨ ਵਾਲੇ ਹਿੱਸੇ ਵਿੱਚ ਸੀ, ਜਿਸ ਨੂੰ ਠੀਕ ਕਰਨ ਵਾਸਤੇ ਮੈ ਕਾਰ ਬਦਲੀ ਕਰਨ ਤੋਂ ਪਹਿਲਾ ਆਪਣੀ ਆਖਰੀ ਕੋਸ਼ਿਸ਼ ਵਜੋਂ ਪਹਿਲਾਂ ਉਸਦੇ ਸਪਾਰਕ ਪਲੱਗ ਨਵੇਂ ਪਾਏ, ਸਪਾਰਕ ਪਲੱਗ ਕੇਬਲਜ ਬਿਜਲਈ ਸਪਰੇਅ ਨਾਲ ਸਾਫ ਕੀਤੀਆ ਤਾਂ ਕਿ ਡੰਪ ਵਗੈਰਾ ਦੂਰ ਕੀਤਾ ਜੀ ਸਕੇ ਕਿਉਂਕਿ ਡੰਪ ਨਾਲ ਵੀ ਇਸ ਤਰਾਂ ਦਾ ਨੁਕਸ ਪੈ ਜਾਂਦਾ ਹੈ ਤੇ ਆਖਿਰ ਵਿੱਚ ਜਦ ਇਗਨੀਸ਼ਨ ਪੁਆਂਇਟ ਵਾਲੀ ਡੱਬੀ ਖੋਹਲੀ ਤਾਂ ਦੇਖਿਆ ਕਿ ਇਗਨੀਸ਼ਨ ਟਰਮੀਨਲ ਪੂਰੀ ਤਰਾਂ ਕਾਰਬਨ ਨਾਲ ਢਕੇ ਹੋਏ ਸਨ, ਉਹਨਾ ਨੂੰ ਚੰਗੀ ਤਰਾਂ ਬਿਜਲਈ ਸਪਰੇਅ ਨਾਲ ਸਾਫ ਕੀਤਾ ਤੇ ਵਾਪਸ ਉਸਦਾ ਢੱਕਣ ਫਿੱਟ ਕਰ ਦਿੱਤਾ । ਏਨਾ ਕੁ ਹੱਥ ਫੇਰਨ ਤੋਂ ਬਾਅਦ ਮੇਰੀ ਉਹ ਕਾਰ ਜਿੰਨਾ ਚਿਰ ਬਾਅਦ ਚ ਮੇਰੇ ਕੋਲ ਰਹੀ ਅੱਧੀ ਸੈਲਫ ‘ਤੇ ਸਟਾਰਟ ਵੀ ਹੁੰਦੀ ਰਹੀ, ਰਸਤੇ ਵਿੱਚ ਆਇਡਲ ਸਪੀਡ ‘ਤੇ ਬੰਦ ਵੀ ਕਦੇ ਨਾ ਹੋਈ ।
ਮੁੱਕਦੀ ਗੱਲ ਇਹ ਕਿ ਡਾਕਟਰ ਤੇ ਮਕੈਨਿਕ ਜਦੋਂ ਅਟਕਲਾਂ ਦੇ ਅਧਾਰ ‘ਤੇ ਕੰਮ ਕਰਨ ਤਾਂ ਫਿਰ ਮਰੀਜ਼ ਦਾ ਵੀ ਰੱਬ ਰਾਖਾ ਹੁੰਦਾ ਹੈ ਤੇ ਨੁਕਸਦਾਰ ਮਸ਼ੀਨ ਜਾਂ ਯੰਤਰ ਦਾ ਵੀ ਤੇ ਇਸ ਦੇ ਨਾਲ ਹੀ ਇਹਨਾ ਦੋਹਾਂ ਨਾਲ ਸੰਬੰਧਿਤ ਵਿਅਕਤੀਆਂ ਦੀ ਜੇਬ ਦਾ ਹਲਕਾ ਹੋਣਾ ਵੀ ਤਹਿ ਹੁੰਦਾ ਹੈ ।
ਅਸੀਂ ਮੰਨਦੇ ਹਾਂ ਕਿ ਸਾਰੇ ਮਕੈਨਿਕ ਮਾੜੇ ਨਹੀਂ ਹੁੰਦੇ ਪਰ ਇਕ ਆਦਤ ਸਭਨਾ ਵਿੱਚ ਹੀ ਕੌਮਨ ਪਾਈ ਜਾਂਦੀ ਹੈ, ਉਹ ਇਹ ਕਿ ਜੇਕਰ ਨੁਕਸ ਦਾ ਇ੍ਹਨਾ ਨੂੰ ਪਤਾ ਨਾ ਲੱਗੇ ਤੇ ਉਹ ਕਿਸੇ ਦੂਸਰੇ ਤਜਰਬੇਕਾਰ ਗੈਰੇਜ ਨੂੰ ਭੇਜਣ ਦੀ ਬਜਾਏ ਆਪ ਤਜਰਬੇ ਕਰਦੇ ਰਹਿੰਦੇ ਹਨ ਜੋ ਕਿ ਵਧੀਆ ਗੱਲ ਨਹੀਂ ਤੇ ਇਸ ਦੇ ਨਾਲ ਹੀ ਸਮੇਂ ਦੀ ਬਰਬਾਦੀ ਵੀ ਹੁੰਦੀ ਹੈ ।
ਅਸੀਂ ਇਹ ਵੀ ਜਾਣਦੇ ਹਾਂ ਕਿ ਹਰ ਕਾਰ ਦਾ ਇੰਜਨ ਮੈਕਾਨਿਜਮ ਬੇਸ਼ੱਕ ਇੱਕੋ ਜਿਹਾ ਹੀ ਹੋਵੇ ਪਰ ਮੇਕ ਤੇ ਮਾਡਲ ਮੁਤਾਬਿਕ ਬਹੁਤ ਕੁੱਜ ਵੱਖਰਾ ਹੁੰਦਾ ਤੇ ਕਿਸੇ ਪਾਰਟ ਨੂੰ ਠੀਕ ਕਰਨ ਲਈ ਖੋਲ੍ਹਣ ਵਾਸਤੇ ਖ਼ਾਸ ਤਰਾਂ ਦੇ ਡਿਜ਼ਾਈਨ ਕੀਤੇ ਟੂਲ ਲੁੜੀਂਦੇ ਹੁੰਦੇ ਹਨ ਤੇ ਇਸ ਦੇ ਨਾਲ ਹੀ ਹਰ ਮੇਕ ਤੇ ਮਾਡਲ ਦੀ ਕਾਰ ਦੇ ਮੈਕਾਨਿਜਮ ਨੂੰ ਪੂਰੀ ਤਰਾਂ ਸਮਝ ਸਕਣਾ ਹਰ ਇਕ ਮਕੈਨਿਕ ਦੇ ਵੱਸ ਦੀ ਗੱਲ ਨਹੀਂ ਹੁੰਦੀ । ਸੋ ਗਰਾਹਕ ਨੂੰ ਆਪਣਾ ਵਾਹਨ ਸਰਵਿਸ ਕਰਾਉਣ ਤੋਂ ਪਹਿਲਾਂ ਕਈ ਗੈਰੇਜਾਂ ਨਾਲ ਸੰਪਰਕ ਕਰਕੇ ਪੱਕਾ ਕਰ ਲੈਣਾ ਚਾਹੀਦਾ ਹੈ ਕਿ ਕਿਹੜਾ ਗੈਰੇਜ ਕਿਹੜੀ ਕਾਰ ਦਾ ਸ਼ਪੈਸਲਿਸਟ ਹੈ, ਨਹੀਂ ਤਾਂ ਨੀਮ ਹਕੀਮ ਖਤਰਾ ਏ ਜਾਨ ਵਾਲੀ ਕਹਾਵਤ ਦੇ ਸੱਚ ਹੋਣ ਦੇ ਸੌ ਫੀਸਦੀ ਚਾਨਸ ਬਣੇ ਰਹਿੰਦੇ ਹਨ ਤੇ ਲੁੱਟੇ ਪੁੱਟੇ ਜਾਣ ਦੇ ਵੀ ।

. . . (ਚੱਲਦਾ)

Related posts

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin

Sydney Opera House Glows Gold for Diwali

admin