ਭਾਰਤ ਵਿੱਚ ਮੁਫਤ ਦੀ ਜਾਇਦਾਦ ਹਥਿਆਉਣ ਦਾ ਸਭ ਤੋਂ ਸੌਖਾ ਤਰੀਕਾ ਹੈ ਕਿਸੇ ਦੇ ਮਕਾਨ ਜਾਂ ਦੁਕਾਨ ‘ਤੇ ਨਜਾਇਜ਼ ਕਬਜ਼ਾ ਕਰ ਲੈਣਾ। ਇਸ ਕੰਮ ਲਈ ਕਈ ਤਰੀਕੇ ਵਰਤੇ ਜਾਂਦੇ ਹਨ। ਸਭ ਤੋਂ ਸੌਖਾ ਤਰੀਕਾ ਹੈ ਇੱਕ ਵਾਰ ਕਿਰਾਏਦਾਰ ਬਣ ਕੇ ਅੰਦਰ ਵੜਨਾ ਤੇ ਫਿਰ ਸਟੇਅ ਲੈ ਲੈਣਾ। ਪੰਜਾਬ ਵਿੱਚ ਅਜਿਹੇ ਘੁਸਪੈਠ ਕਰ ਚੁੱਕੇ ਕਿਰਾਏਦਾਰਾਂ ਅਤੇ ਅਸਲ ਮਾਲਕਾਂ ਦਰਮਿਆਨ ਹਜ਼ਾਰਾਂ ਅਦਾਲਤੀ ਕੇਸ ਚੱਲ ਰਹੇ ਹਨ। ਕਿੰਨਾ ਅਜੀਬ ਕਾਨੂੰਨ ਹੈ ਕਿ ਜਿਸ ਵਿਅਕਤੀ ਨੇ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਲਗਾ ਕੇ ਜਾਇਦਾਦ ਬਣਾ ਕੇ ਬਣਾਈ ਹੁੰਦੀ ਹੈ ਉਹ ਚੋਰ, ਤੇ ਕਿਰਾਏਦਾਰ ਸਾਧ ਬਣ ਜਾਂਦਾ ਹੈ। ਜਦੋਂ 1984 ਤੋਂ ਬਾਅਦ ਹਰਿਮੰਦਰ ਸਾਹਿਬ ਦੀ ਗਲਿਆਰਾ ਯੋਜਨਾ ਅਧੀਨ ਦੁਕਾਨਾਂ ਅਤੇ ਮਕਾਨਾਂ ਦੇ ਅਸਲੀ ਮਾਲਕਾਂ ਨੂੰ ਮੁਆਵਜ਼ਾ ਦੇ ਕੇ ਇਮਾਰਤਾਂ ਨੂੰ ਢਾਹਿਆ ਗਿਆ ਸੀ ਤਾਂ ਰਾਤੋ ਰਾਤ ਕਈ ਮਾਲਕ ਮਕਾਨ ਲੱਖਪਤੀ ਬਣ ਗਏ ਸਨ ਤੇ ਕਿਰਾਏਦਾਰ ਕੰਗਾਲ। ਕਈ ਮਾਲਕ ਮਕਾਨ ਤਾਂ ਅਜਿਹੇ ਸਨ ਜਿਨ੍ਹਾਂ ਨੂੰ ਮੁਆਵਜ਼ੇ ਦੇ ਚੈੱਕ ਮਿਲਣ ਤੋਂ ਬਾਅਦ ਪਤਾ ਲੱਗਾ ਸੀ ਕਿ ਉਨ੍ਹਾਂ ਦੀ ਅੰਮ੍ਰਿਤਸਰ ਵਿੱਚ ਕੋਈ ਜਾਇਦਾਦ ਵੀ ਹੈ। ਉਨ੍ਹਾਂ ਦੇ ਬਾਪ ਦਾਦਿਆਂ ਨੇ 70 – 80 ਸਾਲ ਪਹਿਲਾਂ ਕਿਤੇ 200, 300 ਰੁਪਏ ਵਿੱਚ ਮਹਿਲਾਂ ਵਰਗੇ ਮਕਾਨ ਤੇ ਦੁਕਾਨਾਂ ਕਿਰਾਏ ‘ਤੇ ਦਿੱਤੇ ਸਨ ਜੋ ਕਿਰਾਏਦਾਰ ਦੱਬ ਕੇ ਬੈਠੇ ਸਨ। ਐਨਾ ਘੱਟ ਕਿਰਾਇਆ ਹੋਣ ਕਾਰਨ ਉਹ ਆਪਣੀਆਂ ਜਾਇਦਾਦਾਂ ਬਾਰੇ ਭੁੱਲ ਭੁਲਾ ਹੀ ਗਏ ਸਨ।
ਇਸ ਤਰਾਂ ਦੇ ਦੀਵਾਨੀ ਮੁਕੱਦਮੇ ਲੜਦਿਆਂ ਮਾਲਕਾਂ ਦੀ ਉਮਰ ਲੰਘ ਜਾਂਦੀ ਹੈ ਤੇ ਕਿਰਾਏਦਾਰ ਮੌਜ ਮਾਣਦੇ ਰਹਿੰਦੇ ਹਨ। ਸਾਲਾਂ ਤੱਕ ਜੁੱਤੀਆਂ ਘਸਾਉਣ ਤੋਂ ਬਾਅਦ ਅੱਕ ਥੱਕ ਕੇ ਜਾਂ ਤਾਂ ਮਾਲਕ ਨੂੰ ਔਣੇ ਪੌਣੇ ਦਾਮ ‘ਤੇ ਇਮਾਰਤ ਕਿਰਾਏਦਾਰ ਨੂੰ ਵੇਚਣੀ ਪੈਂਦੀ ਹੈ ਜਾਂ ਫਿਰ ਮੋਟੀ ਫਿਰੌਤੀ ਚੁਕਾਉਣੀ ਪੈਂਦੀ ਹੈ। ਕੁਝ ਲੋਕਾਂ ਨੇ ਤਾਂ ਧੰਦਾ ਹੀ ਇਹ ਫੜਿਆ ਹੋਇਆ ਹੈ ਤੇ ਕਬਜ਼ਾ ਕਰੂ ਗੈਂਗ ਬਣਾਏ ਹੋਏ ਹਨ। ਅੰਮ੍ਰਿਤਸਰ ਦਾ ਇੱਕ ਸਿਆਸੀ ਪਰਿਵਾਰ ਇਸ ਕੰਮ ਲਈ ਖਾਸ ਤੌਰ ‘ਤੇ ਬਦਨਾਮ ਹੈ। ਉਸ ਨੇ 8 – 10 ਪਰਿਵਾਰ ਰੱਖੇ ਹੋਏ ਹਨ ਜਿਨ੍ਹਾਂ ਨੂੰ ਅੱਗੇ ਕਰ ਕੇ ਧੋਖੇ ਨਾਲ ਮਕਾਨ ਕਿਰਾਏ ‘ਤੇ ਲੈ ਲਏ ਜਾਂਦੇ ਹਨ ਤੇ ਫਿਰ ਦੱਬ ਲਿਆ ਜਾਂਦਾ ਹੈ। ਜਦੋਂ ਝਗੜਾ ਪੈਂਦਾ ਹੈ ਤਾਂ ਫਿਰ ਲੀਡਰ ਸਾਹਿਬ ਸਾਹਮਣੇ ਆ ਜਾਂਦੇ ਹਨ। ਵਿਚਾਰਾ ਮਾਲਕ ਮਕਾਨ ਡਰਦਾ ਮਾਰਾ ਕਿਰਾਇਆ ਲੈਣ ਦੀ ਥਾਂ ਜਾਂ ਤਾਂ ਕੋਠੀ ਉਨ੍ਹਾਂ ਨੂੰ ਵੇਚ ਦਿੰਦਾ ਹੈ ਜਾਂ ਮੋਟਾ ਮੁਆਵਜ਼ਾ ਚੁਕਾਉਂਦਾ ਹੈ। ਇਸ ਤੋਂ ਬਾਅਦ ਗੈਂਗ ਉਥੋਂ ਸਮਾਨ ਚੁੱਕ ਕੇ ਨਵੇਂ ਘਰ ਜਾ ਟਿਕਾਉਂਦੇ ਹਨ। ਫਿਰ ਉਹ ਹੀ ਡਰਾਮਾ ਖੇਡਿਆ ਜਾਂਦਾ ਹੈ। ਜਿਸ ਕੋਠੀ ਵਿੱਚ ਉਹ ਇਸ ਵੇਲੇ ਰਹਿ ਰਹੇ ਹਨ, ਉਹ ਵੀ ਇਸੇ ਤਰਾਂ ਦੱਬੀ ਹੋਈ ਹੈ। ਅਜਿਹੇ ਕੰਮ ਕਰਨ ਲਈ ਹਰ ਸ਼ਹਿਰ ਵਿੱਚ ਕੁਝ ਲੀਡਰਾਂ, ਕੁਝ ਮਾਲ ਮਹਿਕਮੇ ਦੇ ਅਫਸਰਾਂ ਅਤੇ ਕੁਝ ਪੁਲਿਸ ਵਾਲਿਆਂ ਦੇ ਨਾਪਾਕ ਗੱਠਜੋੜ ਬਣੇ ਹੋਏ ਹਨ। ਉਹ ਅਜਿਹੀ ਜਾਇਦਾਦ ਦਾ ਵੀ ਧਿਆਨ ਰੱਖਦੇ ਹਨ ਜਿਸ ਦੇ ਮਾਲਕ ਅਤੇ ਕਿਰਾਏਦਾਰ ਦਰਮਿਆਨ ਝਗੜਾ ਚੱਲ ਰਿਹਾ ਹੋਵੇ। ਉਹ ਮੁਕੱਦਮੇ ਕਾਰਨ ਅੱਕੇ ਹੋਏ ਮਾਲਕ ਤੋਂ ਥੋੜ੍ਹੇ ਬਹੁਤੇ ਪੈਸੇ ਦੇ ਕੇ ਜਾਇਦਾਦ ਖਰੀਦ ਲੈਂਦੇ ਹਨ ਤੇ ਫਿਰ ਕਿਰਾਏਦਾਰ ਨੂੰ ਜਾਂ ਤਾਂ ਪੈਸੇ ਦੇ ਕੇ ਜਾਂ ਫਿਰ ਕੁੱਟ ਮਾਰ ਕੇ ਭਜਾ ਦਿੰਦੇ ਹਨ।
ਯੂ.ਪੀ. ਬਿਹਾਰ ਵਿੱਚ ਤਾਂ ਹਾਲਾਤ ਐਨੇ ਖਰਾਬ ਹਨ ਕਿ ਬਦਮਾਸ਼ ਅਫਸਰਾਂ ਨਾਲ ਰਲ ਕੇ ਚੰਗੇ ਭਲੇ ਵਿਅਕਤੀ ਨੂੰ ਮਰਿਆ ਸਾਬਤ ਕਰ ਕੇ ਡੈੱਥ ਸਰਟੀਫਿਕੇਟ ਬਣਾ ਲੈਂਦੇ ਹਨ ਤੇ ਫਿਰ ਜਾਇਦਾਦ ਆਪਣੇ ਨਾਮ ਕਰਵਾ ਲੈਂਦੇ ਹਨ। ਜਿੰਦਾ ਮੁਰਦੇ ਨੂੰ ਇਹ ਸਾਬਤ ਕਰਨ ਲਈ ਕਿ ਉਹ ਜ਼ਿੰਦਾ ਹੈ, ਸਾਲਾਂ ਤੱਕ ਅਦਾਲਤਾਂ ਵਿੱਚ ਧੱਕੇ ਖਾਣੇ ਪੈਂਦੇ ਹਨ। ਪੁਲਿਸ ਪੰਚਾਇਤ ਸਭ ਮਿਲੇ ਹੁੰਦੇ ਹਨ। ਜਦੋਂ ਵੀ ਅਦਾਲਤ ਵੱਲੋਂ ਕੋਈ ਇੰਨਕੁਆਰੀ ਆਉਂਦੀ ਹੈ ਤਾਂ ਸਭ ਠੋਕ ਕੇ ਉਸ ਦੇ ਖਿਲਾਫ ਗਵਾਹੀ ਦਿੰਦੇ ਹਨ। ਯੂ.ਪੀ. ਵਿੱਚ ਅਜਿਹੇ ਵਿਅਕਤੀਆਂ ਦੀ ਜ਼ਿੰਦਾ ਲਾਸ਼ ਯੂਨੀਅਨ ਦੇ ਨਾਮ ਦੀ ਜਥੇਬੰਦੀ ਬਣੀ ਹੋਈ ਹੈ। ਇੱਕ ਵਿਅਕਤੀ ਨੇ ਤਾਂ ਆਪਣੇ ਆਪ ਨੂੰ ਜ਼ਿੰਦਾ ਸਾਬਤ ਕਰਨ ਲਈ ਜੱਜ ‘ਤੇ ਜੁੱਤੀ ਸੁੱਟ ਦਿੱਤੀ ਸੀ ਤੇ ਦੂਸਰੇ ਨੇ ਤਹਿਲੀਦਾਰ ਨੂੰ ਹੀ ਜ਼ਖਮੀ ਕਰ ਦਿੱਤਾ ਸੀ। ਤਾਂ ਕਿਤੇ ਜਾ ਕੇ ਪੁਲਿਸ ਨੂੰ ਉਸ ਦੇ ਖਿਲਾਫ ਸਹੀ ਨਾਮ ‘ਤੇ ਮੁਕੱਦਮਾ ਦਰਜ਼ ਕਰਨਾ ਪਿਆ ਤੇ ਇਹ ਸਾਬਤ ਹੋਇਆ ਕਿ ਉਹ ਜ਼ਿੰਦਾ ਹੈ।
ਅਜਿਹੇ ਕਬਜ਼ਾ ਕਰੂ ਗੈਂਗ ਪ੍ਰਵਾਸੀ ਭਾਰਤੀਆਂ ਦੀ ਜਾਇਦਾਦ ‘ਤੇ ਵੀ ਖਾਸ ਨਿਗ੍ਹਾ ਰੱਖਦੇ ਹਨ। ਹਜ਼ਾਰਾਂ ਪ੍ਰਵਾਸੀ ਭਾਰਤੀਆਂ ਦੀਆਂ ਜ਼ਮੀਨਾਂ ਉਨ੍ਹਾਂ ਦੇ ਸਕੇ ਭੈਣ ਭਰਾ ਹੀ ਦੱਬੀ ਬੈਠੇ ਹਨ। ਸਭ ਨੂੰ ਪਤਾ ਹੁੰਦਾ ਹੈ ਕਿ ਪ੍ਰਵਾਸੀ ਇਥੇ ਆ ਕੇ ਨਾ ਤਾਂ ਲੜਾਈ ਝਗੜਾ ਕਰ ਸਕਦੇ ਹਨ ਤੇ ਨਾ ਹੀ ਜਿਆਦਾ ਦਿਨ ਰਹਿ ਸਕਦੇ ਹਨ। ਜੇ ਉਹ ਝਗੜਾ ਕਰਦੇ ਹਨ ਤਾਂ ਥਾਣੇ ਵਾਲੇ ਪਾਸਪੋਰਟ ਜ਼ਬਤ ਕਰਨੀ ਧਮਕੀ ਦੇ ਕੇ ਡਰਾ ਦਿੰਦੇ ਹਨ। ਪ੍ਰਵਾਸੀਆਂ ਵੱਲੋਂ ਬਣਾਈ ਗਈ ਐਨ.ਆਰ.ਆਈ. ਸਭਾ ਵੀ ਉਨ੍ਹਾਂ ਦੇ ਹੱਕਾਂ ਲਈ ਕੋਈ ਬਹੁਤਾ ਕੁਝ ਨਹੀਂ ਕਰ ਸਕੀ। ਲੁਧਿਆਣੇ ਦਾ ਫਰਾਂਸ ਰਹਿੰਦਾ ਇੱਕ ਪਰਿਵਾਰ ਕਈ ਸਾਲਾਂ ਤੋਂ ਆਪਣੀ ਕੋਠੀ ਖਾਲੀ ਕਰਾਉਣ ਲਈ ਧੱਕੇ ਖਾ ਰਿਹਾ ਹੈ। ਕੋਠੀ ਤਾਂ ਕੀ ਮਿਲਣੀ ਸੀ, ਉਲਟਾ ਉਨ੍ਹਾਂ ਨੂੰ ਹੀ ਕਈ ਮੁਕੱਦਮਿਆਂ ਵਿੱਚ ਫਸਾ ਦਿੱਤਾ ਗਿਆ। ਗੱਲ ਐਨੀ ਵਧ ਗਈ ਕਿ ਝੂਠੇ ਕੇਸ ਵਿੱਚ ਫਸਾ ਦੇਣ ਦੇ ਡਰੋਂ ਪਰਿਵਾਰ ਦੇ ਫਰਾਂਸ ਪੁਲਿਸ ਵਿੱਚ ਉੱਚ ਅਧਿਕਾਰੀ ਬੇਟੇ ਨੂੰ ਰਾਤੋ ਰਾਤ ਟਿਕਟ ਲੈ ਕੇ ਦਿੱਲੀ ਤੋਂ ਜਹਾਜ਼ ਚੜ੍ਹਨਾ ਪਿਆ।
ਕੁਝ ਸਾਲ ਪਹਿਲਾਂ ਮੈਂ ਕਿਸੇ ਜਿਲ੍ਹੇ ਵਿੱਚ ਲੱਗਾ ਹੋਇਆ ਸੀ ਤਾਂ ਇੱਕ ਦਿਨ ਮੇਰੇ ਕੋਲ ਇੱਕ ਅਮਰੀਕਾ ਰਹਿੰਦਾ ਵਿਅਕਤੀ ਤਕਰੀਬਨ ਰੋਂਦਾ ਹੋਇਆ ਆਇਆ ਕਿ ਉਸ ਦੀ ਕਰੋੜਾਂ ਦੀ ਕੋਠੀ ‘ਤੇ ਕਬਜ਼ਾ ਕਰ ਲਿਆ ਗਿਆ ਹੈ। ਜਦੋਂ ਦੂਸਰੀ ਪਾਰਟੀ ਨੂੰ ਬੁਲਾਇਆ ਗਿਆ ਤਾਂ ਪਤਾ ਲੱਗਾ ਕਿ ਉਸ ਕੋਲ ਤਾਂ ਮਾਲਕੀ ਦਾ ਅਦਾਲਤੀ ਆਰਡਰ ਹੈ। ਪ੍ਰਵਾਸੀ ਹੈਰਾਨ ਰਹਿ ਗਿਆ ਕਿ ਉਹ ਤਾਂ ਉਸ ਵਿਅਕਤੀ ਨੂੰ ਜਾਣਦਾ ਤੱਕ ਨਹੀਂ ਤੇ ਨਾ ਹੀ ਉਹ ਉਸ ਦਾ ਕਿਰਾਏਦਾਰ ਹੈ। ਜਦੋਂ ਮੈਂ ਡੂੰਘਾਈ ਨਾਲ ਦਰਿਆਫਤ ਕੀਤੀ ਤਾਂ ਬਹੁਤ ਹੀ ਅਜੀਬ ਅਤੇ ਹੈਰਾਨੀ ਭਰਿਆ ਵਾਕਿਆ ਸਾਹਮਣੇ ਆਇਆ। ਨਵੇਂ ਬਣੇ ਮਾਲਕ ਨੇ ਹੈਰਾਨੀਜਨਕ ਅਦਾਲਤੀ ਖੇਡ ਖੇਡੀ ਸੀ। ਉਸ ਨੇ ਆਪਣੇ ਕਿਸੇ ਠੱਗ ਦੋਸਤ ਤੋਂ ਆਪਣੇ ਖਿਲਾਫ ਝੂਠਾ ਦੀਵਾਨੀ ਮੁਕੱਦਮਾ ਦਾਇਰ ਕਰਵਾ ਲਿਆ ਕਿ ਕੋਠੀ ਦਾ ਮਾਲਕ ਉਹ ਹੈ, ਜਦੋਂ ਕਿ ਅਸਲ ਵਿੱਚ ਦੋਵਾਂ ਦਾ ਕੋਠੀ ਨਾਲ ਕੋਈ ਦੂਰ ਨੇੜੇ ਦਾ ਵਾਸਤਾ ਵੀ ਨਹੀਂ ਸੀ। ਉਨ੍ਹਾਂ ਨੇ ਪੂਰੀ ਰਿਸਰਚ ਕੀਤੀ ਹੋਈ ਸੀ ਕਿ ਅਸਲੀ ਮਾਲਕ ਅਮਰੀਕਾ ਰਹਿੰਦਾ ਹੈ ਤੇ ਸਾਲ ਦੋ ਸਾਲ ਬਾਅਦ ਹੀ ਗੇੜਾ ਮਾਰਦਾ ਹੈ। ਦੋ ਚਾਰ ਮਹੀਨੇ ਕੇਸ ਲੜਨ ਤੋਂ ਬਾਅਦ ਕੇਸ ਕਰਨ ਵਾਲੇ ਦੋਸਤ ਨੇ ਆਪਣਾ ਕੇਸ ਵਾਪਸ ਲੈ ਲਿਆ ਤੇ ਅਦਾਲਤ ਨੇ ਠੱਗ ਦੇ ਜਾਅਲੀ ਦਸਤਾਵੇਜ਼ ਵੇਖ ਕੇ ਫੈਸਲਾ ਉਸ ਦੇ ਹੱਕ ਵਿੱਚ ਕਰ ਦਿੱਤਾ। ਅਸਲੀ ਮਾਲਕ ਨੂੰ ਕੇਸ ਬਾਰੇ ਕੋਈ ਪਤਾ ਨਾ ਲੱਗਾ ਕਿਉਂਕਿ ਉਸ ਨੂੰ ਕੋਈ ਅਦਾਲਤੀ ਸੰਮਨ ਨਹੀਂ ਸੀ ਭੇਜਿਆ ਗਿਆ। ਸਾਰੇ ਇਸ ਅਜੀਬ ਵਾਕਿਆ ਬਾਰੇ ਜਾਣ ਕੇ ਅਵਾਕ ਰਹਿ ਗਏ। ਬਹੁਤ ਮੁਸ਼ਕਲ ਨਾਲ ਉਸ ਦਾ ਫੈਸਲਾ ਕਰਵਾਇਆ ਗਿਆ ਤੇ ਕੋਠੀ ਮਾਲਕ ਨੂੰ ਵਾਪਸ ਮਿਲੀ। ਹੈਰਾਨ ਪਰੇਸ਼ਾਨ ਅਤੇ ਡਰਿਆ ਹੋਇਆ ਪ੍ਰਵਾਸੀ ਭਾਰਤੀ ਕੁਝ ਹੀ ਦਿਨਾਂ ਵਿੱਚ ਕੋਠੀ ਵੇਚ ਕੇ ਕਦੀ ਵਾਪਸ ਨਾ ਆਉਣ ਦੀ ਸਹੁੰ ਖਾ ਕੇ ਅਮਰੀਕਾ ਨੂੰ ਪਤਰਾ ਵਾਚ ਗਿਆ।